Tuesday, May 08, 2012

ਮਾਰਕਸ ਹੋਣ ਦਾ ਮਤਲਬ

ਕਿਤਾਬੀ ਕੀੜਾ ਹੋਣਾ ਉਨ੍ਹਾਂ ਦਾ ਮਨਭਾਉਂਦਾ ਕਾਰਜ ਸੀ
ਕਾਰਲ ਮਾਰਕਸ 
ਆਧੁਨਿਕ ਯੁੱਗ ਦੇ ਸਭ ਤੋਂ ਚਰਚਿਤ ਚਿੰਤਕ ਕਾਰਲ ਮਾਰਕਸ ਸਿਰਫ਼ ਮਹਾਨ ਮਨੁੱਖ, ਬੇਖ਼ੌਫ਼ ਬੁੱਧੀਜੀਵੀ, ਬੇਜੋਡ਼ ਅਰਥਸ਼ਾਸਤਰੀ, ਸਮਰੱਥ ਸਮਾਜ ਵਿਗਿਆਨੀ, ਗੰਭੀਰ ਗਣਿਤ ਵਿਗਿਆਨੀ, ਸੁਹਿਰਦ ਸਾਹਿਤਕਾਰ, ਸੁਲਝਿਆ ਸਿਆਸਤਦਾਨ ਆਦਿ ਹੀ ਨਹੀਂ ਸਗੋਂ ਇੱਕ ਇਨਕਲਾਬੀ ਸਨ। ਹੋਰ ਸਭ ਕੁਝ ਤੋਂ ਪਹਿਲਾਂ ਮਾਰਕਸ ਕ੍ਰਾਂਤੀਕਾਰੀ ਸਨ। ਮਜ਼ਦੂਰ ਜਮਾਤ ਦੀ ਮੁਕਤੀ ਦੇ ਮਸੀਹਾ। ਕ੍ਰਾਂਤੀ ਨੂੰ ਉਹ ਜ਼ਮੀਨੀ ਯਥਾਰਥ ਦੇ ਅੰਤਰ-ਵਿਰੋਧਾਂ ਵਿੱਚੋਂ ਉਪਜਣ ਵਾਲੀ ਯਥਾਰਥਵਾਦੀ ਘਟਨਾ ਵਜੋਂ ਵੇਖਦੇ ਸਨ। ਇਨ੍ਹਾਂ ਜ਼ਮੀਨੀ ਅੰਤਰ-ਵਿਰੋਧਾਂ ਨੂੰ ਸਮਝਣ ਲਈ ਮਾਰਕਸ ਨੇ ਮਨੁੱਖੀ ਇਤਿਹਾਸ ਦੇ ਵਿਕਾਸ ਨਿਯਮ ਖੋਜ ਕੇ ਨਵੀਂ ਦਿਸ਼ਾ ਦਿੱਤੀ ਸੀ। ਉਨ੍ਹਾਂ ਨੇ ਸੰਸਾਰ ਦੀ ਸੋਚ ਨੂੰ ਕੂਹਣੀ ਮੋਡ਼ ਦਿੱਤਾ। ਉਨ੍ਹਾਂ ਪੂੰਜੀਵਾਦੀ ਪ੍ਰਬੰਧ ਦੀਆਂ ਬਾਰੀਕੀਆਂ ਦਾ ਬਹੁਪੱਖੀ ਅਧਿਐਨ ਪੇਸ਼ ਕੀਤਾ। ਰਾਜਨੀਤਕ-ਆਰਥਿਕਤਾ ਵਿੱਚ ਪੈਦਾ ਹੋਣ ਵਾਲੀ ਵਾਫ਼ਰ ਕਦਰ (ਸਰਪਲੱਸ) ਮਾਰਕਸ ਦੀ ਮਹਾਨ ਖੋਜ ਸੀ।
ਮਾਰਕਸ ਦੀ ਜ਼ਿੰਦਗੀ ਇਨ੍ਹਾਂ ਮਹਾਨ ਖੋਜਾਂ ਤਕ ਹੀ ਮਹਿਦੂਦ ਨਹੀਂ ਸੀ। ਪੂੰਜੀਵਾਦੀ ਸਮਾਜ ਨੂੰ ਢਾਹ ਕੇ ਮਿਹਨਤਕਸ਼ ਜਮਾਤਾਂ ਦੀ ਵਿਚਾਰਧਾਰਕ ਸਰਦਾਰੀ ਕਾਇਮ ਕਰਨਾ ਸੀ। ਹਕੀਕੀ ਤੌਰ ’ਤੇ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਮਾਰਕਸ ਕਿਰਤੀਆਂ ਨੂੰ ਉਨ੍ਹਾਂ ਦੀ ਮਾਡ਼ੀ ਸਥਿਤੀ ਅਤੇ ਬੁਨਿਆਦੀ ਲੋਡ਼ਾਂ ਬਾਰੇ ਜਾਗਰੂਕ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡਦੇ। ਲੁੱਟੇ ਜਾਣ ਵਾਲਿਆਂ ਦੇ ਹਿੱਤਾਂ ਲਈ ਲਡ਼ਨਾ ਉਨ੍ਹਾਂ ਦਾ ਇੱਕ ਖ਼ਾਸ ਗੁਣ ਸੀ। ਆਪਣੇ ਇਸ ਗੁਣ ਸਦਕਾ ਜਿੱਥੇ ਉਹ ਜੂਝਾਰੂ ਤੇ ਮੌਲਿਕ ਚਿੰਤਨ ਨਾਲ ਸਬੰਧੀ ਪੁਸਤਕਾਂ ਦੀ ਰਚਨਾ ਕਰ ਸਕੇ ਉੱਥੇ ਆਪਣੇ ਸਮੇਂ ਦੀਆਂ ਜੁਝਾਰੂ ਜਥੇਬੰਦੀਆਂ ਨਾਲ ਮੋਢੇ ਨਾਲ ਮੋਢਾ ਜੋਡ਼ਕੇ ਜੂਝਦੇ ਰਹੇ। ਇਸ ਤੋਂ ਇਲਾਵਾ ਉਨ੍ਹਾਂ ਸੰਨ 1864 ਵਿੱਚ ਕੌਮਾਂਤਰੀ ਮਜ਼ਦੂਰ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਜੋ ਸੰਨ 1872 ਤਕ ਕਾਇਮ ਰਹੀ। ਇਹ ਜਥੇਬੰਦੀ ਉਸ ਸਮੇਂ ਦੇ ਯੂਰਪੀ ਦੇਸ਼ਾਂ ਦੀ ਮਜ਼ਦੂਰ ਜਮਾਤ ਦੀ ਸਿਆਸੀ ਪਹਿਲਕਦਮੀ ਦਾ ਮੁੱਢਲਾ ਰੂਪ ਸੀ। ਮਾਰਕਸ ਦੀ ਇੱਛਾ ਸੀ ਕਿ ਉਸ ਸਮੇਂ ਯੂਰਪ ਵਿੱਚ ਚੱਲ ਰਹੇ ਵੱਖ-ਵੱਖ ਮਜ਼ਦੂਰ ਅੰਦੋਲਨ ਸਾਂਝੇ ਮੋਰਚੇ ਹੇਠ ਲਡ਼ੇ ਜਾਣ। ਇਸ ਮਕਸਦ ਲਈ ਉਹ ਲਗਾਤਾਰ ਕੋਸ਼ਿਸ਼ਾਂ ਕਰਦੇ ਰਹੇ।
ਡਾ. ਭੀਮ ਇੰਦਰ ਸਿੰਘ
ਔਸਤ ਮਨੁੱਖ ਨਾਲੋਂ ਵੱਧ ਲੰਮੇ, ਮਜ਼ਬੂਤ ਮੋਢੇ, ਸੰਘਣੇ ਵਾਲ ਅਤੇ ਸੁਡੌਲ ਸਰੀਰ ਦੇ ਮਾਲਕ ਸਨ ਮਾਰਕਸ। ਕਿਤਾਬੀ ਕੀਡ਼ਾ ਹੋਣਾ ਉਨ੍ਹਾਂ ਦਾ ਮਨਭਾਉਂਦਾ ਕਾਰਜ ਸੀ। ਚਿੰਤਨ ਉਨ੍ਹਾਂ ਲਈ ਮਨੋਰੰਜਨ ਦਾ ਸਭ ਤੋਂ ਵੱਡਾ ਸਾਧਨ ਸੀ। ਕਿਤਾਬਾਂ ਨੂੰ ਉਹ ਗੁਲਾਮਾਂ ਵਾਂਗ ਵਰਤਦੇ। ਵੱਖ-ਵੱਖ ਵਿਸ਼ਿਆਂ ਦਾ ਅਦਭੁਤ ਗਿਆਨ ਉਨ੍ਹਾਂ ਦੀ ਸ਼ਖ਼ਸੀਅਤ ਦਾ ਵਿਸ਼ੇਸ਼ ਗੁਣ ਸੀ। ਉਹ ਵਿਸ਼ੇ ਦੇ ਸਾਰ ਤੱਤ ਨੂੰ ਗ੍ਰਹਿਣ ਕਰਕੇ ਉਸ ਦੀਆਂ ਜਡ਼੍ਹਾਂ ਤੀਕ ਪਹੁੰਚਣ ਦਾ ਯਤਨ ਕਰਦੇ। ਗਣਿਤ ਦਾ ਅਧਿਐਨ ਉਨ੍ਹਾਂ ਨੂੰ ਮਾਨਸਿਕ ਸਾਂਤੀ ਦਿੰਦਾ। ਮਾਰਕਸ ਲਗਭਗ ਸਾਰੀਆਂ ਯੂਰਪੀ ਭਾਸ਼ਾਵਾਂ ਪਡ਼੍ਹ ਸਕਦੇ ਸਨ। ਜਰਮਨ, ਫਰਾਂਸੀਸੀ ਤੇ ਅੰਗਰੇਜ਼ੀ ਭਾਸ਼ਾ ਲਿਖਣ ਵਿੱਚ ਤਾਂ ਉਹ ਪੂਰੀ ਤਰ੍ਹਾਂ ਸਮਰੱਥ ਸਨ। ਵਿਦੇਸ਼ੀ ਭਾਸ਼ਾਵਾਂ ਬਾਰੇ ਉਹ ਅਕਸਰ ਆਖਦੇ ਕਿ ਜੀਵਨ ਸੰਘਰਸ਼ ਵਿੱਚ ਵਿਦੇਸ਼ੀ ਭਾਸ਼ਾ ਦਾ ਗਿਆਨ ਹਥਿਆਰ ਦਾ ਕੰਮ ਕਰਦਾ ਹੈ। ਪੰਜਾਹ ਸਾਲ ਦੀ ਉਮਰ ਵਿੱਚ ਉਨ੍ਹਾਂ ਰੂਸੀ ਭਾਸ਼ਾ ਸਿੱਖੀ। ਉਹ ਰੂਸ ਦੇ ਸਰਕਾਰੀ ਦਸਤਾਵੇਜ਼ਾਂ ਨੂੰ ਘੋਖਣਾ ਚਾਹੁੰਦੇ ਸਨ। ਪੱਛਮੀ ਯੂਰਪ ਵਿੱਚ ਉਹ ਇੱਕਲੇ ਅਜਿਹੇ ਵਿਦਵਾਨ ਸਨ, ਜਿਨ੍ਹਾਂ ਨੂੰ ਇਨ੍ਹਾਂ ਦਸਤਾਵੇਜ਼ਾਂ ਦੀ ਜਾਣਕਾਰੀ ਸੀ। ਮਾਰਕਸ ਦੀ ਯਾਦ ਸ਼ਕਤੀ ਅਸਾਧਾਰਨ ਸੀ। ਵਿਦੇਸ਼ੀ ਭਾਸ਼ਾਵਾਂ ਦੀਆਂ ਨਜ਼ਮਾਂ ਨੂੰ ਕੰਠ ਕਰਕੇ ਉਨ੍ਹਾਂ ਇਸ ਨੂੰ ਹੋਰ ਵੀ ਸ਼ਾਨਦਾਰ ਬਣਾ ਲਿਆ ਸੀ। ਉਨ੍ਹਾਂ ਨੂੰ ਹਾਈਨੇ ਤੇ ਗੇਟੇ ਜ਼ੁਬਾਨੀ ਯਾਦ ਸਨ। ਆਪਣੀ ਗੱਲਬਾਤ ਦੌਰਾਨ ਉਹ ਇਨ੍ਹਾਂ ਦਾ ਅਕਸਰ ਜ਼ਿਕਰ ਕਰਦੇ। ਸ਼ੈਕਸਪੀਅਰ ਤਾਂ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਪਸੰਦੀਦਾ ਨਾਟਕਕਾਰ ਸੀ। ਉਹ ਪ੍ਰਸਿੱਧ ਪ੍ਰਾਚੀਨ ਕਲਾਸਕੀ ਦੁਖਾਂਤ ਦੇ ਕਰਤਾ ਨਾਟਕਕਾਰ ਏਸਕੀਲਸ ਦੇ ਨਾਟਕਾਂ ਨੂੰ ਮਹਾਨ ਰਚਨਾਵਾਂ ਦਾ ਦਰਜਾ ਦਿੰਦੇ। ਦਾਂਤੇ ਤੇ ਰਾਬਰਟ ਬਰਨਸ ਉਨ੍ਹਾਂ ਦੇ ਪਿਆਰੇ ਕਵੀ ਸਨ। ਵਾਲਟਰ ਸਕਾਟ, ਅਲੈਗਜ਼ੈਂਡਰ ਡਿਊਮਾ, ਚਾਰਲਸ ਲੇਵਰ ਤੋਂ ਇਲਾਵਾ ਸਰਵਾਂਤੇਸ ਤੇ ਬਾਲਜ਼ਾਕ ਨੂੰ ਉਹ ਉÎੱਚਾ ਸਥਾਨ ਦਿੰਦੇ ਸਨ।
ਮਾਰਕਸ ਦਾ ਜਨਮ 5 ਮਈ 1818 ਨੂੰ ਜਰਮਨੀ ਦੇ ਰਾਈਨ ਪ੍ਰਾਂਤ ਵਿੱਚ ਤ੍ਰੇਅਰ ਸ਼ਹਿਰ ’ਚ ਹੋਇਆ। ਰਾਈਨ ਉਦੋਂ ਜਰਮਨ ਤੇ ਫਰਾਂਸੀਸੀ ਸੱਭਿਆਚਾਰਾਂ ਦੇ ਪ੍ਰਭਾਵ ਵਿੱਚ ਸੀ। ਇੱਥੇ ਚੱਲੀਆਂ ਇਨਕਲਾਬੀ ਲਹਿਰਾਂ ਨੇ ਜਗੀਰੂ ਕਦਰਾਂ ਕੀਮਤਾਂ ਦਾ ਲਗਪਗ ਸਫ਼ਾਇਆ ਕਰ ਦਿੱਤਾ ਸੀ। ਮਾਰਕਸ ਦੇ ਬਾਲ ਮਨ ਨੇ ਅਸਿੱਧੇ ਤੌਰ ’ਤੇ ਇਸ ਦਾ ਪ੍ਰਭਾਵ ਕਬੂਲਿਆ ਸੀ। ਮਾਰਕਸ ਦੇ ਮਾਤਾ-ਪਿਤਾ ਦੇ ਪੁਰਖੇ ਹਰਸ਼ਲ (ਹੈਨਰਿਕ) ਮਾਰਕਸ ਯਹੂਦੀਆਂ ਦੀ ਪਰੋਹਤਾਈ ਦਾ ਧੰਦਾ ਕਰਦੇ ਸਨ। ਮਾਰਕਸ ਦੇ ਪਿਤਾ ਨੂੰ ਯਹੂਦੀਆਂ ਦੀ ਸੂਦਖੋਰੀ ਤੇ ਲਾਲਚੀ ਪ੍ਰਵਿਰਤੀ ਤੋਂ ਸਖ਼ਤ ਨਫ਼ਰਤ ਸੀ। ਉਹ ਆਪਣੇ ਪ੍ਰਗਤੀਸ਼ੀਲ ਸੁਭਾਅ ਸਦਕਾ ਸੰਨ 1824 ਵਿੱਚ ਯਹੂਦੀ ਤੋਂ ਪ੍ਰੋਟੈਸਟੈਂਟ ਈਸਾਈ ਬਣ ਗਏ ਸਨ। ਮਾਰਕਸ ਦੇ ਮਨ ਵਿੱਚ ਆਪਣੇ ਵਕੀਲ ਪਿਤਾ ਦੀ ਪ੍ਰਗਤੀਸ਼ੀਲਤਾ, ਸ਼ਖ਼ਸੀਅਤ ਅਤੇ ਬੌਧਿਕਤਾ ਦੀ ਵਿਸ਼ੇਸ਼ ਥਾਂ ਸੀ। ਮਾਰਕਸ ਨੂੰ ਬਚਪਨ ਵਿੱਚ ਉਤਸ਼ਾਹੀ, ਸੰਵੇਦਨਸ਼ੀਲਤਾ ਅਤੇ ਸੰਪੰਨਤਾ ਦਾ ਮਾਹੌਲ ਮਿਲਿਆ ਸੀ। ਵਕੀਲ ਪਿਤਾ ਮਾਰਕਸ ਨੂੰ ਵੱਡਾ ਤੇ ਨਾਮੀ ਵਕੀਲ ਬਣਾਉਣ ਦੇ ਚਾਹਵਾਨ ਸਨ। ਇਸ ਮਕਸਦ ਕਈ ਮਾਰਕਸ ਨੂੰ ਤ੍ਰੇਅਰ ਦੇ ਹਾਈ ਸਕੂਲ ਵਿੱਚ ਦਾਖ਼ਲ ਕਰਾਇਆ ਗਿਆ। ਅਕਤੂਬਰ, 1835 ਵਿੱਚ ਮਾਰਕਸ ਆਪਣੀ ਸਕੂਲੀ ਪਡ਼੍ਹਾਈ ਖ਼ਤਮ ਕਰਕੇ ਕਾਨੂੰਨ ਦੀ ਉਚੇਰੀ ਸਿੱਖਿਆ ਲਈ ਬੋਨ ਯੂਨੀਵਰਸਿਟੀ ਵਿੱਚ ਦਾਖ਼ਲ ਹੋ ਗਏ। ਕਾਨੂੰਨ ਦੀ ਪਡ਼੍ਹਾਈ ਵਿੱਚ ਮਾਰਕਸ ਦੀ ਬਹੁਤੀ ਦਿਲਚਸਪੀ ਨਹੀਂ ਸੀ। ਉਹ ਉਸ ਕਿੱਤੇ ਨੂੰ ਚੁਣਨਾ ਚਾਹੁੰਦੇ ਸਨ ਜਿਸ ਵਿੱਚ ਵਿਆਪਕ ਮਨੁੱਖਤਾ ਦੇ ਹਿੱਤ ਜੁਡ਼ੇ ਹੋਣ। ਉਹ ਕਾਨੂੰਨ ਦੀ ਪਡ਼੍ਹਾਈ ਪਡ਼੍ਹਨ ਦੇ ਨਾਲ-ਨਾਲ ਦੂਜੇ ਵਿਸ਼ਿਆਂ ਨਾਲ ਸਬੰਧਿਤ ਪੁਸਤਕਾਂ ਦਾ ਅਧਿਐਨ ਵੀ ਕਰਨ ਲੱਗੇ। ਯੂਨੀਵਰਸਿਟੀ ਵਿੱਚ ਹੋਣ ਵਾਲੇ ਵੱਖ-ਵੱਖ ਵਿਖਿਆਨਾਂ ਨੂੰ ਉਹ ਗੌਰ ਨਾਲ ਸੁਣਦੇ। ਇਤਿਹਾਸ, ਸਾਹਿਤ, ਸੁਹਜਸ਼ਾਸਤਰ, ਫਿਲਾਸਫੀ ਆਦਿ ਵਿਸ਼ਿਆਂ ਵਿੱਚ ਉਨ੍ਹਾਂ ਦੀ ਵਿਸ਼ੇਸ਼ ਦਿਲਚਸਪੀ ਸੀ। ਬੋਨ ਯੂਨੀਵਰਸਿਟੀ ਵਿੱਚ ਵਧ ਰਹੀ ਗਤੀਸ਼ੀਲਤਾ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਸੀ।
ਯੂਨੀਵਰਸਿਟੀ ਪਡ਼੍ਹਦਿਆਂ ਹੀ ਮਾਰਕਸ ਦੀ ਮੰਗਣੀ ਜੈਨੀ ਨਾਲ ਹੋ ਗਈ। ਜੈਨੀ ਮਾਰਕਸ ਨਾਲੋਂ ਭਾਵੇਂ ਲਗਭਗ ਚਾਰ ਸਾਲ ਵੱਡੀ ਸੀ ਪਰ ਉਹ ਇੱਕ ਸੰਜੀਦਾ, ਸਨੁੱਖੀ ਤੇ ਸੰਵੇਦਨਸ਼ੀਲ ਮੁਟਿਆਰ ਸੀ। ਅਮੀਰ ਘਰਾਣੇ ਨਾਲ ਸਬੰਧਿਤ ਜੈਨੀ ਮਾਰਕਸ ਦੀ ਭੈਣ ਦੀ ਪੱਕੀ ਸਹੇਲੀ ਸੀ। ਖ਼ੂਬਸੂਰਤ ਅਤੇ ਉਦਾਰ ਵਿਚਾਰਾਂ ਵਾਲੀ ਜੈਨੀ ਮਾਰਕਸ ਦੀ ਬੌਧਿਕਤਾ ਤੇ ਵਿਚਾਰਧਾਰਕ ਸਪੱਸ਼ਟਤਾ ਤੋਂ ਬੇਹੱਦ ਪ੍ਰਭਾਵਿਤ ਸੀ। ਜੈਨੀ ਦੇ ਪਿਤਾ ਭਾਵੇਂ ਉÎੱਚ ਸਰਕਾਰੀ ਅਹੁਦਿਆਂ ’ਤੇ ਕੰਮ ਕਰ ਚੁੱਕੇ ਸਨ ਪਰ ਉਹ ਕਲਾ ਤੇ ਸਾਹਿਤ ਦੇ ਰਸੀਏ ਸਨ। ਬਚਪਨ ਤੋਂ ਹੀ ਮਾਰਕਸ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਤ ਸਨ। ਜਦੋਂ ਮਾਰਕਸ ਲਈ ਸਰਕਾਰੀ ਨੌਕਰੀ ਦੇ ਸਾਰੇ ਰਾਹ ਬੰਦ ਹੋ ਗਏ ਅਤੇ ਸਰਕਾਰ ਨੇ ਮਾਰਕਸ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਐਲਾਨ ਦਿੱਤਾ ਤਾਂ ਜੈਨੀ ਦੇ ਪਿਤਾ ਉÎੱਪਰ ਰਿਸ਼ਤੇਦਾਰਾਂ ਵੱਲੋਂ ਮੰਗਣੀ ਤੋਡ਼ਨ ਦਾ ਦਬਾਅ ਵਧਣ ਲੱਗਿਆ ਪਰ ਉਹ ਆਪਣੇ ਫ਼ੈਸਲੇ ’ਤੇ ਅਡ਼ੇ ਰਹੇ ਅਤੇ ਅਖ਼ੀਰ 19 ਜੂਨ 1843 ਨੂੰ ਕਰੇਤਯਤਸਨਾਖ਼ ਵਿਖੇ ਮਾਰਕਸ ਤੇ ਜੈਨੀ ਵਿਆਹ ਦੇ ਬੰਧਨ ਵਿੱਚ ਬੱਝ ਗਏ। ਜੈਨੀ ਉਮਰ ਭਰ ਮਾਰਕਸ ਦੇ ਬੇਚੈਨ ਜੀਵਨ ਦਾ ਭਾਰ ਵੰਡਾਉਂਦੀ ਰਹੀ। ਦੇਸ਼ ਨਿਕਾਲੇ, ਜੇਲ੍ਹ, ਗ਼ਰੀਬੀ, ਪਰਵਾਸ, ਤਸੀਹੇ ਉਨ੍ਹਾਂ ਇਕੱਠਿਆਂ ਸਹੇ। ਅਤਿ ਦੀ ਗ਼ਰੀਬੀ ਕਾਰਨ ਤਿੰਨ ਬੱਚੇ ਮਰ ਗਏ। ਇਸ ਦੇ ਬਾਵਜੂਦ ਜੈਨੀ, ਮਾਰਕਸ ਦੇ ਸਾਹਾਂ ਦੀ ਧਡ਼ਕਣ ਸੀ। ਉਹ ਮਾਰਕਸ ਦੀ ਸਲਾਹਕਾਰ ਤੇ ਪ੍ਰਤਿਭਾ ਸੀ। ਉਹ ਮਾਰਕਸ ਦਾ ਨਾਂ ਸਮਾਜਵਾਦੀ ਦੁਨੀਆਂ ਵਿੱਚ ਇੱਕ ਪ੍ਰਤੀਕ ਵਜੋਂ ਵੇਖਣਾ ਚਾਹੁੰਦੀ ਸੀ।
ਮਾਰਕਸ ਆਪਣੀ ਪੀ-ਐÎੱਚ.ਡੀ. ਦੀ ਡਿਗਰੀ ਹਾਸਲ ਕਰਨ ਲਈ ਬੋਨ ਤੋਂ ਬਰਲਿਨ ਚਲੇ ਗਏ। ਇੱਥੇ ਉਨ੍ਹਾਂ ਨੇ ਜੈਨੀ ਦੇ ਪਿਆਰ ਤੇ ਵਿਛੋਡ਼ੇ ਵਿੱਚ ਅਨੇਕ ਕਵਿਤਾਵਾਂ ਲਿਖੀਆਂ। ਇਹ ਕਵਿਤਾਵਾਂ ਭਾਵੇਂ ਮੁੱਖ ਤੌਰ ’ਤੇ ਜੈਨੀ ਨੂੰ ਸਮਰਪਿਤ ਸਨ ਪਰ ਇਨ੍ਹਾਂ ਵਿੱਚ ਕੁਝ ਗੰਭੀਰ ਤੇ ਵਿਅੰਗਾਤਮਕ ਕਵਿਤਾਵਾਂ ਵੀ ਸਨ। ਉਹ ਆਪਣੇ ਆਪ ਨੂੰ ਇੱਕ ਸਾਹਿਤਕਾਰ ਵਜੋਂ ਪੇਸ਼ ਕਰਨਾ ਚਾਹੁੰਦੇ ਸਨ ਪਰ ਉਹ ਛੇਤੀ ਹੀ ਸਮਝ ਗਏ ਕਿ ਉਨ੍ਹਾਂ ਦਾ ਅਸਲੀ ਖੇਤਰ ਸਾਹਿਤ ਨਹੀਂ ਸਗੋਂ ਸਿਧਾਂਤਕ ਅਧਿਐਨ ਹੈ। ਉਸ ਸਮੇਂ ਯੂਨੀਵਰਸਿਟੀ ਵਿੱਚ ਹੀਗਲ ਦੇ ਵਿਚਾਰਾਂ ਦਾ ਬੋਲਬਾਲਾ ਸੀ। ਮਾਰਕਸ ਬਡ਼ੀ ਤੇਜ਼ੀ ਨਾਲ ਹੀਗਲ ਦੇ ਵਿਚਾਰਾਂ ਵੱਲ ਖਿੱਚੇ ਗਏ। ਭਾਵੇਂ ਹੀਗਲ ਦੇ ਵਿਚਾਰਾਂ ਨੂੰ ਸਰਕਾਰੀ ਸਰਪ੍ਰਸਤੀ ਹਾਸਲ ਸੀ ਪਰ ਉਸ ਦੇ ਵਿਚਾਰ ਇਨਕਲਾਬੀ ਮੰਨੇ ਜਾਂਦੇ ਸਨ। ਬਾਅਦ ਵਿੱਚ ਹੀਗਲ ਤੇ ਮਾਰਕਸ ਦੀ ਵਿਚਾਰਧਾਰਾ ਵਿੱਚ ਬੁਨਿਆਦੀ ਫ਼ਰਕ ਸਾਹਮਣੇ ਆਏ। ਮਾਰਕਸ ਨੇ ਹੀਗਲ ਦੀ ਵਿਧੀ ਵਿੱਚ ਸੋਧ ਕਰਕੇ ਇਸ ਨੂੰ ਪੈਰਾਂ ਸਹਾਰੇ ਖਡ਼੍ਹਾ ਕੀਤਾ। ਮਾਰਕਸ ਦਾ ਫ਼ਲਸਫ਼ਾ ਪਦਾਰਥਵਾਦੀ ਸੀ। ਮਾਰਕਸ ਪਦਾਰਥਵਾਦ ਦੇ ਵਿਚਾਰ ਨੂੰ ਸਮਾਜ ਦੇ ਵਿਕਾਸ ਉÎੱਪਰ ਲਾਗੂ ਕਰਦੇ ਸਨ। ਉਹ ਸਮਾਜਕ ਵਿਕਾਸ ਨੂੰ ਵਰਗ-ਸੰਘਰਸ਼ ਦੀ ਸੁਭਾਵਿਕ ਇਤਿਹਾਸਕ ਪ੍ਰਕਿਰਿਆ ਦੇ ਤੌਰ ’ਤੇ ਵੇਖਦੇ ਸਨ। ਮਾਰਕਸ ਦਾ ਮੱਤ ਸੀ ਕਿ ਇਹ ਇਤਿਹਾਸਕ ਪ੍ਰਕਿਰਿਆ ਅਜਿਹੇ ਨੇਮਾਂ ਦੇ ਅਧੀਨ ਚੱਲਦੀ ਹੈ ਜੋ ਮਨੁੱਖੀ ਚੇਤਨਾ ਤੋਂ ਸੁਤੰਤਰ ਤਾਂ ਹਨ ਪਰ ਇਹ ਪੂਰੀ ਤਰ੍ਹਾਂ ਬੁੱਧੀ ਦੇ ਪਕਡ਼ ਵਿੱਚ ਆਉਣ ਵਾਲੇ ਹਨ।
ਮਾਰਕਸ ਨੂੰ ਯੂਨਾਨੀ ਤੇ ਰੋਮਨ ਦਰਸ਼ਨ ਵਿੱਚ ਦਿਲਚਸਪੀ ਸੀ। ਉਨ੍ਹਾਂ ਆਪਣੀ ਪੀ-ਐÎੱਚ.ਡੀ. ਦਾ ਵਿਸ਼ਾ ‘ਪ੍ਰਾਕਿਰਤੀ ਬਾਰੇ ਡੈਮੋਕ੍ਰਾਈਟਸ ਅਤੇ ਐਪੀਕਿਊਰਸ ਦੇ ਦਰਸ਼ਨ ਵਿਚਕਾਰ ਅੰਤਰ’ ਲਿਆ। ਇਸ ਖੋਜ-ਪ੍ਰਬੰਧ ਵਿੱਚ ਕੱਢੇ ਸਿਟਿਆਂ ਤੇ ਸਥਾਪਨਾਵਾਂ ਦਾ ਯੂਨੀਵਰਸਿਟੀ ਵਿੱਚ ਵਿਰੋਧ ਕੀਤਾ ਗਿਆ। ਸਿੱਟੇ ਵਜੋਂ ਮਾਰਕਸ ਨੂੰ ਆਪਣਾ ਖੋਜ-ਪ੍ਰਬੰਧ ਜੇਨਾ ਯੂਨੀਵਰਸਿਟੀ ਵਿੱਚ ਜਮ੍ਹਾਂ ਕਰਨਾ ਪਿਆ। ਇੱਥੋਂ ਹੀ 15 ਅਪਰੈਲ 1841 ਨੂੰ ਮਾਰਕਸ ਨੂੰ ਡਾਕਟਰੇਟ ਦੀ ਡਿਗਰੀ ਪ੍ਰਾਪਤ ਹੋਈ। ਇਸ ਖੋਜ ਕਾਰਜ ਦਾ ਮਾਰਕਸ ਦੀ ਵਿਚਾਰਧਾਰਾ ਵਿੱਚ ਮਹੱਤਵਪੂਰਨ ਯੋਗਦਾਨ ਸੀ।  ਪੀ-ਐÎੱਚ.ਡੀ. ਕਰਨ ਉਪਰੰਤ ਮਾਰਕਸ ਗੰਭੀਰ ਅਧਿਐਨ ਵਿੱਚ ਜੁਟਣਾ ਚਾਹੁੰਦੇ ਸਨ। ਉਨ੍ਹਾਂ ਦਾ ਪ੍ਰੋਫ਼ੈਸਰ ਬਣਨ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਇਸ ਲਈ ਅਧਿਆਪਨ ਕਿੱਤੇ ਨੂੰ ਤਿਆਗ ਕੇ ਮਾਰਕਸ ਨੇ ਪੱਤਰਕਾਰੀ ਦਾ ਕਿੱਤਾ ਅਪਣਾ ਲਿਆ। ਰਾਈਨ ਪ੍ਰਾਂਤ ਦੇ ਸਰਕਾਰ ਵਿਰੋਧੀ ਪੂੰਜੀਪਤੀਆਂ ਨੇ ਮਿਲ ਕੇ ‘ਰਾਈਨ ਸਮਾਚਾਰ ਪੱਤਰ’ ਆਰੰਭ ਕੀਤਾ। ਮਾਰਕਸ ਤੇ ਬਰੂਨੋ ਬਾਵੇਰ ਨੂੰ ਇਸ ਅਖ਼ਬਾਰ ਲਈ ਲਿਖਣ ਦਾ ਸੱਦਾ ਦਿੱਤਾ ਗਿਆ। ਮਾਰਕਸ ਨੂੰ ਅਕਤੂਬਰ 1842 ਨੂੰ ਇਸ ਅਖ਼ਬਾਰ ਦਾ ਮੁੱਖ ਸੰਪਾਦਕ ਬਣਾ ਦਿੱਤਾ ਗਿਆ।
ਇਸ ਕਾਰਜ ਲਈ ਮਾਰਕਸ ਬੋਨ ਤੋਂ ਕੌਲੋਨ ਆ ਗਏ। ਉਨ੍ਹਾਂ ਅਖ਼ਬਾਰ ਨੂੰ ਇਨਕਲਾਬੀ ਦਿੱਖ ਦੇਣੀ ਸ਼ੁਰੂ ਕਰ ਦਿੱਤੀ। ਸਰਕਾਰੀ ਸੈਂਸਰ ਕਾਰਨ ਮਾਰਕਸ ਨੂੰ ਸੰਪਾਦਕੀ ਤੋਂ ਅਸਤੀਫ਼ਾ ਦੇਣਾ ਪਿਆ। ਅਖ਼ੀਰ ਸਰਕਾਰ ਦੀਆਂ ਜ਼ਿਆਦਤੀਆਂ ਕਾਰਨ ਅਖ਼ਬਾਰ ਬੰਦ ਹੋ ਗਿਆ। ਮਾਰਕਸ ਇਸ ਅਖ਼ਬਾਰ ਵਿੱਚ ਮਜ਼ਦੂਰਾਂ, ਕਿਸਾਨਾਂ ਤੇ ਈਸਾਈ ਕਲਾ ਸਬੰਧੀ ਲੇਖ ਲਿਖਦੇ ਸਨ। ਇਨ੍ਹਾਂ ਲੇਖਾਂ ਨੂੰ ਲਿਖਣ ਤੋਂ ਬਾਅਦ ਮਾਰਕਸ ਨੇ ਮਹਿਸੂਸ ਕੀਤਾ ਕਿ ਸਮੱਸਿਆਵਾਂ ਦੀ ਜਡ਼੍ਹ ਤਕ ਪਹੁੰਚਣ ਲਈ ਰਾਜਨੀਤਕ-ਆਰਥਿਕਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸਤੰਬਰ 1844 ਵਿੱਚ ਮਾਰਕਸ ਦੀ ਏਂਗਲਜ਼ ਨਾਲ ਪਹਿਲੀ ਵਾਰ ਮੁਲਾਕਾਤ ਹੋਈ। ਜਲਦੀ ਹੀ ਇਹ ਦੋਵੇਂ ਗੂਡ਼੍ਹੇ ਮਿੱਤਰ ਬਣ ਗਏ। ਦੋਵਾਂ ਨੇ ਪੈਰਿਸ ਵਿੱਚ ਮਜ਼ਦੂਰਾਂ ਦੇ ਚੱਲ ਰਹੇ ਸੰਘਰਸ਼ਾਂ ਵਿੱਚ ਹਿੱਸਾ ਲਿਆ। ਦੋਵਾਂ ਨੇ ਜ਼ਿੰਦਗੀ ਭਰ ਵਿਗਿਆਨਕ ਸਮਾਜਵਾਦ ਦੀ ਰਚਨਾ ਵਿੱਚ ਇੱਕ-ਦੂਜੇ ਨੂੰ ਸਹਿਯੋਗ ਦਿੱਤਾ। ਦੋਵੇਂ ਵਿਚਾਰਾਂ ਤੇ ਭਾਵਨਾਵਾਂ ਦੀ ਮੂੰਹ ਬੋਲਦੀ ਤਸਵੀਰ ਸਨ। ਹੋਰ ਕਿਸੇ ਵੀ ਵਿਅਕਤੀ ਦੇ ਮੁਕਾਬਲੇ ਮਾਰਕਸ ਏਂਗਲਜ਼ ਦੀ ਰਾਏ ਦੀ ਸਭ ਤੋਂ ਵੱਧ ਕਦਰ ਕਰਦੇ ਸਨ। ਏਂਗਲਜ਼ ਨੂੰ ਆਪਣੀ ਰਾਏ ਨਾਲ ਸਹਿਮਤ ਕਰਕੇ ਮਾਰਕਸ ਨੂੰ ਬੇਅੰਤ ਖ਼ੁਸ਼ੀ ਤੇ ਤਸੱਲੀ ਹੁੰਦੀ ਸੀ। ਦੋਵਾਂ ਦੇ ਇੱਕ-ਦੂਜੇ ਨੂੰ ਲਿਖੇ ਖ਼ਤਾਂ ਤੋਂ ਪਤਾ ਚੱਲਦਾ ਹੈ ਕਿ ਦੋਵੇਂ ਸਾਲਾਂ ਬੱਧੀ ਆਪਣੇ ਵਿਚਾਰਾਂ ਤੇ ਖੋਜਾਂ ਦਾ ਵਿਚਾਰ-ਵਟਾਂਦਰਾ ਕਰਦੇ ਰਹੇ ਸਨ। ਏਂਗਲਜ਼ ਸੰਨ 1870 ਤੋਂ ਬਾਅਦ ਤਾਂ ਮਾਰਕਸ ਦੇ ਬਿਲਕੁਲ ਨਜ਼ਦੀਕ ਲੰਡਨ ਵਿਖੇ ਰਹਿਣ ਲੱਗੇ ਸਨ। ਦੋਵਾਂ ਦੀ ਦੋਸਤੀ ਦੁਨੀਆਂ ਲਈ ਅੱਜ ਵੀ ਮਿਸਾਲ ਹੈ।
ਸੰਨ 1845 ਵਿੱਚ ਪਰਸ਼ੀਆ ਸਰਕਾਰ ਨੇ ਮਾਰਕਸ ਨੂੰ ਖ਼ਤਰਨਾਕ ਇਨਕਲਾਬੀ ਐਲਾਨਿਆ ਅਤੇ ਦੇਸ਼ ਛੱਡਣ ਲਈ ਕਿਹਾ। ਮਾਰਕਸ ਪੈਰਿਸ ਤੋਂ ਬ੍ਰਸਲਜ਼ ਚਲੇ ਗਏ। ਸੰਨ 1847 ਵਿੱਚ ਮਾਰਕਸ ਤੇ ਏਂਗਲਜ਼ ‘ਕਮਿਊਨਿਸਟ ਲੀਗ’ ਦੇ ਮੈਂਬਰ ਬਣ ਗਏ। ਇਹ ਮਜ਼ਦੂਰਾਂ ਦੀ ਗੁਪਤ ਪ੍ਰਚਾਰ ਸੰਸਥਾ ਸੀ। ਲੀਗ ਦੇ ਕਹਿਣ ’ਤੇ ਮਾਰਕਸ ਨੇ ‘ਕਮਿਊਨਿਸਟ ਮੈਨੀਫੈਸਟੋ’ ਤਿਆਰ ਕੀਤਾ। ਇਹ ਪਹਿਲੀ ਵਾਰ ਫਰਵਰੀ 1848 ਵਿੱਚ ਪ੍ਰਕਾਸ਼ਿਤ ਹੋਇਆ। ਇਸ ਵਿੱਚ ਵਰਗ-ਸੰਘਰਸ਼, ਵਿਗਿਆਨਕ-ਸਮਾਜਵਾਦ, ਵਿਚਾਰਧਾਰਾ ਅਤੇ ਰਾਜਨੀਤਕ ਆਰਥਿਕਤਾ ਬਾਰੇ ਪੇਸ਼ ਕੀਤੇ ਗਏ ਵਿਚਾਰ ਬਹੁਤ ਅਹਿਮ ਹਨ। ਜਿੱਥੇ ਇਸ ਵਿੱਚ ਪੂੰਜੀਵਾਦੀ ਵਿਕਾਸ ਅਤੇ ਇਸ ਦੇ ਅੰਤਰ-ਵਿਰੋਧਾਂ ਨੂੰ ਸਮਝਾਇਆ ਗਿਆ ਹੈ, ਉੱਥੇ ਸਮਾਜਵਾਦੀ ਇਨਕਲਾਬ ਲਈ ਜਮਾਤੀ-ਸੰਘਰਸ਼ ਦੀ ਅਹਿਮੀਅਤ ਬਾਰੇ ਵੀ ਚਰਚਾ ਕੀਤੀ ਗਈ ਹੈ।
ਸੰਨ 1848-49 ਦੌਰਾਨ ਫਰਾਂਸ, ਆਸਟਰੀਆ, ਬੈਲਜੀਅਮ, ਹੰਗਰੀ ਤੇ ਜਰਮਨੀ ਆਦਿ ਮੁਲਕਾਂ ਵਿੱਚ ਮਜ਼ਦੂਰਾਂ ਦੀਆਂ ਕ੍ਰਾਂਤੀਕਾਰੀ ਲਹਿਰਾਂ ਵੱਡੇ ਪੱਧਰ ’ਤੇ ਉੱਠ ਰਹੀਆਂ ਸਨ। ਮਾਰਕਸ ਇਨ੍ਹਾਂ ਕ੍ਰਾਂਤੀਆਂ ਦੇ ਪੂਰਨ ਹਮਾਇਤੀ ਸਨ। ਉਹ ‘ਜਰਮਨ ਮਜ਼ਦੂਰ ਸੰਘ’ ਅਤੇ ‘ਕਮਿਉਨਿਸਟ ਲੀਗ’ ਦੇ ਜ਼ਰੀਏ ਕ੍ਰਾਂਤੀ ਦੀ ਮੂਲ ਭਾਵਨਾ ਨੂੰ ਫੈਲਾਉਣ ਦੇ ਯਤਨ ਵਿੱਚ ਲੱਗੇ ਹੋਏ ਸਨ। ਇਨ੍ਹਾਂ ਇਨਕਲਾਬੀ ਲਹਿਰਾਂ ਹਿੱਤ ਉਨ੍ਹਾਂ ਆਪਣੀ ਸਾਰੀ ਪਿੱਤਰੀ ਜਾਇਦਾਦ ਵੇਚ ਕੇ ਮਜ਼ਦੂਰਾਂ ਨੂੰ ਹਥਿਆਰ ਖਰੀਦਣ ਲਈ ਦੇ ਦਿੱਤੀ ਸੀ ਪਰ ਛੇਤੀ ਹੀ ਇਹ ਬਗ਼ਾਵਤਾਂ ਕੁਚਲ ਦਿੱਤੀਆਂ ਗਈਆਂ। ਮਾਰਕਸ ਨੂੰ ਇਨ੍ਹਾਂ ਬਗਾਵਤਾਂ ਵਿੱਚ ਸਰਗਰਮੀ ਸਦਕਾ ਕ੍ਰਮਵਾਰ ਜਰਮਨੀ, ਫਰਾਂਸ ਅਤੇ ਬੈਲਜੀਅਮ ਵਿੱਚੋਂ ਕੱਢ ਦਿੱਤਾ ਗਿਆ। ਕਿਸੇ ਇਨਕਲਾਬੀ ਦੀ ਤਾਕਤ ਦਾ ਇਹ ਇੱਕ ਅਜਿਹਾ ਸਬੂਤ ਸੀ, ਜਿਸ ਸਾਹਮਣੇ ਵੱਖ-ਵੱਖ ਦੇਸ਼ਾਂ ਦੀਆਂ ਤਾਕਤਵਰ ਸਰਕਾਰਾਂ ਕਮਜ਼ੋਰ ਦਿਖਾਈ ਦਿੰਦੀਆਂ ਸਨ। ਬ੍ਰਸਲਜ਼ ਵਿੱਚ ਤਾਂ ਮਾਰਕਸ ਨੂੰ ਇੱਕ ਗੁਪਤ ਮੀਟਿੰਗ ਦੌਰਾਨ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸਿਲਸਿਲੇ ਵਿੱਚ ਜੈਨੀ ਨੂੰ ਵੀ ਵੇਸਵਾਵਾਂ ਨਾਲ ਹਵਾਲਾਤ ਵਿੱਚ ਰੱਖਿਆ ਗਿਆ। ਆਖ਼ਰ ਲੋਕ ਵਿਦਰੋਹ ਅੱਗੇ ਝੁਕਦਿਆਂ ਸਰਕਾਰ ਨੂੰ ਮਾਰਕਸ ਤੇ ਜੈਨੀ ਨੂੰ ਛੱਡਣ ਲਈ ਮਜਬੂਰ ਹੋਣਾ ਪਿਆ। ਇਹ ਵੀ ਹਕੀਕਤ ਹੈ ਕਿ ਜਦੋਂ ਫਰਾਂਸ ਵਿੱਚ ਕ੍ਰਾਂਤੀ ਹੋ ਗਈ ਤੇ ਕੁਝ ਸਮੇਂ ਲਈ ਮਜ਼ਦੂਰ ਜਮਾਤ ਦੀ ਸਰਕਾਰ ਕਾਇਮ ਹੋ ਗਈ ਤਾਂ ਇਸ ਸਰਕਾਰ ਵੱਲੋਂ ਮਾਰਕਸ ਨੂੰ ਸਨਮਾਨ ਦਿੰਦਿਆਂ ਉਨ੍ਹਾਂ ਦੇ ਦੇਸ-ਨਿਕਾਲਿਆਂ ’ਤੇ ਅਫ਼ਸੋਸ ਪ੍ਰਗਟ ਕੀਤਾ ਗਿਆ।
ਜਰਮਨੀ ਵਿੱਚ ਚੱਲ ਰਹੀਆਂ ਇਨਕਲਾਬੀ ਸਰਗਰਮੀਆਂ ਨੂੰ ਹੋਰ ਤੇਜ਼ ਕਰਨ ਲਈ ਮਾਰਕਸ ਨੇ 1 ਜੂਨ 1848 ਨੂੰ ‘ਨਵ-ਰਾਈਨ ਅਖ਼ਬਾਰ’ ਕੱਢਣਾ ਸ਼ੁਰੂ ਕੀਤਾ। ਇਹ 19 ਮਈ 1849 ਤਕ ਚੱਲਦਾ ਰਿਹਾ। ਮਾਰਕਸ ਇਸ ਦੇ ਮੁੱਖ ਸੰਪਦਕ ਅਤੇ ਏਂਗਲਜ਼ ਇਸ ਦੇ ਸਹਿ-ਸੰਪਾਦਕ ਸਨ। ਅਖ਼ਬਾਰ ਰਾਹੀਂ ਜਿੱਥੇ ਉਨ੍ਹਾਂ ਨੇ ਮਜ਼ਦੂਰ ਬਗ਼ਾਵਤਾਂ ਦੀ ਹਮਾਇਤ ਕੀਤੀ, ਉÎੱਥੇ ਨਕਲੀ ਤੇ ਆਤਮਘਾਤੀ ਇਨਕਲਾਬ ਦਾ ਵਿਰੋਧ ਵੀ ਕੀਤਾ। ਮਾਰਕਸ ਬਿਨਾਂ ਸੰਪਰੂਨ ਤਿਆਰੀ ਤੋਂ ਮਜ਼ਦੂਰਾਂ ਨੂੰ ਖ਼ੂਨੀ ਸੰਘਰਸ਼ਾਂ ਤੋਂ ਬਚਾਉਣਾ ਚਾਹੁੰਦੇ ਸਨ। ਛੇਤੀ ਹੀ ਉਨ੍ਹਾਂ ਨੂੰ ਪੈਰਿਸ ਛੱਡ ਜਾਣ ਦਾ ਫੁਰਮਾਨ ਜਾਰੀ ਹੋ ਗਿਆ। ਹੁਣ ਉਹ ਦੇਸ-ਨਿਕਾਲਿਆਂ ਤੋਂ ਤੰਗ ਆ ਚੁੱਕੇ ਸਨ। ਉਹ ਇੱਕ ਥਾਂ ’ਤੇ ਨਿੱਠ ਕੇ ਅਧਿਐਨ ਕਰਨਾ ਚਾਹੁੰਦੇ ਸਨ। ਇਸ ਮਕਸਦ ਲਈ ਉਨ੍ਹਾਂ ਲੰਡਨ ਨੂੰ ਚੁਣਿਆ। ਉਹ 26 ਅਗਸਤ 1849 ਨੂੰ ਲੰਡਨ ਪਹੁੰਚ ਗਏ।
ਲੰਡਨ ਪਹੁੰਚ ਕੇ ਵੀ ਮਾਰਕਸ ਦੀਆਂ ਇਨਕਲਾਬੀ ਤੇ ਰਚਨਾਤਮਕ ਸਰਗਰਮੀਆਂ ਜਾਰੀ ਰਹੀਆਂ। ਹੁਣ ਮਾਰਕਸ ਦੀ ਆਰਥਿਕ ਹਾਲਤ ਪੂਰੀ ਤਰ੍ਹਾਂ ਖਸਤਾ ਹੋ ਚੁੱਕੀ ਸੀ। ਪਰਿਵਾਰ ਆਲੂ ਖਾ ਕੇ ਗੁਜ਼ਾਰਾ ਕਰਦਾ ਸੀ। ਮਕਾਨ ਦਾ ਕਿਰਾਇਆ ਦੇਣਾ ਵੀ ਮੁਸ਼ਕਲ ਸੀ। ਕਿਰਾਏ ਬਦਲੇ ਘਰ ਦਾ ਸਮਾਨ, ਇੱਥੋਂ ਤਕ ਕਿ ਬੱਚਿਆਂ ਦੀ ਚੁੰਘਣੀ ਤੇ ਖਿਡਾਉਣੇ ਤਕ ਕੁਰਕ ਕਰ ਲਏ ਸਨ। ਦੁੱਧ ਦਾ ਬਿੱਲ ਚੁਕਾਉਣ ਲਈ ਮਾਰਕਸ ਨੂੰ ਆਪਣਾ ਬੈÎੱਡ ਵੇਚਣਾ ਪਿਆ। ਇਨ੍ਹਾਂ ਹਾਲਾਤ ਵਿੱਚ ਸੰਨ 1850 ਵਿੱਚ ਮਾਰਕਸ ਦਾ ਬੇਟਾ ਗਿਵਦੋ ਪੂਰਾ ਹੋ ਗਿਆ। ਦੋ ਸਾਲਾਂ ਬਾਅਦ ਮਾਰਕਸ ਦੀ ਪਿਆਰੀ ਧੀ ਫਰਾਂਸਿਸਕਾ ਦੀ ਮੌਤ ਹੋ ਗਈ। ਪਿਆਰੀ ਬੇਟੀ ਦੀ ਮੌਤ ਸਮੇਂ ਤਾਂ ਮਾਰਕਸ ਦੀ ਮਾਨਸਿਕ ਸਥਿਤੀ ਅਤਿ ਤਰਸਯੋਗ ਸੀ। ਇੱਕ ਪਾਸੇ ਪਿਆਰੀ ਧੀ ਦੇ ਦੇਹਾਂਤ ਦਾ ਦਰਦ ਸੀ, ਦੂਜੇ ਪਾਸੇ ਉਸ ਦੇ ਅੰਤਮ ਕ੍ਰਿਆ-ਕਰਮ ਲਈ ਪੈਸੇ ਨਾ ਹੋਣ ਦੀ ਬੇਬਸੀ। ਖ਼ੈਰ, ਗੁਆਂਢੀ ਦੀ ਮਦਦ ਨਾਲ ਬੇਟੀ ਦੀਆਂ ਅੰਤਿਮ ਰਸਮਾਂ ਕਰ ਦਿੱਤੀਆਂ ਗਈਆਂ। ਮਜ਼ਦੂਰ ਜਮਾਤ ਦੀ ਮੁਕਤੀ ਦਾ ਇਹ ਮਹਾਨਾਇਕ ਨਿੱਜੀ ਅਸਫ਼ਲਤਾ-ਸਫ਼ਲਤਾ ਜਾਂ ਦੁੱਖ-ਸੁੱਖ ਤੋਂ ਉÎੱਪਰ ਉੱਠ ਚੁੱਕਿਆ ਸੀ।
ਮਾਰਕਸ ਆਰਥਿਕ ਕਠਿਨਾਈ ’ਚੋਂ ਨਿਕਲਣ ਲਈ ਭਰਪੂਰ ਕੋਸ਼ਿਸ਼ ਕਰਦੇ ਰਹੇ। ਉਨ੍ਹਾਂ ਨਾ ਚਾਹੁੰਦਿਆਂ ਵੀ ‘ਨਿਊਯਾਰਕ ਡੇਲੀ ਟ੍ਰਿਬਿਊਨ’ ਲਈ ਲੇਖ ਲਿਖੇ। ਏਂਗਲਜ਼ ਨੇ ਵੀ ਹਮੇਸ਼ਾਂ ਵਾਂਗ ਨਿਰਸੁਆਰਥ ਹੋ ਕੇ ਮਦਦ ਜਾਰੀ ਰੱਖੀ। ਏਂਗਲਜ਼ ਦੀ ਇੱਛਾ ਸੀ ਕਿ ਮਾਰਕਸ ਆਪਣੀ ਸਭ ਤੋਂ ਮਹੱਤਵਪੂਰਨ ‘ਪੂੰਜੀ’ ਉÎੱਤੇ ਆਪਣਾ ਧਿਆਨ ਕੇਂਦਰਿਤ ਕਰਨ। ਮਾਰਕਸ ਆਪਣੇ ਪਿਆਰੇ ਮਿੱਤਰ ਏਂਗਲਜ਼ ਦਾ ਕਹਿਣਾ ਮੰਨ ਕੇ ਪੂੰਜੀਵਾਦੀ ਸਿਧਾਂਤਾ ਤੇ ਰੁਝਾਨਾਂ ਦਾ ਬੇਕਿਰਕੀ ਨਾਲ ਅਧਿਐਨ ਕਰਦੇ ਰਹੇ। ਮਾਰਕਸ ਨੂੰ ਅਨੇਕਾਂ ਵਾਰ ਘਟੀਆ ਤੇ ਘਿਨਾਉਣੇ ਜਾਤੀ ਹਮਲਿਆਂ ਦਾ ਵੀ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਉਹ ‘ਪੂੰਜੀ’ ਨੂੰ ਸੰਪੂਰਨ ਕਰਨ ਵਿੱਚ ਲੱਗੇ ਰਹੇ। ਉਹ ‘ਪੂੰਜੀ’ ਰਾਹੀਂ ਮਜ਼ਦੂਰ ਜਮਾਤ ਨੂੰ ਨਾਯਾਬ ਤੋਹਫ਼ਾ ਦੇਣਾ ਚਾਹੁੰਦੇ ਸਨ। ਇਸ ਲਈ ਇਸ ਵਿੱਚ ਕੋਈ ਵੀ ਕਮੀ ਨਹੀਂ ਸੀ ਰਹਿਣ ਦੇਣਾ ਚਾਹੁੰਦੇ। ਉਹ ਜਾਣਦੇ ਸਨ ਕਿ ‘ਪੂੰਜੀ’ ਭਵਿੱਖ ਵਿੱਚ ਕਮਿਊਨਿਸਟ ਸਿੱਖਿਆ ਦਾ ਆਧਾਰ ਬਣੇਗੀ। ਆਰਥਿਕ ਔਕਡ਼ਾਂ, ਖ਼ਰਾਬ ਸਿਹਤ ਅਤੇ ਸਖ਼ਤ ਮਿਹਨਤ ਸਦਕਾ ਜਨਵਰੀ 1859 ਵਿੱਚ ‘ਪੂੰਜੀ’ ਦਾ ਪਹਿਲਾ ਭਾਗ ਪ੍ਰਕਾਸ਼ਨਾ ਲਈ ਤਿਆਰ ਹੋ ਗਿਆ। ਕਿਸੇ ਮਿੱਤਰ ਦੁਆਰਾ ਦਿੱਤੇ ਡਾਕ ਖਰਚ ਦੀ ਮਦਦ ਨਾਲ ਪੂੰਜੀ ਨੂੰ ਬਰਲਿਨ ਵਿਖੇ ਛਪਵਾਉਣ ਲਈ ਭੇਜਿਆ ਗਿਆ।
‘ਪੂੰਜੀ’ ਵਿਚਲੇ ਵਿਚਾਰ ਮਾਰਕਸ ਦੇ ਸਾਲਾਂਬੱਧੀ ਗੰਭੀਰ ਅਧਿਐਨ ਦਾ ਨਿਚੋਡ਼ ਸਨ। ਸ਼ੁਰੂ-ਸ਼ੁਰੂ ਵਿੱਚ ਭਾਵੇਂ ਰੂਸ ਵਿੱਚ ‘ਪੂੰਜੀ’ ਹੱਥੋ-ਹੱਥ ਵਿਕ ਗਈ ਪਰ ਯੂਰਪੀ ਦੇਸ਼ਾਂ ਵਿੱਚ ਇਸ ਦੀ ਕੋਈ ਖ਼ਾਸ ਚਰਚਾ ਨਾ ਹੋਈ। ਬੁਰਜੂਆ ਵਿਦਵਾਨਾਂ ਨੇ ਇੱਕ ਸਾਜ਼ਸ਼ੀ ਚੁੱਪ ਧਾਰ ਲਈ। ਮਾਰਕਸ ਅਕਸਰ ਮਜ਼ਾਕ ਵਿੱਚ ਕਿਹਾ ਕਰਦੇ ਸਨ ਕਿ ‘ਪੂੰਜੀ’ ਦੀ ਓਨੀ ਆਮਦਨ ਵੀ ਨਹੀਂ ਹੋਈ ਜਿੰਨੀ ਇਸ ਨੂੰ ਲਿਖਦੇ ਸਮੇਂ ਸਿਗਾਰ ’ਤੇ ਖਰਚ ਹੋ ਗਈ। ਖ਼ੈਰ, ਅੱਜ ‘ਪੂੰਜੀ’ ਯੂਰਪ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਪੁਸਤਕਾਂ ਵਿੱਚੋਂ ਇੱਕ ਹੈ। ਮਜ਼ਦੂਰਾਂ ਦੀ ਬਾਈਬਲ ਕਹੀ ਜਾਣ ਵਾਲੀ ਇਸ ਪੁਸਤਕ ਦਾ ਸੰਸਾਰ ਦੀਆਂ ਲਗਪਗ ਸਾਰੀਆਂ ਮਹੱਤਵਪੂਰਨ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਾ ਹੈ। ਇਹ ਸਾਡੇ ਸਮਿਆਂ ਦੀ ਸਭ ਤੋਂ ਮਹਾਨ ਪੁਸਤਕ ਹੈ। ਇਸ ਵਿੱਚ ਮਾਰਕਸ ਨੇ ਪੂੰਜੀਵਾਦੀ ਆਰਥਿਕਤਾ ਦੇ ਅਤਿ-ਗੁੰਝਲਦਾਰ ਨਿਯਮਾਂ ਤੇ ਵਰਤਾਰਿਆਂ ਨੂੰ ਘੋਖਿਆ, ਪਰਖਿਆ ਤੇ ਇਸ ਦਾ ਬਦਲ ਦੇਣ ਦਾ ਯਤਨ ਕੀਤਾ ਹੈ। ਲੰਡਨ ਦੀ ਬ੍ਰਿਟਿਸ਼ ਮਿਊਜ਼ੀਅਮ ਲਾਇਬਰੇਰੀ ਵਿੱਚ ਸਾਲਾਂਬੱਧੀ ਬੈਠ ਕੇ ਮਾਰਕਸ ਦਿਨ-ਰਾਤ ‘ਪੂੰਜੀ’ ਦਾ ਖਰਡ਼ਾ ਤਿਆਰ ਕਰਦੇ ਰਹੇ ਸਨ। ਅਖ਼ੀਰ ਸੰਨ 1861-63 ਵਿੱਚ ਦੂਜਾ ਅਤੇ 1863-65 ਵਿੱਚ ਇਸ ਦੇ ਤੀਸਰੇ ਭਾਗ ਦਾ ਕੱਚਾ ਖਰਡ਼ਾ ਤਿਆਰ ਹੋ ਗਿਆ। ਮਾਰਕਸ ਆਪਣੀ ਮੌਤ ਤੋਂ ਪਹਿਲਾਂ ਹਰ ਹਾਲਤ ਵਿੱਚ ‘ਪੂੰਜੀ’ ਨੂੰ ਸੰਪੂਰਨ ਕਰਨਾ ਚਾਹੁੰਦੇ ਸਨ। ਏਂਗਲਜ਼ ਦੀ ਸਹਾਇਤਾ ਨਾਲ ਉਨ੍ਹਾਂ 16 ਅਗਸਤ, 1867 ਨੂੰ ਇਸ ਦੇ ਕੱਚੇ ਖਰਡ਼ੇ ਦੇ ਆਖ਼ਰੀ ਪਰੂਫ਼ ਵੇਖੇ।
‘ਪੂੰਜੀ’ ਦੇ ਦੂਜੇ ਭਾਗ ਦੀ ਪ੍ਰਕਾਸ਼ਨਾ ਤੋਂ ਮਾਰਕਸ ਨੂੰ ਇਸ ਦੇ ਛੇਤੀ ਵਿਕਣ ਦੀ ਪੂਰੀ ਉਮੀਦ ਸੀ। ਪਹਿਲੇ ਕੁਝ ਮਹੀਨੇ ਇਸ ਦੀ ਕੋਈ ਚਰਚਾ ਨਾ ਹੋਈ ਪਰ ਜਲਦੀ ਹੀ ਲੋਕਾਂ ਨੂੰ ਇਸ ਦਾ ਮਹੱਤਵ ਪਤਾ ਲੱਗ ਗਿਆ। ਇਸ ਦੇ ਯੂਰਪੀ ਭਾਸ਼ਾਵਾਂ ਵਿੱਚ ਅਨੁਵਾਦ ਹੋਣ ਲੱਗੇ ਅਤੇ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਰੀਵਿਊ ਛਪਣ ਲੱਗੇ। ‘ਪੂੰਜੀ’ ਦਾ ਤੀਜਾ ਭਾਗ ਵਾਰ-ਵਾਰ ਬਦਲਣ ਅਤੇ ਸੋਧਾਂ ਦੇ ਸਿੱਟੇ ਵਜੋਂ ਇਸ ਦੀ ਪ੍ਰਕਾਸ਼ਨਾ ਦਾ ਕੰਮ ਲੇਟ ਹੁੰਦਾ ਗਿਆ। ਵਿਗਡ਼ੀ ਸਿਹਤ ਤੇ ‘ਇੰਟਰਨੈਸ਼ਨਲ’ ਦੀ ਜ਼ਿੰਮੇਵਾਰੀ ਕਾਰਨ ਮਾਰਕਸ ਜਿਉਂਦੇ ਜੀਅ ਇਸ ਦਾ ਪ੍ਰਕਾਸ਼ਨ ਨਾ ਕਰਵਾ ਸਕੇ। ਇਹ ਕਾਰਜ ਉਨ੍ਹਾਂ ਦੀ ਮੌਤ ਤੋਂ ਬਾਅਦ ਏਂਗਲਜ਼ ਨੇ ਬਡ਼ੀ ਮਿਹਨਤ ਤੇ ਈਮਾਨਦਾਰੀ ਨਾਲ ਮੁਕੰਮਲ ਕੀਤਾ। ਪੂੰਜੀ ਦਾ ਤੀਜਾ ਭਾਗ ਸੰਨ 1894  ਵਿੱਚ ਛਪਿਆ।
ਦੋ ਦਸੰਬਰ 1881 ਨੂੰ ਜੈਨੀ ਦੇ ਦੇਹਾਂਤ ਤੋਂ ਬਾਅਦ ਮਾਰਕਸ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਏ ਸਨ। ਉਨ੍ਹਾਂ ਦੀ ਸਿਹਤ ਲਗਾਤਾਰ ਡਿੱਗਦੀ ਗਈ। ਫ਼ਰਵਰੀ 1882 ਵਿੱਚ ਫੇਫਡ਼ੇ ਵਿੱਚ ਫੋਡ਼ਾ ਹੋ ਗਿਆ। ਨੂਮਨੀਆਂ ਤਾਂ ਪਹਿਲਾਂ ਹੀ ਸੀ। ਲੰਮੇ ਸਮੇਂ ਤੋਂ ਬਿਮਾਰੀਆਂ ਨਾਲ ਲਡ਼ਨ ਵਾਲੇ ਸਰੀਰ ’ਤੇ ਦਵਾਈਆਂ ਅਸਰ ਕਰਨਾ ਛੱਡ ਗਈਆਂ। ਭੁੱਖ ਲੱਗਣੀ ਬੰਦ ਹੋ ਗਈ। ਅਖ਼ੀਰ 14 ਮਾਰਚ 1883 ਨੂੰ ਮਾਰਕਸ ਸਾਡੇ ਕੋਲੋਂ ਸਦਾ ਲਈ ਵਿੱਛਡ਼ ਗਏ। ਭਾਵੇਂ ਉਨ੍ਹਾਂ ਦੀ ਭੌਤਿਕ ਯਾਤਰਾ ਖ਼ਤਮ ਹੋ ਗਈ ਪਰ ਆਪਣੇ ਵਿਸ਼ਾਲ, ਵਿਸਤਰਿਤ ਤੇ ਵਿਹਾਰਕ ਵਿਚਾਰਾਂ ਨਾਲ ਉਹ ਦੁਨੀਆਂ ਦੇ ਹਰ ਕੋਨੇ ਵਿੱਚ ਆਪਣੀ ਛਾਪ ਛੱਡ ਗਏ। ਆਪਣੇ ਵਿਚਾਰਾਂ ਨਾਲ ਪੂਰੀ ਦੁਨੀਆਂ ਵਿੱਚ ਹਲਚਲ ਪੈਦਾ ਕਰਨ ਵਾਲੇ ਮਾਰਕਸ ਦੇ ‘ਭੂਤ’ ਨੇ ਦੁਨੀਆਂ ਦੀਆਂ ਹਾਕਮ ਜਮਾਤਾਂ ਨੂੰ ਬਡ਼ੇ ਗਹਿਰੇ ਢੰਗ ਨਾਲ ਪ੍ਰਭਾਵਿਤ ਕੀਤਾ। ਉਨ੍ਹਾਂ ਦੇ ਨਾਂ ’ਤੇ ਹੀ ਪ੍ਰਚਲਿਤ ਹੋਇਆ ‘ਮਾਰਕਸਵਾਦ’ ਅੱਜ ਇੱਕੀਵੀਂ ਸਦੀ ਵਿੱਚ ਵੀ ਪੂੰਜੀਵਾਦੀ ਸਰਕਾਰਾਂ ਲਈ ਸਿਰਦਰਦੀ ਬਣਿਆ ਹੋਇਆ ਹੈ। ਜਦੋਂ ਤੱਕ ਦੁਨੀਆ ਤੋਂ ਪੂੰਜੀਵਾਦ ਪੂਰੀ ਤਰ੍ਹਾਂ ਮਿਟ ਨਹੀਂ ਜਾਂਦਾ ਮਾਰਕਸ ਦਾ ‘ਭੂਤ’ ਇਸ ਦਾ ਖਹਿਡ਼ਾ ਨਹੀਂ ਛੱਡੇਗਾ। ਪੂੰਜੀਵਾਦੀ ਖ਼ਿਲਾਫ਼ ਲਡ਼ਨ ਵਾਲਿਆਂ ਲਈ ਮਾਰਕਸ ਦਾ ਚਿੰਤਨ ਅਣਸਰਦੀ ਲੋਡ਼ ਹੈ। ਉਨ੍ਹਾਂ ਨੂੰ ਆਪਣੀ ਜੱਦੋ-ਜਹਿਦ ਲਈ ਬੌਧਿਕ ਹਥਿਆਰ ਮਾਰਕਸ ਕੋਲੋਂ ਹੀ ਪ੍ਰਾਪਤ ਹੋ ਸਕਦਾ ਹੈ।
* ਮੋਬਾਈਲ: 98149-02040
ਪੰਜਾਬੀ  ਤ੍ਰਿਬਿਊਨ  ਚੋ ਧੰਨਵਾਦ ਸਹਿਤ 

No comments: