Friday, October 04, 2013

ਰਾਗਾਂ ’ਤੇ ਨਿਰਧਾਰਤ ਗੁਰਬਾਣੀ ਕੀਰਤਨ

 Fri, Oct 4, 2013 at 5:37 PM
ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਹੋਇਆ ਵਿਸ਼ੇਸ਼ ਪ੍ਰੋਗਰਾਮ
ਅੰਮ੍ਰਿਤਸਰ :: 04 ਅਕਤੂਬਰ: (ਕਿੰਗ//ਪੰਜਾਬ ਸਕਰੀਨ ਬਿਊਰੋ): ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾ ਹੇਠ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਕਾਲਜ ਦਾ 86ਵਾਂ ਸਥਾਪਨਾ ਦਿਵਸ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਗਾਂ ‘ਤੇ ਅਧਾਰਿਤ ਕੀਰਤਨ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਧਾਰਤ ਰਾਗਾਂ ਵਿੱਚ ਉੱਚਕੋਟੀ ਦੇ ਉਸਤਾਦਾਂ, ਵਿਦਵਾਨਾਂ ਅਤੇ ਰਾਗੀ ਸਿੰਘਾਂ ਵੱਲੋਂ ਵੱਖ-ਵੱਖ ਰਾਗਾਂ ਨੂੰ ਗੁਰਬਾਣੀ ਸ਼ਬਦਾਂ ਵਿੱਚ ਗਾ ਕੇ ਵਿਦਿਆਰਥੀਆਂ ਨੂੰ ਰਾਗਾਂ ਦੀਆਂ ਬਾਰੀਕੀਆਂ ਤੋਂ ਜਾਣੂੰ ਕਰਵਾਇਆ ਗਿਆ।
ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਨੇ ਮਲਾਰ ਰਾਗ, ਭਾਈ ਗੁਰਮੀਤ ਸਿੰਘ ਸ਼ਾਤ ਨੇ ਸਿਰੀਰਾਗ, ਬੀਬੀ ਨਿਵੇਦਿਤਾ ਸਿੰਘ (ਮੁਖੀ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਤਿਲੰਗ ਅਤੇ ਤਿਲੰਗ ਕਾਫੀ ਰਾਗ, ਪ੍ਰੋ:ਰਵੇਲ ਸਿੰਘ ਨੇ ਤੁਖਾਰੀ ਰਾਗ, ਭਾਈ ਨਰਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਕੇਦਾਰਾ ਰਾਗ, ਭਾਈ ਹਰਪ੍ਰੀਤ ਸਿੰਘ, ਭਾਈ ਤੇਜਬੀਰ ਸਿੰਘ ਅਤੇ ਭਾਈ ਗੁਰਚਰਨ ਸਿੰਘ ਨੇ ਸਿਰੀ ਰਾਗ, ਭਾਈ ਅੰਮਿ੍ਰਤਪਾਲ ਸਿੰਘ ਨੇ ਗੋਬਿੰਦਪੁਰੀ ਤੇ ਤੁਖਾਰੀ ਰਾਗ ਦੇ ਅੰਤਰਗਤ ਸ਼ਬਦ ਗਾਇਨ ਕਰਦੇ ਹੋਏ ਬੱਚਿਆਂ ਨੂੰ ਵੱਖ-ਵੱਖ ਰਾਗਾਂ ਤੋਂ ਜਾਣੂੰ ਕਰਵਾਇਆ। ਪ੍ਰੋ:ਸੁਖਵੰਤ ਸਿੰਘ ਨੇ ਗੁਰਮਤਿ ਸੰਗੀਤ ਤੇ ਲੈਕਚਰ ਦਿੱਤਾ ਤੇ ਉਨਾਂ ਦੇ ਵਿਦਿਆਰਥੀਆਂ ਨੇ ਤੰਤੀ ਸਾਜਾਂ ਤੇ ਸੋਲੋ ਪੇਸ਼ ਕੀਤੀ। ਇਸੇ ਤਰਾਂ ਨੈਸ਼ਨਲ ਖਾਲਸਾ ਯਤੀਮਖਾਨਾ ਦੇ ਵਿਦਿਆਰਥੀਆਂ ਨੇ ਕਲਿਆਣ ਅਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਵਿਦਿਆਰਥੀਆਂ ਨੇ ਸਿਰੀ ਰਾਗ, ਤਿਲੰਗ ਅਤੇ ਤੁਖਾਰੀ ਰਾਗਾਂ ਵਿੱਚ ਕੀਰਤਨ ਕੀਤਾ। ਸਮਾਗਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਕਿਹਾ ਕਿ ਰਾਗੀ ਸਿੰਘਾਂ ਨੂੰ ਗੁਰੂ ਸਾਹਿਬ ਵੱਲੋਂ ਰਾਗ ਸਹਿਤ ਗੁਰਬਾਣੀ ਕੀਰਤਨ ਦੀ ਚਲਾਈ ਗਈ ਪਰੰਪਰਾ ਤੇ ਪਹਿਰਾ ਦੇਂਦਿਆਂ ਹੋਇਆ ਹੀ ਕੀਰਤਨ ਕਰਨਾ ਚਾਹੀਦਾ ਹੈ। ਸ.ਸਤਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਵੱਲੋਂ ਸਮਾਗਮ ਵਿੱਚ  ਸ਼ਿਰਕਤ ਕਰਨ ਵਾਲੇ ਸਮੂਹ ਵਿਦਵਾਨਾਂ, ਸਕਾਲਰਾਂ, ਬੁਧੀਜੀਵੀਆਂ, ਰਾਗੀ ਸਿੰਘਾਂ ਅਤੇ ਵੱਖ-ਵੱਖ ਵਿਦਿਆਰਥੀਆਂ ਵੱਲੋਂ ਗੁਰਬਾਣੀ ਤੇ ਅਧਾਰਿਤ ਰਾਗ ਗਾਇਣ ਕਰਨ ਅਤੇ ਵੱਖ-ਵੱਖ ਵਿਸ਼ਿਆ ਤੇ ਗੁਰਮਤਿ ਅਤੇ ਸੰਗੀਤ ਸਬੰਧੀ ਵਿਦਿਆਰਥੀਆਂ ਨੂੰ ਜਾਣੂੰ ਕਰਵਾਉਣ ਸਬੰਧੀ ਸ਼ਲਾਘਾ ਕੀਤੀ ਗਈ। ਆਖਰ ਵਿੱਚ ਕਾਲਜ ਦੇ ਪਿ੍ਰੰਸੀਪਲ ਸ.ਬਲਦੇਵ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਰਾਗਾਂ ਦੀਆਂ ਧੁਨੀਆਂ ਅਤੇ ਕਾਲਜ ਦੇ ਇਤਿਹਾਸ ਤੋਂ ਜਾਣੂੰ ਕਰਵਾਇਆ ਗਿਆ।
ਆਖਰ ਵਿਚ ਪਿ੍ਰੰਸੀਪਲ ਸ.ਬਲਦੇਵ ਸਿੰਘ ਨੇ ਰਾਗੀ ਸਿੰਘਾਂ, ਵਿਦਵਾਨਾਂ, ਵਿਦਿਆਰਥੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਿਆ। ਇਸ ਸਮਾਗਮ ਵਿੱਚ ਸਟੇਜ ਦੀ ਸੇਵਾ ਪ੍ਰੋ:ਸੁਰਜੀਤ ਸਿੰਘ ਨੇ ਨਿਭਾਈ। ਇਸ ਸਮੇਂ ਸ.ਬਾਵਾ ਸਿੰਘ ਗੁਮਾਨਪੁਰਾ ਮੈਂਬਰ ਸ਼੍ਰੋਮਣੀ ਕਮੇਟੀ, ਸ.ਗੁਰਚਰਨ ਸਿੰਘ ਘਰਿੰਡਾ, ਸ.ਅੰਗਰੇਜ ਸਿੰਘ, ਸ.ਸੰਤੋਖ ਸਿੰਘ ਤੇ ਸ.ਭੁਪਿੰਦਰ ਸਿੰਘ ਮੀਤ ਸਕੱਤਰ, ਸ.ਇੰਦਰ ਮੋਹਣ ਸਿੰਘ ‘ਅਨਜਾਣ’ ਸੁਪਰਵਾਈਜਰ ਪਬਲੀਸਿਟੀ, ਸ.ਜਤਿੰਦਰ ਸਿੰਘ ਫੋਟੋਗ੍ਰਾਫਰ, ਸ.ਹਰਬੰਸ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

No comments: