Saturday, October 19, 2013

ਭਗਵਾਨ ਵਾਲਮੀਕਿ ਦੀ ਯਾਦ ਵਿੱਚ ਰੱਖਿਆ ਤੀਰਥ ਦਾ ਨੀਂਹ ਪੱਥਰ

Fri, Oct 18, 2013 at 11:04 PM          
ਦੋ ਸਾਲਾਂ 'ਚ ਤਿਆਰ ਹੋਵੇਗਾ ਸ਼ਾਨਦਾਰ ਤੀਰਥ ਅਸਥਾਨ
ਗਰੀਬ ਪਰਿਵਾਰਾਂ ਲਈ ਆਟਾ ਦਾਲ ਇਕ ਰੁਪਏ ਕਿਲੋ ਕਰਨ ਦਾ ਐਲਾਨ
ਅੰਮ੍ਰਿਤਸਰ:18 ਅਕਤੂਬਰ 2013(ਗਜਿੰਦਰ ਸਿੰਘ ਕਿੰਗ//ਪੰਜਾਬ ਸਕਰੀਨ): ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਨੇ ਆਟਾ ਦਾਲ ਸਕੀਮ ਤਹਿਤ 15 ਲੱਖ ਗਰੀਬ ਪਰਿਵਾਰਾਂ ਨੂੰ 4 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦਿੱਤਾ ਜਾ ਰਿਹਾ ਆਟਾ ਹੁਣ ਇਕ ਰੁਪਏ ਕਿਲੋ ਕਰਨ ਅਤੇ ਪਰਿਵਾਰਾ ਗਿਣਤੀ ਦੀ ਦੁਗਣੀ ਕਰਕੇ 30 ਲੱਖ ਕਰਨ ਦਾ ਐਲਾਨ ਕੀਤਾ ਹੈ।  115 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ੍ਰੀ ਵਾਲਮੀਕਿ ਤੀਰਥ ਦਾ ਨੀਂਹ ਪੱਥਰ ਰੱਖਣ ਮੌਕੇ   ਕਰਵਾਏ ਗਏ ਵਿਸ਼ਾਲ ਸਮਾਗਮ ਵਿੱਚ ਸੰਗਤ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ੍ਰ ਬਾਦਲ ਨੇ ਕਿਹਾ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ ਅਤੇ ਅੱਜ ਦੇ ਇਸ ਇਤਿਹਾਸਕ ਮੌਕੇ ਗਰੀਬ ਆਦਮੀ ਨੂੰ ਦੋ ਵਕਤ ਦੀ ਰੋਟੀ ਦੇਣ ਲਈ ਆਟਾ- ਦਾਲ ਸਕੀਮ ਦਾ ਵਿਸਥਾਰ ਕਰਨਾ ਭਗਵਾਨ ਵਾਲਮੀਕਿ ਨੂੰ ਇਕ ਸ਼ਰਧਾਂਜਲੀ ਹੈ। ਉਨ੍ਹਾਂ ਨੇ ਲੋਕਾਂ ਨੂੰ ਭਗਵਾਨ ਵਾਲਮੀਕਿ ਜੀ ਵੱਲੋਂ ਦਿਖਾਏ ਮਾਰਗ ਉਤੇ ਚੱਲਣ ਦੀ ਅਪੀਲ ਕਰਦੇ ਕਿਹਾ ਕਿ ਸ਼ਾਂਤੀ, ਭਾਈਚਾਰਕ ਸਾਂਝ ਅਤੇ ਪਿਆਰ ਦਾ ਜੋ ਰਸਤਾ ਭਗਵਾਨ ਵਾਲਮੀਕਿ ਨੇ ਦਿਖਾਇਆ ਹੈ ਉਸ ਉਪਰ ਚੱਲ ਕੇ ਹੀ ਅਸੀਂ ਦੇਸ਼ ਦਾ ਵਿਕਾਸ ਕਰ ਸਕਦੇ ਹਾਂ। ਸ੍ਰ ਬਾਦਲ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਵਾਲਮੀਕਿ ਭਾਈਚਾਰੇ  ਦਾ ਕੋਈ ਰਾਜਸੀ ਲਾਹਾ ਲੈਣ ਲਈ ਇਹ ਸਮਾਗਮ ਨਹੀਂ ਕਰਵਾਇਆ ਬਲਕਿ ਭਗਵਾਨ ਵਾਲਮੀਕਿ ਦੀ ਸਿਖਿਆ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਲਈ ਉਨ੍ਹਾਂ ਦੀ ਯਾਦ ਵਿੱਚ ਉਕਤ ਸਮਾਗਮ ਕੀਤਾ ਹੈ ਅਤੇ ਇਸ ਯਾਦ ਨੂੰ ਸਦੀਵੀ ਕਾਇਮ ਰੱਖਣ ਲਈ ਸ੍ਰੀ ਵਾਲਮੀਕਿ ਤੀਰਥ ਦਾ ਨਿਰਮਾਣ ਸ਼ੁਰੂ ਕਰਵਾਇਆ ਹੈ। ਸ੍ਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਗਰੀਬ ਜਨਤਾ ਨੂੰ ਉਪਰ ਚੁੱਕਣ ਲਈ ਅਨੇਕਾਂ ਸਕੀਮਾਂ ਸ਼ੁਰੂ ਕੀਤੀਆਂ ਹਨ ਅਤੇ ਨਿਕਟ ਭਵਿੱਖ ਵਿੱਚ ਇਸ ਭਾਈਚਾਰੇ ਦੇ ਵਿਕਾਸ ਲਈ ਹੋਰ ਕਲਿਆਣਕਾਰੀ ਯੋਜਨਾਵਾਂ ਅਮਲ ਵਿੱਚ ਲਿਆਂਦੀਆਂ ਜਾਣਗੀਆਂ।
         ਸ੍ਰ ਬਾਦਲ ਨੇ ਐਲਾਨ ਕੀਤਾ ਕਿ ਇਸ ਇਤਿਹਾਸਕ ਤੀਰਥ ਦਾ ਕੰਮ ਅਗਲੇ ਦੋ ਮਹੀਨਿਆਂ ਵਿੱਚ ਸ਼ੁਰੂ ਹੋ ਜਾਵੇਗਾ ਅਤੇ ਇਸ ਨੂੰ ਦੋ ਸਾਲ ਵਿੱਚ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦਾ ਨਕਸ਼ਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭਵਨ ਨਿਰਮਾਣ ਕਲਾ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ।
         ਮੁੱਖ ਮੰਤਰੀ ਸ੍ਰ ਬਾਦਲ ਨੇ ਪੰਜਾਬ ਵਿੱਚ ਸ਼ੁਰੂ ਕੀਤੀਆਂ ਗਈਆਂ ਕਲਿਆਣਕਾਰੀ ਯੋਜਨਾਵਾਂ ਨੂੰ ਸ਼ੁਰੂ ਕਰਨ ਲਈ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਵੱਲੋਂ ਲਏ ਗਏ ਫੈਸਲਿਆਂ ਦੀ ਤਾਰੀਫ ਕਰਦੇ ਕਿਹਾ ਕਿ ਉਪ ਮੁੱਖ ਮੰਤਰੀ ਰਾਜ ਨੂੰ ਵਿਕਾਸ ਦੇ ਰਾਹ ਉਤੇ ਪਾਉਣ ਲਈ ਨਿਰੰਤਰ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਕਲਿਆਣ ਲਈ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਉਪ ਮੁੱਖ ਮੰਤਰੀ ਪੰਜਾਬ ਦੇ ਦਿਮਾਗ ਦੀ ਹੀ ਕਾਢ ਹਨ।  ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਰਾਜ ਦੀ ਵਿਰਾਸਤ, ਇਤਿਹਾਸ ਅਤੇ ਸਭਿਆਚਾਰ ਨੂੰ ਸਾਂਭਣ ਲਈ ਵੱਡੇ ਉਪਰਾਲੇ ਕਰ ਰਹੀ ਹੈ ਜਿਸ ਤਹਿਤ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ, ਅੰਮ੍ਰਿਤਸਰ ਵਿਖੇ ਵਾਰ ਮੈਮੋਰੀਅਲ, ਖੁਰਲਗੜ੍ਹ (ਹੁਸਿਆਰਪੁਰ) ਵਿਖੇ ਭਗਤ ਰਵੀਦਾਸ ਜੀ ਦੀ ਯਾਦਗਾਰੀ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਦੀ ਯਾਦਗਾਰ ਸਥਾਪਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਵਿਰਸੇ ਨੂੰ ਸਾਂਭ ਕੇ ਹੀ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਵਾ ਸਕਦੇ ਹਾਂ।
         ਸ੍ਰ ਬਾਦਲ ਨੇ ਕਿਹਾ ਕਿ ਸ੍ਰੀ ਵਾਲਮੀਕਿ ਕੇਵਲ ਦੇਸ਼ ਦੇ ਹੀ ਨਹੀਂ ਬਲਕਿ ਸਾਰੀ ਮਨੁੱਖਤਾ ਦੇ ਰਾਹ ਦਸੇਰੇ ਸਨ। ਉਨ੍ਹਾਂ ਕਿਹਾ ਕਿ ਰਮਾਇਣ ਦੇ ਰਚੇਤਾ ਭਗਵਾਨ ਵਾਲਮੀਕਿ ਦੁਨੀਆਂ ਦੇ ਪਹਿਲੇ ਕਵੀ  ਅਤੇ ਸੰਸਕ੍ਰਿਤ ਦੇ ਵਿਦਵਾਨ ਸਨ। ਉਨ੍ਹਾਂ ਕਿਹਾ ਕਿ ਰਮਾਇਣ ਵਿੱਚ ਦਿੱਤਾ ਗਿਆ ਰਾਮ ਰਾਜ ਦਾ ਸੰਦੇਸ਼ ਅੱਜ ਸਾਨੂੰ ਸਾਰਿਆਂ ਨੂੰ ਅਪਣਾਉਣ ਦੀ ਲੋੜ ਹੈ। ਉਨ੍ਹਾਂ ਨੇ ਰਾਜ ਦੇ ਲੋਕਾਂ ਨੂੰ ਭਗਵਾਨ ਵਾਲਮੀਕਿ ਵੱਲੋਂ ਦਿਖਾਏ ਮਾਰਗ ਤੇ ਚੱਲਣ ਦੀ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਸਮਾਜ ਅਤੇ ਦੇਸ਼ ਦੀ ਭਲਾਈ ਲਈ ਸਾਨੂੰ ਸਾਰਿਆਂ ਨੂੰ ਭਗਵਾਨ ਵਾਲਮੀਕਿ ਦੁਆਰਾ ਦਿੱਤੀ ਗਈ ਸਿਖਿਆ ਉਤੇ ਚੱਲਣਾ ਚਾਹੀਦਾ ਹੈ।
         ਸ੍ਰ ਬਾਦਲ ਨੇ ਕਿਹਾ ਕਿ ਡਾ: ਹਰਗੋਬਿੰਦ ਖੁਰਾਣਾ ਸਕੀਮ ਤਹਿਤ ਮੈਟ੍ਰਿਕ ਵਿੱਚ 80 ਫੀਸਦੀ ਤੋਂ ਵੱਧ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਸਲਾਨਾ 30 ਹਜਾਰ ਰੁਪਏ ਵਜੀਫਾ ਦੇਣ ਲਈ ਸ਼ੁਰੂ ਕੀਤੀ ਗਈ ਸਕੀਮ ਗਰੀਬ ਲੋਕਾਂ ਨੂੰ ਉਚਾ ਚੁੱਕਣ ਲਈ ਸਰਕਾਰ ਦਾ ਇਕ ਉਦਮ ਹੈ। ਸ੍ਰ ਬਾਦਲ ਨੇ ਇਸ ਮੌਕੇ ਸ੍ਰੀ ਵਾਲਮੀਕਿ ਤੀਰਥ ਉਤੇ ਨਤਮਸਤਕ ਹੋਣ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਆਮਦ ਨੂੰ ਦੇਖਦੇ ਹੋਏ ਅੰਮ੍ਰਿਤਸਰ–ਰਾਮ ਤੀਰਥ ਸੜਕ ਨੂੰ ਚਾਰ ਮਾਰਗੀ ਕਰਨ ਦਾ ਐਲਾਨ ਵੀ ਕੀਤਾ।
         ਇਸ ਮੌਕੇ ਸੰਬੋਧਨ ਕਰਦੇ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨੇ ਅਕਾਲੀ-ਭਾਜਪਾ ਸਾਂਝ ਦੀ ਗੱਲ ਕਰਦੇ ਕਿਹਾ ਕਿ ਇਹ ਪਾਰਟੀਆਂ ਦੀ ਸਾਂਝ ਨਹਂੀ ਬਲਕਿ ਇਕ ਪਰਿਵਾਰਕ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਚੱਲੀ ਆ ਰਹੀ ਭਾਈਚਾਰਕ ਸਾਂਝ ਨੂੰ ਹੋਰ ਮਜਬੂਤ ਕਰਨ ਲਈ ਹੀ ਸਰਕਾਰ ਵੱਲੋਂ ਸਾਰੇ ਧਰਮਾਂ ਦੇ ਤਿਓਹਾਰ ਰਲ ਮਿਲ ਕੇ ਰਾਜ ਪੱਧਰ ਤੇ ਮਨਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਆਮ ਲੋਕਾਂ ਦੀਆਂ ਤਕਲੀਫਾਂ ਤੋਂ ਭਲੀਭਾਂਤ ਵਾਕਿਫ ਹਨ ਅਤੇ ਇਨ੍ਹਾਂ ਨੂੰ ਦੂਰ ਕਰਨ ਲਈ ਹਰ ਵੇਲੇ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਨੇ ਅੱਜ ਦੇ ਇਸ ਸਮਾਗਮ ਲਈ ਮਾਲ ਤੇ ਲੋਕ ਸੰਪਰਕ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆਂ ਵੱਲੋਂ ਕੀਤੇ ਗਏ ਆਵਾਜਾਈ, ਰਹਿਣ ਸਹਿਣ ਅਤੇ ਖਾਣ ਪੀਣ ਦੇ ਕੀਤੇ ਗਏ ਪ੍ਰਬੰਧਾਂ ਲਈ ਤਾਰੀਫ ਕਰਦੇ ਕਿਹਾ ਕਿ ਸ੍ਰ ਮਜੀਠੀਆ ਵੱਲੋਂ ਕੀਤੀ ਮਿਹਨਤ ਦੀ ਬਦੌਲਤ ਹੀ ਅੱਜ ਦਾ ਇਹ ਸਮਾਗਮ ਸਫਲ ਹੋ ਸਕਿਆ ਹੈ।
         ਭਗਵਾਨ ਵਾਲਮੀਕਿ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਇਕੋ ਇਕ ਸਰਕਾਰ ਹੈ ਜੋ ਰਾਜ ਦੇ ਲੋਕਾਂ ਦੇ ਭਲੇ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਤੀਰਥ ਦੀ ਉਸਾਰੀ ਦਾ ਇਹ ਉਦਮ ਸਰਕਾਰ ਵੱਲੋਂ ਸਾਰੇ ਧਰਮਾਂ ਦੇ ਕੀਤੇ ਜਾਂਦੇ ਸਤਿਕਾਰ ਦਾ ਪ੍ਰਗਟਾਵਾ ਹੈ।
         ਇਸ ਮੌਕੇ ਸੰਬੋਧਨ ਕਰਦੇ ਅਨੁਸੂਚਿਤ ਜਾਤੀ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ ਡਾ: ਰਾਜ ਕੁਮਾਰ ਵੇਰਕਾ ਨੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਵੱਲੋਂ ਵਾਲਮੀਕਿ ਭਾਈਚਾਰੇ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਰਜਵੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਵਾਲਮੀਕਿ ਤੀਰਥ ਦਾ ਨੀਂਹ ਪੱਥਰ ਰੱਖ ਕੇ ਭਾਈਚਾਰੇ ਦੀ ਚਿਰੌਕਣੀ ਮੰਗ ਨੂੰ ਪੂਰਾ ਕੀਤਾ ਹੈ।
         ਇਸ ਮੌਕੇ ਸਟੇਜ ਦੀ ਕਾਰਵਾਈ ਕੈਬਨਿਟ ਮੰਤਰੀ ਸ੍ਰ ਗੁਲਜਾਰ ਸਿੰਘ ਰਣੀਕੇ ਨੇ ਚਲਾਈ ਅਤੇ ਆਈ ਹੋਈ ਸੰਗਤ ਤੇ ਪ੍ਰਮੁੱਖ ਹਸਤੀਆਂ ਦਾ ਧੰਨਵਾਦ ਸਪੀਕਰ ਸ੍ਰ ਚਰਨਜੀਤ ਸਿੰਘ ਅਟਵਾਲ ਨੇ ਕੀਤਾ। ਸੂਫੀ ਗਾਇਕ ਹੰਸ ਰਾਜ ਹੰਸ ਨੇ ਭਗਵਾਨ ਵਾਲਮੀਕਿ ਦੀ ਸਿਫਤ ਸਲਾਹ ਵਿੱਚ ਭਜਨ ਪੜ੍ਹ ਕੇ ਸੰਗਤ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ।
         ਸਮਾਗਮ ਤੋਂ ਬਾਅਦ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ, ਮਾਲ ਤੇ ਲੋਕ ਸੰਪਰਕ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ, ਭਾਜਪਾ ਦੇ ਰਾਜ ਪ੍ਰਧਾਨ ਸ੍ਰੀ ਕਮਲ ਸ਼ਰਮਾ ਅਤੇ ਹੋਰ ਨੇਤਾਵਾਂ ਨੇ  ਸ੍ਰੀ ਵਾਲਮੀਕ ਮੰਦਿਰ ਵਿਖੇ ਮੱਥਾ ਵੀ ਟੇਕਿਆ। 
         ਇਸ ਮੌਕੇ ਹਾਜ਼ਰ ਸੰਤਾਂ, ਮਹਾਂ ਪੁਰਖਾਂ ਅਤੇ ਹੋਰਨਾਂ ਸਖਸ਼ੀਅਤਾਂ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ, ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਮੱਲ ਸਿੰਘ, ਬਾਬਾ ਕਸ਼ਮੀਰਾ ਸਿੰਘ, ਬਾਬਾ ਬਲਬੀਰ ਸਿੰਘ ਸੀਂਚੇਵਾਲ, ਬਾਬਾ ਹਰਨਾਮ ਸਿੰਘ ਦਮਦਮੀ ਟਕਸਾਲ,  ਬਾਬਾ ਨਿਰਮਲ ਸਿੰਘ ਜੌੜੇਵਾਲੇ,  ਸੰਕਰਾਚਾਰੀਆ ਦਰਸ਼ਨ ਰਤਨ ਰਾਵਣ, ਸਵਾਮੀ ਵਿਵੇਕਾਨੰਦ, ਸੰਤ ਬਾਬਾ ਪ੍ਰਗਟ ਨਾਥ, ਹਬੀਬ ਉਰ ਰਹਿਮਾਨ, ਸੰਤ ਬਾਬਾ ਨਿਰਮਲ ਸਿੰਘ ਅਬਦਾਨ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ  ਅਤੇ ਮਹਾਂ ਪੁਰਖ ਹਾਜਰ ਸਨ ਜਿੰਨਾਂ ਨੂੰ ਸ੍ਰ ਪਰਕਾਸ਼ ਸਿੰਘ ਬਾਦਲ ਅਤੇ ਸ੍ਰ ਸੁਖਬੀਰ ਸਿੰਘ ਬਾਦਲ ਨੇ ਸਨਮਾਨਤ ਵੀ ਕੀਤਾ।
         ਰਾਜਸੀ ਹਸਤੀਆਂ ਵਿੱਚ ਇਸ ਮੌਕੇ ਵਿਧਾਨ ਸਭਾ ਦੇ ਸਪੀਕਰ ਸ੍ਰ ਚਰਨਜੀਤ ਸਿੰਘ ਅਟਵਾਲ, ਮਾਲ ਤੇ ਲੋਕ ਸੰਪਰਕ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ, ਭਾਜਪਾ ਦੇ ਰਾਜ ਪ੍ਰਧਾਨ ਸ੍ਰੀ ਕਮਲ ਸ਼ਰਮਾ, ਕੈਬਨਿਟ ਮੰਤਰੀ ਸ੍ਰ ਜਨਮੇਜਾ ਸਿੰਘ ਸੇਖੋਂ, ਸ੍ਰ ਗੁਲਜਾਰ ਸਿੰਘ ਰਣੀਕੇ, ਸ੍ਰ ਪਰਮਿੰਦਰ ਸਿੰਘ ਢੀਂਡਸਾ, ਸ੍ਰੀ ਸ਼ਰਨਜੀਤ ਸਿੰਘ ਢਿਲੋਂ, ਸ੍ਰ ਸਰਵਣ ਸਿੰਘ ਫਿਲੌਰ, ਸ੍ਰੀ ਚੂਨੀ ਲਾਲ ਭਗਤ, ਸ੍ਰੀ ਅਨਿਲ ਜੋਸ਼ੀ, ਸ੍ਰੀ ਮਦਨ ਮੋਹਨ ਮਿੱਤਲ, ਸ੍ਰ ਅਜੀਤ ਸਿੰਘ ਕੋਹਾੜ, ਸ੍ਰੀ ਸੁਰਜੀਤ ਸਿੰਘ ਰੱਖੜਾ, ਰਾਜ ਸਭਾ ਮੈਂਬਰ ਸ੍ਰ ਸੁਖਦੇਵ ਸਿੰਘ ਢੀਂਡਸਾ, ਲੋਕ ਸਭਾ ਮੈਂਬਰ ਪਰਮਜੀਤ ਕੌਰ ਗੁਲਸ਼ਨ, ਸ੍ਰ ਸੇਰ ਸਿੰਘ ਘੁਬਾਇਆ, ਡਾ: ਰਤਨ ਸਿੰਘ ਅਤਜਨਾਲਾ, ਪ੍ਰਧਾਨ ਸ਼੍ਰੋਮਣੀ ਕਮੇਟੀ ਜਥੇਦਾਰ ਅਵਤਾਰ ਸਿੰਘ, ਪ੍ਰਧਾਨ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਮਨਜੀਤ ਸਿੰਘ ਜੀਕੇ,   ਸਾਬਕਾ ਮੰਤਰੀ ਸ੍ਰ ਰਣਜੀਤ ਸਿੰਘ ਬ੍ਰਹਮਪੁਰਾ, ਮੁੱਖ ਸੰਸਦੀ ਸਕੱਤਰ ਸ੍ਰ ਵਿਰਸਾ ਸਿੰਘ ਵਲਟੋਹਾ, ਸ੍ਰੀ ਪਵਨ ਕੁਮਾਰਤ ਟੀਨੂੰ, ਸ੍ਰੀ ਅਵਿਨਾਸ ਚੰਦਰ, ਸ੍ਰੀ ਕੇ:ਡੀ:ਭੰਡਾਰੀ, ਬਾਬੂ ਪ੍ਰਕਾਸ਼ ਚੰਦਰ ਗਰਗ, ਸ੍ਰ ਇੰਦਰਬੀਰ ਸਿੰਘ ਬੁਲਾਰੀਆ, ਡਾ: ਨਵਜੋਤ ਕੌਰ ਸਿੱਧੂ, ਫਰਜਾਨਾ ਆਲਮ, ਸੋਹਨ ਸਿੰਘ ਠੰਡਲ, ਸ੍ਰੀ ਐਨ:ਕੇ:ਸ਼ਰਮਾ, ਸ੍ਰ ਗੁਰਬਚਨ ਸਿੰਘ ਬੱਬੇਹਾਲੀ ਤੇ ਸ੍ਰੀ ਦੇਸ ਰਾਜ ਧੁੱਗਾ ਅਤੇ ਵਿਧਾਇਕਾਂ ਵਿੱਚ ਡਾ: ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ, ਸ੍ਰ ਮਨਜੀਤ ਸਿੰਘ ਮੰਨਾ, ਸ੍ਰ ਬਲਜੀਤ ਸਿੰਘ ਜਲਾਲਉਸਮਾਂ, ਸ਼ਡਿਊਲ ਕਾਸਟ ਬਾਰੇ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ ਡਾ: ਰਾਜ ਕੁਮਾਰ ਵੇਰਕਾ, ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ ਇੰਦਰ ਸਿੰਘ ਗਰੇਵਾਲ, ਮੀਡੀਆ ਅਡਵਾਈਜਰ ਮੁੱਖ ਮੰਤਰੀ ਪੰਜਾਬ ਸ੍ਰ ਹਰਚਰਨ ਸਿੰਘ ਬੈਂਸ, ਉਪ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸ੍ਰ ਜੰਗ ਵੀਰ ਸਿੰਘ, ਸ੍ਰ ਨਿਰਮਲ ਸਿੰਘ ਕਾਹਲੋਂ , ਸ੍ਰ ਸੁੱਚਾ ਸਿੰਘ ਲੰਗਾਹ, ਜਥੇਦਾਰ ਸੇਵਾ ਸਿੰਘ ਸੇਖਵਾਂ, ਸ੍ਰੀ ਹੰਸ ਰਾਜ ਹੰਸ ਅਤੇ ਹੋਰ ਹਸਤੀਆਂ ਹਾਜਰ ਸਨ। ਅੱਜ ਦੇ ਇਸ ਸਮਾਗਮ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਰਕਰਾਂ ਤੋਂ ਇਲਾਵਾ ਯੂਥ ਅਕਾਲੀ ਦਲ ਦੇ ਵਰਕਰਾਂ ਨੇ ਭਰਵੀਂ ਹਾਜਰੀ ਵੀ ਲਗਵਾਈ।
ਮਜੀਠੀਆ ਦੇ ਪ੍ਰਬੰਧਾਂ ਦੀ ਬਦੌਲਤ ਯਾਦਗਾਰੀ ਹੋ ਨਿਬੜਿਆ ਸਮਾਗਮ
         ਮਾਲ ਤੇ ਲੋਕ ਸੰਪਰਕ ਮੰਤਰੀ ਪੰਜਾਬ ਸ੍ਰ ਬਿਕਰਮ ਸਿੰਘ ਮਜੀਠੀਆ ਵੱਲੋਂ ਕੀਤੇ ਗਏ ਲਾ-ਮਿਸਾਲ ਪ੍ਰਬੰਧਾਂ ਦੀ ਬਦੌਲਤ ਅੱਜ ਦਾ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ। ਸਮਾਗਮ ਵਿੱਚ ਲੱਖਾਂ ਸ਼ਰਧਾਲੂ ਆਏ ਪਰ ਸੜਕਾਂ ਉਤੇ ਜਾਮ ਦੀ ਨੌਬਤ ਨਜ਼ਰ ਨਹੀਂ ਆਈ। ਸਮਾਗਮ ਵਿੱਚ ਵਿਸ਼ੇਸ਼ ਸਖਸ਼ੀਅਤਾਂ ਅਤੇ ਆਮ ਲੋਕਾਂ ਲਈ ਬੈਠਣ ਦੇ ਕੀਤੇ ਗਏ ਬਾਖੂਬੀ ਪ੍ਰਬੰਧਾਂ ਕਰਕੇ ਸ਼ਰਧਾਲੂ ਵੀ ਚੈਨ ਨਾਲ ਸਮਾਗਮ ਦਾ ਆਨੰਦ ਲੈਂਦੇ ਰਹੇ। ਸ੍ਰ ਮਜੀਠੀਆ ਲਗਾਤਾਰ ਪਿਛਲੇ ਤਿੰਨ ਦਿਨਾਂ ਤੋਂ ਸਮਾਗਮ ਦੀ ਤਿਆਰੀ ਵਿੱਚ ਸਵੇਰ ਤੋ ਸ਼ਾਮ ਤੱਕ ਲੱਗੇ ਰਹੇ ਅਤੇ ਉਨ੍ਹਾਂ ਦੀ ਟੀਮ ਨੇ ਵੀ ਇਸ ਵਿੱਚ ਵੱਡਾ ਯੋਗਦਾਨ ਪਾਇਆ। ਅੱਜ ਵੀ ਉਹ ਸਮਾਗਮ ਦੌਰਾਨ ਆਪਣੇ ਸੀਟ ਉਤੇ ਘੱਟ ਬੈਠੇ ਅਤੇ ਪ੍ਰਬੰਧਾਂ ਵਿੱਚ ਹੀ ਲੱਗੇ ਰਹੇ।  

No comments: