Wednesday, October 23, 2013

ਜੱਥੇਦਾਰ ਸਾਹਿਬ ਅਪਣੀ ਜਿੰਮੇਵਾਰੀ ਨਿਭਾਉ

Tue, Oct 22, 2013 at 11:03 PM
ਭਾਈ ਭਿਉਰਾ ਅਤੇ ਭਾਈ ਖਾਨਪੁਰੀਆ ਵੱਲੋਂ ਤਿੱਖੇ ਸ਼ਬਦਾਂ ਵਿੱਚ ਨਿਹੋਰਾ 
ਨਵੀਂ ਦਿੱਲੀ 22 ਅਕਤੁਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਖਾੜਕੂ ਸਿੰਘ ਭਾਈ ਪਰਮਜੀਤ ਸਿੰਘ ਭਿਉਰਾ ਅਤੇ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਨੇ ਅਪਣੇ ਸੀਮਿਤ ਵਸੀਲੇਆਂ ਰਾਹੀ ਭੇਜੇ ਪ੍ਰੈਸ ਨੋਟ ਵਿਚ ਕਿਹਾ ਹੈ ਕਿ ਬੜੀ ਹੈਰਾਨੀ ਦੀ ਗਲ ਹੈ ਕਿ ਜਦੋਂ ਨਾਭਾ ਜੇਲ੍ਹ ਤੋਂ ਮੁਹਾਲੀ ਅਦਾਲਤ ਵਿਚ ਪੇਸ਼ੀ ਭੁਗਤਣ ਆਏ ਇਕ ਨੋਜੁਆਨ ਵਲੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਨਾਲ ਹੋਈ ਤਕਰਾਰ ਦੌਰਾਨ ਪੁਲਿਸ ਵਾਲੇ ਦੀ ਪੱਗ ਉਤਾਰ ਕੇ ਬੇਇਜੱਤੀ ਕੀਤੀ ਗਈ । ਇਸ ਗਲ ਦਾ ਨਾਭੇ ਜੇਲ੍ਹ ਵਿਚ ਬੰਦ ਖਾੜਕੂ ਸਿੰਘਾਂ ਨੇ ਸਖਤ ਨੋਟਿਸ ਲੈਦੇ ਹੋਏ ਜਦੋ ਇਹ ਨੌਜੁਆਨ ਵਾਪਿਸ ਜੇਲ੍ਹ ਪੁਜਾ ਤਾਂ ਭਾਈ ਬਲਬੀਰ ਸਿੰਘ "ਬੀਰਾ" ਅਤੇ ਹੋਰ ਖਾੜਕੂ ਸਿੰਘਾਂ ਵਲੋਂ ਇਸ ਭੁਤਰੇ ਹੋਏ ਨੋਜੁਆਨ ਦੀ ਚੰਗੀ ਛਿੱਤਰਪਰੇਡ ਕੀਤੀ ਗਈ ਤਾਂ ਕਿ ਅੱਗੇ ਤੋਂ ਇਹੋ ਜਿਹੇ ਦੁਸਟ ਕਿਸੇ ਸਿੱਖ ਦੀ ਪੱਗ ਨੂੰ ਭਾਵੇਂ ਉਹ ਪੁਲਿਸ ਵਾਲਾ ਹੀ ਕਿਉ ਨਾ ਹੋਵੇ, ਹੱਥ ਪਾਉਣ ਦੀ ਹਿਮਾਕਤ ਨਾ ਕਰੇ ।
ਇਸ ਦੇ ਐਨ ਉਲਟ ਇਹੀ ਪੰਜਾਬ ਪੁਲਿਸ ਵਾਲੇ ਗਾਹੇ ਬਗਾਹੇ ਕਿਸੇ ਵੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਿੱਖ ਨੌਜੁਆਨਾਂ ਦੀਆਂ ਪੱਗਾ ਨੂੰ ਪੈਰਾਂ ਵਿਚ ਰੋਲਣਾਂ ਅਪਣਾ ਹੱਕ ਸਮਝ ਕੇ ਇਹ ਕੁਕਰਮ ਕਰਦੇ ਹਨ । ਇਹੀ ਨਹੀ ਕਿਸੇ ਵੀ ਮਹਿਕਮੇ ਵਲੋਂ ਵਿਖਾਵਾ ਕਰ ਰਹੀਆਂ ਬੀਬੀਆਂ ਨਾਲ ਵੀ ਪੰਜਾਬ ਪੁਲਿਸ ਵਾਲੇ ਬੜੇ ਜੰਗਲੀ ਤਰੀਕੇ ਨਾਲ ਪੇਸ਼ ਆਉਦੇਂ ਹਨ ।ਕੂਝ ਦਿਨ ਪਹਿਲਾਂ ਪਿੰਡ ਦਿਆਲਪੁਰਾ ਕੋਠੇ ਵਿਖੇ ਮੌਜੁਦਾ ਸੰਘਰਸ਼ ਦੌਰਾਨ ਸ਼ਹੀਦ ਹੋਏ ਭਾਈ ਹਰਭਜਨ ਸਿੰਘ "ਛੀਨਾ" ਦੀ ਧੀ ਜਿਹੜੀ ਕਿ ਦਿਆਲਪੁਰਾ ਕੋਠੇ ਵਿਆਹੀ ਹੋਈ ਹੈ ਉਸਦੇ ਸਹੁਰੇ ਘਰ ਕਿਸੇ ਕੇਸ ਦੇ ਸਿਲਸਿਲੇ ਵਿਚ ਏ ਐਸ ਆਈ ਇਕਬਾਲ ਸਿੰਘ ਅਤੇ ਏ ਐਸ ਆਈ ਗੁਰਮੀਤ ਸਿੰਘ ਨੇ ਛਾਪਾ ਮਾਰਿਆ । ਉਨ੍ਹਾਂ ਉਸ ਗੁਰਸਿੱਖ ਪਰਿਵਾਰ ਦੀ ਬਿਨਾਂ ਕਿਸੇ ਕਾਰਨ ਬੁਰੀ ਤਰ੍ਹਾਂ ਕੁਟਮਾਰ ਹੀ ਨਹੀ ਕੀਤੀ ਸਗੋਂ ਬੀਬੀ ਜੀ ਨੂੰ ਵੀ ਬੁਰੀ ਤਰ੍ਹਾਂ ਕੁਟਿਆ ।
ਸਾਡੇ ਕੌਮੀ ਜੱਥੇਦਾਰਾਂ ਨੂੰ ਸਰਕਾਰ ਦੇ ਇਸ਼ਾਰਿਆਂ ਤੇ ਨੱਚਣ ਤੋਂ ਹੀ ਵਿਹਲ ਨਹੀਂ ਮਿਲ ਰਹੀ ਹੈ । ਅਸੀ ਇਨ੍ਹਾਂ ਕੌਮੀ ਜੱਥੇਦਾਰਾਂ ਨੂੰ ਦਸਣਾ ਚਾਹੁੰਦੇ ਹਾਂ ਕਿ ਪੰਜਾਬ ਪੁਲਿਸ ਵਾਲਿਆਂ ਨੇ ਸ਼ਹੀਦ ਸਿੰਘ ਦੀ ਧੀ ਦੇ ਕੇਸਾਂ ਨੂੰ ਨਹੀ ਤੁਹਾਡੀ ਦਾਹੜੀ ਨੂੰ ਹੱਥ ਪਾਇਆ ਹੈ । ਜੇਕਰ ਅਜੇ ਵੀ ਤੁਹਾਨੂੰ ਸ਼ਰਮ ਨਹੀ ਆ ਰਹੀ ਤਾਂ ਐਵੇਂ ਹਾੜੇ ਜਿਹੇ ਕੱਢਣ ਨਾਲੋਂ, ਸਰਕਾਰੀ ਚਮਚਾਗਿਰੀ ਨਾਲੋਂ ਜੱਥੇਦਾਰੀ ਤੋਂ ਅਸਤੀਫਾ ਦੇ ਕੇ ਆਪਣੇ ਘਰ ਬੈਠਣਾਂ ਜਿਆਦਾ ਚੰਗਾ ਹੈ । ਸਾਡੀ ਤਾਂ ਇਹੋ ਅਪੀਲ਼ ਹੈ ਕਿ ਤੁਹਾਨੂੰ ਕੌਮੀ ਅਹੁਦਿਆਂ ਦੀ ਅਹਿਮੀਯਤ ਪਛਾਣ ਕੇ ਅਜਿਹੀਆਂ ਨਿੰਦਣਯੋਗ ਕਾਰਵਾਈਆਂ ਖਿਲਾਫ ਸਖਤੀ ਨਾਲ ਅਪਣੀ ਜਿੰਮੇਵਾਰੀ ਦਾ ਅਹਿਸਾਸ ਕਰਦੇ ਹੋਏ ਇਸ ਤੇ ਬਣਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ । 

No comments: