Thursday, October 10, 2013

ਹੁਣ ਨੋਬਲ ਜੇਤੂ ਵਿਗਿਆਨੀ ਬੋਲੇ :

ਬ੍ਰਹਿਮੰਡ, ਰੁੱਖ-ਪੌਦੇ, ਜੀਵ-ਜੰਤੂ ‘ਗੌਡ ਪਾਰਟੀਕਲ’ ਤੋਂ ਬਣੇ ਹਨ

ਖਰਬਾਂ ਸਾਲ ਪਹਿਲਾਂ ਪੁਲਾੜ ਵਿਚ ਹੋਏ ਮਹਾਵਿਸਫੋਟ ਨਾਲ ਬ੍ਰਹਿਮੰਡ ਦੀ ਉਤਪਤੀ ਦੇ ਰਹੱਸਾਂ ਦਾ ਪਤਾ ਲਗਾਉਣ ਲਈ ਦੁਨੀਆ ਭਰ ਦੇ ਵਿਗਿਆਨੀਆਂ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਸੇ ਲੜੀ ‘ਚ ਸਤੰਬਰ 2008 ‘ਚ ਸਵਿਟਜ਼ਰਲੈਂਡ ਅਤੇ ਫਰਾਂਸ ਦੀ ਸਰਹੱਦ ‘ਤੇ ਬਣਾਈ ਗਈ 27 ਕਿਲੋਮੀਟਰ ਲੰਬੀ ਸੁਰੰਗ ‘ਚ ਇਕ ਵਿਸ਼ਾਲ ਚੁੰਬਕੀ ਮਸ਼ੀਨ ‘ਲਾਰਜ ਹੈਡੋਰੋਨ ਕੋਲਾਈਡਰਜ਼’ ਦੇ ਜ਼ਰੀਏ 10 ਸਤੰਬਰ 2008 ਨੂੰ ਇਕ ਮਹਾਪ੍ਰਯੋਗ ਸ਼ੁਰੂ ਕੀਤਾ ਗਿਆ।

ਇਸ ਦੇ ਜ਼ਰੀਏ ਉਕਤ ਵਿਸ਼ਾਲ ਮਸ਼ੀਨ ਦੇ ਦੋਹਾਂ ਪਾਸਿਆਂ ਦੇ ਸਿਰਿਆਂ ਤੋਂ  ਭੇਜੇ ਪ੍ਰੋਟੋਨ ਬੀਮਾਂ ਦੀ ਭਿਆਨਕ ਟੱਕਰ ਨਾਲ ਹੋਣ ਵਾਲੀ ਟੁੱਟ-ਭੱਜ ਅਤੇ ਉਸ ਨਾਲ ਪੈਦਾ ਹੋਣ ਵਾਲੇ ਬਲੈਕ ਹੋਲਜ਼ ਦਾ ਵਿਗਿਆਨੀਆਂ ਵਲੋਂ ਪ੍ਰੀਖਣ ਕੀਤਾ ਗਿਆ, ਜਿਸ ਨੂੰ ‘ਗੌਡ ਪਾਰਟੀਕਲ’, ‘ਹਿਗਜ਼ ਬੋਸੋਨ’ ਜਾਂ ‘ਹਿਗਜ਼ ਪਾਰਟੀਕਲ’ ਸਿਧਾਂਤ ਦਾ ਨਾਂ ਦਿੱਤਾ ਗਿਆ।
ਬੋਸੋਨ ਕਣਾਂ ਦਾ ਸਿਧਾਂਤ ਮੂਲ ਤੌਰ ‘ਤੇ ਭਾਰਤੀ ਵਿਗਿਆਨੀ ਸਤਿੰਦਰ ਨਾਥ ਬੋਸ ਨੇ 1924 ਵਿਚ ਖੋਜਿਆ ਸੀ, ਜਦੋਂ ਉਹ ਢਾਕਾ ਵਿਚ ਪੜ੍ਹਦੇ ਸਨ। ਉਨ੍ਹਾਂ ਨੇ ਇਸ ਨੂੰ ਪ੍ਰਕਾਸ਼ਿਤ ਕਰਨ ਲਈ ਵੱਖ-ਵੱਖ ਰਸਾਲਿਆਂ ਨੂੰ ਭੇਜਿਆ ਪਰ ਕਿਸੇ ਨੇ ਵੀ ਇਸ ਨੂੰ ਪ੍ਰਕਾਸ਼ਿਤ ਨਹੀਂ ਕੀਤਾ। ਆਖਿਰ ਉਨ੍ਹਾਂ ਨੇ ਆਪਣਾ ਇਹ ਖੋਜ-ਪੱਤਰ ਮਹਾਨ ਵਿਗਿਆਨੀ ਅਲਬਰਟ ਆਈਨਸਟਾਈਨ ਨੂੰ ਭੇਜ ਦਿੱਤਾ, ਜਿਨ੍ਹਾਂ ਨੇ ਉਨ੍ਹਾਂ ਦੇ ਖੋਜ-ਪੱਤਰ ਦੀ ਮਹੱਤਤਾ ਕਬੂਲਦਿਆਂ ਇਸ ਨੂੰ ਪ੍ਰਕਾਸ਼ਿਤ ਕਰਵਾਇਆ। ਇਸੇ ਲਈ ਇਨ੍ਹਾਂ ਕਣਾਂ ਨੂੰ ‘ਬੋਸੋਨ ਕਣ’ ਵੀ ਕਿਹਾ ਜਾਂਦਾ ਹੈ।
ਵਿਗਿਆਨੀਆਂ ਮੁਤਾਬਕ ਇਹੋ ਉਹ ਪਦਾਰਥ ਹੈ, ਜਿਸ ਕਾਰਨ ਬ੍ਰਹਿਮੰਡ ਦਾ ਨਿਰਮਾਣ ਹੋਇਆ। ਇਹ ਪ੍ਰਮਾਣੂ ਨਾਲੋਂ ਵੀ ਛੋਟਾ ਕਣ ਹੈ। ਆਕਾਸ਼ ਗੰਗਾ, ਚੰਨ-ਤਾਰਿਆਂ, ਰੁੱਖਾਂ-ਪੌਦਿਆਂ ਅਤੇ ਜੀਵ-ਜੰਤੂਆਂ ਦੀ ਉਤਪਤੀ ਇਸੇ ਤੋਂ ਹੋਈ ਹੈ।
50 ਸਾਲਾਂ ਤੋਂ ਇਸ ਸੰਬੰਧੀ ਖੋਜ ‘ਚ ਰੁੱਝੇ ਵਿਗਿਆਨੀਆਂ ਦੀ ਟੀਮ ਵਿਚੋਂ ਬੈਲਜੀਅਮ ਦੇ ਫ੍ਰਾਂਸਵਾ ਐਂਗਲਰਟ ਅਤੇ ਬ੍ਰਿਟੇਨ ਦੇ ਪੀਟਰ ਡਬਲਯੂ. ਹਿਗਜ਼ 5 ਜੁਲਾਈ 2012 ਨੂੰ ਆਖਿਰ ਆਪਣੇ ਯਤਨਾਂ ‘ਚ ਸਫਲ ਹੋਏ ਅਤੇ ਉਨ੍ਹਾਂ ਨੇ ਉਕਤ ਨਵੇਂ ਕਣ ‘ਗੌਡ ਪਾਰਟੀਕਲ’ ਦੀ ਹੋਂਦ ਦਾ ਐਲਾਨ ਕੀਤਾ।
ਪ੍ਰੋ. ਐਂਗਲਰਟ ਅਤੇ ਪ੍ਰੋ. ਹਿਗਜ਼ ਨੇ ਸੰਨ 1964 ‘ਚ ਵੱਖ-ਵੱਖ ਤੌਰ ‘ਤੇ ਇਹ ਸਿਧਾਂਤ ਦਿੱਤਾ ਸੀ ਕਿ ਫੁੱਲ-ਪੱਤੇ, ਜੀਵ-ਜੰਤੂ ਇਥੋਂ ਤਕ ਕਿ ਗ੍ਰਹਿ, ਨਕਸ਼ੱਤਰ, ਤਾਰੇ ਸਾਰਾ ਕੁਝ ਮੂਲ ਤੱਤਾਂ ਦਾ ਬਣਿਆ ਹੁੰਦਾ ਹੈ, ਜਿਸ ਨੂੰ ਦ੍ਰਵ ਕਣ ਕਿਹਾ ਜਾਂਦਾ ਹੈ।
ਹਰੇਕ ਪਦਾਰਥ ਵਿਚ ‘ਬਲ ਕਣ’ ਵੀ ਹੁੰਦਾ ਹੈ, ਜੋ ਉਸ ਦਾ ਸਰੂਪ ਤੈਅ ਕਰਦਾ ਹੈ। ਦੋਹਾਂ ਵਿਗਿਆਨੀਆਂ ਨੇ ਦਾਅਵਾ ਕੀਤਾ ਕਿ ਇਸ ਤੋਂ ਇਲਾਵਾ ਵੀ ਕੁਝ ਵਿਸ਼ੇਸ਼ ਕਣ ਹੁੰਦੇ ਹਨ, ਜਿਨ੍ਹਾਂ ‘ਤੇ ਸਟੈਂਡਰਡ ਮਾਡਲ ਨਿਰਭਰ ਕਰਦਾ ਹੈ ਅਤੇ ਇਹ ਵਿਸ਼ੇਸ਼ ਕਣ ਬ੍ਰਹਿਮੰਡ ਵਿਚ ਹਰ ਜਗ੍ਹਾ ਮੌਜੂਦ ਹਨ।
ਸਿਧਾਂਤ ਮੁਤਾਬਕ ਇਹ ਬਲ ਕਣ ਕਿਸੇ ਵੀ ਪਦਾਰਥ ਨੂੰ ਵੱਖ-ਵੱਖ ਗੁਣਾਂ ਨਾਲ ਖੁਸ਼ਹਾਲ ਬਣਾਉਣ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਸਿਧਾਂਤ ਦਾ ਨਾਂ ਪੀਟਰ ਹਿਗਜ਼ ਨਾਂ ਦੇ ਉਸ ਵਿਗਿਆਨੀ ਦੇ ਨਾਂ ‘ਤੇ ਰੱਖਿਆ ਗਿਆ ਹੈ, ਜਿਸ ਨੇ ਸੂਖਮ ਅਣੂ ਕਣਾਂ ਨੂੰ ਮੁਹੱਈਆ ਕਰਵਾਉਣ ਵਾਲੇ ‘ਸਰੂਪ’ ਦੀ ਧਾਰਨਾ ਪੇਸ਼ ਕੀਤੀ ਸੀ। ਇਹ ਕਣ ਇਕ ਅਦ੍ਰਿਸ਼ ‘ਫੀਲਡ’ ਤੋਂ ਪੈਦਾ ਹੁੰਦਾ ਹੈ ਅਤੇ ਸਮੁੱਚੀ ‘ਸਪੇਸ’ ਨੂੰ ਢਕ ਲੈਂਦਾ ਹੈ।
ਪ੍ਰੋ. ਐਂਗਲਰਟ ਅਤੇ ਪ੍ਰੋ. ਹਿਗਜ਼ ਨੂੰ ਉਨ੍ਹਾਂ ਦੀ ਇਸੇ ਖੋਜ ਅਤੇ ‘ਗੌਡ ਪਾਰਟੀਕਲ’ ਸਿਧਾਂਤ ਦੀ ਖੋਜ ਲਈ ਫਿਜ਼ੀਕਸ ਦੇ ਖੇਤਰ ਵਿਚ ਸੰਨ 2013 ਦਾ ਵੱਕਾਰੀ ਨੋਬਲ ਪੁਰਸਕਾਰ ਸਾਂਝੇ ਤੌਰ ‘ਤੇ ਦਿੱਤਾ ਗਿਆ ਹੈ। ਇਹ ਸਿਧਾਂਤ ਇਸ ਤੱਥ ਨੂੰ ਸਮਝਣ ‘ਚ ਮਦਦ ਕਰਦਾ ਹੈ ਕਿ ਪਦਾਰਥ ਦ੍ਰਵਮਾਨ ਕਿਉਂ ਹੁੰਦਾ ਹੈ ਅਤੇ ਸਾਡਾ ਬ੍ਰਹਿਮੰਡ ਕਿਵੇਂ ਬਣਿਆ ਹੈ?
ਬ੍ਰਹਿਮੰਡ ਦੀ ਉਤਪਤੀ ਦਾ ਕਾਰਨ ਬਣਨ ਵਾਲੇ, ਜਿਸ ਸੂਖਮ ਕਣ ਭਾਵ ਗੌਡ ਪਾਰਟੀਕਲ ਦੀ ਹੋਂਦ ਦਾ ਪਤਾ ਲਗਾਉਣ ਦੀ ਗੱਲ ਹੁਣ ਪੱਛਮੀ ਦੇਸ਼ਾਂ ਦੇ ਵਿਗਿਆਨੀ ਕਰ ਰਹੇ ਹਨ, ਉਹ ਗੱਲ ਤਾਂ ਅਸੀਂ ਭਾਰਤ ਵਾਸੀ ਕਰੋੜਾਂ ਸਾਲ ਪਹਿਲਾਂ ਤੋਂ  ਕਹਿੰਦੇ ਆ ਰਹੇ ਹਾਂ ਅਤੇ ਕਣ-ਕਣ ‘ਚ ਭਗਵਾਨ ਦੀ ਹੋਂਦ ਸਵੀਕਾਰ ਕਰਦੇ ਆ ਰਹੇ ਹਾਂ।
ਇਤਿਹਾਸ ਕੇਸਰੀ ਮਾਸਟਰ ਨੱਥਾ ਸਿੰਘ ਜੀ ਨੇ ਵੀ ਕਈ ਸਾਲ ਪਹਿਲਾਂ ਆਪਣੀ ਇਕ ਲੰਮੀ ਕਵਿਤਾ ਵਿਚ ਆਪਣੇ ਵਿਚਾਰ ਪ੍ਰਗਟਾਉਂਦਿਆਂ ਲਿਖਿਆ ਸੀ ਕਿ :
ਜ਼ੱਰੇ-ਜ਼ੱਰੇ ਮੇਂ ਹੈ ਝਾਂਕੀ ਭਗਵਾਨ ਕੀ
ਕਿਸੀ ਸੂਝ ਵਾਲੀ ਆਂਖ ਨੇ ਪਹਿਚਾਨ ਕੀ।
ਅਸੀਂ ਨਿਰਵਿਵਾਦ ਤੌਰ ‘ਤੇ ਕਹਿ ਸਕਦੇ ਹਾਂ ਕਿ ਜਿਸ ਬ੍ਰਹਿਮੰਡ ਦੀ ਉਤਪਤੀ ਦਾ ਕਾਰਨ ਬਣਨ ਵਾਲੇ ਜਿਹੜੇ ਸੂਖਮ ਕਣ ਨੂੰ ਲੱਭਣ ਦਾ ਦਾਅਵਾ ਪੱਛਮੀ ਵਿਗਿਆਨੀ ਹੁਣ ਕਰ ਰਹੇ ਹਨ, ਉਸ ਦੀ ਹੋਂਦ ਦੀ ਪੁਸ਼ਟੀ ਤਾਂ ਭਾਰਤੀ ਵਿਦਵਾਨ ਬਹੁਤ ਪਹਿਲਾਂ ਹੀ ਕਰ ਚੁੱਕੇ ਹਨ।
ਜਿਵੇਂ ਕਿ ਸਾਡੇ ਧਰਮ ਗ੍ਰੰਥਾਂ ‘ਚ ਵੀ ਲਿਖਿਆ ਹੈ ਅਤੇ ‘ਪੰਜਾਬ ਕੇਸਰੀ’ ਨੇ ਹੋਂਦ ਵਿਚ ਆਉਣ ਦੇ ਸਮੇਂ ਤੋਂ ਹੀ ਹੇਠ ਲਿਖਿਆ ਸਲੋਕ ਆਪਣੇ ਨੀਤੀ ਵਾਕ ਵਜੋਂ ਵੀ ਅਪਣਾਇਆ ਹੈ :
ਭਾਵ ਭਗਵਾਨ ਇਸ ਜਗ ਦੇ ਕਣ-ਕਣ ‘ਚ ਮੌਜੂਦ ਹਨ।
ਵਿਜੇ ਕੁਮਾਰ

No comments: