Friday, March 29, 2013

ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ...............

ਘਰੋਂ ਬਾਹਰ ਉਹ ਉਸ ਖ਼ਰੀਦਦਾਰ ਦੀ ਖ਼ਰੀਦੀ ਹੋਈ ਘਰਵਾਲੀ ਅਖਵਾਈ ਜਾਂਦੀ...ਤੇ ਘਰ ਅੰਦਰ ਉਸ ਦਾ ਕੋਈ ਵੀ ਹੱਕ ਕਿਸੇ ਚੀਜ਼ ਉੱਤੇ ਨਹੀਂ ਸੀ। ਰੱਜ ਕੇ ਮਾਨਸਿਕ ਤੇ ਸਰੀਰਕ ਤਸ਼ੱਦਦ ਉਸ ਨੇ ਸਹਿਆ।
ਨੇੜੇ-ਤੇੜੇ ਹੀ ਵਿਚਰਦੀ ਹੈ ਮੋਲਕੀ          --ਡਾ. ਹਰਸ਼ਿੰਦਰ ਕੌਰ
                                                                           Courtesy Photo
ਕੀ ਵਾਕਈ ਤੁਸੀਂ ਕਿਸੇ ਮੋਲਕੀ ਨੂੰ ਨਹੀਂ ਜਾਣਦੇ? ਪਤਾ ਵੀ ਜੇ ਇਹ ਹੁੰਦੀਆਂ ਕੌਣ ਹਨ? 'ਸੰਜੀਦਾ' ਨਾਂ ਤਾਂ ਉਸ ਦਾ ਕਿਸੇ ਨੂੰ ਪਤਾ ਨਹੀਂ ਹੋਣਾ। ਹੁਣ ਤਾਂ ਚਿਰ ਇੰਨਾ ਹੋ ਚੁੱਕਿਆ ਕਿ ਮਾਪੇ ਵੀ ਉਸ ਦਾ ਨਾਂ ਭੁੱਲ ਚੁੱਕੇ ਹੋਣਗੇ। ਉਸ ਦਾ ਛੋਟੇ ਹੁੰਦਿਆਂ ਦਾ ਇਕ ਨਿੱਕਾ ਜਿਹਾ ਸੁਫ਼ਨਾ ਸੀ। ਉਸ ਨੇ ਕਈ-ਕਈ ਵਾਰ ਦਿਨ ਵਿਚ ਸੋਚਣਾ ਕਿ ਕਦੋਂ ਲਾਲ ਕਿਲੇ ਨੂੰ ਨੇੜਿਓਂ ਵੇਖੇ ਅਤੇ ਉਸ ਦੇ ਸਾਹਮਣੇ ਖੜ੍ਹੇ ਹੋ ਕੇ ਇਕ ਫੋਟੋ ਖਿਚਵਾ ਲਵੇ। ਕਿੰਨੀ ਖ਼ੁਸ਼ ਸੀ, ਜਦੋਂ ਸੰਨ 2008 ਵਿਚ ਉਹ 16 ਵਰ੍ਹਿਆਂ ਦੀ ਹੋਈ। ਉਸ ਨੇ ਆਪਣੀ ਆਂਟੀ ਨਾਲ ਦਿੱਲੀ ਘੁੰਮਣ ਦਾ ਪ੍ਰੋਗਰਾਮ ਬਣਾਇਆ। ਉਸ ਨੂੰ ਕੀ ਪਤਾ ਸੀ ਕਿ ਉਹ ਆਂਟੀ ਹੀ ਉਸ ਦੀ ਜ਼ਿੰਦਗੀ ਬਰਬਾਦ ਕਰਨ ਵਾਲੀ ਹੈ।
ਲੇਖਿਕਾ ਡਾ ਹਰਸ਼ਿੰਦਰ ਕੌਰ
ਪਹਿਲੀ ਵਾਰ ਉਹ ਉਸੇ ਦਿੱਲੀ ਵਿਚ ਵਿਕੀ। ਵਿਕਦੇ ਸਾਰ ਉਸ ਨੂੰ ਮੁੱਲ ਖ਼ਰੀਦੇ ਜਾਣ ਸਦਕਾ 'ਮੋਲਕੀ' ਕਿਹਾ ਜਾਣ ਲੱਗ ਪਿਆ। ਤਿੰਨ ਸਾਲਾਂ ਬਾਅਦ ਉਸ ਤੋਂ ਦੋ ਬੱਚੇ ਕਰਵਾ ਕੇ, ਆਪਣੀ ਕੀਮਤ ਵਸੂਲਣ ਲਈ ਉਸ ਦੇ ਮਰਦ ਨੇ ਅੱਗੋਂ ਮੇਵਾਤ ਵਿਚ ਵੇਚ ਦਿੱਤਾ। ਬਸ ਫੇਰ ਕੀ ਸੀ! ਨਿਰੇ ਜਿਸਮ ਦਾ ਧੰਦਾ, ਪਰ ਉਹ ਵੀ ਨੌਕਰਾਣੀ ਬਣਾ ਕੇ ਤੇ ਇੱਕ ਵੀ ਪੈਸਾ ਦਿੱਤੇ ਬਿਨਾਂ! ਘਰੋਂ ਬਾਹਰ ਉਹ ਉਸ ਖ਼ਰੀਦਦਾਰ ਦੀ ਖ਼ਰੀਦੀ ਹੋਈ ਘਰਵਾਲੀ ਅਖਵਾਈ ਜਾਂਦੀ ਤੇ ਘਰ ਅੰਦਰ ਉਸ ਦਾ ਕੋਈ ਵੀ ਹੱਕ ਕਿਸੇ ਚੀਜ਼ ਉੱਤੇ ਨਹੀਂ ਸੀ। ਰੱਜ ਕੇ ਮਾਨਸਿਕ ਤੇ ਸਰੀਰਕ ਤਸ਼ੱਦਦ ਉਸ ਨੇ ਸਹਿਆ। ਉਸ ਲਈ ਇਸ ਦੁਨੀਆ ਵਿਚ ਇੱਕੋ ਕੰਮ ਸੀ, ਬੱਚੇ ਜੰਮ ਕੇ ਅੱਗੋਂ ਫੇਰ ਵਿਕਣ ਲਈ ਬਾਜ਼ਾਰ ਵਿਚ ਤਿਆਰ-ਬਰ-ਤਿਆਰ!
ਜੇਕਰ 'ਸੰਜੀਦਾ' ਬਾਰੇ ਜਾਣਕਾਰੀ ਨਹੀਂ ਤਾਂ 'ਹਮੀਦਾ' ਬਾਰੇ ਤਾਂ ਜ਼ਰੂਰ ਸੁਣਿਆ ਹੋਵੇਗਾ! ਉਹ ਤਾਂ ਸਿਰਫ਼ 12 ਵਰ੍ਹਿਆਂ ਦੀ ਸੀ, ਜਦੋਂ 1995 ਵਿਚ ਅਸਾਮ ਤੋਂ ਚੁੱਕੀ ਗਈ। ਭਾਵੇਂ ਗੁੱਡੀਆਂ ਖੇਡਣ ਦੀ ਉਮਰ ਸੀ ਉਸ ਦੀ, ਪਰ ਫਿਰ ਵੀ ਉਸਨੇ ਆਪਣੀ ਜਵਾਨੀ ਵਾਸਤੇ ਬਹੁਤ ਸਾਰੇ ਸੁਫ਼ਨੇ ਸੰਜੋਏ ਹੋਏ ਸਨ। ਉਹ ਵੀ ਮੇਵਾਤ ਵਿਖੇ ਲਿਆ ਕੇ 'ਮੋਲਕੀ' ਬਣਾ ਦਿੱਤੀ ਗਈ! ਹਮੀਦਾ ਤਾਂ ਦਸ ਵਾਰ ਵਿਕੀ ਹੈ ਤੇ ਹਰ ਖ਼ਰੀਦਦਾਰ ਦੇ ਘਰ ਵਿਚ ਨਿਆਣੇ ਜੰਮ ਕੇ ਅਤਿ ਦਾ ਮਾਨਸਿਕ ਤੇ ਸਰੀਰਕ ਸ਼ੋਸ਼ਣ ਭੋਗ ਕੇ ਆਖ਼ੀਰ 68 ਸਾਲ ਦੇ ਬੁੱਢੇ ਹੱਥ ਵਿਕੀ, ਜਿਸ ਦੇ ਪਹਿਲਾਂ ਹੀ 8 ਜਵਾਨ ਨਿਆਣੇ ਸਨ। ਚਾਰ ਹੋਰ ਨਿਆਣੇ ਉੱਥੇ ਜੰਮ ਕੇ ਜਦੋਂ ਬਿਲਕੁਲ ਮਰਨ ਕਿਨਾਰੇ ਹਾਲ ਵਿਚ ਗਲੀ ਵਿਚ ਡਿੱਗੀ ਮਿਲੀ, ਤਾਂ ਹੀ ਕਿਸੇ ਨਰਮ ਦਿਲ ਇਨਸਾਨ ਨੇ ਉਸ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ। ਉਹ ਇੰਨੇ ਮਾੜੇ ਹਾਲ ਵਿਚ ਪਹੁੰਚ ਚੁੱਕੀ ਸੀ ਕਿ ਅੱਜ ਸਿਹਤ ਵਿਚ ਕੁਝ ਸੁਧਾਰ ਹੋਣ ਦੇ ਬਾਵਜੂਦ ਉਸ ਦੀ ਆਵਾਜ਼ ਹਮੇਸ਼ਾ ਲਈ ਚਲੀ ਗਈ ਹੈ। ਜੇ ਕੋਈ ਉਸ ਨੂੰ ਮਿਲਣਾ ਚਾਹੇ ਤਾਂ ਅੱਜ ਵੀ ਉਸ ਦੀਆਂ ਅੱਖਾਂ ਸਾਰਾ ਦਰਦ ਹੰਝੂਆਂ ਰਾਹੀਂ ਸੁਣਾ ਦਿੰਦੀਆਂ ਹਨ! ਕਮਾਲ ਹੀ ਹੈ ਕਿ ਕੋਈ ਇੰਨੇ ਅਣ-ਮਨੁੱਖੀ ਵਰਤਾਰੇ ਲਈ ਵੀ ਆਵਾਜ਼ ਨਹੀਂ ਚੁੱਕ ਰਿਹਾ ਤਾਂ ਫੇਰ ਹੋਰ ਕਦੋਂ ਚੁੱਕੀ ਜਾਵੇਗੀ? 
ਜਿਸ ਤਰ੍ਹਾਂ ਉਸ ਦਾ ਜਿਸਮ ਨੋਚਿਆ ਗਿਆ ਤੇ ਭੁੱਖੇ ਪੇਟ ਕਈ-ਕਈ ਦਿਨ ਲੰਘਾਉਣੇ ਪਏ, ਉਸ ਦਾ ਕੌਣ ਹਿਸਾਬ ਰੱਖ ਸਕਦਾ ਹੈ? 

ਇਸੇ ਤਰ੍ਹਾਂ ਕਲਕੱਤੇ ਦੀ 'ਤਬੱਸੁਮ' ਸੰਨ 2008 ਵਿਚ ਮੇਵਾਤ ਦੇ ਨੂਹ ਜ਼ਿਲ੍ਹੇ ਵਿਚ ਪਹਿਲੀ ਵਾਰ ਵਿਕੀ ਸੀ। ਇੰਨਾ ਖੂੰਖਾਰ ਦਰਿੰਦਾ ਸੀ ਉਸ ਨੂੰ ਖਰੀਦਣ ਵਾਲਾ ਕਿ ਉਸ ਨੇ ਉਸ ਦਾ ਸਾਰਾ ਲਹੂ ਨਿਚੋੜ ਛੱਡਿਆ। ਜਦੋਂ ਉਸ ਦੇ ਬੱਚਾ ਜੰਮਣ ਵਾਲਾ ਸੀ ਤਾਂ ਕੁੱਟ-ਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ ਗਿਆ ਤੇ ਦਰਦ ਨਾਲ ਚੀਕਦੀ, ਗਲੀਆਂ ਵਿਚ ਤੜਫ਼ਦੀ, ਡਿੱਗਦੀ, ਉੱਠਦੀ ਅਖ਼ੀਰ ਗਲੀ ਵਿਚ ਹੀ ਉਸ ਦਾ ਬੱਚਾ ਜੰਮ ਪਿਆ ਤੇ ਥੱਲੇ ਸੜਕ ਉੱਤੇ ਉਸ ਦਾ ਸਿਰ ਵੱਜਿਆ, ਜਿਸ ਕਾਰਨ ਬੱਚਾ ਥਾਏਂ ਹੀ ਮਰ ਗਿਆ। ਬੇਹਿਸਾਬ ਲਹੂ ਵਹਿ ਜਾਣ ਕਾਰਨ ਤਬੱਸੁਮ ਦੀ ਹਾਲਤ ਵਿਗੜ ਗਈ ਤੇ ਉਹ ਬੇਹੋਸ਼ ਹੋ ਗਈ। ਹੋਸ਼ ਵਿਚ ਆਉਣ ਬਾਅਦ ਉਸ ਦੀ ਯਾਦਾਸ਼ਤ ਚਲੀ ਗਈ। ਉਹ ਉਸ ਹਾਲਤ ਵਿਚ ਵੀ ਫੇਰ ਵੇਚੀ ਗਈ ਤੇ ਉਸਦੇ ਅੱਗੋਂ ਇਕ ਹੋਰ ਬੱਚਾ ਵੀ ਜੰਮਿਆ, ਪਰ ਹੁਣ ਉਹ ਆਪ ਇਕ ਜ਼ਿੰਦਾ ਲਾਸ਼ ਬਣ ਚੁੱਕੀ ਹੈ ਤੇ ਉਸਨੂੰ ਪੂਰੀ ਸਮਝ ਹੀ ਨਹੀਂ ਰਹੀ!
ਜੇ ਤਬੱਸੁਮ ਬਾਰੇ ਵੀ ਨਹੀਂ ਪਤਾ ਤਾਂ 'ਫੈਜ਼ਾ' ਜਾਂ 'ਜੁਨੈਦਾ' ਬਾਰੇ ਤਾਂ ਸ਼ਾਇਦ ਪੜਿਆ ਹੋਵੇ?
'ਮਰਿਅਮ' ਬਾਰੇ ਤਾਂ ਹੁਣ ਕਈ ਅਖ਼ਬਾਰਾਂ ਵਿਚ ਵੀ ਛਪ ਚੁੱਕਿਆ, ਜਿਸਨੇ ਦੱਸਿਆ ਸੀ ਕਿ ਉਸ ਨਾਲ ਦੀਆਂ ਕਈ ਸੈਂਕੜੇ ਹੋਰ 12 ਤੋਂ 21 ਸਾਲ ਦੀਆਂ ਕੁੜੀਆਂ ਲਗਾਤਾਰ ਚੁੱਕੀਆਂ ਜਾ ਰਹੀਆਂ ਹਨ ਤੇ ਅੱਗੋਂ ਧੜਾਧੜ ਵਿਕ ਰਹੀਆਂ ਹਨ ਤੇ ਮੋਲਕੀਆਂ ਦੀ ਬਾਜ਼ਾਰ ਵਿਚ ਕੀਮਤ ਲਗਾਤਾਰ ਵਧਦੀ ਹੀ ਜਾ ਰਹੀ ਹੈ! ਅਜਿਹੀਆਂ ਢੇਰਾਂ ਦੀਆਂ ਢੇਰ ਮੋਲਕੀਆਂ ਮਾਨਸਿਕ ਤੇ ਸਰੀਰਕ ਤਸ਼ੱਦਦ ਸਹਿ-ਸਹਿ ਕੇ ਲਗਾਤਾਰ ਬੱਚੇ ਜੰਮ-ਜੰਮ ਕੇ ਅਗਾਂਹ ਵਿਕਦੀਆਂ ਜਾ ਰਹੀਆਂ ਹਨ ਤੇ 32 ਸਾਲ ਦੀ ਉਮਰ ਪੂਰੀ ਹੋਣ ਤੱਕ ਲਗਭਗ ਹਰ ਇਕ ਜਾਂ ਦੋ ਸਾਲਾਂ ਬਾਅਦ ਅੱਗੋਂ ਫੇਰ ਵੇਚੀਆਂ ਜਾ ਰਹੀਆਂ ਹਨ।
ਹੱਦ ਤਾਂ ਇਹ ਹੈ ਕਿ ਪੰਚਾਇਤਾਂ ਤੇ ਪੁਲਿਸ ਨੂੰ ਇਸ ਸਾਰੇ ਧੰਦੇ ਦੀ ਪੂਰੀ ਖ਼ਬਰ ਹੈ, ਪਰ ਕੋਈ ਜ਼ਬਾਨ ਖੋਲ੍ਹਣ ਨੂੰ ਤਿਆਰ ਨਹੀਂ। ਆਪੋ ਆਪਣੇ ਕੰਮਾਂ ਵਿਚ ਰੁੱਝੇ ਲੋਕਾਂ ਲਈ ਇਹ ਆਮ ਜਿਹੀ ਹੀ ਗੱਲ ਬਣ ਚੁੱਕੀ ਹੈ ਤੇ ਕੋਈ ਵੀ ਆਪਣੇ ਆਲੇ-ਦੁਆਲੇ ਦਿਸ ਰਹੀਆਂ ਮੋਲਕੀਆਂ ਦੇ ਹੱਕਾਂ ਪ੍ਰਤੀ ਆਵਾਜ਼ ਕੱਢਣ ਨੂੰ ਤਿਆਰ ਨਹੀਂ। ਮੋਲਕੀਆਂ ਨੂੰ ਤਾਂ ਟੱਬਰਾਂ ਵਿਚ ਵੀ ਤ੍ਰਿਸਕਾਰ ਹੀ ਮਿਲਦਾ ਹੈ ਤੇ ਬੰਧੂਆ ਮਜ਼ਦੂਰਾਂ ਵਾਂਗ ਬਿਨਾਂ ਇਕ ਵੀ ਪੈਸਾ-ਧੇਲਾ ਦਿੱਤਿਆਂ ਉਨ੍ਹਾਂ ਤੋਂ ਦਿਨ-ਰਾਤ ਕੰਮ ਲਿਆ ਜਾਂਦਾ ਹੈ। ਸਰੀਰਕ ਸ਼ੋਸ਼ਣ ਦਾ ਤਾਂ ਕੋਈ ਹੱਦ-ਬੰਨਾ ਹੀ ਨਹੀਂ, ਕਿਉਂਕਿ ਉਹ ਖ਼ਰੀਦੀਆਂ ਹੀ ਬੱਚੇ ਜੰਮਣ ਲਈ ਹੁੰਦੀਆਂ ਹਨ। ਘਰ ਦੀ ਕਿਸੇ ਚੀਜ਼ 'ਤੇ ਮੋਲਕੀ ਦਾ ਹੱਕ ਨਹੀਂ ਹੁੰਦਾ। ਇੱਥੋਂ ਤਕ ਕਿ ਕੁੱਖੋਂ ਜੰਮੇ ਬੱਚੇ ਉੱਤੇ ਵੀ ਉਨ੍ਹਾਂ ਦਾ ਕੋਈ ਹੱਕ ਨਹੀਂ ਗਿਣਿਆ ਜਾਂਦਾ। ਕਾਨੂੰਨੀ ਤੌਰ 'ਤੇ ਵੀ ਉਨ੍ਹਾਂ ਨੂੰ ਕੋਈ ਹੱਕ ਨਹੀਂ ਮਿਲਦਾ, ਕਿਉਂਕਿ ਇਹ ਵਿਆਹ ਤਾਂ ਹੁੰਦਾ ਹੀ ਨਹੀਂ, ਸਿਰਫ਼ ਗੈਰ-ਕਾਨੂੰਨੀ ਤੌਰ ਉੱਤੇ ਹੋਈ ਖ਼ਰੀਦੋ-ਫਰੋਖ਼ਤ ਹੀ ਹੁੰਦੀ ਹੈ।
ਜ਼ਿਆਦਾਤਰ ਤਾਂ ਮੋਲਕੀਆਂ ਬੰਗਾਲ ਦੀਆਂ ਮੁਸਲਿਮ ਔਰਤਾਂ ਹੀ ਹੁੰਦੀਆਂ ਹਨ। ਬਿਹਾਰ ਤੇ ਅਸਾਮ ਤੋਂ ਵੀ ਬਥੇਰੀਆਂ ਬੱਚੀਆਂ ਚੁੱਕ ਕੇ ਵੇਚੀਆਂ ਜਾ ਰਹੀਆਂ ਹਨ। ਕੁੜੀਆਂ ਦੀ ਘਾਟ ਕਾਰਨ ਪੂਰੇ ਹਰਿਆਣੇ ਤੇ ਪੰਜਾਬ ਵਿਚ ਵੀ ਕਈ ਥਾਈਂ ਮੋਲਕੀਆਂ ਦਿਸਣ ਲੱਗ ਪਈਆਂ ਹਨ। 
29 ਸਾਲਾ ਬੰਗਾਲ ਦੀ Ḕਮਰਿਅਮ' ਦੀ ਕਹਾਣੀ ਵੀ ਬਾਕੀਆਂ ਤੋਂ ਵੱਖਰੀ ਨਹੀਂ। ਉਸ ਨੂੰ ਵੀ 13 ਸਾਲ ਦੀ ਨੂੰ ਉਸ ਦੀ ਆਂਟੀ ਨੇ ਵੇਚ ਦਿੱਤਾ ਸੀ। ਅੱਗੋਂ ਚਾਰ ਵਾਰ ਉਹ ਹੋਰ ਵਿਕੀ। ਉਸ ਦੇ ਤਿੰਨ ਬੱਚੇ ਪੈਦਾ ਹੋਏ। ਰੋਜ਼ ਰਾਤ ਨਵਾਂ ਗਾਹਕ ਲੱਭ ਕੇ ਉਸ ਕੋਲ ਧੱਕ ਦਿੱਤਾ ਜਾਂਦਾ ਸੀ ਤੇ ਉਸ ਦੇ ਜਿਸਮ ਤੋਂ ਚੰਮ ਨੋਚ ਕੇ ਇਕੱਠੇ ਕੀਤੇ ਪੈਸਿਆਂ ਨਾਲ ਹੀ ਘਰ ਦਾ ਖ਼ਰਚਾ ਚੱਲਦਾ ਸੀ।
ਮਰਿਅਮ ਨੂੰ ਤਾਂ ਜਦੋਂ ਇੱਕ ਐਨਜੀਓ ਨੇ ਬਚਾਇਆ ਤਾਂ ਉਹ ਮੀਡੀਆ ਅੱਗੇ ਫੁੱਟ-ਫੁੱਟ ਕੇ ਰੋਈ ਤੇ ਬੋਲੀ, ''ਇਸ ਦੁਨੀਆ ਵਿਚ ਔਰਤ ਪੈਦਾ ਹੋਣਾ ਹੀ ਇਕ ਜੁਰਮ ਹੈ। ਪਰ, ਮੋਲਕੀਆਂ ਦੀ ਤਾਂ ਕੋਈ ਦੁਨੀਆ ਹੁੰਦੀ ਹੀ ਨਹੀਂ। ਉਨ੍ਹਾਂ ਲਈ ਤਾਂ ਸਿਰਫ਼ ਤੇ ਸਿਰਫ਼ ਨਰਕ ਹੀ ਹੈ ਚੁਫ਼ੇਰੇ।''
ਮੇਵਾਤ ਦੇ ਪੁਲਿਸ ਮੁਖੀ ਸੁਖਬੀਰ ਸਿੰਘ ਨੇ ਮੀਡੀਆ ਕਰਮੀਆਂ ਦੇ ਸਵਾਲਾਂ ਦੇ ਜਵਾਬ ਵਿਚ ਦੱਸਿਆ ਕਿ ਅਜਿਹੇ ਕੇਸ ਵਾਕਈ ਸੈਂਕੜਿਆਂ ਦੀ ਗਿਣਤੀ ਵਿਚ ਹਨ, ਪਰ ਕਿਤਿਓਂ ਕੋਈ ਸ਼ਿਕਾਇਤ ਹੀ ਨਹੀਂ ਹੁੰਦੀ ਤਾਂ ਕੀ ਕਰੀਏ!
ਇੰਨੇ ਮਾੜੇ ਹਾਲਾਤ ਵਿਚ ਨਰਕ ਭੋਗਦੀਆਂ ਮੋਲਕੀਆਂ ਲਈ ਵੀ ਰੱਬ ਨੇ ਰਹਿਮ ਦਿਲ ਬੰਦੇ ਭੇਜ ਛੱਡੇ ਹੋਏ ਹਨ। ਭਾਵੇਂ ਇੱਕਾ-ਦੁੱਕਾ ਹੀ ਕੇਸ ਸਾਹਮਣੇ ਆਏ ਹਨ, ਪਰ ਫਿਰ ਵੀ ਕਈ ਛੁੱਟੜਾਂ ਨੇ ਆਪਣੇ ਹੱਥ ਅੱਗੇ ਵਧਾ ਕੇ ਕੁਝ ਇਕ ਮੋਲਕੀਆਂ ਨਾਲ ਘਰ ਵਸਾਏ ਹਨ। ਇਕ ਐਨਜੀਓ ਵੀ ਇਨ੍ਹਾਂ ਮੋਲਕੀਆਂ ਦੀ ਮਦਦ ਲਈ ਅਗਾਂਹ ਵਧੀ ਹੈ।
ਕੀ ਇਹ ਕੁਫ਼ਰ ਨਹੀਂ ਕਿ ਇਕ ਪਾਸੇ ਕੁੱਖ ਵਿਚ ਹੋ ਰਹੇ ਬੱਚੀਆਂ ਦੇ ਕਤਲ, ਫੇਰ ਬਾਲੜੀਆਂ ਦੇ ਸਮੂਹਿਕ ਬਲਾਤਕਾਰ, ਫੇਰ ਤੇਜ਼ਾਬ ਸੁੱਟਣ ਦੀਆਂ ਦਿਨੋ ਦਿਨ ਵਧਦੀਆਂ ਘਟਨਾਵਾਂ ਤੇ ਦਾਜ ਖ਼ਾਤਰ ਸਾੜਨਾ ਤੇ ਘਰੇਲੂ ਹਿੰਸਾ। ਦੂਜੇ ਪਾਸੇ ਮੋਲਕੀਆਂ ਤੇ ਮਨੁੱਖੀ ਤਸਕਰੀ ਤਹਿਤ ਸਰਹੱਦਾਂ ਤੋਂ ਪਾਰ ਭੇਜੀਆਂ ਜਾ ਰਹੀਆਂ ਨਾਬਾਲਗ਼ ਬੱਚੀਆਂ ਦੀ ਗਿਣਤੀ ਵਿਚ ਦਿਨੋ-ਦਿਨ ਵਾਧਾ, ਪਤੀ ਦੀ ਮੌਤ ਤੋਂ ਬਾਅਦ ਦੀ ਖ਼ੌਫਨਾਕ ਜ਼ਿੰਦਗੀ ਤੇ ਅਜਿਹੀਆਂ ਵਿਧਵਾ ਔਰਤਾਂ ਦਾ ਵਰਿੰਦਾਵਨ ਵਿਚ ਮਰਨ ਤੋਂ ਬਾਅਦ ਸਰੀਰ ਦੇ ਟੋਟੇ ਕਰਕੇ ਰੂੜੀ ਉੱਤੇ ਸੁੱਟ ਦੇਣਾ!
ਕੀ ਵਾਕਈ ਇਹ ਸਭ ਜਾਣ ਲੈਣ ਬਾਅਦ ਜਾਪਦਾ ਹੈ ਕਿ ਇਹ ਧਰਤੀ ਔਰਤਾਂ ਲਈ ਜਿਉਣ ਜੋਗੀ ਰਹਿ ਗਈ ਹੈ? ਕੀ ਸਚਮੁੱਚ ਔਰਤ ਹੋਣਾ ਇੰਨਾ ਭਿਆਨਕ ਗੁਨਾਹ ਬਣ ਚੁੱਕਿਆ ਹੈ? ਨਾ ਕੁੱਖ, ਨਾ ਘਰ, ਨਾ ਸਕੂਲ, ਨਾ ਹਸਪਤਾਲ, ਨਾ ਕੰਮ-ਕਾਰ ਦੀ ਥਾਂ 'ਤੇ, ਕੋਈ ਦੱਸੇ ਤਾਂ ਸਹੀ ਕਿ ਕਿਹੜੀ ਥਾਂ ਔਰਤ ਜਾਤ ਲਈ ਸੁਰੱਖਿਅਤ ਹੈ?
ਜੇ ਹਾਲੇ ਵੀ ਇਸ ਸਮਾਜ ਨੂੰ ਆਪਣਾ ਅਸਲੀ ਨੰਗਾ ਚਿਹਰਾ ਨਹੀਂ ਦਿਸਦਾ ਤਾਂ ਕਾਰਨ ਇਹੀ ਹੈ ਕਿ ਯਕੀਨਨ ਇਹ ਚਿਹਰਾ ਵੇਖਣ ਯੋਗ ਹੀ ਨਹੀਂ ਹੈ। ਕਿਤੇ ਤਾਂ ਬਸ ਕਰਨੀ ਹੀ ਪਵੇਗੀ। ਕੋਈ ਤਾਂ ਕਹੇ ਕਿ ਬਸ ਹੁਣ ਹੋਰ ਨਹੀਂ!

ਇਸ ਦੇਸ਼ ਵਿਚ ਆਵਾਰਾ ਕੁੱਤਿਆਂ ਨੂੰ ਨਾ ਮਾਰਨ ਲਈ ਕਾਨੂੰਨ ਬਹੁਤ ਅਸਰਦਾਰ ਸਾਬਤ ਹੋ ਗਏ ਹਨ, ਪਰ ਔਰਤ ਜਾਤ ਦੀ ਰਾਖੀ ਲਈ ਇਹ ਸਾਰੇ ਕਾਨੂੰਨ ਕਿਉਂ ਫੇਲ੍ਹ ਹੋ ਗਏ ਹਨ? ਕੀ ਇਹ ਜਾਤ ਜਾਨਵਰਾਂ ਤੋਂ ਵੀ ਬਦਤਰ ਸਮਝੀ ਜਾ ਰਹੀ ਹੈ? ਕੀ ਔਰਤ ਦੇ ਕੁੱਖੋਂ ਹੁਣ ਇਨਸਾਨ ਘੱਟ ਤੇ ਹੈਵਾਨ ਵੱਧ ਜੰਮਣ ਲੱਗ ਪਏ ਹਨ? ਇਨ੍ਹਾਂ ਮੋਲਕੀਆਂ ਦੇ ਸਵਾਲਾਂ ਦੇ ਕੋਈ ਜਵਾਬ ਦੇਣਾ ਚਾਹੇਗਾ?                         (ਦੇਸ਼ ਸੇਵਕ ਚੋਂ ਧੰਨਵਾਦ ਸਹਿਤ) 
ਫੋਨ : 0175-2216783


ਸੁਖਿੰਦਰ ਵੱਲੋਂ ਇੱਕ ਹੋਰ ਸਾਰਥਕ ਉਪਰਾਲਾ


ਜਾਰੀ ਹੈ ਸ਼ਹੀਦਾਂ ਦੀ ਯਾਦ ਵਿੱਚ ਮੇਲਿਆਂ ਦਾ ਆਯੋਜਨ


No comments: