Wednesday, October 16, 2013

ਵਾਲਮੀਕ ਤੀਰਥ ਦੇ ਨੀਂਹ ਪੱਥਰ ਰੱਖੇ ਜਾਣ ਦੀਆਂ ਤਿਆਰੀਆਂ ਮੁਕੰਮਲ

ਮੁੱਖ ਮੰਤਰੀ 18 ਨੂੰ ਰੱਖਣਗੇ ਨੀਂਹ ਪੱਥਰ                                      Wed, Oct 16, 2013 at 9:30 PM
ਡੇਢ ਲੱਖ ਤੋਂ ਵੱਧ ਸ਼ਰਧਾਲੂਆਂ ਦੇ ਪਹੁੰਚਣ ਦਾ ਅਨੁਮਾਨ-ਮਜੀਠੀਆ
ਮਜੀਠੀਆ ਵੱਲੋਂ ਭਗਵਾਨ ਵਾਲਮੀਕ ਤੀਰਥ 'ਤੇ ਪ੍ਰਬੰਧਾਂ ਦਾ ਜਾਇਜ਼ਾ
ਅੰਮ੍ਰਿਤਸਰ: 16 ਅਕਤੂਬਰ 2013:(ਗਜਿੰਦਰ ਸਿੰਘ ਕਿੰਗ//ਪੰਜਾਬ ਸਕਰੀਨ) - 'ਭਗਵਾਨ ਵਾਲਮੀਕ ਤੀਰਥ ਦਾ ਨੀਂਹ ਪੱਥਰ ਰੱਖਣ ਮੌਕੇ ਰਾਜ ਭਰ ਵਿਚੋਂ ਡੇਢ ਤੋਂ ਦੋ ਲੱਖ ਸ਼ਰਧਾਲੂ 18 ਅਕਤੂਬਰ ਨੂੰ ਰਾਮਤੀਰਥ ਵਿਖੇ ਪਹੁੰਚਣਗੇ ਅਤੇ ਸ਼ਰਧਾਲੂਆਂ ਦੀ ਆਮਦ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਸੂਬਾ ਸਰਕਾਰ ਵੱਲੋਂ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।' ਉਕਤ ਸ਼ਬਦਾਂ ਦਾ ਪ੍ਰਗਟਾਵਾ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਰਾਮਤੀਰਥ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਰੱਖੀ ਮੀਟਿੰਗ ਨੂੰ ਸੰਬੋਧਨ ਕਰਦੇ ਕੀਤਾ। 

     ਸ. ਮਜੀਠੀਆ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਰਾਮਤੀਰਥ ਵਿਖੇ ਮੀਟਿੰਗ ਕੀਤੀ ਅਤੇ ਸਾਰੇ ਪਾਰਕਿੰਗ ਸਥਾਨਾਂ, ਸਟੇਜ, ਮੁੱਖ ਪੰਡਾਲ, ਲੰਗਰਾਂ ਆਦਿ ਦਾ ਦੌਰਾ ਕੀਤਾ। ਸ. ਮਜੀਠੀਆ ਨੇ ਦੱਸਿਆ, ਕਿ ਇਸ ਵਿਸ਼ਾਲ ਸਮਾਗਮ ਮੌਕੇ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ 115 ਕਰੋੜ ਰੁਪਏ ਦੀ ਲਾਗਤ ਨਾਲ ਰਾਮ ਤੀਰਥ ਵਿਖੇ ਭਗਵਾਨ ਵਾਲਮੀਕ ਦੀ ਯਾਦ ਵਿਚ ਬਣਨ ਵਾਲੇ ਤੀਰਥ ਦਾ ਨੀਂਹ ਪੱਥਰ ਰੱਖਣਗੇ ਅਤੇ ਇਸ ਮੌਕੇ ਸਾਰੇ ਧਰਮਾਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਈ ਰਾਜਾਂ ਦੇ ਮੰਤਰੀ ਸਾਹਿਬਾਨ ਵੀ ਸਮਾਗਮ ਵਿਚ ਹਾਜ਼ਰ ਹੋਣਗੇ।

ਸ. ਮਜੀਠੀਆ ਨੇ ਦੱਸਿਆ ਕਿ ਸਮਾਗਮ ਵਿਚ ਦੁਰ ਦੁਰਾਡੇ ਥਾਵਾਂ ਤੋਂ ਆਉਣ ਵਾਲੀਆਂ ਸੰਗਤਾਂ ਲਈ ਰਾਤ ਠਹਿਰਣ ਲਈ ਤੀਹ ਮੈਰਜ ਪੈਲਸ ਕਮ ਰਿਜ਼ੋਰਟ ਬੁਕ ਕੀਤੇ ਗਏ ਹਨ। ਸ਼ਰਧਾਲੂਆਂ ਨੂੰ ਪੰਜਾਬ ਭਰ ਵਿਚੋਂ ਲਿਆਉਣ ਅਤੇ ਛੱਡਣ ਲਈ ਤਿੰਨ ਹਜ਼ਾਰ ਦੇ ਕਰੀਬ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਨ੍ਹਾਂ ਗੱਡੀਆਂ ਲਈ ਵੱਖ-ਵੱਖ ਰੂਟ ਬਣਾਏ ਗਏ ਹਨ, ਤਾਂ ਜੋ ਸਮਾਗਮ 'ਤੇ ਪਹੁੰਚਣ ਵਿਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਦੱਸਿਆ ਕਿ ਕਰੀਬ 170 ਏਕੜ ਰਕਬੇ ਵਿਚ ਕੁੱਲ 9 ਪਾਰਕਿੰਗ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹਰ ਪਾਰਕਿੰਗ ਦਾ ਵੱਖਰਾ ਰੰਗ ਅਤੇ ਸਟਿਕਰ ਜਾਰੀ ਕੀਤਾ ਗਿਆ ਹੈ, ਤਾਂ ਜੋ ਗੱਡੀਆਂ ਰੋਕਣ ਵਿਚ ਕੋਈ ਸਮੱਸਿਆ ਨਾ ਆਵੇ।

ਸ. ਮਜੀਠੀਆ ਨੇ ਦੱਸਿਆ ਕਿ ਸਮਾਗਮ ਵਿਚ ਤਿੰਨ ਸਟੇਜਾਂ ਬਣਾਈਆਂ ਗਈਆਂ ਹਨ, ਜਿੰਨ੍ਹਾਂ ਵਿਚੋਂ ਇਕ ਸਟੇਜ ਵੀ ਆਈ ਪੀਜ ਲਈ, ਇਕ ਸਟੇਜ ਸੰਤਾਂ-ਮਹਾਂਪੁਰਖਾਂ ਲਈ ਅਤੇ ਇਕ ਸਟੇਜ ਕਲਾਕਾਰਾਂ ਦੇ ਭਜਨ ਗਾਉਣ ਲਈ ਲਗਾਈ ਗਈ ਹੈ। ਇਸ ਤੋਂ ਇਲਾਵਾ ਪੰਡਾਲ ਵਿਚ ਇਕ ਲੱਖ ਦੇ ਕਰੀਬ ਕੁਰਸੀਆਂ ਲਗਾਈਆਂ ਗਈਆਂ ਹਨ ਅਤੇ ਇਨੇ ਲੋਕਾਂ ਤੱਕ ਸਟੇਜ ਦੀ ਕਾਰਵਾਈ ਪੁੱਜਦੀ ਕਰਨ ਲਈ 5 ਵੱਡੀਆਂ ਸਕਰੀਨਾਂ ਅਤੇ ਪਲਾਜ਼ਮਾ ਟੈਲੀਵਿਜ਼ਨਾਂ ਦੀ ਮਦਦ ਲਈ ਜਾ ਰਹੀ ਹੈ। ਗਰਮੀ ਨੂੰ ਧਿਆਨ ਵਿਚ ਰੱਖਦੇ ਹੋਏ ਕੋਈ 1500 ਤੋਂ ਵੱਧ ਪੱਖੇ ਲਗਾਏ ਜਾ ਚੁੱਕੇ ਹਨ। ਸ਼ਰਧਾਲੂਆਂ ਲਈ 10 ਲੰਗਰ ਵੱਖ-ਵੱਖ ਥਾਵਾਂ 'ਤੇ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਅਹਿਮ ਹਸਤੀਆਂ ਲਈ ਮੁੱਖ ਪੰਡਾਲ ਦੇ ਨਾਲ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਮਾਗਮ ਮੌਕੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਹਰ ਤਰਾਂ ਦੇ ਪ੍ਰਬੰਧ ਕੀਤੇ ਗਏ ਹਨ। ਸ. ਮਜੀਠੀਆ ਨੇ ਪੰਜਾਬ ਭਰ ਵਿਚ ਬੈਠੇ ਭਗਵਾਨ ਵਾਲਮੀਕ ਦੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਇਸ ਇਤਹਾਸਕ ਮੌਕੇ ਦੇ ਗਵਾਹ ਬਣਨ ਲਈ ਉਤਸ਼ਾਹ ਨਾਲ ਸਮਾਗਮ ਵਿਚ ਸ਼ਾਮਿਲ ਹੋਣ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਪੀਕਰ ਚਰਨਜੀਤ ਸਿੰਘ ਅਟਵਾਲ, ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ, ਕੈਬਨਿਟ ਮੰਤਰੀ ਸ. ਸਰਵਣ ਸਿੰਘ ਫਿਲੌਰ, ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ, ਮੁੱਖ ਮੰਤਰੀ ਦੇ ਪ੍ਰਿਸੀਪਲ ਸਕੱਤਰ ਕੇ. ਜੇ. ਐਸ ਚੀਮਾ, ਡਾ. ਦਲਜੀਤ ਸਿੰਘ ਚੀਮਾ, ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਕਮਿਸ਼ਨਰ ਸ. ਜਤਿੰਦਰ ਸਿੰਘ ਔਲਖ, ਸ. ਰਜਿੰਦਰਮੋਹਨ ਸਿੰਘ ਛੀਨਾ, ਸ੍ਰੀ ਹੰਸ ਰਾਜ ਹੰਸ, ਸ. ਇੰਦਰ ਇਕਬਾਲ ਸਿੰਘ ਅਟਵਾਲ, ਵੀਰ ਸਿੰਘ ਲੋਪੋਕੇ, ਸ੍ਰੀ ਜਸਬੀਰ ਸਿੰਘ ਵਧੀਕ ਡਿਪਟੀ ਕਮਿਸ਼ਰਨ (ਜ), ਸ੍ਰੀ ਸੰਦੀਪ ਰਿਸ਼ੀ ਮੁੱਖ ਪ੍ਰਸ਼ਾਸਕ ਪੁਡਾ, ਸ੍ਰੀ ਮਨਮੋਹਨ ਸਿੰਘ ਐਸ.ਐਸ.ਪੀ (ਦਿਹਾਤੀ) ਅੰਮ੍ਰਿਤਸਰ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।

ਭਗਵਾਨ ਵਾਲਮੀਕ ਜੇਯੰਤੀ ਦੀਆਂ ਤਿਆਰੀਆਂ ਮੁਕੰਮਲ

ਭਗਵਾਨ ਵਾਲਮੀਕਿ ਪਰਗਟ ਦਿਹਾੜਾ: ਪਿੰਡ ਦਬਰੁਜੀ 'ਚ ਚੌਥੀ ਵਿਸ਼ਾਲ ਸ਼ੋਭਾ ਯਾਤਰਾ 

ਵਾਲਮੀਕ ਤੀਰਥ ਦੇ ਨੀਂਹ ਪੱਥਰ ਰੱਖੇ ਜਾਣ ਦੀਆਂ ਤਿਆਰੀਆਂ ਮੁਕੰਮਲ

No comments: