Monday, July 23, 2012

ਸ੍ਰੀ ਅਕਾਲ ਤਖਤ ਸਾਹਿਬ ਜੀ ਨਾਲ ਰੱਖਿਆ ਜਾਏਗਾ ਪ੍ਰਸਪਰ ਤਾਲਮੇਲ

ਗੁਰਦੁਆਰਾ ਢਾਏ ਜਾਣ ਦਾ  ਮਾਮਲਾ ਗਰਮਾਇਆ 
 ਯੂ ਕੇ 'ਚ ਕੀਤਾ ਗਿਆ ਸਟੇਅਰਿੰਗ ਕਮੇਟੀ ਦਾ ਗਠਨ
ਵਾਹਿਗੁਰੂ ਜੀ ਕਾ ਖਾਲਸਾ 
ਵਾਹਿਗੁਰੂ ਜੀ ਕੀ ਫਤਹਿ
 ਅੱਜ ਦਿਨ ਸ਼ਨੀਵਾਰ  ਮਿਤੀ 21 ਜੁਲਾਈ 2012 ਸ਼ਾਮ ਪੰਜ ਵਜੇ ਗੁਰਦੁਆਰਾ ਗੁਰੂ ਹਰਿਰਾਏ ਸਾਹਿਬ , ਵੈਸਟ ਬ੍ਰਾਮਵਿਚ, ਯੂ ਕੇ ਵਿਚ ਸਥਾਨਕ ਗੁਰਦੁਆਰਿਆਂ ਦੇ ਪ੍ਰਬੰਧਕਾਂ ਅਤੇ ਪੰਥਕ ਜਥੇਬੰਦੀਆਂ ਦੇ ਸੇਵਾਦਾਰਾਂ ਦੀ ਇੱਕ ਹੰਗਾਮੀ ਇਕੱਤਰਤਾ ਡੇਰਾ ਰਾਧਾ ਸੁਆਮੀ ਬਿਆਸ ਵਲੋਂ ਪਿੰਡ ਵਡ਼ੈਚ ਦੇ ਗੁਰਦਵਾਰਾ ਸਾਹਿਬ ਦੀ ਹੋਂਦ ਖਤਮ ਕਰਨ ਅਤੇ ਜ਼ਮੀਨ ਤੇ ਕਬਜਾ ਕਰਨ ਦੇ ਮੁਦੇ ਨੂੰ ਬਡ਼ੀ ਸੰਜੀਦਗੀ ਨਾਲ ਵਿਚਾਰਿਆ ਗਿਆ ਅਤੇ ਗੁਰਦੁਆਰਾ ਢਾਏ ਜਾਣ ਦੀ ਕਰਡ਼ੀ ਨਖੇਧੀ ਕੀਤੀ ਗਈ । ਇਸ ਵਿਚ ਬ੍ਰਤਾਨੀਆਂ ਦੀਆਂ ਗੁਰਦੁਆਰਾ ਕਮੇਟੀਆਂ ਵਲੋਂ ਜਥੇਦਾਰ ਸ੍ਰੀ ਅਕਾਲ ਤਖਤ ਗਿ: ਗੁਰਬਚਨ ਸਿੰਘ ਖਾਲਸਾ ਨੂੰ ਇੱਕ ਖਤ ਲਿਖਣ ਦਾ ਫੈਸਲਾ ਕੀਤਾ ਗਿਆ ਜਿਸ ਵਿਚ ਕਿ ਹੇਠ ਲਿਖੇ ਮੁੱਦਿਆਂ ਨੂੰ ਲਾਗੂ ਕਰਨ ਦੀ ਬੇਨਤੀ ਕੀਤੀ ਗਈ ਹੈ—

1) ਜੋ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾਂ ਗੁਰੂ ਨਹੀਂ ਮੰਨਦਾ ਸਗੋਂ ਕਿਸੇ ਦੇਹਧਾਰੀ ਵਿਅਕਤੀ ਨੂੰ ਗੁਰੂ ਮੰਨਦਾ ਹੈ, ਉਹ ਸਿੱਖ ਪੰਥ ਦਾ ਹਿੱਸਾ ਨਹੀਂ ਹੋ ਸਕਦਾ ।

2) ਸਮੂਹ ਗੁਰਦੁਆਰਾ ਕਮੇਟੀਆਂ ਵਲੋਂ ਸਟੇਜਾਂ ਤੇ ਉਹਨਾਂ ਦੇਹਧਾਰੀ ਡੇਰਾਵਾਦੀਆਂ ਦੇ ਗੁਰਮਤ ਵਿਰੋਧੀ ਪ੍ਰਚਾਰ ਅਤੇ ਗੁਰਮਤ ਸਿਧਾਂਤਾ ’ਤੇ ਕੀਤੇ ਜਾ ਰਹੇ ਗੁੱਝੇ ਵਾਰਾਂ ਨੂੰ ਸੰਗਤਾਂ ਵਿਚ ਲਿਆਉਣ ਲਈ ਪ੍ਰਚਾਰ ਕੀਤਾ ਜਾਵੇ । ਕਥਾਵਾਚਕਾਂ ਅਤੇ ਸਮੂਹ ਪੰਥਕ ਵਿਦਵਾਨਾਂ ਨੂੰ ਵੀ ਇਸ ਵਾਸਤੇ ਬੇਨਤੀ ਕੀਤੀ ਜਾਵੇ ਅਤੇ ਸਾਹਿਤ ਛਪਵਾ ਕੇ ਵੰਡਿਆ ਜਾਵੇ ।

3) ਗੁਰਦੁਆਰਾ ਕਮੇਟੀਆਂ ਵਿਚ ਕਿਸੇ ਵੀ ਐਸੇ ਵਿਅਕਤੀ ਨੂੰ ਸੇਵਾ ਵਿਚ ਨਾਂ ਰੱਖਿਆ ਜਾਵੇ ਜੋ ਕਿ ਗੁਰੂ ਗ੍ਰੰਥ, ਗੁਰੂ ਪੰਥ ਦੇ ਸਿਧਾਂਤ ਨੂੰ ਨਹੀਂ ਮੰਨਦਾ ਅਤੇ ਦੇਹਧਾਰੀ ਗੁਰੂ ਨੂੰ ਮੰਨਦਾ ਹੋਵੇ ।

4) ਟੈਲੀਵੀਯਨ, ਰੇਡੀਓ ਅਤੇ ਪੰਥਕ ਅਖਬਾਰਾਂ ਨੂੰ ਸਬੰਧਤ ਮੁੱਦੇ ਤੇ ਭਰਵੇਂ ਸਹਿਯੋਗ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੰਦੇਸ਼ ਜਾਰੀ ਕੀਤਾ ਜਾਵੇ ।

ਇਸ ਪੰਥਕ ਇਕੱਠ ਵਿਚ ਭਾਈ ਅਮਰੀਕ ਸਿੰਘ ਅਜਨਾਲਾ ਦਮਦਮੀ ਟਕਸਾਲ ਅਤੇ ਭਾਈ ਬਲਬੀਰ ਸਿੰਘ ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ ਉਹਨਾਂ ਦੇ ਸਾਥੀਆਂ ਵਲੋਂ ਸਬੰਧਤ ਮਸਲੇ ਤੇ ਕੀਤੇ ਜਾ ਰਹੇ ਉਦਮ ਦੀ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਦਾ ਭਰਵਾਂ ਸਹਿਯੋਗ ਦੇਣ ਦਾ ਫੈਸਲਾ ਲਿਆ ਗਿਆ ।

ਇਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਜੀ ਨਾਲ ਅਤੇ ਇਸ ਮੁੱਦੇ ਤੇ ਸਰਗਰਮ ਜਥੇਬੰਦੀਆਂ ਨਾਲ ਪ੍ਰਸਪਰ ਤਾਲਮੇਲ ਰੱਖਣ ਲਈ ਇੱਕ ਸਟੇਅਰਿੰਗ ਕਮੇਟੀ ਦਾ ਗਠਨ ਵੀ ਕੀਤਾ ਗਿਆ।

ਜਾਰੀ ਕਰਤਾ
ਭਾਈ ਕੁਲਵੰਤ ਸਿੰਘ ਢੇਸੀ
ਮੁਖ ਸੇਵਾਦਾਰ
ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ, ਕਾਵੈਂਟਰੀ ।                                                             
21-07-2012

No comments: