Monday, April 29, 2013

ਮਈ ਦਿਹਾੜਾ- ਫੇਰ ਦਸਤਕ ਦੇ ਰਿਹਾ ਹੈ

  ਮਈ ਦਿਹਾੜੇ 'ਤੇ ਇਨਕਲਾਬੀ ਆਸ਼ਾਵਾਦ ਦਾ ਝੰਡਾ ਬੁਲੰਦ ਕਰੋ
ਮਜ਼ਦੂਰ ਜਮਾਤ ਦਾ ਕੌਮਾਂਤਰੀ ਤਿਉਹਾਰ- ਮਈ ਦਿਹਾੜਾ- ਫੇਰ ਦਸਤਕ ਦੇ ਰਿਹਾ ਹੈ। ਇਹ ਦਿਨ ਦੁਨੀਆਂ ਭਰ ਦੇ ਮਿਹਨਤਕਸ਼ ਅਤੇ ਦੱਬੇ-ਕੁਚਲੇ ਲੋਕਾਂ ਦੀ ਏਕਤਾ ਦੇ ਜਸ਼ਨਾਂ ਦਾ ਦਿਨ ਹੈ। ਲੁੱਟ ਅਤੇ ਵਿਤਕਰਿਆਂ ਤੋਂ ਰਹਿਤ ਨਵੇਂ ਸਮਾਜ ਦੀ ਉਸਾਰੀ ਲਈ ਸੰਘਰਸ਼ ਦੇ ਇਰਾਦਿਆਂ ਨੂੰ ਪਰਚੰਡ ਕਰਨ ਦਾ ਦਿਨ ਹੈ। ਸੰਸਾਰ ਸਾਮਰਾਜੀ ਪ੍ਰਬੰਧ ਦੇ ਖਾਤਮੇ ਵਿੱਚ ਅਡੋਲ ਵਿਸ਼ਵਾਸ਼ ਨੂੰ ਬੁਲੰਦ ਕਰਨ ਦਾ ਦਿਨ ਹੈ। ਮਜ਼ਦੂਰ ਜਮਾਤ ਅਤੇ ਇਸਦੇ ਸੰਗੀਆਂ ਦੀ ਲਹਿਰ ਸਾਹਮਣੇ ਖੜ੍ਹੀਆਂ ਫੌਰੀ ਚੁਣੌਤੀਆਂ ਦੀ ਪਛਾਣ ਕਰਨ ਅਤੇ ਇਹਨਾਂ ਨਾਲ ਮੱਥਾ ਲਾਉਣ ਲਈ ਤਿਆਰ-ਬਰ-ਤਿਆਰ ਹੋਣ ਦਾ ਹੋਕਾ ਦੇਣ ਦਾ ਦਿਨ ਹੈ। ਮਜ਼ਦੂਰ ਜਮਾਤ ਮਈ ਦਿਹਾੜਾ ਕਿਵੇਂ ਮਨਾਉਂਦੀ ਹੈ, ਇਸ ਤੋਂ ਮਜ਼ਦੂਰ ਜਮਾਤ ਦੀ ਵੇਲੇ ਦੀ ਚੇਤਨਾ ਦੀ ਟੋਹ ਮਿਲਦੀ ਹੈ। ਉਸਦੀ ਸੋਝੀ ਦੇ ਸੰਕੇਤ ਮਿਲਦੇ ਹਨ। 
ਇਸ ਵਾਰ ਦਾ ਮਈ ਦਿਹਾੜਾ ਕੁਝ ਖਾਸ ਪੱਖਾਂ ਤੋਂ ਅਹਿਮੀਅਤ ਰੱਖਦਾ ਹੈ। ਐਨ ਨੇੜਲੇ ਬੀਤੇ ਵਿੱਚ ਜੋ ਸੰਸਾਰ ਅੰਦਰ ਵਾਪਰਿਆ ਹੈ ਅਤੇ ਜੋ ਵਾਪਰ ਰਿਹਾ ਹੈ ਉਹ ਮਜ਼ਦੂਰ ਜਮਾਤ ਦੇ ਰੌਸ਼ਨ ਭਵਿੱਖ 'ਚ ਵਿਸ਼ਵਾਸ਼ ਨੂੰ ਹੁਲਾਰਾ ਦੇਣ ਵਾਲਾ ਹੈ। ਨੇੜਲੇ ਬੀਤੇ ਦਹਾਕਿਆਂ ਵਿੱਚ ਪੂੰਜੀਪਤੀ ਜਮਾਤ ਨੇ ਕਮਿਊਨਿਜ਼ਮ ਦੇ ਖਾਤਮੇ ਦੇ ਝਲਿਆਏ ਐਲਾਨ ਕੀਤੇ ਅਤੇ ਚਾਂਭੜਾਂ ਪਾਈਆਂ। ਇਸਦੇ ਵਕੀਲਾਂ ਨੇ ਪੂੰਜੀਵਾਦ ਦੇ ਸਦੀਵੀ ਹੋਣ ਦੇ ਦਾਅਵੇ ਕੀਤੇ। ਇਸ ਨੂੰ ਮਨੁੱਖਤਾ ਦੇ ਕਲਿਆਣ ਲਈ ਜ਼ਰੂਰੀ ਪ੍ਰਬੰਧ ਵਜੋਂ ਪੇਸ਼ ਕੀਤਾ। ਦੁਨੀਆਂ ਭਰ ਦੇ ਲੋਕਾਂ ਨੂੰ ਇਹ ਮੱਤ ਦੇਣ ਦੀ ਕੋਸ਼ਿਸ਼ ਕੀਤੀ ਕਿ ਪਹਿਲਾਂ ਮੁੱਠੀ ਭਰ ਜੋਕਾਂ ਆਪਣੇ ਹੱਥਾਂ ਵਿੱਚ ਮੁਨਾਫਿਆਂ ਦੀ ਮਾਇਆ ਦੇ ਗੱਫੇ ਇਕੱਠੇ ਕਰਨਗੀਆਂ, ਲੋਕ ਢਿੱਡਾਂ ਨੂੰ ਗੰਢਾਂ ਦੇ ਕੇ ਰੱਖਣਗੇ ਫੇਰ ਅਹਿਸਤਾ ਅਹਿਸਤਾ ਇਸ 'ਚੋਂ ਲੋਕਾਂ ਨੂੰ ਵੀ ਹਿੱਸਾ ਮਿਲਣਾ ਸ਼ੁਰੂ ਹੋਵੇਗਾ। ਸਮੁੱਚੀ ਮਨੁੱਖਤਾ ਦੀ ਤਰੱਕੀ ਅਤੇ ਕਲਿਆਣ ਦਾ ਇਹੋ ਇੱਕ ਮਾਤਰ ਰਸਤਾ ਹੈ। ਪੂੰਜੀਵਾਦ ਕੁਝ ਸਮੱਸਿਆਵਾਂ ਦੇ ਬਾਵਜੂਦ ਉੱਤਮ ਪ੍ਰਬੰਧ ਹੈ, ਜਿਹੜਾ ਆਪਣੇ ਸੰਕਟਾਂ 'ਤੇ ਕਾਬੂ ਪਾ ਸਕਦਾ ਹੈ। 
ਪਰ ਨੇੜਲੇ ਬੀਤੇ ਸਮੇਂ 'ਚ ਪੂਰੇ ਸੰਸਾਰ ਨੇ ਇਹਨਾਂ ਦਾਅਵਿਆਂ ਦਾ ਜਲੂਸ ਨਿਕਲਦਾ ਦੇਖਿਆ ਹੈ। ਮੰਦੇ ਦੇ ਭਾਰੀ ਦਿਓ ਨੇ ਪੂੰਜੀਵਾਦੀ ਨਿਜ਼ਾਮ ਦੀਆਂ ਚੀਕਾਂ ਕਢਵਾਈਆਂ ਹਨ, ਜਿਹੜੀਆਂ ਅਜੇ ਵੀ ਸੁਣਾਈ ਦੇ ਰਹੀਆਂ ਹਨ। 
ਸੰਕਟ ਦਾ ਭਾਰ ਦੁਨੀਆਂ ਦੇ ਲੋਕਾਂ 'ਤੇ ਸੁੱਟਣ ਦੀਆਂ ਕੋਸ਼ਿਸ਼ਾਂ ਨੇ ਇਸ ਪ੍ਰਬੰਧ ਦੀ ਲੋਕ-ਦੁਸ਼ਮਣ ਖਸਲਤ ਨੂੰ ਨਸ਼ਰ ਕੀਤਾ ਹੈ। ਗੁੱਸੇ ਦੀਆਂ ਚੰਗਿਆੜੀਆਂ ਥਾਂ ਥਾਂ ਮਘੀਆਂ-ਭਖੀਆਂ ਹਨ ਅਤੇ ਭਾਂਬੜਾਂ ਵਿੱਚ ਵਟਦੀਆਂ ਦਿਖਾਈ ਦਿੱਤੀਆਂ ਹਨ। ਜਿਹੜੇ ਕੁਝ ਹਿੱਸੇ ਇਹ ਸਮਝਣ ਲੱਗ ਪਏ ਸਨ ਕਿ ਦੁਨੀਆਂ ਹੁਣ ਸਾਮਰਾਜੀਆਂ, ਖਾਸ ਕਰਕੇ ਅਮਰੀਕੀ ਸਾਮਰਾਜੀਆਂ ਦੀ ਮੁੱਠੀ ਵਿੱਚ ਹੈ, ਉਹਨਾਂ ਦੀ ਰਜ਼ਾ ਬਗੈਰ ਕਿਤੇ ਪੱਤਾ ਨਹੀਂ ਝੁਲ ਸਕਦਾ, ਉਹਨਾਂ ਨੇ ਅਮਰੀਕੀ ਸਾਮਰਾਜੀਆਂ ਦੀ ਜਾਨ ਮੁੱਠੀ ਵਿੱਚ ਆਈ ਵੇਖੀ ਹੈ। ਅਰਬ ਜਗਤ 'ਚੋਂ ਉੱਠੇ ਲੋਕਾਂ ਦੇ ਰੋਹ ਦੇ ਗ਼ੁਬਾਰ ਨੇ ਸਾਮਰਾਜੀਆਂ ਦੀਆਂ ਦਲਾਲ ਹਕੂਮਤਾਂ ਨੂੰ ਤਰੇਲੀਆਂ ਲਿਆਂਦੀਆਂ, ਭੁਆਟਣੀਆਂ ਦਿੱਤੀਆਂ ਅਤੇ ਕੁਝ ਦੀ ਤਾਂ ਬਲੀ ਹੀ ਲੈ ਲਈ। ਨਤੀਜਾ ਭਾਵੇਂ ਕਿਸੇ ਸਮਾਜਿਕ ਇਨਕਲਾਬ ਵਿੱਚ ਨਹੀਂ ਨਿਕਲਿਆ ਪਰ ਲੋਕਾਂ ਦੀ ਸਿਆਸੀ ਸੋਝੀ ਦਾ ਵਿਕਾਸ ਹੋਇਆ ਹੈ। ਸੰਘਰਸ਼ ਦੇ ਰਾਹ 'ਤੇ ਲੋਕਾਂ ਦਾ ਕੂਚ ਜਾਰੀ ਹੈ ਅਤੇ ਆਪਣੇ ਦੁਸ਼ਮਣਾਂ ਨਾਲ ਉਹਨਾਂ ਦੀ ਪਛਾਣ ਡੂੰਘੀ ਹੋ ਰਹੀ ਹੈ। 
ਸਭ ਤੋਂ ਮਹੱਤਵਪੂਰਨ ਗੱਲ ਪੂੰਜੀਵਾਦੀ ਪ੍ਰਬੰਧ ਦੇ ਗੜ੍ਹਾਂ ਵਿੱਚ, ਸਾਮਰਾਜੀਆਂ ਦੇ ਆਪਣੇ ਘਰਾਂ ਵਿੱਚ, ਮਜ਼ਦੂਰ ਜਮਾਤ ਦੇ ਰੋਹ ਦੇ ਅਜਿਹੇ ਫੁਟਾਰੇ ਹਨ, ਜਿਹਨਾਂ ਦਾ ਉਹਨਾਂ ਨੇ ਕਿਆਸ ਨਹੀਂ ਸੀ ਕੀਤਾ। ਬੜਾ ਚਿਰ ਸਾਮਰਾਜੀਆਂ ਨੇ ਪਛੜੇ ਮੁਲਕਾਂ ਦੀ ਲੁੱਟ ਦੇ ਸਿਰ 'ਤੇ ਆਪਣੇ ਮੁਲਕਾਂ ਦੇ ਲੋਕਾਂ ਨੂੰ ਮੁਕਾਬਲਤਨ ਸਹੂਲਤਾਂ ਨਾਲ ਵਰਚਾ ਕੇ ਰੱਖਿਆ। ਪਰ ਬਹੁਗਿਣਤੀ ਦੀ ਕੰਗਾਲੀ ਦੇ ਸਿਰ 'ਤੇ ਮੁਨਾਫਿਆਂ ਦੇ ਅੰਬਾਰ ਲਾਉਣ ਦੀ ਪੂੰਜੀਵਾਦੀ ਹਿਰਸ ਦੇ ਅਟੱਲ ਨਤੀਜੇ ਸਾਹਮਣੇ ਆਉਂਦੇ ਹੀ ਆਉਂਦੇ ਹਨ। ਪੱਛਮੀ ਪੂੰਜੀਵਾਦੀ ਮੁਲਕਾਂ ਦੀਆਂ ਹਕੂਮਤਾਂ ਨੇ ਸੰਕਟ-ਮੂੰਹ ਆਏ ਪੂੰਜੀਪਤੀ ਕਾਰੋਬਾਰਾਂ ਨੂੰ ਬਚਾਉਣ ਲਈ ਭਾਰੀ ਰਕਮਾਂ ਝੋਕੀਆਂ ਹਨ ਅਤੇ ਇਹਨਾਂ ਸੁਰੱਖਿਆ ਖਰਚਿਆਂ ਦਾ ਭਾਰੀ ਬੋਝ ਮਜ਼ਦੂਰਾਂ ਅਤੇ ਹੋਰਨਾਂ ਲੋਕਾਂ ਦੀਆਂ ਪਿੱਠਾਂ 'ਤੇ ਲੱਦ ਦਿੱਤਾ। 
ਸੋ, ਪੂੰਜੀਵਾਦੀ ਲੁੱਟ ਦੇ ਨਤੀਜਿਆਂ ਦਾ ਟਰੇਲਰ ਹੁਣ ਪੱਛਮੀ ਮੁਲਕਾਂ ਵਿੱਚ ਮਜ਼ਦੂਰ ਜਮਾਤ ਦੀ ਜ਼ੋਰਦਾਰ ਸੰਘਰਸ਼ਮੁਖੀ ਹਲਚਲ ਰਾਹੀਂ ਦਿਖਾਈ ਦਿੱਤਾ ਹੈ। ਸਾਮਰਾਜੀ ਦਿਓ ਤਾਕਤ ਅਮਰੀਕਾ 'ਚੋਂ ਸ਼ੁਰੂ ਹੋਈ ''ਕਬਜ਼ਾ ਕਰੋ ਮੁਹਿੰਮ'' ਜਿਸ ਤੇਜ਼ੀ ਨਾਲ ਪੂੰਜੀਵਾਦੀ ਮੁਲਕਾਂ ਵਿੱਚ ਫੈਲੀ ਹੈ, ਇਸ ਨੇ ਪੂੰਜੀਵਾਦ ਤੋਂ ਛੁਟਕਾਰੇ ਦੀ ਜ਼ੋਰਦਾਰ ਤਾਂਘ ਨੂੰ ਪ੍ਰਗਟ ਕੀਤਾ ਹੈ। ''ਅਸੀਂ 99 ਫੀਸਦੀ ਹਾਂ, ਤੁਸੀਂ 1 ਫੀਸਦੀ ਹੋ'' ਪੂੰਜੀਪਤੀ ਜਮਾਤ ਖਿਲਾਫ ਗੁੱਸੇ ਦੀ ਇਹ ਆਵਾਜ਼ ਥਾਂ ਥਾਂ ਹਜ਼ਾਰਾਂ-ਲੱਖਾਂ ਲੋਕਾਂ ਦੇ ਇਕੱਠਾਂ ਵਿੱਚ ਗੂੰਜੀ ਹੈ। ਬਿਨਾ ਸ਼ੱਕ ਇਹ ਅਜੇ ਮਜ਼ਦੂਰ ਇਨਕਲਾਬ ਲਈ ਫੌਰੀ ਕਾਰਵਾਈ ਦੇ ਇਰਾਦੇ ਦਾ ਸੰਕੇਤ ਨਹੀਂ ਹੈ। ਪਰ ਇਹ ਪ੍ਰਚੰਡ ਹੁੰਦੇ ਜਾ ਰਹੇ ਜਮਾਤੀ ਘੋਲ ਦਾ ਯਕੀਨੀ ਸੰਕੇਤ ਹੈ, ਜਿਹੜਾ ਅਖੀਰ ਨੂੰ ਅਟੱਲ ਤੌਰ 'ਤੇ ਸਮਾਜ ਨੂੰ ਮਜ਼ਦੂਰ ਇਨਕਲਾਬ ਤੱਕ ਲੈ ਕੇ ਜਾਂਦਾ ਹੈ। 
ਹਾਲਤ ਦਾ ਇੱਕ ਹੋਰ ਪੱਖ ਤਸਵੀਰ ਨੂੰ ਸਿਰੇ ਲਾ ਦਿੰਦਾ ਹੈ। ਭਾਰਤ ਅਤੇ ਚੀਨ ਨੂੰ ਅਜਿਹੇ ਉੱਭਰਦੇ ਅਰਥਚਾਰਿਆਂ ਵਿੱਚ ਗਿਣਿਆ ਜਾ ਰਿਹਾ ਸੀ, ਜਿਹਨਾਂ 'ਤੇ ਪੂੰਜੀਵਾਦ ਦੇ ਸੰਸਾਰ ਸੰਕਟ ਦਾ ਕੋਈ ਖਾਸ ਅਸਰ ਨਹੀਂ ਹੈ। ਪਰ ਇਹ ਭਰਮ ਬੁਰੀ ਤਰ੍ਹਾਂ ਟੁੱਟ ਰਿਹਾ ਹੈ। ਭਾਰਤੀ ਅਰਥਚਾਰੇ ਬਾਰੇ ਹੁਣ ਨਿਰਾਸ਼ਾਮਈ ਟਿੱਪਣੀਆਂ ਭਾਰੂ ਹਨ। ਪਰ ਸਭ ਤੋਂ ਅਹਿਮ ਗੱਲ ਚੀਨ ਅੰਦਰ ਬਹਾਲ ਹੋਏ ਪੂੰਜੀਵਾਦ ਦੇ ਖੁੱਲ੍ਹ ਕੇ ਪ੍ਰਗਟ ਹੋ ਰਹੇ ਨਤੀਜੇ ਹਨ। ਸਭਨਾਂ ਥਾਵਾਂ ਵਾਂਗ ਚੀਨ ਅੰਦਰ ਵੀ ਪੂੰਜੀਵਾਦ ਨੇ ਲੋਕਾਂ ਨੂੰ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ, ਉਜਾੜੇ, ਉਖੇੜੇ ਅਤੇ ਭ੍ਰਿਸ਼ਟਾਚਾਰ ਦੀ ਹੀ ਬਖਸ਼ਸ਼ ਦਿੱਤੀ ਹੈ। ਗਹੁ ਕਰਨ ਯੋਗ ਗੱਲ ਇਹ ਹੈ ਕਿ ਹੁਣ ਚੀਨ ਅੰਦਰ ਪੂੰਜੀਪਤੀ ਅਤੇ ਉਹਨਾਂ ਦੀ ਨੁਮਾਇੰਦਾ ਹਾਕਮ ਪਾਰਟੀ ਖਿਲਾਫ਼ ਗੁੱਸੇ ਦੀਆਂ ਮਘਦੀਆਂ-ਭਖਦੀਆਂ ਚੰਗਿਆੜੀਆਂ ਜੱਗ ਜਹਾਨ ਦੀਆਂ ਨਜ਼ਰਾਂ ਵਿੱਚ ਆ ਰਹੀਆਂ ਹਨ। ਇਸ ਸਬੰਧੀ ਸੁਰਖ਼ ਰੇਖਾ ਦੇ ਪਿਛਲੇ ਅੰਕ ਵਿੱਚ ਮਜ਼ਦੂਰ ਜਮਾਤ ਦੇ ਸੰਘਰਸ਼ ਦੀ ਰਿਪੋਰਟ ਪ੍ਰਕਾਸ਼ਤ ਹੋਈ ਸੀ। ਇਸ ਅੰਕ ਵਿੱਚ ਨਮੂਨੇ ਵਜੋਂ ਚੀਨ ਦੇ ਇੱਕ ਪਿੰਡ ਵਿੱਚ ਕਿਸਾਨਾਂ ਵੱਲੋਂ ਲੜੇ ਗਏ ਘੋਲ ਦੀ ਰਿਪੋਰਟ ਛਾਪੀ ਜਾ ਰਹੀ ਹੈ, ਜਿਸ ਨੇ ਧੁਰ ਉੱਪਰ ਤੱਕ ਚੀਨੀ ਹਾਕਮਾਂ ਦੇ ਦਿਲਾਂ 'ਚ ਘਬਰਾਹਟ ਦੀਆਂ ਤਰੰਗਾਂ ਛੇੜੀਆਂ ਹਨ। 
ਇਹਨਾਂ ਹਾਲਤਾਂ ਵਿੱਚ ਸੂਝਵਾਨ ਮਜ਼ਦੂਰ ਘੁਲਾਟੀਆਂ ਨੂੰ ਮਈ ਦਿਹਾੜੇ 'ਤੇ ਮਜ਼ਦੂਰ ਜਮਾਤ ਦੇ ਸੂਹੇ ਭਵਿੱਖ ਵਿੱਚ ਅਟੱਲ ਵਿਸ਼ਵਾਸ਼ ਦਾ ਝੰਡਾ ਉੱਚਾ ਕਰਨਾ ਚਾਹੀਦਾ ਹੈ। ਮਈ ਦਿਹਾੜੇ ਲਈ ਮੁਹਿੰਮਾਂ ਸੰਸਾਰ ਇਨਕਲਾਬ ਦੇ ਸੁਪਨੇ ਨੂੰ ਅਟੱਲ ਹਕੀਕਤ ਵਿੱਚ ਬਦਲਣ ਦੇ ਦ੍ਰਿੜ੍ਹ ਇਰਾਦੇ ਦਾ ਪੈਗ਼ਾਮ ਬਣਨੀਆਂ ਚਾਹੀਦੀਆਂ ਹਨ। 

No comments: