Friday, September 20, 2013

ਪਿਆਜ਼ ਦੀਆਂ ਕੀਮਤਾਂ ਛੇਤੀ ਹੇਠਾਂ ਆਉਣਗੀਆਂ-ਸ਼ਰਦ ਪਵਾਰ

ਬਹੁਤ ਜਲਦੀ ਹੋਵੇਗੀ ਮੰਡੀਆਂ ਵਿੱਚ ਹੁਣ ਪਿਆਜਾਂ ਦੀ ਭਰਮਾਰ 
ਨਵੀਂ ਦਿੱਲੀ, 19 ਸਤੰਬਰ 2013:ਰਸੋਈ ਲਈ ਬੇਹੱਦ ਜਰੂਰੀ ਬਣ ਚੁੱਕੇ ਪਿਆਜ਼ ਦੀਆਂ ਕੀਮਤਾਂ ਅਸਮਾਨੀਂ ਚੜ੍ਹ ਜਾਣ ਕਾਰਣ ਦੁਖੀ ਅਤੇ ਪਰੇਸ਼ਾਨ ਹੋਏ ਪਿਆਜ਼ ਪ੍ਰੇਮੀਆਂ ਲੈ ਇੱਕ ਖੁਸ਼ ਖਬਰੀ ਭੇਜੀ ਹੈ ਕੇਂਦਰੀ ਮੰਤਰੀ ਸ਼ਰਦ ਪਵਾਰ ਨੇ
ਕੇਂਦਰੀ ਖੇਤੀਬਾੜੀ ਮੰਤਰੀ ਜਨਾਬ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਪਿਆਜ਼ ਦੀਆਂ ਕੀਮਤਾਂ ਅਗਲੇ ਦੋ ਤਿੰਨ ਹਫਤਿਆਂ 'ਚ ਘੱਟ ਜਾਣਗੀਆਂ ਕਿਉਂਕਿ ਮਹਾਰਾਸ਼ਟਰ ਤੇ ਦੂਸਰੇ ਰਾਜਾਂ ਤੋਂ ਤਾਜ਼ਾ ਫ਼ਸਲ ਆਉਣ ਨਾਲ ਖਪਤਕਾਰਾਂ ਨੂੰ ਕਾਫੀ ਰਾਹਤ ਮਿਲੇਗੀ ਅਤੇ ਓਹ ਪਿਆਜ਼ ਦੀ ਵਰਤੋਂ ਦਿਲ ਖੋਹਲ 
ਕੇ ਕਰ ਸਕਣਗੇ।  ਸ੍ਰੀ ਪਵਾਰ ਨੇ ਇਸ ਮਾਮਲੇ ਬਾਰੇ ਮੀਡੀਆ ਦੇ ਕੁਝ ਕੁ ਚੋਣਵੇਂ ਪੱਤਰਕਾਰਾਂ ਨਾਲ ਇਕ ਮੁਲਾਕਾਤ 'ਚ ਦੱਸਿਆ ਕਿ ਕਿਸਾਨਾਂ ਤੇ ਵਪਾਰੀਆਂ ਨਾਲ ਗੱਲਬਾਤ ਪਿੱਛੋਂ ਉਨ੍ਹਾਂ ਨੇ ਇਹ ਸਿੱਟਾ ਕੱਢਿਆ ਕਿ ਅਗਲੇ ਦੋ ਤਿੰਨ ਹਫਤਿਆਂ 'ਚ ਸਾਉਣੀ ਦੀ ਨਵੀਂ ਫਸਲ ਪਹੁੰਚਣ ਨਾਲ ਮੰਡੀਆਂ 'ਚ ਪਿਆਜ਼ ਦੀ ਖੂਬ ਭਰਮਾਰ ਹੋ ਜਾਵੇਗੀ ਜਿਸ ਨਾਲ ਕੀਮਤਾਂ ਵੀ ਹੇਠਾਂ ਆ ਜਾਣਗੀਆਂ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਿਆਜ਼ ਦੀ ਸਪਲਾਈ 'ਚ ਵੀ ਸੁਧਾਰ ਹੋਣ ਦੀ ਸੰਭਾਵਨਾ ਹੈ ਕਿਉਂਕਿ ਬਰਾਮਦ ਪਿਆਜ਼ ਵੀ ਪਹੁੰਚ ਗਿਆ ਹੈ ਭਾਵੇਂ ਥੋਹੜੀ ਜਿਹੀ  ਮਾਤਰਾ 'ਚ ਹੀ ਸਹੀ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਸ਼ਰਦ ਪਵਾਰ ਨੇ ਕਿਹਾ ਕਿ ਮਹਾਰਾਸ਼ਟਰ 'ਚ ਜਮ੍ਹਾਂਖੋਰੀ ਲਈ ਉਨ੍ਹਾਂ ਦੀ ਪਾਰਟੀ ਕਿਸੇ ਵੀ ਤਰ੍ਹਾਂ ਜ਼ਿੰਮੇਵਾਰ ਨਹੀਂ ਜਿੱਥੇ ਬਹੁਤੀ ਮੰਗ ਵਾਲੇ ਸਮੇਂ ਲਈ ਵੱਧ ਤੋਂ ਵੱਧ ਫ਼ਸਲ ਸਟੋਰ ਕਰਕੇ ਰੱਖੀ ਜਾਂਦੀ ਹੈ। ਉਹਨਾਂ ਇਹ ਮੰਨਿਆ ਕਿ ਦੇਸ਼ ਭਰ 'ਚ ਥੋਕ ਤੇ ਪ੍ਰਚੂਨ 'ਚ ਪਿਆਜ਼ ਦੀਆਂ ਕੀਮਤਾਂ 'ਚ ਤਿੱਖਾ ਵਾਧਾ ਹੋਇਆ ਹੈ। ਕੌਮੀ ਰਾਜਧਾਨੀ ਵਿਚ ਮੌਜੂਦਾ ਸਮੇਂ ਪਿਆਜ਼ 70-80 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਜੋ ਕਿ ਪਿਛਲੇ ਸਾਲ ਮਸਾਂ 22 ਰੁਪਏ ਕਿਲੋ ਸੀ। ਕਾਬਿਲੇ ਜ਼ਿਕਰ ਹੈ ਕਿ ਬੀਤੇ ਸਮੇਂ ਦੌਰਾਨ ਵੀ ਪਿਆਜ਼ ਦੀਆਂ ਕੀਮਤਾਂ ਅਸਮਾਨੀਂ ਚੜ੍ਹਾ ਕੇ ਭਾਰਤੀ ਸਿਆਸਤ ਵਿੱਚ ਕਈ ਵਾਰ ਦਬਾਅ ਬਣਾਇਆ ਜਾਂਦਾ ਰਿਹਾ ਹੈ। 

No comments: