Saturday, April 27, 2013

ਲੋਕ ਪੱਖੀ ਵਿਚਾਰਾਂ ਵਾਲਾ ਸਮਰੱਥ ਸ਼ਾਇਰ- ਹਰਮਿੰਦਰ ਸਿੰਘ ਕੋਹਾਰਵਾਲਾ

ਡਾ. ਗੁਲਜ਼ਾਰ ਸਿੰਘ ਪੰਧੇਰ ਵੱਲੋਂ ਸਨਮਾਨ ਸਮਾਰੋਹ 'ਚ ਪੜ੍ਹਿਆ ਜਾਣ ਵਾਲਾ ਪਰਚਾ
ਪਹਿਲਾਂ ਪਹਿਲ ਬੱਚੇ ਦੇ ਮੂੰਹ ’ਚੋਂ  ਨਿਕਲੀ ਚੀਕ ਜਾਂ ਆਦਿ ਮਾਨਵ ਦੇ ਮਨ ਵਿਚੋਂ ਸ਼ਬਦ ਸੰਸਾਰ ਨਾਲ ਸਾਂਝ ਪਾਉਣ ਲਈ ਨਿਕਲੀ ਅਵਾਜ਼ ਨੂੰ ਕਵਿਤਾ ਕਿਹਾ ਗਿਆ। ਜਦੋਂ ਸਾਰੀ ਧਰਤੀ ਤੇ ਵੇਦ ਕਤੇਬ ਰਚੇ ਗਏ ਤਾਂ ਉਹ ਨਿਰਸੰਦੇਹ ਰਿਸ਼ੀ ਨੁਮਾ ਮਹਾਮਨੁੱਖਾਂ ਦੇ ਅਨੁਭਵੀ ਭੰਡਾਰ ਤੇ ਉਸਰੇ ਹੋਏ ਸਨ। ਰਿਸ਼ੀ ਪਾਨਿਣੀ ਨੇ ਇਨਾਂ ਸ਼ਬਦਾਂ ਜਾਂ ਕਾਵਿ-ਅਵਾਜ਼ਾਂ, ਧੁਨੀਆਂ ਨੂੰ ਨਿਯਮਾਂ ਦੇ ਵਿਆਕਰਣ ਵਿਚ ਬੰਨਿਆ। ਇਸ ਤਰਾਂ ਇਕ ਕਾਵਿ ਅਵਾਜ਼ ਦੂਸਰੀ ਕਾਵਿ ਅਵਾਜ਼ ਨਾਲ ਸੰਵਾਦ ਕਰਦੀ ਨਿਯਮ ਨਿਰਮਾਣ ਵਿਚ ਰੁੱਝੀ ਰਹੀ, ਫਿਰ ਇਕ ਪੜਾਅ ਤੇ, ਸਾਰੀ ਦੁਨੀਆ ਦੀਆਂ ਸੱਭਿਅਤਾਵਾਂ ਵਿਚ ਵਿਭਿੰਨ ਰੂਪ ਵਿਚ ਕਾਵਿ-ਸ਼ਾਸਤਰ () ਨਿਯਮਬਧ ਹੋਇਆ। ਭਾਰਤੀ ਕਾਵਿ ਸ਼ਾਸਤਰ ਵਿਚ ਰਸ, ਅਲੰਕਾਰ, ਛੰਦ, ਕਾਫ਼ੀਆ ਰਦੀਫ਼ ਇਕ ਨਿਯਮ ਪ੍ਰਬੰਧ ਵਿਚ ਬੱਝ ਗਏ। ਵਿਭਿੰਨ ਅਨੁਸ਼ਾਸਨੀ ਪ੍ਰਬੰਧਾਂ ਦਾ ਅਧਿਐਨ ਸਾਨੂੰ ਇਸ ਨਤੀਜੇ ਤੇ ਲੈ ਆਇਆ ਕਿ ਇਸ ਨਿਯਮ ਪ੍ਰਬੰਧ ਵਿਚ ਵਿਚਾਰ, ਚੇਤਨਾ, ਚਿੰਤਨ ਦਾ ਪ੍ਰਾਥਮਿਕ ਸਥਾਨ ਹੈ। ਸਾਹਿਤ ਨੂੰ ਸਮਝਣ ਪਰਖਣ ਵਾਲਿਆਂ ਵਿਚ ਇਸ ਗੱਲ ਤੇ ਵੀ ਇਕ ਮੱਤ ਹੈ ਕਿ ਵਿਚਾਰ, ਚੇਤਨਾ, ਚਿੰਤਨ ਆਪਣੇ ਅਨੁਕੂਲ ਇਕ ਭਾਂਡਾ, ਰੂਪ, ਸ਼ਿਲਪ ਦੀ ਮੰਗ ਕਰਦਾ ਹੈ। ਉਹ ਰਚਨਾ ਆਪਣੇ ਮੰਤਕੀ ਸੁਭਾਅ ਵਿਚ ਵਧੇਰੇ ਨਿਭਦੀ ਹੈ ਜਿਸ ਵਿਚ ਸ਼ਿਲਪ ਉਸ ਵਿਚਲੇ ਵਿਚਾਰ ਦੇ ਅਨੁਸਾਰੀ ਹੋਵੇ। ਅੱਜ ਅਸੀਂ ਕਿਉਂਕਿ ਸਾਹਿਤਕਾਰ ਹਰਮਿੰਂਦਰ ਸਿੰਘ ਕੋਹਾਰਵਾਲਾ ਹੋਰਾਂ ਦੀ ਸਮੁੱਚੀ ਰਚਨਾ ਦੀ ਚਰਚਾ ਕਰਨੀ ਹੈ ਸੋ ਹੁਣ ਜਦੋਂ ਪੰਜਾਬੀ ਸਾਹਿਤ ਕਾਵਿ ਦੇ ਤਗਜ਼ਲ ਅਤੇ ਉਸ ਦੇ ਰੂਪ ਵਿਧਾਨ ਬਾਰੇ ਗੰਭੀਰਤਾ ਵੱਲ ਰੁਚਿਤ ਹੋ ਰਿਹਾ ਹੈ।  ਹੁਣ ਸਾਡੇ ਕਾਵਿ ਦਾ ਅਜੋਕਾ ਦੌਰ ਰਾਜ ਦਰਬਾਰਾਂ ਦੇ ਗਲਿਆਰਿਆਂ ’ਚੋਂ ਨਿਕਲ ਕੇ ਆਮ ਲੋਕਾਈ ਦੇ ਦੁੱਖਾਂ ਦਰਦਾਂ ਦੀ ਤਰਜਮਾਨੀ ਕਰਨ ਦੇ ਸਮਰੱਥ ਹੋਇਆ ਹੈ।  ਨਿਰਸੰਦੇਹ ਹਰਮਿੰਦਰ ਸਿੰਘ ਕੋਹਾਰਵਾਲਾ ਦੀ ਸ਼ਾਇਰੀ ਦਾ ਲੋਕਾਈ ਦੇ ਵਧੇਰੇ ਨੇੜੇ ਰਹਿਣ ਲਈ ਵਿਸ਼ੇਸ਼ ਯੋਗਦਾਨ ਹੈ। ਹਰਮਿੰਦਰ ਸਿੰਘ ਕੋਹਾਰਵਾਲਾ ਜਿਥੇ ਸੰਘਰਸ਼ਸ਼ੀਲ, ਨਿੱਜੀ ਅਤੇ ਸਮਾਜਿਕ ਤੌਰ ਤੇ ਗਹਿਰੇ ਅਨੁਭਵ ਵਾਲਾ ਸ਼ਾਇਰ ਹੈ ਉੱਥੇ ਉਸ ਦੀ ਤੀਖਣ ਬੁੱਧੀ ਉਸ ਦੀ ਰਚਨਾ ਦੇ ਅੰਸ਼ਾਂ ਨੂੰ ਲੋਕਾਈ ਦੀਆਂ ਅਕਾਂਖਿਆਵਾਂ ਨਾਲ ਵਧੇਰੇ ਬਰੀਕ ਤਰੀਕੇ ਨਾਲ ਜੋੜਦੀ ਹੈ। ਹਰਮਿੰਦਰ ਕੋਹਾਰਵਾਲਾ ਨੇ ਆਪਣੀ ਜ਼ਿੰਦਗੀ ਦਾ ਸੁਨਹਿਰੀ ਸਮਾਂ ਪੰਜਾਬ ਦੀ ਅਧਿਆਪਕ ਲਹਿਰ ਦੇ ਸੰਘਰਸ਼ੀ ਯੁੱਧ ਦੇ ਲੇਖੇ ਲਾਇਆ ਹੈ। ਸੱਤਾ ਦੇ ਖਿਲਾਫ਼ ਡਟਵੇਂ ਸੰਘਰਸ਼ ਕਾਰਨ ਉਸ ਨੇ ਜੇਲ ਜੀਵਨ ਦੇ ਨਾਲ ਸੱਤਾ ਦਾ ਵਿਭਿੰਨ ਤਸ਼ੱਦਦ ਵੀ ਹੰਢਾਇਆ ਹੈ। ਆਪਣੇ ਵਿਚਾਰ, ਚੇਤਨਾ ਅਤੇ ਚਿੰਤਨ ਨੂੰ ਸੰਘਰਸ਼ ਦੇ ਅਨੁਭਵ ਦੀ ਸਾਣ ਤੇ ਲਾ ਕੇ ਹੋਰ ਤਿੱਖਾ ਕੀਤਾ ਹੈ। ਆਪਣੇ ਵਿਚਾਰ ਅਨੁਭਵ ਨੂੰ ਪ੍ਰਗਟਾਉਣ ਲਈ ਉਸ ਨੇ ਪੰਜਾਬੀ ਦੀ ਹਰਮਨ-ਪਿਆਰੀ ਛੰਦ-ਬਧ ਕਾਵਿ ਵਿਧਾ ਦੀ ਹੀ ਚੋਣ ਕੀਤੀ ਹੈ। ਸੁਭਾਵਕ ਤੌਰ ਤੇ ਅਨੰਤ ਵਿਚਾਰਾਂ ਅਤੇ ਦਿ੍ਰਸ਼ਟੀਕੋਣਾਂ ਵਿਚੋਂ ਕੁਝ ਮੌਲਿਕ ਨੂੰ ਚੁਣਨਾ ਤੇ ਫੇਰ ਉਸ ਦੇ ਪ੍ਰਗਟਾਅ ਲਈ ਛੰਦ-ਬਧ ਵਿਧਾ ਦੀ ਚੋਣ ਵੀ ਆਪਣੇ ਆਪ ਵਿਚ ਇਕ ਨਿਆਰੇ ਅਤੇ ਮੌਲਿਕ ਕਾਵਿ-ਸ਼ਾਸਤਰ ਦੀ ਚੋਣ ਵਿਚ ਆਪਣੀ ਭੂਮਿਕਾ ਅਦਾਅ ਕਰਦੀ ਹੈ। ਸਮੁੱਚੀ ਰਚਨਾ ਵਿਚ ਸਦੀਆਂ ਤੋਂ ਸਿਰਜੇ ਗਏ ਕਾਵਿ-ਸ਼ਾਸਤਰ ਨੂੰ ਸਮਝਦਿਆਂ ਪ੍ਰਤਿਭਾ ਅਤੇ ਅਨੁਭਵ ਰਾਹੀਂ ਇਕ ਪਰਤੌ ਵਜੋਂ ਕਾਵਿ-ਸ਼ਾਸਤਰ ਦੀ ਸਿਰਜਣਾ ਵਿਚ ਵੀ ਭੂਮਿਕਾ ਅਦਾ ਕੀਤੀ ਗਈ ਹੈ।
ਸੋ ਸਭ ਤੋਂ ਪਹਿਲਾਂ ਅਸੀਂ ਹਰਮਿੰਦਰ ਸਿੰਘ ਕੋਹਾਰਵਾਲਾ ਦੀਆਂ ਵਿਭਿੰਨ ਪੁਸਤਕਾਂ ‘ਇਕ ਲੱਪ ਲਾਵਾ’, ‘ਜਦ ਜ਼ਖਮ ਦਵਾਤ ਬਣੇ’ ਅਤੇ ‘ਪੀੜਾ ਦੀ ਪਰਿਕਰਮਾ’ ਵਿਚਲੇ ਵਿਚਾਰ ਪ੍ਰਬੰਧ ਦੀ ਨਿਸ਼ਾਨਦੇਹੀ ਕਰਦੇ ਹਾਂ। ਹਰਮਿੰਦਰ ਹੋਰਾਂ ਦੇ ਕਾਵਿ ਦੇ ਸਿਅਰ ਜਾਂ ਦੋਹੇ ਨਿਰਾ ਦਰਦ ਹੀ ਨਹੀਂ ਬਿਆਨਦੇ ਸਗੋਂ ਇਨਾਂ ਦਰਦਾਂ ਨੂੰ ਪੈਦਾ ਕਰਨ ਵਾਲੇ ਪ੍ਰਬੰਧ ਵਿਚੋਂ ਇਲਾਜ ਵੀ ਢੂੰਡਦੇ ਹਨ। ਸਮੁੱਚੇ ਕਾਵਿ ਦੀ ਪੜਤ ਤੋਂ ਅਹਿਸਾਸ ਹੁੰਦਾ ਹੈ ਕਿ ਹਰਮਿੰਦਰ ਸਿੰਘ ਕੋਹਾਰਵਾਲਾ ਦੀ ਸੋਚ ਵਿਚ ਲੋਕਾਂ ਦੀ ਜਮਹੂਰੀਅਤ ਦਾ ਸੁਪਨਾ ਹੈ ਜਿਹੜਾ ਅਖੌਤੀ ਜਮਹੂਰੀਅਤ ਤੋਂ ਸਪੱਸ਼ਟ ਰੂਪ ਵਿਚ ਨਿਖੇੜਾ ਕਰਦਾ ਹੈ। ਉਹ ਆਪਣੇ ਇਸ ਸੁਪਨੇ ਲਈ ਬੇਗਰਜ਼ ਹੋ ਕੇ ਵੱਡੀ ਤੋਂ ਵੱਡੀ ਕੁਰਬਾਨੀ ਲਈ ਤਿਆਰ ਹੈ। ਸਾਡੀ ਅਖੌਤੀ ਜਮਹੂਰੀਅਤ ਬਾਰੇ ਉਸ ਦੇ ਕਈ ਸ਼ਿਅਰ ਕੋਟ ਕੀਤੇ ਜਾ ਸਕਦੇ ਹਨ :
‘ਸਾਡੇ ਘਰ ਦੀ ਵਾਰੀ ਲੱਗਦੀ ਦੂਰ ਅਜੇ,
ਅਜੇ ਸਿਆਸਤ ਘੁਕਦੀ ਮੰਦਰ ਡੇਰੇ ਨਾਲ।’
‘ਸਾਡੀ ਜ਼ਿੰਦ ਸਰਾਪਣ ਵਾਲਾ ਸਿਸਟਮ ਇਹ
ਪੰਜੀਂ ਸਾਲੀਂ ਸਾਥੋਂ ਹੀ ਵਰ ਲੈਂਦਾ ਹੈ।’
ਇਸ ਪ੍ਰਬੰਧ (ਸਿਸਟਮ) ਨੂੰ ਬਦਲਣ ਲਈ ਰਾਹ ਦਿਸੇਰਾ ਸਿਅਰ ਦੇਖੋ :
ਸੋਚ ਲੈਣ ਇਹ ਸੰਸਦ ਵਾਲੇ ਕਿਵੇਂ ਨਿਬੇੜਾ ਹੋਊ
ਉਠ ਖਲੋਤੇ ਕੱਠੇ ਹੋ ਕੇ, ਜਦ ਇਹ ਟੱਪਰੀ ਵਾਸ।
ਫੇਰ ਇਕ ਸ਼ਿਅਰ ਤਰੀਕਾ ਸੁਝਾਉਂਦਾ ਹੈ :
‘ਇਕ ਕਾਗਜ ਦੀ ਪਰਚੀ ਮੂਧੇ ਤਖਤ ਕਰੇ
ਖੂਨ ਖ਼ਰਾਬੇ ਵਾਲਾ ਹੁਣ ਤਾਂ ਵਕਤ ਗਿਆ।’ ਪੰਨਾ 67
ਸਾਡੇ ਅਖੌਤੀ ਲੋਕਤੰਤਰ ਨੇ ਲੋਕਾਈ ਦਾ ਜੀਣਾ ਕਿਸ ਤਰਾਂ ਦੁੱਭਰ ਕੀਤਾ ਹੋਇਆ ਹੈ ਇਸ ਦੀ ਤਸਵੀਰ ਉਸ ਦੇ ਅਨੇਕਾਂ ਸ਼ਿਅਰਾਂ ਵਿਚ ਵੇਖ ਸਕਦੇ ਹਾਂ। ਦੋ-ਚਾਰ ਉਦਾਹਰਣ ਵਜੋਂ ਲੈ ਸਕਦੇ ਹਾਂ :
‘ਠੂਠੇ ਨਾਲ ਕੁਨਾਲੀ ਖੜਕੇ।
ਵੇਖੇ ਹੁਣ ਕਦ ਭਾਂਬੜ ਭੜਕੇ।
ਚੌਕੇ ਵਿਚ ਮਹਿੰਗਾਈ ਵੜਕੇ।
ਚੱਟ ਗਈ ਸਭ ਤੜਕੇ ਫੜਕੇ।
ਊਤ ਗਿਆ ਸਭ ਲਾਣਾ ਲੱਗਦੈ।
ਹਰ ਦਫਤਰ ਹੀ ਥਾਣਾ ਲੱਗਦੈ।
ਸਾਡੇ ਪੱਲੇ ਕੀ ਪੈਣਾ ਹੈ।
ਹਰ ਥਾਂ ਤੇ ਜਦ ਛਾਣਾ ਲੱਗਦੈ।
ਡਿੱਠੇ ਤੇਰੇ ਸ਼ਹਿਰ ਦੇ ਅਜਬ ਜਹੇ ਦਸਤੂਰ,
ਸਾਊਆਂ ’ਤੇ ਹਨ ਬੰਦਸ਼ਾਂ ਫਿਰਦੇ ਚੋਰ ਆਜ਼ਾਦ।
ਇਉਂ ਹਰਮਿੰਦਰ ਸਿੰਘ ਕੋਹਾਰਵਾਲਾ ਦੀ ਕਵਿਤਾ ਸਾਡੇ ਸਮਾਜ ਦੀ ਕਰੂਰ ਤਸਵੀਰ ਦਾ ਬੜਾ ਹੀ ਅਸਲੀਅਤ ਦੇ ਨੇੜੇ ਦਾ ਬਿਆਨ ਹੀ ਨਹੀਂ ਕਰਦੀ ਸਗੋਂ ਸਾਡੀ ਸੰਘਰਸ਼ੀ ਪਰੰਪਰਾ ਨੂੰ ਹੋਰ ਅੱਗੇ ਤੋਰਦੀ ਹੋਈ ਅੱਗੇ ਤੁਰਨ ਲਈ ਇਕ ਨਿੱਗਰ ਸੁਨੇਹਾ ਦਿੰਦੀ ਹੈ।  ਸ਼ਾਇਰ ਲੋਕ-ਮਨਾ ’ਚ ਵਸੀ ਹੋਈ ਸ਼ਬਦਾਵਲੀ ਬੜੀ ਢੁਕਵੀਂ ਤਰਾਂ ਬਿਆਨ ਕਰ ਜਾਂਦਾ ਹੈ ਉੱਥੇ ਬਾਖੂਬੀ ਸਮਝਾ ਵੀ ਜਾਂਦਾ ਹੈ।
ਦੂਜਾ ਗਜ਼ਲ ਸੰਗ੍ਰਹਿ ‘ਪੀੜਾਂ ਦੀ ਪਰਿਕਰਮਾ’ ਪਿਛਲੇ ਵਰੇ ਹੀ ਯਾਨੀ 2012 ਵਿਚ ਹੀ ਪ੍ਰਕਾਸ਼ਤ ਹੋਇਆ ਹੈ। ਇਸ ਵਿਚ ਜਿੱਥੇ ਫ਼ਲਸਫ਼ਈ ਯਾਤਰਾ ਅੱਗੇ ਤੁਰੀ ਹੈ ਉੱਥੇ ਗਜ਼ਲ ਦੀ ਗਜ਼ਲੀਅਤ ਅਤੇ ਤੁਗਜ਼ਲ ਰੰਗ ਵੀ ਗੂੜਾ ਹੋਇਆ ਹੈ। ਸਾਡੇ ਸਮਿਆਂ ਦੇ ਪੂੰਜੀਵਾਦੀ ਪ੍ਰਬੰਧ ਦੀ ਵਿਸ਼ਵਵਿਆਪੀ ਜਕੜ; ਮੰਡੀ ਦਾ ਮਨੁੱਖਤਾ, ਨੈਤਕਤਾ ਅਤੇ ਮਨੁੱਖੀ ਵਰਤਾਰਿਆਂ ਤੇ ਬੇਰਹਿਮ ਹਮਲਾ ਕੋਹਾਰਵਾਲਾ ਦੀ ਕਾਵਿ ਅਭਿਵਿਅਕਤੀ ਦਾ ਕੇਂਦਰ ਬਣਾਂਦੇ ਹਨ।
‘ਨਪੀੜੇ ਰੋਜ ਘੰਡੀ ਨੂੰ, ਕਹੋ ਕੁਝ ਏਸ ਮੰਡੀ ਨੂੰ
ਉਡਾਈ ਨੀਂਦ ਹੈ ਜਿਸ ਨੇ, ਨਕਾਰਾ ਦਬਦਬਾ ਕਰੀਏ।’
‘ਕੇਹਾ ਸੁਰਮਾ ਅੱਖ ’ਚ ਪਾਇਆ ਮਾਇਆ ਨੇ
ਮਾਂ ਜਾਇਆ ਵੀ ਸੱਤ ਬਿਗਾਨਾ ਲੱਗਦਾ ਹੈ।’
‘ਹਰ ਕਿਸੇ ਦੇ ਮਨ ’ਚ ਪਈਆਂ ਉਲਝਣਾਂ ਹਨ ਬੇਸ਼ੁਮਾਰ
ਰਿਸ਼ਤਿਆਂ ਵਿਚ ਨਿੱਘ ਕਿੱਥੇ ਰਹਿਣ ਦਿੱਤਾ ਹੈ ਬਾਜ਼ਾਰ।’
ਸਾਡੇ ਰਹਿਬਰਾਂ ਨੇ ਵੀ ਸੰਸਾਰੀਕਰਨ ਦੀ ਅੰਤਰਰਾਸ਼ਟਰੀ ਚਾਲ ਅਧੀਨ ਨਵ-ਉਦਾਰਵਾਦੀ ਨੀਤੀਆਂ ਨੂੰ ਅਪਣਾਇਆ ਹੈ ਜਿਸ ਕਾਰਨ ਇਕ ਖੇਤ ਮਜ਼ਦੂਰ ਤੋਂ ਲੈ ਕੇ ਸਾਡਾ ਅੰਨ ਦਾਤਾ ਜਾਣਿਆ ਜਾਂਦਾ ਕਿਸਾਨ ਤੱਕ ਨਪੀੜਿਆ ਗਿਆ ਹੈ ਅਤੇ ਆਤਮ ਹੱਤਿਆ ਦੇ ਰਾਹ ਪਿਆ ਹੈ।
‘ਨਾ ਕਿੱਲੇ ਤੇ ਝੋਟੀ ਛੱਡੇ ਨਾ ਕੰਨਾਂ ਵਿਚ ਤੁੰਗਲ
ਖ਼ੋਰ ਦਏ ਖੱਤੇ ਵੀ ਖੇਤੀ ਕਰਜ ਵਧੇ ਹਰ ਸਾਲ।’
‘ਮਿਲੇ ਜੋ ਖਾਣ ਨੂੰ ਤੁੱਕੇ, ਨੇ ਉਹ ਵੀ ਤੋਤਿਆਂ ਟੁੱਕੇ
ਰਹੇ ਨੇ ਸੰਘ ਵੀ ਸੁੱਕੇ ਇਹ ਕਿਸਨੇ ਬਦ ਦੁਆ ਦਿੱਤੀ।’
‘ਸਿੰਜੇ ਮੁੜਕੇ ਨਾਲ਼ ਸਨ ਹਰੇ ਭਰੇ ਸਨ ਖੇਤ
ਲੈ ਗਏ ਬੋਹਲ ਉਧਾਲ ਕੇ ਏਸ ਨਗਰ ਦੇ ਰੌਣ।’
ਪੱਛਮੀ ਸੱਭਿਆਚਾਰ ਦੀ ਨਕਲ ਦੇ ਰਾਹ ਤੁਰਦਿਆਂ ਅਸੀਂ ਬੜੇ ਸ਼ੌਂਕ ਨਾਲ ਗੁਲਾਮੀ ਆਪਣੇ ਗਲ ਪਾਈ ਜਾ ਰਹੇ ਹਾਂ। ਜਿਸ ਪ੍ਰਬੰਧ ਵਿਚ ਅਸੀਂ ਪਰਿਵਾਰਾਂ ਦੇ ਰਿਸ਼ਤੇ ਦੂਸ਼ਿਤ ਕਰ ਲਏ ਉਸੇ ’ਚ ਪਰਿਵਾਰਾਂ ਨੂੰ ਰੁਤਬੇ ਬਖ਼ਸ਼ਣ ਦਾ ਲਾਲਚ ਕਰਦਿਆਂ, ਪੀੜੀਆਂ ਦੀ ਅਸੁਰੱਖਿਆ ਨੂੰ ਸੁਰੱਖਿਅਤ ਕਰਨ ਦਾ ਅਸਫਲ ਯਤਨ ਕਰਦਿਆਂ, ਆਪਣੇ ਪਰਿਵਾਰਾਂ ਨੂੰ ਅਸੰਵਿਧਾਨਿਕ ਤਰੀਕੇ ਨਾਲ ਰੁਤਬੇ ਬਖਸ਼ਦੇ ਹਾਂ।
‘ਬਣੀਆਂ ਵੇਲੇ ਪੰਥ ਨੂੰ ਰਹਿਣ ਘੁਕਾਉਂਦੇ ਨਾਲ
ਹੁਣ ਇਕੋ ਪਰਿਵਾਰ ਦੀ ਬਣੀ ਬਜ਼ਾਰਤ ਵੇਖ।’
‘ਬਹਾਨਾ ਲੋਕ ਸੇਵਾ ਦਾ ਸਿਆਸਤ ਹੁਣ ਤਜਾਰਤ ਹੈ
ਧੜੱਲੇਦਾਰ ਨੇਤਾ ਦੀ, ਘੁਟਾਲਾ ਹੀ ਸ਼ਨਾਖ਼ਤ ਹੈ।’
ਇਹ ਉਦਾਰਵਾਦੀ ਨੀਤੀ ਚਲਾਉਣ ਵਾਲਿਆਂ ਦਾ ਇਕੋ ਹੀ ਦਾਅ ਪੇਚ ਹੈ, ਵੱਖਰੇ ਹੋਣ ਦਾ ਉਹ ਸਿਰਫ਼ ਭਰਮ ਸਿਰਜਦੇ ਹਨ।
‘ਜਿਹੜੀ ਧਿਰ ਦੀ ਨੀਤੀ ਨੰਗ ਨਿਚੋੜੇ ਦੁਖੀਆਂ ਦੇ
ਉਸੇ ਦਾ ਮਨਮੋਹਨ ਤੇ ਉਸ ਦਾ ਅਟੱਲ ਬਿਹਾਰੀ ਸੀ।’
ਪੂੰਜੀਵਾਦੀ ਪ੍ਰਬੰਧ ਦੇ ਜਾਲ ਵਿਚੋਂ ਨਿਕਲਣਾ ਏਨਾ ਸੁਖਾਲਾ ਨਹੀਂ ਇਸ ਦਾ ਸ਼ਾਇਰ ਨੂੰ ਪੂਰਨ ਅਹਿਸਾਸ ਹੈ :
‘ਹਨੇਰਾ ਫੈਲਦਾ ਜਾਏ, ਕਬੀਲਾ ਘੂਕ ਸੁੱਤਾ ਹੈ
ਟਿਕਾਈ ਅੱਖ ਨੇਰੀ ਨੇ ਜਗਾਏ ਦੀਵਿਆਂ ਉੱਤੇ।’
ਇਕ ਸਿਰੜੀ ਯੋਧੇ ਦੀ ਤਰਾਂ ਸ਼ਾਇਰ ਦੇ ਚਿੰਤਨ ਵਿਚ ਫੇਰ ਵੀ ਇਕ ਆਸ, ਰੋਸ਼ਨੀ ਦੀ ਕਿਰਨ ਅਤੇ ਨੇਰੇ ਤੋਂ ਬਾਅਦ ਸੂਰਜ ਚੜਨ ਵਰਗਾ ਅਹਿਸਾਸ ਤੇ ਵਿਸ਼ਵਾਸ ਹੈ। ਕੁਝ ਆਸ਼ਾਵਾਦੀ ਸ਼ਿਅਰ ਚੁਣ ਸਕਦੇ ਹਾਂ :
‘ਜਿਹੜੇ ਪਾਉਂਦੇ ਸੁੱਕਣੇ, ਛੱਡ ਉਨਾਂ ਦੀ ਆਸ।
ਹੁਣ ਪੈਣਾ ਖੂਹ ਪੁੱਟਣਾ, ਕੱਢਦੀ ਜਾਨ ਪਿਆਸ।’
‘ਘਿਰਕੇ ਸੰਕਟ ਵਿਚ ਨਾ ਡੋਲੀਂ, ਨਾ ਹੀ ਚਿਤ ਉਦਾਸ ਕਰੀਂ।
ਹਰ ਮੁਸ਼ਕਲ ’ਚੋਂ ਸਾਬਤ ਕਦਮੀ, ਪਾਰ ਜਾਣ ਦੀ ਆਸ ਕਰੀਂ।’
‘ਚਾਰ ਚੁਫੇਰੇ ਘੋਰ ਨਿਰਾਸ਼ਾ, ਸੁਪਨੇ ਡਾਹ ਨਾ ਦੇਣ ਅਜੇ,
ਫਿਰ ਵੀ ਆਪਣੇ ਜੀਂਦੇ ਜੀਅ ਤੂੰ ਯੁੱਗ ਪਲਟਣ ਦੀ ਆਸ ਕਰੀਂ।’
ਸਮੁੱਚੀ ਰਚਨਾ ਵਿਚ ਇਕ ਵਿਚਾਰ ਪ੍ਰਬੰਧ ਇਕ ਵਿਚਾਰਧਾਰਾ ਦੇ ਰੂਪ ਵਿਚ ਸਾਡੇ ਸਾਹਮਣੇ ਆਉਂਦਾ ਹੈ। ਇਹ ਵਿਚਾਰਧਾਰਾ ਲੋਕ ਪੱਖੀ ਹੋ ਕੇ ਲੋਕਾਂ ਦੇ ਦੁੱਖਾਂ ਦਰਦਾਂ ਦੀ ਤਰਜਮਾਨੀ ਤਾਂ ਕਰਦੀ ਹੀ ਹੈ ਸਗੋਂ ਇਨਾਂ ਦੁੱਖਾਂ ਦਾ ਕਾਰਨ ਲੱਭ ਕੇ ਇਲਾਜ ਕਰਨ ਦੇ ਰਾਹ ਵੀ ਪਾਉਂਦੀ ਹੈ। ਸੋ ਸੁਭਾਵਕ ਸੀ ਕਿ ਆਪਣੀ ਮਿੱਟੀ ਦੇ ਲੋਕਾਂ ਦੀ ਗੱਲ ਕੀਤੀ ਵੀ ਜਾਵੇ ਤੇ ਉਨਾਂ ਨੂੰ ਪਰਤੌਂ ਵਜੋਂ ਆਪਣੀ ਗੱਲ ਸੁਣਾਈ ਵੀ ਜਾਵੇ। ਇਸੇ ਸੁਣਨ ਸੁਣਾਉਣ ਵਿਚੋਂ ਤਿੰਨ ਪੁਸਤਕਾਂ ‘ਇਕ ਲੱਪ ਲਾਵਾ’, ‘ਜਦੋਂ ਜ਼ਖਮ ਦਵਾਤ ਬਣੇ’ ਅਤੇ ‘ਪੀੜਾਂ ਦੀ ਪਰਿਕਰਮਾ’ ਸਮੇਤ 600 ਤੋਂ ਵਧੇਰੇ ਦੋਹੇ ਰੋਜ਼ਾਨਾ ਅਜੀਤ ਵਿਚ ਛਪ ਚੁੱਕੇ ਹਨ। ਇਹ ਸਮੁੱਚੀ ਰਚਨਾ ਸਾਡੇ ਸਾਹਮਣੇ ਆਉਂਦੀ ਹੈ। ਇਹ ਆਉਂਦੀ ਵੀ ਉਸ ਸਮੇਂ ਹੈ ਜਦੋਂ ਸ਼ਾਇਰ ਲੰਮਾ ਤੇ ਸਿਰੜੀ ਅਨੁਭਵ ਹੰਢਾ ਚੁੱਕਿਆ ਹੈ। ਉਸ ਦੀ ਸਮੁੱਚੀ ਰਚਨਾ ਵਿਚੋਂ ਪੜਿਆ ਤੇ ਗੁੜਿਆ ਹੋਇਆ ਫਲਸਫਾ ਝਲਕਦਾ ਹੈ। ਇਸ ਪੜਨ ਗੁੜਨ ਨੂੰ ਉਸ ਨੇ ਆਪਣੇ ਲੋਕਾਂ ਦੀ ਜ਼ਿੰਦਗੀ ਨਾਲ ਆਤਮਸਾਤ ਵੀ ਕੀਤਾ ਹੈ। ਸ਼ਾਇਰ ਨੇ ਤਿੰਨੇ ਪੁਸਤਕਾਂ ਵਿਚ ਮੁੱਖ ਰੂਪ ਵਿਚ ਗਜ਼ਲ ਦੀ ਵਿਧਾ ਨੂੰ ਚੁਣਿਆ ਹੈ। ਅਪਣੇ ਲੋੋਕਾਂ ਦੀ ਆਵਾਜ਼ ਬਣਨ ਹਿਤ ਸ਼ਾਇਰ ਨੇ ਕਾਵਿ ਦੀ ਦਰਬਾਰੀ ਅਤੇ ਨਿਜ-ਪੀੜਾ ਕੇਂਦਰਤ  ਰਚਨਾ ਹੋਣ ਦੀ ਪੁਰਾਣੀ ਮਿੱਥ ਨੂੰ ਤੋੜਿਆ ਹੈ। ਹਰਮਿੰਦਰ ਸਿੰਘ ਕੋਹਾਰਵਾਲਾ ਦੇ ਕਾਵਿ- ਸ਼ਾਸਤਰ ਵਿਚ ਹਲਕੇ ਫੁਲਕੇ ਲੋਕਾਈ ਦੇ ਨੇੜਲੇ ਠੇਠ ਅਤੇ ਢੁੱਕਵੇਂ ਸ਼ਬਦਾਂ ਤੇ ਭਾਵਾਂ ਦੀ ਸਿਰਫ਼ ਚੋਣ ਜਾਂ ਵਰਤੋਂ ਹੀ ਨਹੀਂ ਹੋਈ ਸਗੋਂ ਏਨੀ ਢੁੱਕਵੀਂ ਵਰਤੋਂ ਕਿ ਵਰਗ ਸੰਘਰਸ਼ ਵਿਚ ਸਮੁੱਚੀ ਕਵਿਤਾ ਪੀੜਤ ਧਿਰ ਦਾ ਸੁਭਾਵਕ ਜਿਹਾ ਹਥਿਆਰ ਹੋ ਨਿਬੜਦੀ ਹੈ। ਗਜ਼ਲ ਵਿਚ ਕਿਧਰੇ ਵੀ ਭਾਰੀ ਅਸਪਸ਼ਟ ਸ਼ਬਦਾਵਲੀ ਜਾਂ ਭਾਵ ਫੋਕੀ ਟੌਹਰ ਖਾਤਰ ਜਾਂ ਲੋਟੂ ਧਿਰ ਦੇ ਹੱਕ ’ਚ ਭੁਗਤਣ ਵਾਲਾ ਅਖੌਤੀ-ਠੁਕੀਆ ਕਾਵਿ-ਸ਼ਾਸਤਰ ਦਾ ਕਿਤੇ ਵੀ ਝਾਉਲਾ ਨਹੀਂ ਪੈਂਦਾ। ਸ਼ਬਦਾਂ ਭਾਵਾਂ ਦੀ ਢੁੱਕਵੀਂ ਬੀੜਤ ਲੋਕਾਂ ਦੀ ਘੋਰ ਸੰਕਟ ਅਤੇ ਨਿਰਾਸ਼ਾ ਵਾਲੀ ਹਾਲਤ ਦਾ ਗੰਭੀਰ ਅਹਿਸਾਸ ਵੀ ਕਰਾਉਂਦੀ ਹੈ ਤੇ ਇਸ ਹਾਲਤ ਨੂੰ ਬਦਲਣ ਲਈ ਪ੍ਰੇਰਨਾ ਸਰੋਤ ਵੀ ਬਣਦੀ ਹੈ। ਦੁਨੀਆ ਭਰ ਵਿਚ ਪਰਖੀ ਹੋਈ ਵਿਚਾਰਧਾਰਾ ਨੂੰ ਆਪਣੇ ਲੋਕਾਂ ਨੂੰ ਸਮਝਣ ਸਮਝਾਉਣ ਲਈ ਭਾਰਤੀ ਤੇ ਪੰਜਾਬੀ ਕਾਵਿ-ਵਿਧੀਆਂ ਰਸ, ਅਲੰਕਾਰ, ਛੰਦ ਪ੍ਰਬੰਧ, ਵ੍ਰਕੋਕਤੀ, ਕਾਫ਼ੀਆ ਰਦੀਫ਼, ਪ੍ਰਗੀਤਕਤਾ ਆਦਿ ਦੀ ਭਰਪੂਰ ਤੇ ਸੁਭਾਵਕ ਵਰਤੋਂ ਕੀਤੀ ਗਈ ਹੈ। ਇਸ ਸੰਦਰਵ ਵਿਚ ਕੁਝ ਕਲਾ ਕੌਸ਼ਲਤਾ ਵਾਲੋ ਸਿਅਰ ਛਾਂਟ ਸਕਦੇ ਹਾਂ :
‘ਢਾਲ ਦਿਆਂ ਝੱਟ ਸ਼ਿਅਰਾਂ ਅੰਦਰ ਦਿੱਤੇ ਦਰਦ ਬਲਾਂਵਾਂ ਦੇ।
ਜਦ ਗੁਣੀਏਂ ਵਿਚ ਕਰਦਾਂ ਗਜ਼ਲਾਂ, ਭਾਅ ਦੀ ਬਣਦੀ ਭਾਵਾਂ ਦੇ।’
‘ਕੁਣਕੇ ਖਾਤਰ ਕੁਨਬਾ ਹੀ
ਕਿਣਕਾ ਕਿਣਕਾ ਬਿਖਰ ਗਿਆ।’
‘ਹੁਣ ਦੱਸੋ ਇਸ ਸਿਰ ਨੂੰ ਕਿਵੇਂ ਲੁਕਾਵੋਗੇ
ਚਾਰ ਚੁਫੇਰਿਓਂ ਦੁਸ਼ਮਣ ਸਿਰ ਤੇ ਆਣ ਚੜੇ।’

‘ਸੇਜ ਸੂਲਾਂ ਦੀ ਕਹੇ ਉਹ ਜਾਣ ਕੇ,
ਆ ਗਈ ਜਿਸ ਹੇਠ ਗੱਦੀ ਗੁਦਗੁਦੀ।’
ਕਈ ਆਧੁਨਿਕ ਵਿਚਾਰ, ਸੰਕਲਪ ਜਾਂ ਸ਼ਬਦ ਗਜ਼ਲ ਦੇ ਸ਼ਿਅਰਾਂ ਵਿਚ ਹੈਰਾਨਕੁਨ ਸੁਭਾਵਕਤਾ ਨਾਲ ਬੰਨ ਕੇ ਪੈਦਾ ਕੀਤੇ ਪ੍ਰਗੀਤਕ ਅੰਸ਼ ਵੇਖਣੇ ਬਣਦੇ ਹਨ।
‘ਹੈ ਲਾਇਆ ਪੌਂਡ ਥੱਲੇ ਤੇ ਕੀਤਾ ਕੌਡੀਉਂ ਖੋਟਾ,
ਰੁਪੱਈਆ ਜਾਨ ਹੈ ਸਾਡੀ, ਰੁਪੱਈਆ ਟਣਕਦਾ ਕਰੀਏ।’
‘ਪਹਿਨੇ ਹੁਣ ਤਾਂ ਕੈਪਰੀ, ਏਸ ਨਗਰ ਦੀ ਨਾਰ
ਸ਼ਰਮ ’ਚ ਡੁੱਬੇ ਘੱਗਰਾ ਪਰ ਨਾ ਭਿੱਜੇ ਲੌਣ।’
ਇਉਂ ਸਾਡੀ ਰਹਿਤਲ ਦੇ ਸ਼ਬਦ ਸ਼ਾਇਰ ਦੀ ਸ਼ਬਦ ਸਾਧਨਾ ਮੁਹਰੇ ਆਪਣੀ ਵਾਰੀ ਉਡੀਕਦੇ ਬਿਹਬਲ ਹੋ ਹੋ ਆਉਂਦੇ ਹਨ। ਇਹ ਸ਼ਬਦ ਭੰਡਾਰ ਜੋ ਲੋਕਧਾਰਾ ਦਾ ਵੱਡਮੁੱਲਾ ਸਰਮਾਇਆ ਹੈ। ਸਾਡੇ ਪਾਸੋਂ ਗੁਆਚਦਾ ਵੀ ਜਾ ਰਿਹਾ ਹੈ। ਸਮੁੱਚੀ ਰਚਨਾ ਵਿਚੋਂ ਸ਼ਬਦ ਚੁਣ ਕੇ ਇਕ ਅੱਛਾ ਖਾਸਾ ਮਲਵਈ ਸ਼ਬਦਕੋਸ਼ ਤਿਆਰ ਹੋ ਸਕਦਾ ਹੈ। ਕਾਵਿ ਦਾ ਲੋਕ ਪੱਖੀ ਸੁਹਜ ਵਾਲਾ ਗਜ਼ਲ ਸ਼ਾਸਤਰ ਜਿਥੇ ਫਲਸਫਈ ਵਿਚਾਰਾਂ ਨੂੰ ਖੂਬਸੂਰਤੀ ਨਾਲ ਪੇਸ਼ ਕਰਨ ਦੇ ਸਮਰੱਥ ਹੈ ਉੱਥੇ ਨਵੋਂ ਸ਼ਾਇਰਾਂ ਲਈ ਆਪਣੇ ਅੰਦਰ ਇਕ ਦਿਸ਼ਾ ਵੀ ਸਾਂਭ ਕੇ ਚੱਲ ਰਿਹਾ ਹੈ। ਗਜ਼ਲ ਦੇ ਅਜਿਹੇ ਵਿਚਾਰਾਂ ਵਾਲੇ ਸੁਹਜ ਭਰਪੂਰ ਸ਼ਿਅਰਾਂ ਤੇ ਮਾਣ ਕਰਨ ਨੂੰ ਜੀਅ ਕਰਦਾ ਹੈ। ਅੱਜ ਸਨਮਾਨ ਮਿਲਣ ਤੋਂ ਬਾਅਦ ਸ਼ਾਲਾ ਇਹ ਕਲਮ ਆਪਣਾ ਮਿਥਿਆ ਮੰਤਵ ਹੋਰ ਪੁਖ਼ਤਗੀ ਨਾਲ ਸਰ ਕਰਦੀ ਜਾਵੇ। ਇਹ ਇਕ ਧਾਰਾ, ਇਕ ਰਵਾਇਤ, ਇਕ ਲਹਿਰ ਬਣਨ ਦੇ ਸਮਰੱਥ ਹੈ। ਅੱਜ ਇਸ ਸੂਝਬੂਝ ਨਾਲ ਆਪਣਾਏ ਵਿਚਾਰਾਂ ਅਤੇ ਉਨਾਂ ਤੇ ਰਚੇ ਕਾਵਿ ਦੀ ਸ਼ਿਲਪਕਾਰੀ ਜਦੋਂ ਸਨਮਾਨ ਹੋ ਰਹੀ ਹੈ ਤਾਂ ਅਸਲ ਵਿਚ ਲੋਕ-ਪੱਖੀ ਕਵਿਤਾ ਦੀ ਪਛਾਣ ਅਤੇ ਠੁਕ ਬੰਨੇ ਜਾਣ ਤੇ ਬੇਹੱਦ ਖੁਸ਼ੀ ਹੋ ਰਹੀ ਹੈ।

*ਡਾ. ਗੁਲਜ਼ਾਰ ਸਿੰਘ ਪੰਧੇਰ
ਉਘੇ ਚਿੰਤਕ ਅਤੇ ਪ੍ਰਤਿਬਧ ਲੇਖਕ ਹੋਣ ਦੇ ਨਾਲ ਕਈ ਸਾਹਿਤਕ ਸੰਗਠਨਾਂ ਨਾਲ ਵੀ ਜੁੜੇ ਹੋਏ ਹਨ 

No comments: