Wednesday, November 27, 2013

ਭਾਈ ਖਾਲਸਾ ਦੀ ਭੁੱਖ ਹੜਤਾਲ

Wed, Nov 27, 2013 at 3:10 PM
ਜੇ ਧਿਆਨ ਨਾਂ ਦਿੱਤਾ ਤਾਂ ਪੰਜਾਬ ਦਾ ਮਹੌਲ ਵਿਗੜੇਗਾ 
ਜ਼ਿੰਮੇਵਾਰ ਹੋਣਗੀਆਂ ਸੂਬਾਈ ਅਤੇ ਕੇਂਦਰੀ ਸਰਕਾਰਾਂ ਐਫ.ਐਸ. ਓ
ਸਾਰੇ ਪੰਥ ਨੂੰ ਭਾਈ ਖਾਲਸਾ ਮਗਰ ਕੰਧ ਬਣ ਕੇ ਖੜ੍ਹਨ ਦੀ ਅਪੀਲਯੂ ਕੇ ਅਤੇ ਯੂਰਪ ਦੇ ਪੰਥਕ ਅਦਾਰੇ
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਦੇ ਕੋਆਰਡੀਨੇਟਰ ਭਾਈ ਜੋਗਾ ਸਿੰਘ ਅਤੇ ਭਾਈ ਕੁਲਦੀਪ ਸਿੰਘ ਚਹੇੜੂ ਵਲੋਂ ਜਾਰੀ ਕੀਤੇ ਬਿਆਨ ਵਿਚ ਕਿਹਾ ਗਿਆ ਹੈ ਕਿ ਹੁਣ ਜਦੋਂ ਕਿ ਭਾਈ ਗੁਰਬਖਸ਼ ਸਿੰਘ ਖਾਲਸਾ (ਹਰਿਆਣਾਂ) ਮੁਖ  ਸੇਵਾਦਾਰ ਕਾਰਜਕਾਰੀ ਪੰਜ ਮੈਂਬਰੀ ਕਮੇਟੀ ਦੀ ਭੁੱਖ ਹੜਤਾਲ ਨੂੰ ਦੋ ਹਫਤੇ ਦਾ ਸਮਾਂ ਹੋ ਗਿਆ ਹੈ ਤਾਂ ਅੱਜ ਸਾਰੇ ਸੰਸਾਰ ਦੇ ਸਿੱਖਾਂ ਦੀਆਂ ਨਜ਼ਰਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਫੇਜ਼ 8 ਦੇ ਗੁਰਦੁਆਰਾ ਅੰਬ ਸਾਹਿਬ ਵਲ ਲੱਗੀਆਂ ਹੋਈਆਂ ਹਨ ਜਿਥੇ ਕਿ ਭਾਈ ਗੁਰਬਖਸ਼ ਸਿੰਘ ਖਾਲਸਾ 14 ਨਵੰਬਰ ਤੋਂ ਭੁੱਖ ਹੜਤਾਲ ਤੇ ਬੈਠੇ ਹਨ। ਭਾਈ ਖਾਲਸਾ ਉਹਨਾਂ ਸਿੱਖ ਕੈਦੀਆਂ ਦੀ ਰਿਹਾਈ ਲਈ ਜਾਨ ਦੀ ਬਾਜ਼ੀ ਲਾਈ ਬੈਠੇ ਹਨ ਜੋ ਕਿ ਭਾਰਤ ਦੀਆਂ ਜਿਹਲਾਂ ਵਿਚ 25 ਸਾਲਾਂ ਤੋਂ ਬੰਦੀ ਹਨ। ਇਹਨਾਂ ਕੇਸਾਂ ਵਿਚ ਜ਼ਿਆਦਾਤਰ ਨਿਰਦੋਸ਼ ਸਿੱਖ ਹਕੂਮਤ ਦੇ ਜ਼ਾਲਮਾਨਾਂ ਰਵਈਏ ਕਾਰਨ ਬੈਠੇ ਹਨ। ਭਾਈ ਜਗਤਾਰ ਸਿੰਘ ਹਵਾਰਾ ਅਤੇ ਉਹਨਾਂ ਦੇ ਸਾਥੀ ਭਾਵੇਂ ਉਮਰ ਕੈਦਾਂ ਭੁਗਤ ਚੁੱਕੇ ਹਨ ਪਰ ਸਰਕਾਰ ਉਹਨਾਂ ਨੂੰ ਛੱਡਣ ਦਾ ਨਾਂ ਨਹੀਂ ਲੈ ਰਹੀ ਅਤੇ ਹਕੂਮਤ ਦੀ ਇੱਕ ਪਾਸੜ, ਪੱਖਪਾਤੀ ਅਤੇ ਲਹੂ ਪੀਣੀ ਨੀਤੀ ਕਾਰਨ ਕੋਈ ਵੀ ਅਪੀਲ, ਦਲੀਲ ਅਤੇ ਵਕੀਲ ਕੰਮ ਨਹੀਂ  ਕਰ ਰਿਹਾ। ਦੂਸਰੇ ਪਾਸੇ ਕਿਸ਼ੋਰੀ ਲਾਲ ਵਰਗੇ ਸਿੱਖਾਂ ਦੇ ਕਾਤਲਾਂ ਨੂੰ ਸਰਕਾਰ ਬਰੀ ਕਰਨ ਲਈ ਤਤਪਰ ਹੈ ਜਦ ਕਿ ਸ਼ਹੀਦ ਭਾਈ ਕਿਹਰ ਸਿੰਘ ਵਰਗੇ ਨਿਰਦੋਸ਼ ਸਿਖਾਂ ਨੂੰ ਤੱਟਫੱਟ ਫਾਂਸੀ ਤੇ ਚ੍ਹਾੜ ਦਿੱਤਾ ਗਿਆ ਸੀ। ਭਾਰਤੀ ਸਰਕਾਰ ਦੀ ਘੱਟਗਿਣਤੀਆਂ ਖਿਲਾਫ ਪਖਪਾਤੀ ਨੀਤੀ ਕਾਰਨ ਸਿੱਖ ਜਗਤ ਵਿਚ ਤਿੱਖਾ ਰੋਸ ਹੈ ਅਤੇ ਇਸ ਗੱਲ ਤੇ ਚਿੰਤਾ ਜ਼ਾਹਰ ਕੀਤੀ ਗਈ ਹੈ ਕਿ ਕਿਧਰੇ ਇਹ ਰੋਸ ਰੋਹ ਨਾਂ ਬਣ ਜਾਵੇ । ਜੇਕਰ ਇੰਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਸੂਬਾਈ ਅਤੇ ਕੇਂਦਰੀ ਸਰਕਾਰ ਦੀ ਹੋਵੇਗੀ।
ਉਕਤ ਆਗੂਆਂ ਨੇ ਯੂ ਕੇ ਅਤੇ ਯੂਰਪ ਦੇ ਪੰਥਕ ਅਦਾਰਿਆਂ ਅਤੇ ਪ੍ਰਮੁਖ ਪੰਥਕ ਸ਼ਖਸੀਅਤਾਂ ਨੂੰ ਸੰਕਟ ਦੀ ਇਸ ਘੜੀ ਵਿਚ ਇੱਕ ਲੜੀ ਵਿਚ ਪਰੋਣ ਦਾ ਸਫਲ ਯਤਨ ਕੀਤਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਯੂਰਪ ਦੇ ਸਾਰੇ ਪੰਥ ਨੂੰ ਇੱਕ ਮੰਚ ਤੇ ਤਿਆਰ ਬਰ ਤਿਆਰ ਇੱਕ ਮੁੱਠ ਕਰਕੇ ਮੌਜੂਦਾ ਚਣੌਤੀਆਂ ਨੂੰ ਸਵੀਕਾਰਨ ਲਈ ਰਣਨੀਤੀ ਤਹਿ ਕਰਨ ਦੇ ਯਤਨ ਹੋ ਰਹੇ ਹਨ। ਇਸ ਸਬੰਧੀ ਭਾਈ ਕੁਲਦੀਪ ਸਿੰਘ ਚਹੇੜੂ ਨੇ ਕਿਹਾ ਹੈ ਕਿ ਜਿਵੇਂ ਪਿਛਲੇ ਲੰਬੇ ਅਰਸੇ ਤੋਂ ਐਫ ਐਸ ਓ ਯੂ ਕੇ ਦੀਆਂ ਸਭ ਜਥੇਬੰਦੀਆਂ ਅਤੇ ਗੁਰਦੁਆਰਾ ਸਾਹਿਬਾਨ ਨੂੰ ਇੱਕ ਮੰਚ ਤੇ ਇੱਕਮੁਠ ਕਰਨ ਲਈ ਆਪਣਾਂ ਯੋਗਦਾਨ ਪਾਉਂਦੀ ਰਹੀ ਹੈ ਉਸੇ ਤਰਾਂ ਮੌਜੂਦਾ ਦੌਰ ਵਿਚ ਵੀ ਐਫ ਐਸ ਓ ਵਲੋਂ ਆਪਣੇ ਜਥੇਬੰਦਕ ਫਰਜ਼ਾਂ ਨੂੰ ਪਛਾਣਦਿਆਂ ਯੂ ਕੇ ਅਤੇ ਯੂਰਪ ਵਿਚ ਪੰਥਕ ਇੱਕਸੁਰਤਾ ਬਣਾਈ ਰੱਖਣ ਲਈ ਪੁਰਜ਼ੋਰ ਕੋਸ਼ਿਸ਼ ਜਾਰੀ ਰੱਖੇਗੀ ਅਤੇ ਪੰਥ ਵਿਚ ਫੁੱਟ ਪਾਉਣ ਵਾਲੇ ਦੋਖੀ ਅਨਸਰਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਇਸੇ ਤਰਾਂ ਐਫ ਐਸ ਓ ਦੇ ਕੋਆਰਡੀਨੇਟਰ ਭਾਈ ਜੋਗਾ ਸਿੰਘ ਨੇ ਪੰਥਕ ਮੀਡੀਏ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਫਰਜ਼ ਦੀ ਪਛਾਣ ਕਰਕੇ ਪੰਥਕ ਏਕਤਾ ਲਈ ਪੰਥ ਨੂੰ ਪ੍ਰਣਾਏ ਹੋਏ ਅਦਾਰਿਆਂ ਅਤੇ ਜਥੇਬੰਦੀਆਂ ਨੂੰ ਸਹਿਯੋਗ ਦੇਣ ਅਤੇ ਫੁੱਟ ਪਾਊ ਅਨਸਰਾਂ ਤੋਂ ਸੁਚੇਤ ਰਹਿਣ।
ਗੂਰੂ ਪੰਥ ਦੇ ਦਾਸ
ਭਾਈ ਜੋਗਾ ਸਿੰਘ

ਭਾਈ ਕੁਲਦੀਪ ਸਿੰਘ ਚਹੇੜੂ 

No comments: