Sunday, October 06, 2013

ਟਾਟਾ ਗਰੁੱਪ ਪੰਜਾਬ ਵਿਚ ਸਕਿਲ ਸੈਂਟਰ ਖੋਲਣ ਲਈ ਤਿਆਰ

Sat, Oct 5, 2013 at 10:11 PM
ਸਾਈਰਸ ਮਿਸਤਰੀ ਵੱਲੋਂ ਪੰਜਾਬ ਸਰਕਾਰ ਦੇ ਉਦਮਾਂ ਦੀ ਸ਼ਲਾਘਾ
ਅਸੀਂ ਸਨਅਤੀ ਨਿਵੇਸ਼ ਨੂੰ ਪ੍ਰਫੁਲਿਤ ਕਰਨ ਲਈ ਦ੍ਰਿੜ-ਉਪ ਮੁੱਖ ਮੰਤਰੀ 
ਅੰਮ੍ਰਿਤਸਰ: 5 ਅਕਤੂਬਰ 2013: (ਗਜਿੰਦਰ ਸਿੰਘ ਕਿੰਗ//ਪੰਜਾਬ ਸਕਰੀਨ): ਅੰਮ੍ਰਿਤਸਰ ਵਿਚ ਉਚ ਪੱਧਰੀ ਗੱਲਬਾਤ ਲਈ ਪਹੁੰਚੇ ਟਾਟਾ ਗਰੁੱਪ ਦੇ ਮੁਖੀ ਸ੍ਰੀ ਸਾਈਰਸ ਮਿਸਤਰੀ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿਚ ਸਨਅਤੀ ਨਿਵੇਸ਼ ਨੂੰ ਪ੍ਰਫੁਲਿਤ ਕਰਨ ਲਈ ਦ੍ਰਿੜ ਹੈ ਅਤੇ ਇਸ ਲਈ ਸੂਬੇ ਦੀ ਸਨਅਤੀ ਅਤੇ ਟੈਕਸ ਨੀਤੀ ਵਿਚ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ। Àਨ੍ਹਾਂ ਕਿਹਾ ਕਿ ਸਾਡੀ ਇੱਛਾ ਹੈ ਕਿ ਸੂਬੇ ਵਿਚ ਸਨਅਤ ਤੇਜ਼ੀ ਨਾਲ ਵਧੇ, ਜਿਸ ਦਾ ਲਾਹਾ ਸਨਅਤਕਾਰ ਦੇ ਨਾਲ-ਨਾਲ ਰਾਜ ਦੇ ਲੋਕਾਂ ਨੂੰ ਵੀ ਮਿਲੇ। ਸੂਬੇ ਵਿਚ ਤਿਆਰ ਹੋ ਰਹੇ ਥਰਮਲ ਪਲਾਟਾਂ ਦੀ ਉਦਾਹਰਨ ਦਿੰਦੇ ਸ. ਬਾਦਲ ਨੇ ਦੱਸਿਆ ਕਿ ਇਨ੍ਹਾਂ ਵੱਡੇ ਪ੍ਰਾਜੈਕਟਾਂ ਨੂੰ ਨੇਪਰੇ ਚਾੜਨ ਲਈ ਕਿਸ ਤਰਾਂ ਸਰਕਾਰ ਨੇ ਮਿਸਾਲੀ ਕੰਮ ਕੀਤਾ। ਉਪ ਮੁੱਖ ਮੰਤਰੀ ਨੇ ਸ੍ਰੀ ਦਰਬਾਰ ਸਾਹਿਬ ਤੋਂ ਬਸ ਅੱਡੇ ਅਤੇ ਰੇਲਵੇ ਸਟੇਸ਼ਨ ਤੱਕ ਮੋਨੋ ਰੇਲ ਸ਼ੁਰੂ ਕਰਨ ਦਾ ਵਿਚਾਰ ਵੀ ਟਾਟਾ ਮੁਖੀ ਨਾਲ ਸਾਂਝਾ ਕੀਤਾ।

ਸ. ਬਾਦਲ ਨੇ ਸਰਕਾਰ ਦੀਆਂ ਤਰਜੀਹਾਂ ਦਾ ਖੁਲਾਸਾ ਸ੍ਰੀ ਮਿਸਤਰੀ ਕੋਲ ਕਰਦੇ ਦੱਸਿਆ ਕਿ ਸਰਕਾਰ ਦਾ ਵਿਚਾਰ ਹੈ ਕਿ ਇਕ ਸ਼ਹਿਰ ਦੇ ਸਾਰੇ ਕੰਮਾਂ ਇਕ ਹੀ ਵੱਡੀ ਕੰਪਨੀ ਨੂੰ ਦਿੱਤੇ ਜਾਣ, ਜੋ ਕਿ ਸਾਰੀਆਂ ਸੇਵਾਵਾਂ ਨਾਗਰਿਕ ਨੂੰ ਦੇਣ ਲਈ ਪਾਬੰਦ ਹੋਵੇ।

       ਇਨਾਂ ਵਿਚਾਰਾਂ ਦੀ ਸਰਾਹਨਾ ਕਰਦੇ ਹੋਏ ਟਾਟਾ ਦੇ ਮੁਖੀ ਨੇ ਜਮਸ਼ੇਦਪੁਰ ਸ਼ਹਿਰ ਦੀ ਉਦਾਹਰਨ ਦਿੰਦੇ ਇਸ ਕੰਮ ਲਈ ਟਾਟਾ ਵੱਲੋਂ ਪ੍ਰਾਜੈਕਟ ਤਿਆਰ ਕਰਨ ਦਾ ਇੱਛਾ ਪ੍ਰਗਟਾਈ ਅਤੇ ਲੁਧਿਆਣਾ ਸ਼ਹਿਰ ਲਈ ਤਿਆਰ ਕੀਤੇ ਪ੍ਰਾਜੈਕਟ ਦਾ ਹਵਾਲਾ ਦਿੱਤਾ। ਉਨ੍ਹਾਂ ਟਾਟਾ ਵੱਲੋਂ ਅੰਮ੍ਰਿਤਸਰ ਸ਼ਹਿਰ ਵਿਚ ਸ਼ੁਰੂ ਕੀਤੀ ਜਾਣ ਵਾਲੇ ਬਸ ਰੇਪਿਡ ਟਰਾਂਸਪੋਰਟ ਸਿਸਟਮ ਦਾ ਖੁਲਾਸਾ ਕਰਦੇ ਦੱਸਿਆ ਕਿ ਟਾਟਾ ਗਰੁੱਪ ਅੰਮ੍ਰਿਤਸਰ ਤੇ ਲੁਧਿਆਣਾ ਦੀ ਸ਼ਹਿਰੀ ਆਵਾਜਾਈ ਲਈ ਮੁਕੰਮਲ ਪੈਕੇਜ਼ ਤਿਆਰ ਕਰ ਰਿਹਾ ਹੈ। ਟਾਟਾ ਮੁਖੀ ਨੇ ਆਪਣੇ ਗਰੁੱਪ ਵੱਲੋਂ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦੇ ਕੀਤੇ ਜਾ ਰਹੇ ਉਪਰਾਲਿਆਂ ਦਾ ਖੁਲਾਸਾ ਕਰਦੇ ਦੱਸਿਆ ਕਿ ਉਹ ਸੂਬੇ ਵਿਚ ਸਕਿਲ ਸੈਂਟਰ ਖੋਲਣ ਦਾ ਵਿਚਾਰ ਕਰ ਰਹੇ ਹਨ, ਜਿਸ ਤਹਿਤ ਨੌਜਵਾਨਾਂ ਨੂੰ ਥੋੜੇ ਸਮੇਂ ਵਿਚ ਕੋਰਸ ਕਰਵਾ ਕੇ ਹੱਥਾਂ ਦਾ ਹੁਨਰ ਸਿਖਾਇਆ ਜਾਵੇਗਾ। ਸ. ਸੁਖਬੀਰ ਸਿੰਘ ਬਾਦਲ ਨੇ ਟਾਟਾ ਦੇ ਇਸ ਉਦਮ ਦੀ ਤਾਰੀਫ ਕਰਦੇ ਉਨ੍ਹਾਂ ਨੂੰ ਰਾਜ ਵਿਚ ਹੁਨਰ ਸਿੱਖਿਆ ਲਈ ਯੂਨੀਵਰਸਿਟੀ ਖੋਲਣ ਦੀ ਸਲਾਹ ਵੀ ਦਿੱਤੀ।

             ਸ੍ਰੀ ਮਿਸਤਰੀ ਨੇ ਸਾਰੇ ਪ੍ਰਾਜੈਕਟਾਂ ਵਿਚ ਦਿਲਚਸਪੀ ਲੈਂਦੇ ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕਰਦੇ ਕਿਹਾ ਕਿ ਸਰਕਾਰ ਦੇ ਇਸ ਉਦਮ ਕਾਰਨ ਹੀ ਅਸੀਂ ਪੰਜਾਬ ਵਿਚ ਨਿਵੇਸ਼ ਕਰਨ ਅਤੇ ਨਵੇਂ ਉਦਮ ਲਿਆਉਣ ਦਾ ਵਿਚਾਰ ਬਣਾਇਆ ਹੈ।

No comments: