Monday, September 02, 2013

ਤਿਹਾੜ ਜੇਲ੍ਹ ਚੋਂ ਭਾਈ ਹਵਾਰਾ ਵਲੋਂ ਸਮੁਹ ਸੰਗਤਾਂ ਦਾ ਧੰਨਵਾਦ

Mon, Sep 2, 2013 at 12:07 AM
ਕੌਮ ਨੇ ਮਹਿਬੂਬ ਸ਼ਹੀਦਾਂ ਨੂੰ ਦਿਲ ਦੀਆਂ ਡੂੰਘੀਆਂ ਪਰਤਾਂ ਵਿਚ ਸਾਂਭ ਕੇ ਰੱਖਿਐ
ਨਵੀਂ ਦਿੱਲੀ 1 ਸਤੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀ ਤਿਹਾੜ ਜੇਲ ਵਿਚ ਨਜ਼ਰਬੰਦ ਭਾਈ  ਜਗਤਾਰ ਸਿੰਘ ਹਵਾਰਾ ਅਤੇ ਹੋਰਨਾਂ ਨਜ਼ਰਬੰਦ ਸਿੰਘਾਂ ਨੇ, ਸ਼ਹੀਦ ਭਾਈ ਦਿਲਾਵਰ ਸਿੰਘ ਦੀ 18 ਵੀਂ ਬਰਸੀ ਮੌਕੇ, ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਉਪਰਲੀ ਮੰਜ਼ਿਲ ਵਿਖੇ ਹੋਏ ਸਮਾਗਮ ਵਿਚ ਸ਼ਮੂਲੀਅਤ ਕਰਨ ਵਾਲੀਆਂ ਸਮੂਹ ਪੰਥਕ ਸ਼ਖ਼ਸੀਅਤਾਂ, ਪੰਥਕ ਜਥੇਬੰਦੀਆਂ, ਸਿੱਖ ਬੁੱਧੀਜੀਵੀਆਂ, ਨਿਹੰਗ ਸਿੰਘ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ, ਸ਼ਹੀਦ ਪਰਿਵਾਰਾਂ, ਦਰਬਾਰ ਸਾਹਿਬ ਜੀ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਰਾਗੀ ਭਾਈ ਸੁਖਵਿੰਦਰ ਸਿੰਘ, ਭਾਈ ਬਲਦੇਵ ਸਿੰਘ ਵਡਾਲਾ ਅਤੇ ਸਮੂਹ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ ਹੈ , ਜਿਨ੍ਹਾਂ ਨੇ ਸਖ਼ਤ ਮਿਹਨਤ ਕਰ ਕੇ ਇਸ ਪ੍ਰੋਗਰਾਮ ਨੂੰ ਸਿਰੇ ਚਾੜ੍ਹਿਆ।
ਭਾਈ ਹਵਾਰਾ ਨੇ ਕਿਹਾ ਕਿ ਇਸ ਬਰਸੀ ਸਮਾਗਮ ਮੌਕੇ ਜੁੜੇ ਸੰਗਤ ਦੇ ਭਾਰੀ ਇਕੱਠ ਨੇ ਸਾਬਤ ਕਰ ਦਿਤਾ ਹੈ ਕਿ ਸਿੱਖ ਕੌਮ ਨੇ ਅਪਣੇ ਮਹਿਬੂਬ ਸ਼ਹੀਦਾਂ ਨੂੰ ਦਿਲ ਦੀਆਂ ਡੂੰਘੀਆਂ ਪਰਤਾਂ ਵਿਚ ਸਾਂਭ ਕੇ ਰਖਿਆ ਹੋਇਆ ਹੈ। ਉੁਨ੍ਹਾਂ ਕਿਹਾ ਕਿ ਜਿਹੜੇ ਲੋਕ ਅਪਣੇ ਸ਼ਹੀਦਾਂ ਨੂੰ ਯਾਦ ਰਖਦੇ ਹਨ, ਉਹ ਮਹਾਨ ਹੁੰਦੇ ਹਨ।
ਅਖ਼ੀਰ ਵਿਚ ਭਾਈ ਹਵਾਰਾ ਨੇ ਇਸ ਸ਼ਹੀਦੀ ਸਮਾਗਮ ਲਈ ਵਿਸ਼ੇਸ਼ ਉਪਰਾਲਾ ਕਰਨ ਵਾਲੇ ਬੱਬਰ ਖ਼ਾਲਸਾ ਜਰਮਨੀ ਦੇ ਮੁਖੀ ਭਾਈ ਰੇਸ਼ਮ ਸਿੰਘ ਬੱਬਰ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਇਹ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਗਿਆ ਅਤੇ ਜਰਮਨੀ ਵਿਚ ਵੀ ਯੋਰਪ ਦੀਆਂ ਸੰਗਤਾਂ ਨੂੰ ਇਕੱਤਰ ਕਰ ਕੇ ਸ਼ਹੀਦੀ ਸਮਾਗਮ ਮਨਾਇਆ ਜਾ ਰਿਹਾ ਹੈ ।

No comments: