Friday, October 04, 2013

ਲੁਧਿਆਣਾ 'ਚ ਵੀ ਨਜਰ ਆਇਆ ਸੀਪੀਆਈ ਦੇ ਦੇਸ਼ਪਧਰੀ ਅੰਦੋਲਨ ਦਾ ਰੰਗ

ਕਮਿਊਨਿਸਟ ਕਾਰਕੁਨਾਂ ਨੇ ਦਿੱਤੀਆਂ ਲੋਕ ਹੱਕਾਂ ਲਈ ਗਿਰਫ਼ਤਾਰੀਆਂ 
ਲੁਧਿਆਣਾ 3 ਅਕਤੂਬਰ 2013: ( ਪੰਜਾਬ ਸਕਰੀਨ ਬਿਊਰੋ ):ਕੋਮਾਂਤ੍ਰੀ ਪੂੰਜੀਪਤੀਆਂ ਦੇ ਪ੍ਰਭਾਵ ਹੇਠ ਕੇਂਦਰ ਅਤੇ ਰਾਜ ਸਰਕਾਰ ਦੀਆਂ ਉਦਾਰੀਕਰਨ, ਨਿਜੀਕਰਨ ਵਿਸ਼ਵੀਕਰਨ ਅਤੇ ਨਿਗਮੀਕਰਨ ਦੀਆਂ ਆਰਥਿਕ ਨੀਤੀਆਂ ਦੇ ਕਾਰਨ ਦਿਨ ਬਦਿਨ ਵੱਧ ਰਿਹਾ ਭਿ੍ਰਸ਼ਟਾਚਾਰ, ਬੇਲਗਾਮ ਮਹਿੰਗਾਈ, ਬੇਰੋਕ ਵੱਧ ਰਹੀ ਬੇਰੋਜ਼ਗਾਰੀ ਦੇ ਖ਼ਿਲਾਫ਼ ਅਤੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਛੋਟੇ ਤੇ ਦਰਮਿਆਨੇ ਉਦਯੋਗਪਤੀਆਂ, ਦੁਕਾਨਦਾਰਾਂ ਤੇ ਆਮ ਮਿਹਨਤਕਸ਼ ਲੋਕਾਂ ਦੀਆਂ ਹੱਕੀ ਮੰਗਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨ ਲਈ ਭਾਰਤੀ ਕਮਿਉਨਿਸਟ ਪਾਰਟੀ ਵਲੋਂ ਕੌਮੀ ਪੱਧਰ ਦੇ ਦੇਸ਼ ਵਿਆਪੀ ਅੰਦੋਲਨ ਦੇ ਤਹਿਤ ਪਾਰਟੀ ਦੀ ਲੁਧਿਆਣਾ ਜ਼ਿਲ੍ਹਾ ਇਕਾਈ ਦੇ ਸੈਂਕੜੇ ਇਸਤਰੀ ਤੇ ਪੁਰੁਸ਼ ਕਾਰਕੁਨਾਂ ਵਲੋਂ 3 ਅਕਤੂਬਰ 2013 ਨੂੰ ਡੀ ਸੀ ਦਫ਼ਤਰ ਵਿਖੇ ਗਿਰਫ਼ਤਾਰੀਆਂ ਦਿੱਤੀਆਂ ਗਈਆਂ। ਪਾਰਟੀ ਦੇ ਕਾਰਕੁਨਾਂ ਨੇ ਵੱਡੀ ਗਿਣਤੀ ਵਿੱਚ ਭਾਈਵਾਲਾ ਚੌਕ ਤੇ ਸਥਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਤੇ ਇੱਕਠੇ ਹੋ ਕੇ ਰੈਲੀ ਕੀਤੀ ਤੇ ਉਪਰੰਤ ਜਲੂਸ ਦੀ ਸ਼ਕਲ ਵਿੱਚ ਡੀ ਸੀ ਦਫ਼ਤਰ ਤੱਕ ਗਏ ਅਤੇ ਗਿਰਫ਼ਤਾਰੀ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਮਾਟੋ ਤੇ ਤਖ਼ਤੀਆਂ ਚੁੱਕੀਆਂ ਹੋਈਆਂ ਸਨ।

ਇਸ ਮੌਕੇ ਤੇ ਬੋਲਦਿਆਂ ਪਾਰਟੀ ਦੇ ਜ਼ਿਨ੍ਹਾ ਸਕੱਤਰ ਕਾਮਰੇਡ ਕਰਤਾਰ ਸਿੰਘ ਬੁਆਣੀ ਨੇ ਕਿਹਾ ਕਿ ਭਾਰਤ ਦੀ ਅਰਥਿਕਤਾ ਦਾ ਜਿੰਨਾਂ ਜਲੂਸ ਅੱਜ ਦੁਨੀਆਂ ਭਰ ਵਿੱਚ ਨਿਕਲ ਰਿਹਾ ਹੈ, ਉੱਨਾਂ ਕਦੇ ਵੀ ਨਹੀਂ ਹੋਇਆ ਅਤੇ ਦੇਸ਼ ਅੱਜ ਆਰਥਿਕ ਐਮਰਜੈਂਸੀ ਦੇ ਕਗਾਰ ਤੇ ਖੜਾ ਹੈ। ਅਖੌਤੀ ਉੱਘੇ ਅਰਥ ਸ਼ਾਸਤਰੀ ਪਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਵਿਸ਼ਵ ਬੈਂਕ ਅਤੇ ਕੋਮਾਂਤ੍ਰੀ ਮਾਲੀ ਫ਼ੰਡ ਦੇ ਇਸ਼ਾਰਿਆਂ ਤਹਿਤ ਅਪਣਾਈਆਂ ਗਈਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਦੇ ਕਾਰਨ ਮੌਜੂਦਾ ਹਾਲਾਤ ਬਣੇ ਹਨ। ਭਾਰਤੀ ਕਮਿਉਨਿਸਟ ਪਾਰਟੀ ਪਿਛਲੇ ਦੋ ਦਹਾਕਿਆਂ ਤੋਂ ਲੋਕਾਂ ਨੂੰ ਇਹਨਾਂ ਨੀਤੀਆਂ ਪ੍ਰਤੀ ਸੁਚੇਤ ਕਰਦੀ ਰਹੀ ਹੈ। ਭਿ੍ਰਸ਼ਟਾਚਾਰ ਹੱਦਾਂ ਬੰਨੇ ਟੱਪ ਗਿਆ ਹੈ ਜਿਸ ਕਰਕੇ ਕੇਂਦਰ ਅਤੇ ਸੂਬੇ ਵਿੱਚ ਕਈ ਮੰਤਰੀਆਂ ਨੂੰ ਅਸਤੀਫ਼ੇ ਦੇਣੇ ਪਏ ਤੇ ਕੁਝ ਨੂੰ ਜੇਲ ਦੀ ਹਵਾ ਵੀ ਖਾਣੀ ਪਈ। ਪੈਟ੍ਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਲੋਕਾਂ ਦੀਆਂ ਜੇਬਾਂ ਤੇ ਭਾਰਾ ਪੈ ਰਿਹਾ ਹੈ। ਖਾਣ ਪੀਣ ਦੀਆਂ ਆਮ ਵਸਤਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ ਤੇ ਲੋਕਾਂ ਦੀ ਵੱਡੀ ਗਿਣਤੀ ਕੁਪੋਸ਼ਣ ਦਾ ਸ਼ਿਕਾਰ ਹੋ ਰਹੀ ਹੈ। ਵਿਕਾਸ ਦਰ ਹੁਣ 4.4 ਤੇ ਆ ਡਿਗੀ ਹੈ। ਉਹਨਾ ਨੇ ਚਿੰਤਾ ਜ਼ਹਿਰ ਕੀਤੀ ਕਿ ਔਰਤਾਂ ਤੇ ਅਤਿਆਚਾਰ ਦਿਨ ਪ੍ਰਤੀਦਿਨ ਵੱਧ ਰਹੇ ਹਨ; ਦੁੱਖ ਦੀ ਗੱਲ ਹੈ ਕਿ ਸਜ਼ਾਯਾਫ਼ਤਾ ਮੈਂਬਰਾਂ ਨੂੰ ਬਰਖ਼ਾਸਤ ਕਰਨ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਚਾਉ ਕਰਨ ਦੇ ਲਈ ਸਾਰੀਆਂ ਪੂੰਜੀਪਤੀ ਪਾਰਟੀਆਂ ਇੱਕ ਮੁੱਠ ਹਨ। ਉਹਨਾਂ ਇਸ ਵਿਸ਼ੇ ਤੇ ਭਾਜਪਾ ਦੇ ਦੋਗਲੇ ਸਟੈਂਡ ਨੂੰ ਹਾਸੋਹੀਣਾ ਕਰਾਰ ਦਿੱਤਾ।

ਰੈਲੀ ਨੂੰ ਸੰਬੋਧਨ ਕਰਦਿਆਂ ਸਹਾਇਕ ਸਕੱਤਰ ਡਾ ਅਰੁਣ ਮਿੱਤਰਾ ਕਿਹਾ ਕਿ ਦੇਸ਼ ਨੂੰ ਸਭ ਤੋਂ ਵੱਧ ਖਤਰਾ ਉਹਨਾਂ ਸ਼ਕਤੀਆਂ ਤੋਂ ਹੈ ਜੋ ਸਮਾਜ ਦੇ ਭਾਈਚਾਰੇ ਦੇ ਮੁਢਲੇ ਢਾਂਚੇ ਨੂੰ ਖੇਰੂ ਖੇਰੂ ਕਰਨਾ ਚਾਹੁੰਦੇ ਹਨ। ਇਸ ਸੰਦਰਭ ਵਿੱਚ ਲੋਕਾਂ ਨੂੰ ਨਰਿੰਦਰ ਮੋਦੀ ਵਰਗੇ ਫ਼ਿਰਕੂ ਬੰਦੇ ਨੂੰ ਅੱਗੇ ਲਾ ਕੇ, ਅਤੇ ਫ਼ਿਰਕੂ ਭਾਵਨਾਵਾਂ ਭੜਕਾ ਕੇ ਭਾ ਜ ਪਾ ਦੀਆਂ ਸੱਤਾ ਹਥਿਆਉਣ ਦੀਆਂ ਕੁਚਾਲਾਂ ਤੋਂ ਸਾਵਧਾਨ ਰਹਿਣ ਲਈ ਕਿਹਾ। ਉਹਨਾਂ ਨੇ ਮੁਜ਼ਫ਼ਰਨਗਰ ਵਿੱਚ ਫ਼ਿਰਕੂ ਦੰਗੇ ਰੋਕਣ ਵਿੱਚ ਨਾਕਾਮ ਰਹਿਣ ਲਈ ਮੌਜੂਦਾ ਅਖਿਲੇਸ਼ ਸਰਕਾਰ ਤੇ ਪ੍ਰਸ਼ਾਸਨ ਨੂੰ ਦੋਸ਼ੀ ਠਹਿਰਇਆ। ਉਹਨਾਂ ਇਹ ਵੀ ਕਿਹਾ ਕਿ ਕੁੱਝ ਪਾਰਟੀਆਂ ਇਹਨਾਂ ਦੰਗਿਆਂ ਤੋਂ ਰਾਜਨੀਤਿਕ ਲਾਹਾ ਲੈਣ ਵਿੱਚ ਲੱਗੀਆ ਹੋਈਆਂ ਹਨ।

ਪਾਰਟੀ ਦੇ ਸਹਾਇਕ ਸਕੱਤਰ ਕਾਮਰੇਡ ਡੀ ਪੀ ਮੌੜ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਬਦਤਰ ਹੋ ਗਈ ਹੈ। ਰੇਤ ਮਾਫ਼ੀਆ, ਜ਼ਮੀਨੀ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਤੇ ਨਸ਼ੀਲੀ ਵਸਤਾਂ ਦੇ ਮਾਫ਼ੀਆ ਦਾ ਬੋਲਬਾਲਾ ਹੈ। ਸੂਬੇ ਵਿੱਚ ਬੇਰੋਜ਼ਗਾਰ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਬਣਾਏ ਜਾ ਰਹੇ ਹਨ। ਇਮਾਨਦਾਰ ਅਫ਼ਸਰਾਂ ਨੂੰ ਬਦਲਾਖੋਰੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਜਮਹੂਰੀ ਕਦਰਾਂ ਕੀਮਤਾਂ ਨੂੰ ਕੁਚਲਿਆ ਜਾ ਰਿਹਾ ਹੈ, ਵਿਰੋਧੀ ਅਵਾਜ਼ਾਂ ਨੂੰ ਦਬਾਇਆ ਜਾ ਰਿਹਾ ਹੈ ਅਤੇ ਹੱਕੀ ਮੰਗਾਂ ਲਈ ਘੋਲ ਕਰਦੇ ਲੋਕਾਂ ਨੂੰ ਕੁੱਟਾਪੇ ਚਾੜ੍ਹੇ ਜਾ ਰਹੇ ਹਨ।

ਪਾਰਟੀ ਦੇ ਸ਼ਹਿਰੀ ਸਕੱਤਰ ਕਾਮਰੇਡ ਰਮੇਸ਼ ਰਤਨ ਨੇ ਮੰਗ ਕੀਤੀ ਕਿ ਬੇਰੋਜ਼ਗਾਰਾਂ ਲਈ ਕੰਮ ਯਾ ਭੱਤਾ, ਗਰੀਬਾਂ ਲਈ ਘਰ, 60 ਸਾਲ ਦੀ ਉਮਰ ਤੇ ਪਹੁੰਚਣ ਤੇ ਲੋੜਵੰਦ ਬਜ਼ੁਰਗਾਂ ਲਈ ਤਿੰਨ ਹਜ਼ਾਰ  ਰੁਪਏ ਮਹੀਨਾ ਪੈਨਸ਼ਨ, ਘੱਟੋ ਘੱਟ ਉਜਰਤ ਦਸ ਹਜ਼ਾਰ ਰੁਪਏ ਮਹੀਨਾ ਕਰਨ, ਖੇਤੀ ਉਪਜਾਂ ਦੇ ਲਾਹੇਵੰਦ ਭਾਅ ਦੇਣ ਤੇ ਪ੍ਰਾਈਵੇਟ ਮੰਡੀਕਰਣ ਰੋਕਿਆ ਜਾਵੇ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਬਿਜਲੀ ਦੇ ਵਧੇ ਬਿਲ ਵਾਪਸ ਲਏ ਜਾਣ, ਪ੍ਰਾਪਰਟੀ ਟੈਕਸ ਵਾਪਸ ਕੀਤਾ ਜਾਵੇ, ਨਸ਼ਿਆਂ ਨੂੰ ਕਾਰਗਰ ਢੰਗ ਨਾਲ ਰੋਕਿਆ ਜਾਵੇ ਅਤੇ ਇਮਾਨਦਾਰ ਅਫ਼ਸਰਾਂ ਤੇ ਬਦਲਾਖੋਰੀ ਬੰਦ ਕੀਤੀ ਜਾਏ, ਔਰਤਾਂ ਉੱਤੇ ਅੱਤਿਆਚਾਰ ਨੂੰ ਰੋਕਿਆ ਜਾਵੇ, ਸਿਹਤ ਸਹੂਲਤਾਂ ਅਤੇ ਸਿੱਖਿਆ ਸਭ ਨੂੰ ਮੁਫਤ ਦੇਣੀ ਯਕੀਨੀ ਬਣਾਈ ਜਾਵੇ, ਘੁਟਾਲੇ ਤੇ ਘਪਲਿਆਂ ਦੀ ਜਾਂਚ ਕਰਾ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਖੇਤੀ ਉਪਜਾਂ ਦੇ ਲਾਹੇਵੰਦ ਭਾਅ ਦਿਤੇ ਜਾਣ।

ਇਸ ਮੌਕੇ ਤੇ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਿਲ ਹੋਰ ਬੁਲਾਰੇ ਸਨ ਕਾਮਰੇਡ ਉ ਪੀ ਮਹਿਤਾ, ਕਾਮਰੇਡ ਗੁਲਜ਼ਾਰ ਗੋਰੀਆ, ਕਾਮਰੇਡ ਗੁਰਨਾਮ ਗਿੱਲ, ਕਾਮਰੇਡ ਗੁਰਨਾਮ ਸਿੱਧੂ, ਕੇਵਲ ਸਿੰਘ, ਵਿਜੈ ਕੁਮਾਰ, ਮੇਵਾ ਸਿੰਘ, ਸੁਰਿੰਦਰ ਜਲਾਲਦੀਵਾਲ, ਭਰਪੂਰ ਸਿੰਘ, ਮਨਜੀਤ ਸਿੰਘ ਬੂਟਾ, ਕੁਲਦੀਪ ਸਿੰਘ ਬਿੰਦਰ, ਸੁਰਿੰਦਰ ਸਚਦੇਵਾ, ਕਾਮੇਸ਼ਵਰ, ਰਾਮ ਸਿੰਘ, ਫ਼ਿਰੋਜ਼ ਮਾਸਟਰ।   

No comments: