Wednesday, August 08, 2012

ਕੁਲਵੰਤ ਸਿੰਘ ਢੇਸੀ, ਕਾਵੈਂਟਰੀ, ਯੂ ਕੇ. ਤੋਂ ਵਿਸ਼ੇਸ਼

ਸਰਬਤ ਦਾ ਭਲਾ ਮੰਗਣ ਵਾਲੇ ਸਿੱਖਾਂ ਤੇ ਇੱਕ ਹੋਰ ਕਹਿਰ ਆਖਿਰ ਕਿਓਂ ?
ਕੁਲਵੰਤ ਸਿੰਘ ਢੇਸੀ, ਕਾਵੈਂਟਰੀ, ਯੂ ਕੇ. 
Kulwantsinghdhesi@hotmail.com
ਅਮਰੀਕਾ ਵਿਚ ਮਿਲਵਾਕੀ ਨੇਡ਼ੇ ਵਿਸਕਾਂਸਿਨ ਦੇ ਓਕ ਕਰੀਕ ਸ਼ਹਿਰ ਦੇ ਗੁਰਦੁਆਰੇ ਵਿਚ ਘੁਸ ਕੇ ਕਿਸੇ ਸਿਰ ਫਿਰੇ ਵਿਅਕਤੀ ਵਲੋਂ ਕੀਤੀ ਗਈ ਅੰਨ੍ਹੇ ਵਾਹ ਸ਼ੂਟਿੰਗ ਵਿਚ ਛੇ ਸਿੱਖ ਮਾਰੇ ਗਏ ਹਨ ਅਤੇ ਅਨੇਕਾਂ ਜ਼ਖਮੀ ਹੋਏ ਹਨ ਜਿਹਨਾਂ ਵਿਚ ਕਿ ਤਿੰਨ ਸ਼ਰਧਾਲੂ ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ । ਇਸ ਹਮਲੇ ਵਿਚ ਇੱਕ ਪੁਲਸ ਵਾਲਾ ਵੀ ਹਮਲਾਵਰ  ਦੀ ਗੋਲੀ ਨਾਲ ਬੁਰੀ ਤਰਾਂ ਜ਼ਖਮੀ ਹੋਇਆ ਹੈ ਜਦ ਕਿ ਹਮਲਾਵਰ ਖੁਦ ਵੀ ਮਾਰਿਆ ਗਿਆ ਹੈ । ਐਤਵਾਰ ਪੰਜ ਅਗਸਤ ਸਵੇਰੇ ਸਾਢੇ ਦਸ ਵਜੇ ਹੋਈ ਇਸ ਖੂਨੀ ਘਟਨਾਂ ਨੇ ਦੁਨੀਆਂ ਭਰ ਦੇ ਸਿੱਖਾਂ ਅਤੇ ਅਮਨ ਪਸੰਦ ਲੋਕਾਂ ਨੂੰ ਬੁਰੀ ਤਰਾਂ ਨਾਲ ਝੰਜੋਡ਼ਿਆ ਹੈ । ਸਿੱਖਾਂ ਵਰਗੇ ਅਮਨ ਪਸੰਦ ਲੋਕਾਂ ਦੇ ਧਾਰਮਕ ਅਸਥਾਨ ਤੇ ਆਖਿਰ ਇਸ ਤਰਾਂ ਦਾ ਖੂਨੀ ਹਮਲਾ ਕਿਓਂ ਕੀਤਾ ਗਿਆ ਹੈ। ਅੱਜ ਇਹ ਸਵਾਲ ਹਰ ਵਿਅਕਤੀ ਤੋਂ ਜਵਾਬ ਮੰਗਦਾ ਹੈ। 
ਅਮਰੀਕਾ ਵਿਚ ਸਿੱਖਾਂ ਨਾਲ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਸਗੋਂ ਇਸ ਤਰਾਂ ਦੇ ਹਮਲੇ ਸਤੰਬਰ ਗਿਆਰਾਂ ਤੋਂ ਲਗਾਤਾਰ ਸਿੱਖਾਂ ਤੇ ਹੋ ਰਹੇ ਹਨ। ਇਸ ਤੋਂ ਪਹਿਲਾਂ ਸਿੱਖਾਂ ਤੇ ਹੋ ਰਹੇ ਹਮਲੇ ਅਕਸਰ ਗਲਤ ਪਛਾਣ ਦੇ ਨਤੀਜੇ ਵਜੋਂ ਹੁੰਦੇ ਰਹੇ ਹਨ ਕਿਓਂਕਿ ਗੈਰ ਸਿੱਖ ਸਿੱਖਾਂ ਨੂੰ ਮੁਸਲਮਾਨ ਸਮਝਣ ਦਾ ਅਕਸਰ ਭੁਲੇਖਾ ਖਾ ਜਾਂਦੇ ਹਨ। ਜਦੋਂ ਤੋਂ ਓਸਾਮਾ ਬਿਨ ਲਾਦਿਨ ਦੀ ਸ਼ਕਲ ਦੁਨੀਆਂ ਨੇ ਮੀਡੀਏ ਵਿਚ ਦੇਖੀ ਹੈ ਉਦੋਂ ਤੋਂ ਹੀ ਹਰ ਦਾਹਡ਼ੀ ਅਤੇ ਪਗਡ਼ੀ ਵਾਲਾ ਉਹਨਾਂ ਲਈ ਦਹਿਸ਼ਤ ਗਰਦ ਬਣਿਆਂ ਹੋਇਆ ਹੈ ਜਦ ਕਿ ਕੇਸ ਅਤੇ ਦਾਹਡ਼ੀ ਸਿੱਖ ਪਛਾਣ ਦਾ ਵੀ ਅਹਿਮ ਅੰਗ ਹੈ। ਇਹ ਵੱਖਰੀ ਗੱਲ ਹੈ ਕਿ ਅਮਰੀਕਾ ਵਿਚ ਹਾਲ ਹੀ ਵਿਚ ਹੋਏ ਹਮਲੇ ਦਾ ਸਬੰਧ ਗਲਤ ਪਛਾਣ ਨਾਲ ਨਹੀਂ ਹੈ ਸਗੋਂ ਇਸ ਵਾਰੀ ਅਲਗ ਕਿਸਮ ਦੀਆਂ ਕਿਆਸ ਅਰਾਈਂਆਂ ਸੁਣਨ ਨੂੰ ਮਿਲ ਰਹੀਆਂ ਹਨ।   Kulwantsinghdhesi@hotmail.com

ਅੱਜ ਦੁਨੀਆਂ ਭਰ ਦੇ ਸਿੱਖ ਪਛਮੀਂ ਦੇਸ਼ਾਂ ਵਿਚ ਆਪਣੇ ਗੁਰਦੁਆਰਿਆਂ ਵਿਚ ਸਕਿਓਰਿਟੀ ਦੇ ਮੁੱਦੇ ਨੂੰ ਲੈ ਕੇ ਬਹੁਤ ਚਿੰਤਾਤੁਰ ਹਨ ਅਤੇ ਮੇਰੇ ਵਲੋਂ ਟੀ ਵੀ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਹੋਈ ਗਲਬਾਤ ਦੌਰਾਨ ਗਿ: ਗੁਰਬਚਨ ਸਿੰਘ ਖਾਲਸਾ ਨੇ ਵੀ ਪੰਜਾਬੋਂ ਬਾਹਰ ਵਸਦੇ ਸਿੱਖ ਜਗਤ ਨੂੰ ਇਹ ਹੀ ਸੁਝਾਅ ਦਿੱਤਾ ਹੈ ਕਿ ਉਹ ਆਪਣੇ ਗੁਰਦੁਆਰਿਆਂ ਵਿਚ ਸ਼੍ਰੋਮਣੀ ਕਮੇਟੀ ਦੀ ਤਰਜ਼ ‘ਤੇ ਸੁਰੱਖਆ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਤਾਂ ਕਿ ਭਵਿੱਖ ਵਿਚ ਇਸ ਤਰਾਂ ਦੀ ਕਿਸੇ ਵੀ ਮੰਦਭਾਗੀ ਘਟਨਾਂ ਤੋਂ ਬਚਿਆ ਜਾਵੇ।
ਸੋਮਵਾਰ ਛੇ ਅਗਸਤ ਨੂੰ ਸੰਗਤ ਟੀ ਵੀ ਤੇ ਮੇਰੇ ਵਲੋਂ ਕੀਤੇ ਜਾ ਰਹੇ ਇੱਕ ਸ਼ੋ ਦੌਰਾਨ ਇਟਲੀ ਤੋਂ ਕਈ ਸਿੱਖਾਂ ਦਾ ਇਹ ਖਿਆਲ ਸੀ ਕਿ ਦੁਨੀਆਂ ਨੂੰ ਹੁਣ ਪਤਾ ਹੈ ਕਿ ਸਿੱਖ ਕੌਣ ਹਨ ਅਤੇ ਇਹ ਹਮਲਾ ਗਲਤ ਪਛਾਣ ਦਾ ਨਹੀਂ ਸਗੋਂ ਕਿਸੇ ਗਿਣੀ ਮਿਥੀ ਸਾਜਸ਼ ਅਧੀਨ ਕੀਤਾ ਗਿਆ ਹੈ। ਬਹੁਤ ਸਾਰੇ ਦਰਸ਼ਕਾਂ ਨੇ ਇਹ ਵੀ ਕਿਹਾ ਕਿ ਅਸੀਂ ਤਾਂ ਅਜੇ ਵੀ ਦੁਨੀਆਂ ਨੂੰ ਇਹ ਨਹੀਂ ਸਮਝਾ ਸਕੇ ਕਿ ਸਿੱਖ ਕੌਣ ਹਨ ਅਤੇ ਸਾਡੇ ਵਲੋਂ ਕੀਤੇ ਜਾ ਰਹੇ ਨਗਰ ਕੀਰਤਨਾਂ ਅਤੇ ਮੁਜ਼ਾਹਰਿਆਂ ਵਿਚ ਸ਼ਸਤਰਾਂ ਦੇ ਜੌਹਰ ਅਤੇ ਜੈਕਾਰਿਆਂ ਦੀਆਂ ਗੂੰਜਾਂ ਵੀ ਸਾਡੇ ਅਮਨ ਪਸੰਦ ਸ਼ਹਿਰੀ ਹੋਣ ਦਾ ਸੰਕਤੇ ਨਹੀਂ ਦਿੰਦਆਂ ਸਗੋਂ ਉਲਟ ਪ੍ਰਭਾਵੀ ਹੁੰਦੀਆਂ ਹਨ। ਇਹ ਗੱਲ ਸਮਝਣ ਵਾਲੀ ਹੈ ਕਿ ਬਰਤਾਨੀਆਂ ਵਰਗੇ ਦੇਸ਼ ਵਿਚ ਨਸਲਵਾਦੀਆਂ ਲਈ ਹਰ ਭੂਰਾ ਵਿਅਕਤੀ ‘ਪਾਕੀ’ ਹੈ ਅਤੇ ਪਾਕੀ ਤੋਂ ਭਾਵ ਮਹਿਜ਼ ਪਾਕਿਸਤਾਨੀ ਨਹੀਂ ਸਗੋਂ ਇਹ ਨਸਲਵਾਦੀਆਂ ਵਲੋਂ ਸਾਨੂੰ ਦਿੱਤੀ ਗਈ ਇੱਕ ਗਾਲ ਹੀ ਹੁੰਦੀ ਹੈ। ਇਹ ਵੀ ਸੋਚਣ ਵਾਲੀ ਗੱਲ ਹੈ ਕਿ ਇਸ ਦੇਸ਼ ਵਿਚ ਸੰਨ ਚੁਰਾਸੀ ਤੋਂ ਸਿੱਖ ਜਥੇਬੰਦੀਆਂ ਹਰ ਸਾਲ ਲੱਖਾਂ ਪੌਂਡ ਲੰਡਨ ਹਾਈਡ ਪਾਰਕ ਦੇ ਮੁਜਾਹਰੇ ਤੇ ਖਰਚ ਕਰਦੀਆਂ ਹਨ, ਜਿਸ ਸਬੰਧੀ ਇਥੋਂ ਦੇ ਮੇਨ ਮੀਡੀਏ ਵਲੋਂ ਨਾਂ ਹੋਣ ਜਹੀ ਕਵਰੇਜ ਦਿੱਤੀ ਜਾਂਦੀ ਹੈ ਅਤੇ ਸਿੱਖ ਲੋਕ ਗੈਰ ਸਿੱਖਾਂ ਦੀ ਨਿਗ੍ਹਾ ਵਿਚ ਜਿਓਂ ਦੀ ਤਿਓਂ ‘ਪਾਕੀ’ ਹੀ ਬਣੇ ਰਹਿੰਦੇ ਹਨ। ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਮਰੀਕਾ ਵਿਚ ਹਰ ਸਾਲ ਹੁੰਦੀ ਸਿੱਖ ਪਰੇਡ ਵੀ ਸ਼ਾਇਦ ਹੀ ਸਿੱਖਾਂ ਦੀ ਅਮਰੀਕਾ ਵਿਚ ਸਹੀ ਪਛਾਣ ਬਹਾਲ ਕਰਨ ਵਿਚ ਸਹਾਈ ਹੁੰਦੀ ਹੋਵੇ ਅਤੇ ਅੱਜ ਜਿਥੇ ਤਤਕਾਲੀ ਹਮਲੇ ਦੇ ਕਾਰਨਾਂ ਬਾਬਤ ਸਿੱਖ ਸੰਸਾਰ ਚਿੰਤਤ ਹੈ, ਉਥੇ ਸਾਡੀ ਵੱਖਰੀ ਪਛਾਣ ਅਤੇ ਸਰਬਤ ਦੇ ਭਲੇ ਦੇ ਅਸੂਲਾਂ ਬਾਬਤ ਦੁਨੀਆਂ ਨੂੰ ਜਾਣੂ ਕਰਵਾਉਣ ਦਾ ਮੁੱਦਾ ਵੀ ਮੁਡ਼ਕੇ ਗਰਮ ਹੋਇਆ ਹੈ।

ਇੰਟਰਨੈਟ (ਯੂ ਟਿਊਬ) ਤੇ ਸਾਨੂੰ ਕੁਝ ਐਸੇ ਸੁਨੇਹੇ ਵੀ ਮਿਲੇ ਹਨ ਕਿ ਅਮਰੀਕਾ ਵਿਚਲਾ ਹਮਲਾ ਕਿਸੇ ਕੱਟਡ਼ਪੰਥੀ ਅੱਤਵਾਦੀ ਗਰੋਹ ਵਲੋਂ ਗਿਣ ਮਿਥ ਕੇ ਕੀਤਾ ਗਿਆ ਹੈ ਜਦ ਕਿ ਹਮਲਾਵਰ ਬਾਰੇ ਹੁਣ ਤਕ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉਹ ਇਕ ਦਿਮਾਗੀ ਤੌਰ ਤੇ ਅਸੰਤੁਲਤ ਵਿਅਕਤੀ ਸੀ ਜਿਸ ਨੂੰ ਅਮਰੀਕੀ ਫੌਜ ਵਿਚੋਂ ਇਸੇ ਕਾਰਨ ਹੀ ਕੱਢਿਆ ਗਿਆ ਸੀ । ਇਸ ਸਬੰਧੀ ਵੱਡਾ ਸਵਾਲ ਇਹ ਹੈ ਕਿ ਜੇਕਰ ਉਹ ਫੌਜ ਵਿਚੋਂ ਕੱਢਿਆ ਗਿਆ ਪਾਗਲ ਵਿਅਕਤੀ ਸੀ ਤਾਂ ਸਰਕਾਰ ਨੇ ਉਸ ਨੂੰ ਹਥਿਆਰ ਰੱਖਣ ਦੀ ਕਿਵੇਂ ਇਜਾਜ਼ਤ ਦੇ ਦਿੱਤੀ ? ਸੀ ਐਨ ਐਨ ਦੀਆਂ ਖਬਰਾਂ ਵਿਚ ਇਹ ਸਾਫ ਸਾਫ ਕਿਹਾ ਗਿਆ ਹੈ ਕਿ ਹਮਲਾਵਰ ਨੇ ਇਹ ਹਮਲਾ ਆਪਣੀ ਲਾਇਸੰਸੀ ਗੰਨ ਨਾਲ ਹੀ ਕੀਤਾ ਸੀ । ਇਥੇ ਇਹ ਵੀ ਜ਼ਿਕਰ ਯੋਗ ਹੈ ਕਿ ਅਮਰੀਕਾ ਜਿਸ ਨੇ ਦੁਨੀਆਂ ਭਰ ਵਿਚ ਮਾਰਧਾਡ਼ ਅਤੇ ਬਿਖੇਵਾਸ਼ਨਾਂ ਵਾਲਾ ਸਭਿਆਚਾਰ ਸਥਾਪਤ ਕਰਨ ਵਿਚ ਪਹਿਲ ਕਦਮੀ ਕੀਤੀ ਹੈ ਖੁਦ ਵੀ ਇਸ ਤਰਾਂ ਦੇ ਪਾਗਲਪਨ ਦਾ ਬੁਰੀ ਤਰਾਂ ਸ਼ਿਕਾਰ ਹੋ ਰਿਹਾ ਹੈ। ਆਏ ਦਿਨ ਸਕੂਲਾਂ , ਹਸਪਤਾਲਾਂ ਅਤੇ ਹੋਰ ਜਨਤਕ ਥਾਵਾਂ ਤੇ ਇਹੋ ਜਹੇ ਹਮਲਿਆਂ ਬਾਬਤ ਖਬਰਾਂ ਸੁਣਨ ਦੇਖਣ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ।
ਇਸ ਘਟਨਾਂ ਤੋਂ ਬਾਅਦ ਜਿਥੇ ਦੁਨੀਆਂ ਭਰ ਦੇ ਸਿੱਖਾਂ ਨੇ ਟੈਲੀਫੂਨ ਸੁਨੇਹੇ ਭੇਜ ਕੇ ਅਤੇ ਇੰਟਰਨੈਟ ਰਾਹੀਂ ਇੱਕ ਦੂਸਰੇ ਨੂੰ ਜਾਣੂ ਕਰਵਾਇਆ ਉਥੇ ਅਮਰੀਕਾ ਸਥਿਤ ਸਿੱਖ ਜਥੇਬੰਦੀਆਂ ਵਿਚ ਵੀ ਹਰਕਤ ਵਿਚ ਆਈਆਂ ਹਨ। ਅਮਰੀਕਾ ਦੀ ਮਨੁੱਕੀ ਅਧਿਕਾਰ ਸੰਸਥਾ ਵਲੋਂ ਬਹਾਦਰ ਪੁਲਸ ਅਫਸਰ ਨੂੰ ਦਸ ਹਜ਼ਾਰ ਡਾਲਰ ਅਤੇ ਬਹਾਦਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਕੌਮਾਂਤਰੀ ਤੌਰ ਤੇ ਬਹੁ ਚਰਚਿਤ ਯੁਨਾਇਟਿਡ ਸਿੱਖਸ ਨਾਮ ਦੀ ਜਥੇ ਬੰਦੀ ਵਲੋਂ ਹੇਠ ਲਿਖੇ ਕਦਮ ਚੁੱਕੇ ਗਏ ਹਨ—
ਯੂਨਾਇਟਿਡ ਸਿੱਖਸ ਦੀ ਐਮਰਜੈਂਸੀ ਟੀਮ ਨੇ ਹਮਲੇ ਤੋਂ ਤਤਕਾਲ ਮਗਰੋਂ ਘਟਨਾ ਸਥਾਨ ਤੇ ਪਹੁੰਚ ਕੇ ਇਸ ਦੁਖਾਂਤ ਤੋਂ ਪ੍ਰਭਾਵਤ ਪਰਿਵਾਰਾਂ ਨੂੰ ਰਾਹਤ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ।
ਇਸ ਤਰਾਂ ਦੇ ਜਨੂੰਨੀ ਅਤੇ ਪਾਗਲਪਨ ਵਾਲੇ ਹਮਲਿਆਂ ਤੋਂ ਭਵਿੱਖ ਵਿਚ ਬਚਣ ਲਈ ‘ਆਈ ਪਲੈਜ ਅਗੇਂਸਟ ਹੇਟ ਕਰਾਈਮ’ (I Pledge against hate crime) ਨਾਮੀ ਲਹਿਰ ਚਲਾਈ ਗਈ ਹੈ।
ਟਰੋਮਾਂ ਕੌਂਸਲਰਾਂ ਦਾ ਇੰਤਜਾਮ ਕੀਤਾ ਗਿਆ ਹੈ ਜੋ ਕਿ ਬੁੱਧਵਾਰ ਅੱਠ ਅਗਸਤ ਨੂੰ ਕਰੀਕ ਪਹੁੰਚ ਕੇ ਮਾਨਸਿਕ ਤੌਰ ਤੇ ਪ੍ਰਭਾਵਤ ਪਰਿਵਾਰਾਂ ਦੀ ਮਦਤ ਕਰਨਗੇ।
ਇੱਕ ਟਾਸਕ ਫੋਰਸ ਬਣਾਈ ਗਈ ਹੈ ਜੋ ਕਿ ਅਮਰੀਕਾ ਦੀਆਂ ਕਾਨੂੰਨੀ ਏਜੰਸੀਆਂ ਨਾਲ ਤਾਲਮੇਲ ਕਰਕੇ ਲੋਕਾਂ ਦਾ ਅਮਨ ਕਾਨੂੰਨ ਵਿਚ ਯਕੀਨ ਬਹਾਲ ਕਰਨ ਵਿਚ ਮੱਦਤ ਕਰੇਗੀ।
ਯੂਨਾਇਟਿਡ ਸਿਖਸ ਵਲੋਂ ਇਸ ਘਟਨਾਂ ਤੋਂ ਬਾਅਦ ਮੀਡੀਆ ਅਤੇ ਕਮਿਉਨਿਟੀ ਆਗੂਆਂ ਨਾਲ ਲਗਾਤਾਰ ਤਾਲ ਮੇਲ ਕੀਤਾ ਗਿਆ ਹੈ ਤਾਂ ਕਿ ਨਾਂ ਸਿਰਫ ਇਸ ਘਟਨਾਂ ਸਬੰਧੀ ਹੀ ਸਗੋਂ ਸਿੱਖ ਪੰਥ ਸਬੰਧੀ ਸਹੀ ਅਤੇ ਵਾਜਬ ਜਾਣਕਾਰੀ ਦਿੱਤੀ ਜਾ ਸਕੇ।
ਇਸ ਘਟਨਾਂ ਤੋਂ ਪ੍ਰਭਾਵਤ ਲੋਕਾਂ ਦੀ ਸਹਾਇਤਾ ਲਈ ਇਕ ਨੈਸ਼ਨਲ ਹੈਲਪ ਲਾਈਨ ਚਾਲੂ ਕੀਤੀ ਗਈ ਹੈ ਜਿਸ ਦਾ ਨੰਬਰ ਇਹ ਹੈ----------- 1-855-US-UMEED  (  1-855-878-6333 )
ਘਟਨਾਂ ਕ੍ਰਮ ਵਾਲੀ ਜਗ੍ਹਾ ਤੇ ਇੰਟਰਫੇਥ ਭਾਈਚਾਰੇ ਵਲੋਂ ਅਰਦਾਸ ਅਤੇ ਕੈਂਡਲ ਵਿਜਲ ਦੀ ਹਮਦਰੀ ਕਰਨ ਲਈ ਲੋਡ਼ੀਂਦਾ ਤਾਲਮੇਲ ਕੀਤਾ ਗਿਆ ਹੈ।
ਕਮਿਊਨਿਟੀ ਸੇਫਟੀ ਭਾਵ ਕਿ ਭਾਈਚਾਰੇ ਦੀ ਸੁਰੱਖਿਆ ਸਬੰਧੀ ‘ਟੂਲ ਕਿਟ’ ਜਾਰੀ ਕਰਕੇ ਇੱਕ ਐਕਸ਼ਨ ਪਲੈਨ ਵੀ ਦਿੱਤਾ ਗਿਆ ਹੈ ਤਾਂ ਕਿ ਭਵਿੱਖ ਵਿਚ ਇਸ ਕਿਸਮ ਦੇ ਹਾਲਾਤਾਂ ਤੋਂ ਬਚਿਆ ਜਾ ਸਕੇ।
ਅਸੀਂ ਇਸ ਜਥੇਬੰਦੀ ਦੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਦੁਨੀਆਂ ਭਰ ਦੇ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਯੂਨਾਇਟਿਡ ਸਿੱਖਸ ਦੇ ਸਾਈਟ ਤੇ ਜਾ ਕੇ ਉਹਨਾਂ ਦੇ ਪ੍ਰੋਗ੍ਰਾਮਾਂ ਬਾਬਤ ਜਾਣਕਾਰੀ ਪ੍ਰਾਪਤ ਕਰਨ ਕਿਓਂਕਿ ਅੱਜੋਕੇ ਮੰਦਵਾਡ਼ੇ ਵਿਚ ਵਧ ਰਹੇ ਜੁਰਮਾਂ ਅਤੇ ਨਸਲਵਾਦੀ ਲੋਕਾਂ ਨਾਲ ਸਿੱਝਣ ਲਈ ਭਾਈਚਾਰਾ ਆਪਣੀ ਰੱਖਿਆ ਆਪ ਕਰ ਸਕੇ ਅਤੇ ਦੁਨੀਆਂ ਨੂੰ ਨਵੇਂ ਸਿੱਖ ਧਰਮ ਅਤੇ ਉਸ ਦੀਆਂ ਮਾਨਵੀ ਕਦਰਾਂ ਕੀਮਤਾਂ ਬਾਬਤ ਜਾਣੂ ਕਰਵਾ ਸਕੇ।

ਸਿੱਖ ਕੌਂਸਲ ਯੂ ਕੇ ਦੇ ਸੈਕਟਰੀ ਜਨਰਲ ਸ: ਗੁਰਮੇਲ ਸਿੰਘ ਕੰਦੋਲਾ ਨੇ ਘਟਨਾਂ ਤੋਂ ਫੋਰਨ ਬਾਅਦ ਅਮਰੀਕਨ ਅੰਬੈਸੀ ਨੂੰ ਖਤ ਲਿਖ ਕੇ ਆਪਣਾ ਕਨਸਰਨ ਜਾਹਰ ਕੀਤਾ ਸੀ ਜਿਸ ਦੇ ਜਵਾਬ ਵਿਚ ਅਮਰੀਕਨ ਅੰਬੈਸਡਰ ਨੇ ਲਿਖਿਆ ਹੈ -   ‘ਧਾਰਮਕ ਅਜ਼ਾਦੀ ਅਤੇ ਸਹਿਣਸ਼ੀਲਤਾ ਦੇ ਮੁੱਦੇ ਅਮਰੀਕਾ ਦੀਆਂ ਬੁਨਿਆਦੀ ਕੀਮਤਾਂ ਦੇ ਅਹਿਮ ਮੁੱਦੇ ਹਨ ਅਤੇ ਆਪਣੇ ਸਮਾਜ ਦੇ ਇਹਨਾਂ ਥੰਮਾਂ ਦੀ ਬਹਾਲੀ ਲਈ ਅਸੀਂ ਕਿਸੇ ਵੀ ਸਲਾਹ ਜਾਂ ਹਦਾਇਤ ਨੂੰ ਜੀਅ ਆਇਆਂ ਕਹਿੰਦੇ ਹਾਂ । ਮੈਂ ਆਪ ਜੀ ਦਾ ਧਿਆਨ ਰਾਸ਼ਟਰਪਤੀ ਓਬਾਮਾ ਵਲੋਂ ਇਸ ਕਤਲੇਆਮ ਸਬੰਧੀ ਬਿਆਨਾਂ ਬਾਰੇ ਦਿਵਾਉਣਾਂ ਚਾਹਾਂਗਾ ਜਿਸ ਵਿਚ ਓੁਹਨਾਂ ਕਿਹਾ ਹੈ ਕਿ , ‘ ਅੱਜ ਜਦੋਂ ਅਸੀਂ ਇਸ ਘਟਨਾਂ ਦੇ ਸੋਗ ਵਿਚ ਹਾਂ.......................ਸਾਨੂੰ ਇਹ ਅਹਿਸਾਸ ਹੈ ਕਿ ਸਾਡੇ ਦੇਸ਼ ਦੀ ਬਡ਼ੌਤਰੀ ਵਿਚ ਸਿੱਖਾਂ ਦਾ ਕਿੰਨਾਂ ਯੋਗਦਾਨ ਹੈ ਅਤੇ ਉਹ ਸਾਡੇ ਵਿਸ਼ਾਲ ਪਰਿਵਾਰ ਦਾ ਹਿੱਸਾ ਹਨ’
ਸਿੱਖ ਕੌਂਸਲ ਯੂ ਕੇ ਅਤੇ ਦੁਨੀਆਂ ਭਰ ਵਿਚ ਬੈਠੇ ਸਿੱਖ

ਅਸੀਂ ਵਿਛਡ਼ ਗਏ ਸਿੱਖ ਸ਼ਰਧਾਲੂਆਂ ਦੀ ਆਤਮਕ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਉਹਨਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਜਾਹਿਰ ਕਰਦੇ ਹਾਂ ਅਤੇ ਸਿੱਖ ਭਾਈਚਾਰੇ ਨੂੰ ਆਉਣ ਵਾਲੇ ਸਮੇਂ ਲਈ ਅਜੇਹੀਆਂ ਘਟਨਾਵਾਂ ਪ੍ਰਤੀ ਸਾਵਧਾਨ ਰਹਿਣ ਲਈ ਬੇਨਤੀ ਕਰਦੇ ਹਾਂ।

No comments: