Tuesday, October 01, 2013

ਮਲੇਰਕੋਟਲਾ ਵਿੱਚ ਇੱਕ ਨਾਬਾਲਿਗ ਨੂੰ ਅੱਗ ਲਾ ਕੇ ਸਾੜਿਆ

ਲੋਕਾਂ ਵਿੱਚ ਭਾਰੀ ਰੋਹ-ਰੋਸ ਵੱਜੋਂ ਧਰਨੇ, ਮੁਜ਼ਾਹਰੇ ਅਤੇ ਹੜਤਾਲਾਂ
                                            Photo CourtesySukhwinder Sukhi
ਮੰਡੀ ਅਹਿਮਦਗੜ੍ਹ:30 ਸਤੰਬਰ 2013: (ਪੰਜਾਬ ਸਕਰੀਨ ਬਿਊਰੋ): ਏਥੋਂ ਨੇੜੇ ਹੀ ਪੈਂਦੇ ਮਲੇਰਕੋਟਲਾ ਵਿਖੇ ਅੱਜ ਇਕ ਨਾਬਾਲਿਗ ੂਬੱਚੇ ਨੂੰ ਅੱਗ ਲਗਾ ਕੇ ਮਾਰ ਦਿੱਤਾ ਗਿਆ। ਵਿਭੂ ਜੈਨ ਨਾਮ ਦਾ ਇਹ ਬੱਚਾ ਸੱਤਵੀਂ ਕਲਾਸ  ਪੜ੍ਹਦਾ ਸੀ।ਕੁਝ ਅਣਪਛਾਤੇ ਨੌਜਵਾਨਾਂ ਨੇ ਇਸ ਬੱਚੇ ਨੂੰ ਦਿਨਦਿਹਾੜੇ ਅੱਗ ਲਾ ਕੇ ਸਦ ਦਿੱਤਾ। ਇਸ ਵਾਰਦਾਤ ਦੇ ਖਿਲਾਫ਼ ਰੋਸ ਵਜੋਂ ਭਾਜਪਾ, ਸ਼ਿਵ ਸੈਨਾ (ਹਿੰਦੋਸਤਾਨ) ਅਤੇ ਕਈ ਹੋਰ ਸੰਗਠਨਾਂ ਸਮੇਤ ਸ਼ਹਿਰ ਦੀਆਂ ਕਈ ਵੱਖ-ਵੱਖ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਇਹਨਾਂ ਸੰਗਠਨਾਂ ਨੇ ਬਾਕਾਇਦਾ ਬਾਜ਼ਾਰ ਬੰਦ ਕਰਵਾ ਕੇ ਇਸ ਅਣਮਨੁੱਖੀ ਘਟਨਾ ਵਿਰੁਧ ਆਪਣਾ ਤਿੱਖਾ ਰੋਸ ਦਰਜ ਕਰਵਾਇਆ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਧਰਮਪਾਲ ਗਰਗ, ਸਾਬਕਾ ਐੱਮ. ਸੀ. ਪ੍ਰਵੀਨ ਕੁਮਾਰ ਟਿੱਕੀ, ਭਾਜਪਾ ਵੱਲੋਂ ਮੰਡਲ ਪ੍ਰਧਾਨ ਵਿਕਾਸ ਜੈਨ, ਯਸ਼ਪਾਲ ਗੋਇਲ, ਤਰਸੇਮ ਸਿੰਗਲਾ, ਨਰੇਸ਼ ਗੋਇਲ ਹੈਪੀ,  ਡਾ. ਇੰਦਰਜੀਤ ਸ਼ਰਮਾ, ਰਜੇਸ਼ ਸਿੰਗਲਾ ਟੋਨੀ ਅਤੇ ਕਈ ਹੋਰਾਂ ਨੇ ਇਸ ਘਟਨਾ ਨੂੰ ਬੇਹੱਦ ਮੰਦਭਾਗਾ ਕਰਾਰ ਦਿੰਦਿਆਂ ਇਨਸਾਫ਼ ਦੀ ਮੰਗ ਕੀਤੀ। ਇਹਨਾਂ ਸਾਰੀਆਂ ਨੇ ਨਾ ਸਿਰਫ ਪੂਰਾ ਬਾਜ਼ਾਰ ਹੀ ਬੰਦ ਕਰਵਾਇਆ ਸਗੋਂ ਹੋਰ ਤਿੱਖੇ  ਐਕਸ਼ਨ ਦੀ ਚੇਤਾਵਨੀ ਵੀ ਦਿੱਤੀ।ਉਨ੍ਹਾਂ ਪੰਜਾਬ ਸਰਕਾਰ ਤੋਂ ਇਸ ਵਾਰਦਾਤ ਲਈ ਜਿੰਮੇਵਾਰ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਦਿੱਲੀ ਰੇਪ ਕੇਸ ਦੀ ਤੇਜ਼ ਰਫਤਾਰ ਕਾਰਵਾਈ ਦੀ ਤਰ੍ਹਾਂ ਇਨ੍ਹਾਂ ਆਰੋਪੀਆਂ ਦੇ ਖਿਲਾਫ ਵੀ ਫੌਰੀ ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਗੁੱਸੇ ਵਿੱਚ ਆਏ ਇਹਨਾਂ ਮੁਜ਼ਾਹਰਾਕਾਰੀਆਂ ਨੇ ਇਸ ਮੌਕੇ ਕੱਕੜਵਾਲ ਚੌਕ ‘ਚ ਧਰਨਾ ਲਾ ਕੇ ਆਵਾਜਾਈ ਵੀ ਠੱਪ ਕਰ ਦਿੱਤੀ।   
ਇਸੇ ਤਰ੍ਹਾਂ ਅਮਰਗੜ੍ਹ ਵਿੱਚ ਵੀ ਇਸ ਮਾਮਲੇ ਨੂੰ ਲੈ ਲੋਕਾਂ ਨੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ। ਉਕਤ ਘਟਨਾ ਦੇ ਰੋਸ ‘ਚ ਅਮਰਗੜ੍ਹ ਵਿੱਚ ਵੀ ਬਾਜ਼ਾਰ ਬੰਦ ਰੱਖਿਆ ਗਿਆ।  ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਇਸ ਮਾਮਲੇ ਨੂੰ ਲੈ ਰੋਹ ਭਰਿਆ ਧਰਨਾ ਵੀ ਦਿੱਤਾ। ਇਸ ਰੋਸ ਵਖਾਵੇ ਦੌਰਾਨ ਵੀ ਵ੍ਖਾਵਾਕਾਰੀਆਂ ਨੇ ਆਪਣੇ ਧਰਨੇ ਦੌਰਾਨ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਅਣਮਨੁੱਖੀ ਘਟਨਾ ਨੂੰ ਅੰਜਾਮ ਦੇਣ ਵਾਲੇ ਦਰਿੰਦਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਵਿਗਿਆਨਕ ਅਤੇ ਵੈੱਲਫੇਅਰ ਕਲੱਬ ਦੇ ਪ੍ਰਧਾਨ ਡਾ. ਪਵਿੱਤਰ ਅਮਰਗੜ੍ਹ ਨੇ ਵੀ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਆਲੇ ਦੁਆਲੇ ਦੇ ਹੋਰ ਇਲਾਕਿਆਂ 'ਚ ਵੀ ਇਸ ਘਟਨਾ ਨੂੰ ਲੈ ਕੇ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਹੁਣ ਦੇਖਣਾ ਹੈ ਕਿ ਸਰਕਾਰ ਅਜਿਹੀਆਂ ਵਾਰਦਾਤਾਂ ਦੀ ਰੋਕਥਾਮ ਲਈ ਦੋਸ਼ੀਆਂ ਵਿਰੁਧ ਕੀ ਕਦਮ ਚੁੱਕਦੀ ਹੈ? ਕਾਬਿਲੇ ਜ਼ਿਕਰ ਹੈ ਕਿ ਦੋ ਕੁ ਦਿਨ ਪਹਿਲਾਂ ਹੀ ਮਾਝਾ ਬੈਲਟ ਵਿੱਚ ਪੈਂਦੇ ਇੱਕ ਗੁਰਦੁਆਰੇ ਦੇ ਗ੍ਰੰਥੀ ਨੂੰ ਜਿਊਂਦਿਆਂ ਸਾਦ ਦਿੱਤਾ ਗਿਆ ਸੀ। ਗੁੰਡਾਗਰਦੀ ਕਰਨ ਵਾਲੇ ਅਨਸਰਾਂ ਵਿੱਚ ਵਧ ਰਹੀ ਬੇਖੌਫੀ ਕਾਨੂੰਨ ਦੀ ਕਮਜ਼ੋਰੀ ਨੂੰ ਹੀ ਦਰਸਾਉਂਦੀ ਹੈ। ਇਸ ਘਟਨਾ ਦੀ ਵੱਡੇ ਪਧਰ ਤੇ ਨਿਖੇਧੀਆਂ ਵਾਲੇ ਬਿਆਨ ਵੀ ਆ ਰਹੇ ਹਨ। ਗੁੱਸੇ ਵਿੱਚ ਆਏ ਪਰਿਵਾਰ ਅਤੇ ਹੋਰ ਲੋਕਾਂ ਨੇ ਸੰਗਰੂਰ ਲੁਧਿਆਣਾ ਮਾਰਗ ਵੀ ਠੱਪ ਰੱਖਿਆ। ਮਲੇਰਕੋਟਲੇ ਵਿੱਚ ਵੀ ਕਾਰੋਬਾਰ ਬੰਦ ਰਿਹਾ। 
Photo Courtesy: Sukhwinder Sukhi

No comments: