Wednesday, May 29, 2013

ਦਮਦਮੀ ਟਕਸਾਲ ਦੇ ਦੋਹਾਂ ਧੜਿਆਂ 'ਚ ਟਕਰਾਓ

ਕੁੱਟਮਾਰ ਵੀ ਕੀਤੀ--ਪੱਗਾਂ ਵੀ ਉਤਰੀਆਂ--ਇੱਕ ਦੂਜੇ ਤੇ ਲਾਏ ਗੰਭੀਰ ਦੋਸ਼ 
ਅੰਮ੍ਰਿਤਸਰ:- ਜੂਨ-84, ਨਵੰਬਰ-84  ਅਤੇ ਹੋਰ ਕਿੰਨਾ ਈ ਕੁਝ ਪਰ ਸਿੱਖ ਜਗਤ ਅਜੇ ਵੀ ਇੱਕ ਹੁੰਦਾ ਨਜਰ ਨਹੀਂ ਆਉਂਦਾ। ਆਪਸੀ ਟਕਰਾਓ ਅਜੇ ਵੀ ਟਲਦਾ ਨਜਰ ਨਹੀਂ ਆ ਰਿਹਾ। ਇੱਕ ਵਾਰ ਫੇਰ ਦੋ ਧੜਿਆਂ ਵਿੱਚ ਪੱਗਾਂ ਲਥਣ ਦੀਆਂ ਦੁੱਖ ਦਾਇਕ ਖਬਰਾਂ ਆਈਆਂ ਹਨ। ਦਿਲਚਸਪ ਗੱਲ ਹੈ ਕੀ ਦੋਵੇਂ ਧੜੇ ਆਪਣੇ ਆਪ ਨੂੰ ਦਮਦਮੀ ਟਕਸਾਲ ਦਾ ਅਸਲੀ ਵਾਰਿਸ ਜਾਂ ਪ੍ਰਤੀਨਿਧੀ ਆਖਦੇ ਹਨ। ਪੁੱਜੀਆਂ ਖਬਰਾਂ ਮੁਰਾਬਿਕ ਦਮਦਮੀ ਟਕਸਾਲ ਦੇ ਮਹਿਤਾ ਅਤੇ ਸੰਗਰਾਵਾਂ ਧੜਿਆਂ 'ਚ ਉਦੋਂ ਖੂਨੀ ਟੱਕਰ ਹੁੰਦੀ-ਹੁੰਦੀ ਟਲੀ ਜਦੋਂ ਘੱਲੂਘਾਰਾ ਦਿਵਸ ਸੰਬੰਧੀ ਦੋਵਾਂ ਧੜਿਆਂ ਵਲੋਂ ਮਹਿਤਾ ਚੌਕ 'ਚ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਸੀ। ਅਧੀ ਕੁ ਰਾਤ ਨੂੰ ਸਾਢ਼ੇ 11 ਜਾਂ 12 ਵਜੇ ਦੇ ਕਰੀਬ ਦਮਦਮੀ ਟਕਸਾਲ ਸੰਗਰਾਵਾਂ ਦੇ ਵਿਦਿਆਰਥੀ ਜਦੋਂ ਚੋਂਕ ਮਹਿਤਾ ਇਲਾਕੇ ਵਿੱਚ ਇਸ਼ਤਿਹਾਰ ਕੰਧਾਂ 'ਤੇ ਲਗਾ ਰਹੇ ਸਨ ਤਾਂ ਦਮਦਮੀ ਟਕਸਾਲ ਮਹਿਤਾ ਤੋਂ ਆਏ ਸਿੰਘਾਂ ਨੇ ਉਨ੍ਹਾਂ ਨੂੰ ਰੋਕਿਆ। ਜਿਸ ਦੇ ਬਾਅਦ ਦੋਵਾਂ ਧੜਿਆਂ 'ਚ ਕੁੱਟਮਾਰ ਹੁੰਦੀ ਰਹੀ। ਇਸ ਸਾਰੇ ਮਾਮਲੇ ਬਾਰੇ ਦੋਵੇਂ ਧਿਰਾਂ ਖੁਦ ਨੂੰ ਬੇਕਸੂਰ ਦੱਸ ਰਹੀਆਂ ਹਨ। ਦਮਦਮੀ ਟਕਸਾਲ ਦੇ ਇੱਕ ਧੜੇ ਸੰਗਰਾਵਾਂ ਦੇ ਮੁਖੀ ਭਾਈ ਰਾਮ ਸਿੰਘ ਖਾਲਸਾ ਨੇ ਜਿਥੇ ਮਹਿਤਾ ਦੇ ਸਿੰਘਾਂ ਹੱਥੋਂ ਕੁੱਟਮਾਰ ਦਾ ਸ਼ਿਕਾਰ ਹੋਏ ਆਪਣੇ ਵਿਦਿਆਰਥੀਆਂ ਨੂੰ ਪੇਸ਼ ਕੀਤਾ ਅਤੇ ਭਾਈ ਹਰਨਾਮ ਸਿੰਘ ਖਾਲਸਾ 'ਤੇ ਭਰਾ ਮਾਰੂ ਜੰਗ ਪੈਦਾ ਕਰਨ ਦੇ ਹਾਲਾਤ ਪੈਦਾ ਕਰਨ ਦੇ ਵੀ ਦੋਸ਼ ਲਗਾਏ, ਉਥੇ  ਦਮਦਮੀ ਟਕਸਾਲ ਮਹਿਤਾ ਦੇ ਮੁਖੀ ਭਾਈ ਹਰਨਾਮ ਸਿੰਘ ਖਾਲਸਾ ਦੇ ਨਿੱਜੀ ਸਹਾਇਕ ਪ੍ਰਣਾਮ ਸਿੰਘ ਨੇ ਸੰਗਰਾਵਾਂ ਧੜੇ ਦੇ ਆਗੂਆਂ ਵੱਲੋਂ ਲਗਾਏ ਦੋਸ਼ਾਂ ਨੂੰ ਖਾਰਿਜ ਕਰਦਿਆਂ ਕਿਹਾ ਕਿ ਸੰਗਰਾਵਾਂ ਦੇ ਸਿੰਘ ਅਸਲ ਵਿਚ ਸਾਡੇ ਇਸ਼ਤਿਹਾਰਾਂ 'ਤੇ ਆਪਣੇ ਇਸ਼ਤਿਹਾਰ ਲਗਾ ਰਹੇ ਸਨ। ਉਨ੍ਹਾਂ ਵਲੋਂ ਸਾਡੇ ਲਾਏ ਹੋਰਡਿੰਗ ਵੀ ਪਾੜੇ ਗਏ। ਜਦੋਂ ਗੁੱਸੇ ਵਿਚ ਆਏ ਕੁਝ ਸਿੰਘਾਂ ਨੂੰ ਕਾਬੂ ਕਰ ਲਿਆ ਗਿਆ ਤਾਂ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਇਥੇ ਇਸ਼ਤਿਹਾਰ ਪਾੜਨ ਅਤੇ ਇਸ਼ਤਿਹਾਰਾਂ 'ਤੇ ਇਸ਼ਤਿਹਾਰ ਲਗਾਉਣ ਲਈ ਹੀ ਭੇਜਿਆ ਗਿਆ ਸੀ। 
ਭਾਈ ਪ੍ਰਣਾਮ ਸਿੰਘ ਨੇ ਇਹ ਵੀ ਕਿਹਾ ਕਿ ਬੋਲੈਰੋ ਗੱਡੀ ਦੀ ਭੰਨਤੋੜ ਉਨ੍ਹਾਂ ਵੱਲੋਂ ਖੁਦ ਕੀਤੀ ਗਈ ਹੈ ਤੇ ਉਨ੍ਹਾਂ ਨੇ ਕਿਸੇ ਵੀ ਸਿੰਘ ਦੀ ਨਾ ਤਾਂ ਦਸਤਾਰ ਲਾਹੀ ਹੈ ਅਤੇ ਨਾ ਹੀ ਕੁੱਟਮਾਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਸਿੰਘ ਉਨ੍ਹਾਂ ਨੂੰ ਸਮਝਾਉਣ ਗਏ ਸਨ ਤੇ ਉਨ੍ਹਾਂ ਨੇ ਹੀ ਸਗੋਂ ਸਾਡੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਪਹਿਲਾਂ ਭਾਈ ਰਾਮ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਸਿੰਘ ਮਹਿਤਾ ਚੌਕ ਵਿਚ ਇਸ਼ਤਿਹਾਰ ਲਗਾ ਰਹੇ ਸਨ ਤਾਂ ਮਹਿਤਾ ਦੇ ਸਿੰਘਾਂ ਨੇ ਉਨ੍ਹਾਂ 'ਤੇ ਹਮਲਾ ਹੀ ਨਹੀਂ ਕੀਤਾ, ਸਗੋਂ ਉਨ੍ਹਾਂ ਦੀ ਕੁੱਟਮਾਰ ਕਰਨ ਤੋਂ ਇਲਾਵਾ 2 ਸਿੰਘਾਂ ਨੂੰ ਬੰਦੀ ਬਣਾ ਕੇ ਵੀ ਲੈ ਗਏ। ਉਨ੍ਹਾਂ ਦੀ ਬੋਲੈਰੋ ਗੱਡੀ ਦੀ ਵੀ ਭੰਨਤੋੜ ਕੀਤੀ ਗਈ। ਪ੍ਰੈਸ ਕਾਨਫਰੰਸ ਦੌਰਾਨ ਭਾਈ ਰਣਜੀਤ ਸਿੰਘ, ਭਾਈ ਕੁਲਵਿੰਦਰ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਜਸਵਿੰਦਰ ਸਿੰਘ ਤੇ ਭਾਈ ਗੁਰਜੰਟ ਸਿੰਘ ਨੇ ਆਪਣੇ ਸਰੀਰ 'ਤੇ ਪਈਆਂ ਲਾਸਾਂ ਤੇ ਜ਼ਖ਼ਮਾਂ ਨੂੰ ਵੀ ਵਿਖਾਇਆ।  ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਦੇ ਧਿਆਨ ਵਿਚ ਸਾਰਾ ਮਾਮਲਾ ਲਿਆ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲਿਖਤੀ ਤੌਰ 'ਤੇ ਕਿਸੇ ਵਿਰੁੱਧ ਵੀ ਕੋਈ ਕਾਨੂੰਨੀ ਕਾਰਵਾਈ ਕਰਨ ਲਈ ਦਰਖਾਸਤ ਨਹੀਂ ਦਿੱਤੀ ਪਰ ਅੰਮ੍ਰਿਤਸਰ (ਦਿਹਾਤੀ) ਦੇ ਐੱਸ.ਐੱਸ.ਪੀ. ਮਨਮੋਹਨ ਸਿੰਘ ਨੂੰ ਫੋਨ 'ਤੇ ਜ਼ਰੂਰ ਸਾਰੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਭਾਈ ਹਰਨਾਮ ਸਿੰਘ ਖਾਲਸਾ ਨੂੰ ਜਿਥੇ ਏਜੰਸੀਆਂ ਦਾ ਬੰਦਾ ਕਰਾਰ ਦਿੱਤਾ, ਉਥੇ ਹੀ ਉਨ੍ਹਾਂ ਇਹ ਵੀ ਦੋਸ਼ ਲਗਾਏ ਕਿ ਉਹ ਭਰਾ ਮਾਰੂ ਜੰਗ ਵਾਲੇ ਹਾਲਾਤ ਪੈਦਾ ਕਰ ਰਹੇ ਹਨ। 

ਇਹਨਾਂ ਦੋਹਾਂ ਧੜਿਆਂ ਵਿੱਚੋਂ ਕੌਣ ਸਹੀ ਹੈ ਇਸਦਾ ਪਤਾ ਤਾਂ  ਵਕ਼ਤ ਨਾਲ ਲੱਗ ਹੀ ਜਾਣਾ ਹੈ ਪਰ ਇੱਕ ਗੱਲ ਪੱਕੀ ਹੈ ਕਿ ਇਸ ਨਾਲ ਇੱਕ ਨਵੀਂ ਚਿੰਤਾ ਜਰੂਰ ਖੜੀ ਹੋ ਗਈ ਹੈ ਕੀ ਦੀਵਾਰਾਂ ਤੇ ਲੱਗੇ ਇਸ਼ਤਿਹਾਰਾਂ ਨੂੰ ਲੈ ਕੇ ਟਕਰਾਓ ਤੇ ਉਤਾਰੂ ਦੋਹਾਂ ਧੜਿਆਂ ਦੇ ਜਵਾਨ ਹਰਿਮੰਦਰ ਸਾਹਿਬ ਕੰਪਲੈਕਸ 'ਚ ਬਣੀ ਸ਼ਹੀਦੀ ਯਾਦਗਾਰ ਤੋਂ ਕੋਈ ਚੀਜ਼ ਉਤਾਰੇ ਜਾਂ ਵੇਲੇ ਕਿਸ ਹੱਦ ਤੱਕ ਜਾ ਗੁਜ਼ਰਨਗੇ ? ਕੁੱਲ ਮਿਲਾ ਕੇ ਏਨਾ ਹੀ ਕਿ ਵਧਿਆ ਹੋਇਆ ਟਕਰਾਓ ਕਿਸੇ ਵੀ ਬਹਾਨੇ ਕਿਸੇ ਵੀ ਵੇਲੇ ਕਿਸੇ ਵੱਡੇ ਧਮਾਕੇ ਵੱਜੋਂ ਬਾਹਰ ਆ ਸਕਦਾ ਹੈ!


No comments: