Saturday, August 13, 2011

ਆਰਥਿਕ ਸੰਕਟ ਕੀ ਤੇ ਕਿਉ ?

*ਆਰਥਿਕ ਸੰਕਟਾਂ ਦੇ ਗੰਭੀਰ ਹੁੰਦੇ ਜਾਣ ਦੀ ਪ੍ਰਵਿਰਤੀ ਇਸ ਗੱਲ ਦਾ ਪ੍ਰਮਾਣ ਹੈ ਕਿ ਪੂੰਜੀਵਾਦ ਆਪਣੇ ਆਖਰੀ ਸਾਹ ਗਿਣ ਰਿਹਾ ਹੈ
 *ਪੂੰਜੀਵਾਦੀ ਸੰਸਾਰ ਵਿਚ ਅਮਰੀਕੀ ਡਾਲਰ ਦੀ ਸਰਦਾਰੀ ਲਗਭਗ ਖਤਮ !
ਪਿਛਲੇ ਦਿਨੀ ਜੋ ਘਟਨਾ ਸਭ ਤੋਂ ਜਿਆਦਾ ਖਬਰਾਂ ਵਿਚ ਰਹੀ ਹੈ ਉਹ ਹੈ ਅਮਰੀਕਾ ਵਿਚ ਵਾਪਰ ਰਹੇ ਸਦੀ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਦੀ ! ਪੂੰਜੀਵਾਦੀ ਵਿਵਸਥਾ ਵਿਚ ਸਮੇਂ ਸਮੇਂ ਤੇ ਆਰਥਿਕ ਸੰਕਟਾਂ ਦਾ ਆਉਣਾ ਜਾਨਾ ਰਹਿੰਦਾ ਹੀ ਹੈ , ਇਹ ਕੋਈ ਨਿਵੇਕਲਾ ਵਰਤਾਰਾ ਨਹੀਂ ਹੈ ! ਮੇਰੇ ਇਸ ਲੇਖ ਦਾ ਵਿਸ਼ਾ ਵੀ ਆਰਥਿਕ ਸੰਕਟ ਹੀ ਹੈ !
ਪੁਰਾਣੇ ਸਮਿਆਂ ਵਿਚ ਵੀ ਕਈ ਸਮਾਜਿਕ , ਆਰਥਿਕ  ਅਤੇ ਰੋਜੀ ਰੋਟੀ ਦੇ ਸੰਕਟ ਆਉਂਦੇ ਰਹੇ ਹਨ ! ਜਗੀਰਦਾਰਾਂ ਦੁਆਰਾ ਕਿਸਾਨਾਂ ਦੀ ਲੁੱਟ, ਮਹਾਂਮਾਰੀ , ਜੰਗ , ਕੁਦਰਤੀ ਆਫਤਾਂ ਆਦਿ ਦੇ ਸ਼ਿਕਾਰ ਬਹੁਤੇ ਲੋਕ ਹੁੰਦੇ ਰਹੇ ਹਨ , ਜਿੰਨਾ ਵਿਚ ਜਿਆਦਾਤਰ ਕਿਰਤੀ ਜਮਾਤ ਨਾਲ ਸੰਬਧਿਤ ਲੋਕ ਹੀ ਸਨ ! ਖਾਦ ਪਦਾਰਥਾਂ ਦੀ ਕਮੀ ਕਰਕੇ ਬਹੁਤੇ ਲੋਕ ਭੁਖ ਨਾਲ ਮਰ ਜਾਂਦੇ ਸੀ ! ਪੈਦਾਵਾਰ ਦੀ ਘਾਟ ਸੰਕਟ ਦਾ ਮੁਖ ਕਾਰਨ ਸੀ ! ਇਹਨਾਂ ਸੰਕਟਾਂ ਦਾ ਅਸਰ ਇੱਕ ਛੋਟੇ ਜਿਹੇ ਖੇਤਰ ਤੱਕ ਹੀ ਸੀਮਿਤ ਰਹਿੰਦਾ ਸੀ ! ਮੌਜੂਦਾ ਸਮੇਂ ਵਿਚ ਜਦੋਂ ਪੂੰਜੀਵਾਦ ਆਪਨੇ ਸਭ ਤੋਂ ਭਿਆਨਕ ਦੌਰ ਸਾਮਰਾਜਵਾਦ ਵਿਚ ਤਬਦੀਲ ਹੋ ਚੁੱਕਾ ਹੈ ਤਾਂ ਆਰਥਿਕ ਸੰਕਟਾਂ ਦੇ ਨਤੀਜੇ ਹੋਰ ਵੀ ਭਿਆਨਕ ਹੋ ਚੁਕੇ ਹਨ , ਕਿਉਂਕਿ ਦੁਨਿਆ ਇੱਕ ਵਿਸ਼ਵ ਪਿੰਡ ਬਣ ਚੁਕੀ ਹੈ, ਮੰਡੀ ਸੰਚਾਰ ਤੇ ਆਵਾਜਾਈ ਦੇ ਸਾਧਨਾਂ ਦੁਆਰਾ ਹਰੇਕ ਕੋਨੇ ਤੱਕ ਪਹੁੰਚ ਚੁੱਕੀ ਹੈ! ਜਿਥੇ ਪੁਰਾਤਨ ਸਮਿਆਂ ਵਿਚ ਪੈਦਾਵਾਰ ਦੀ ਕਮੀ ਆਰਥਿਕ ਸੰਕਟਾਂ ਦਾ ਕਾਰਨ ਸੀ , ਉਥੇ ਇਸਦੇ ਉਲਟ ਮੌਜੂਦਾ ਪੂੰਜੀਵਾਦੀ ਵਿਵਸਥਾ ਵਿਚ 
social-security-will-pay-out-more-than-it-takes-in
-from-taxes-in-2010-and-2011-due-to-the-recession
ਇਸਦਾ ਕਾਰਨ ਪੈਦਾਵਾਰ ਦੀ ਘਾਟ ਨਹੀਂ ਬਲਕਿ ਵਾਧੂ ਪੈਦਾਵਾਰ ਹੈ ! ਦਰਅਸਲ ਪੂੰਜੀਵਾਦੀ ਵਿਵਸਥਾ ਵਿਚ ਪੈਦਾਵਾਰ ਦੇ ਸਾਧਨਾਂ ਉੱਪਰ ਕਾਫੀ ਸਾਰੇ  ਨਿੱਜੀ ਮਾਲਕਾਂ ਦਾ ਕਬਜਾ ਹੁੰਦਾ ਹੈ ਜੋ ਆਪਣੀ ਆਪਣੀ ਪੂੰਜੀ ਨੂੰ ਵਧਾਉਂਦੇ ਰਹਿਣ ਲਈ ਵਧ ਤੋਂ ਵਧ ਪੈਦਾਵਾਰ ਕਰਦੇ ਹਨ ਅਤੇ ਫਿਰ ਮੰਡੀ ਵਿਚ ਮੁਕਾਬਲੇ ਦੁਆਰਾ ਆਪਣੇ ਵਿਰੋਧੀ ਨੂੰ ਹਰਾਉਣ ਲਈ ਲਾਗਤ ਮੁੱਲ ਘਟਾ ਕੇ ਕੀਮਤਾਂ ਨੂੰ ਘਟਾਉਂਦੇ ਹਨ ਤਾਂ ਕੇ ਮੰਡੀ ਵਿਚ ਉਹਨਾਂ ਦਾ ਮਾਲ ਦੂਜਿਆਂ ਤੋਂ ਵਧੇਰੇ ਵਿਕੇ , ਪਰ ਉਤਪਾਦਨ ਦੇ  ਲਗਾਤਾਰ ਵਾਧੇ ਦੇ ਅਨੁਪਾਤ ਵਿਚ ਮੰਗ ਨਹੀਂ ਵਧਦੀ ਤੇ ਉਤਪਾਦਨ ਵਾਧੂ ਉਤਪਾਦਨ ਦੀ ਸਥਿਤੀ ਵਿਚ ਪਹੁੰਚ ਜਾਂਦਾ ਹੈ! ਇਸ ਸਥਿਤੀ ਦੇ ਮੁਖ ਲਛਣ ਹਨ ਭਾਰੀ ਮਾਤਰਾ ਵਿਚ ਜਿਨਸਾਂ ਅਨਵਿਕੀਆਂ ਪਈਆਂ ਰਹਿੰਦੀਆਂ ਹਨ , ਫੈਕਟਰੀਆਂ ਬੰਦ ਹੋ ਜਾਂਦੀਆਂ ਹਨ, ਬੈਂਕਾਂ ਦਾ ਕਾਰੋਬਾਰ ਠੱਪ ਹੋ ਜਾਂਦਾ ਹੈ, ਵੱਡੀ ਮਾਤਰਾ ਵਿਚ ਕਿਰਤੀਆਂ ਦੀ ਛਾਂਟੀ ਹੁੰਦੀ ਹੈ , ਕੀਮਤਾਂ ਬੇਹਿਸਾਬ ਤਰੀਕੇ ਨਾਲ ਡਿੱਗਣ ਲੱਗਦੀਆਂ ਹਨ , ਤੇ ਸਾਰਾ ਅਰਥਚਾਰਾ ਹੀ ਅਧਰੰਗ ਮਾਰਿਆ ਤੇ ਬੇ ਤਰਤੀਬਾ ਹੋ ਜਾਂਦਾ ਹੈ !
ਜਿਵੇਂ ਕੇ ਉੱਪਰ ਲਿਖਿਆ ਕੇ ਪੂੰਜੀਵਾਦੀ ਆਰਥਿਕ ਸੰਕਟ ਵਾਧੂ ਪੈਦਾਵਾਰ ਦਾ ਨਤੀਜਾ ਹਨ , ਕਿਉਂਕੇ ਮੰਗ ਉਸ ਅਨੁਪਾਤ ਵਿਚ ਨਹੀਂ ਵਧਦੀ ਜਿਸ ਅਨੁਪਾਤ ਵਿਚ ਉਤਪਾਦਨ ਵਧਦਾ ਹੈ ! ਪਰ ਇਹ ਅਸਲ ਵਿਚ ਵਾਧੂ ਪੈਦਾਵਾਰ ਦਾ ਨਤੀਜਾ ਨਹੀਂ ਹਨ ! ਮੰਗ ਨਾ ਵਧਣ ਦਾ ਕਾਰਨ ਕੀ ਹੈ ? ਵਾਧੂ ਪੈਦਾਵਾਰ ਦਾ ਮਤਲਬ ਇਹ ਨਹੀਂ ਹੈ ਕੇ ਪੈਦਾਵਾਰ ਇੰਨਾ ਜਿਆਦਾ ਵਧ ਗਈ ਹੈ ਕੇ ਖਪਤ ਨਾਮੁਮਕਿਨ ਹੈ ! ਉਦਾਹਰਨ ਵੱਜੋਂ ਸੀਮੇਂਟ ਦੀ ਫੈਕਟਰੀ ਵਿਚ ਕੰਮ ਕਰਨਾ ਵਾਲਾ ਮਜਦੂਰ ਆਪਣੇ ਲਈ ਮਕਾਨ ਨਹੀਂ ਬਣਾ ਸਕਦਾ ! ਜਦਕੇ ਉਸ ਦੀ ਕਿਰਤ ਦੁਆਰਾ ਤਿਆਰ ਕੀਤੇ ਸੀਮੇਂਟ ਦੁਆਰਾ ਬਹੁ ਮੰਜਲਾ ਇਮਾਰਤਾਂ ਦਾ ਨਿਰਮਾਣ ਹੁੰਦਾ ਹੈ ! ਇਸ ਲਈ ਇਹ ਵਾਧੂ ਪੈਦਾਵਾਰ ਅਸਲ ਵਿਚ ਵਾਧੂ ਪੈਦਾਵਾਰ ਨਹੀਂ ਬਲਕਿ ਸੰਬਧਿਤ ਵਾਧੂ ਪੈਦਾਵਾਰ ਹੁੰਦੀ ਹੈ ! ਸੌਖੇ ਸ਼ਬਦਾਂ ਵਿਚ ਲੋਕਾਂ ਦੀ ਖਰੀਦ ਸ਼ਕਤੀ ਘਟਣ ਕਰਕੇ ਆਰਥਿਕ ਸੰਕਟ ਪੈਦਾ ਹੁੰਦੇ ਹਨ ! ਖਰੀਦ ਸ਼ਕਤੀ ਘਟਨ ਦਾ ਕਾਰਨ  ਪੂੰਜੀਪਤੀ ਦੁਆਰਾ ਲਾਗਤ ਮੁੱਲ ਘਟਾਉਣ ਲਈ ਬਹੁਗਿਣਤੀ ਕਿਰਤੀ ਜਮਾਤ ਦੀ ਲੁੱਟ ਵਿਚ ਕੀਤਾ ਗਿਆ  ਵਾਧਾ ਹੈ ! ਇਹ ਨਹੀਂ ਕੇ ਲੋਕ  ਮਹਿੰਗੇ ਪਕਵਾਨ ਨਹੀਂ ਖਾਨਾ ਚਾਹੁੰਦੇ, ਸੋਹਣੇ ਕੱਪੜੇ ਨਹੀਂ ਪਾਉਣਾ ਚਾਹੁੰਦੇ, ਜਾ ਕੁੱਲੀ, ਗੁੱਲੀ , ਜੁੱਲੀ ਤੋਂ ਲੈ ਕੇ ਹੋਰ ਸਾਧਨ (ਐਸ਼ੋ ਆਰਾਮ ) ਨਹੀਂ ਖਰੀਦਨਾ ਚਾਹੁੰਦੇ , ਬਲਕਿ ਉਹਨਾਂ ਦੀ ਖਰੀਦ ਸ਼ਕਤੀ ਸੀਮਿਤ ਹੋਣ ਕਰਕੇ ਉਹ ਅਜਿਹਾ ਨਹੀਂ ਕਰ ਪਾਉਂਦੇ ! ਇੱਕ ਪਾਸੇ ਅਨਾਜ ਗੋਦਾਮਾਂ ਵਿਚ ਗਲਦਾ ਰਹਿੰਦਾ ਹੈ , ਦੂਜੇ ਪਾਸੇ ਬਹੁ ਗਿਣਤੀ ਲੋਕ ਭੁਖ ਨੰਗ ਨਾਲ ਮਰ ਜਾਂਦੇ ਹਨ ! ਇਹ ਹੈ ਇਸ ਪੂੰਜੀਵਾਦੀ ਵਿਵਸਥਾ ਦੀ ਅੱਟਲ ਤੇ ਮਾਰੂ ਉਪਜ ਆਰਥਿਕ ਸੰਕਟ ! ਸਰਮਾਏਦਾਰਾਂ ਉੱਤੇ ਆਇਆ ਇਹ ਸੰਕਟ ਅਸਲ ਵਿਚ ਸਭ ਤੋਂ ਮਾਰੂ ਕਿਰਤੀ ਜਮਾਤ ਲਈ ਹੁੰਦਾ ਹੈ ! 
ਦਰਅਸਲ ਮੌਜੂਦਾ ਪੂੰਜੀਵਾਦੀ ਵਿਵਸਥਾ ਵਿਚ ਪੈਦਾਵਾਰ ਦੇ ਸਾਧਨ ਆਪਸ ਵਿਚ ਜੁੜੇ ਹੁੰਦੇ ਹਨ ਜਿਸ ਦਾ ਨਤੀਜਾ ਕਿਸੇ ਇੱਕ ਉਦਯੋਗ ਤੇ ਪਿਆ ਪ੍ਰਭਾਵ ਦੂਜੇ ਉਦਯੋਗ ਨੂੰ ਵੀ ਉਸੇ ਤਰਾਂ ਪ੍ਰਭਾਵਿਤ ਕਰਦਾ ਹੈ ! ਉਦਾਹਰਨ ਵੱਜੋਂ ਕੱਪੜੇ ਦੀ ਮੰਗ ਵਿਚ ਕਮੀ ਦਾ ਅਸਰ ਕੱਪੜਾ ਫੈਕਟਰੀ, ਧਾਗਾ ਫੈਕਟਰੀ ਤੇ ਕਾਟਨ ਫੈਕਟਰੀ ਤੇ ਸਮੁਚੇ ਰੂਪ ਵਿਚ ਪੈਂਦਾ ਹੈ ! ਇਸੇ ਤਰਾਂ ਆਰਥਿਕ ਸੰਕਟ ਇੱਕ ਉਦਯੋਗ ਤੋਂ ਦੂਜੇ ਉਦਯੋਗ ਨੂੰ ਪ੍ਰਭਾਵਿਤ ਕਰਦੇ ਹੋਏ ਇੱਕ ਵਿਸ਼ਾਲ ਰੂਪ ਧਾਰਨ ਕਰ ਲੈਂਦੇ ਹਨ !
ਪੈਦਾਵਾਰੀ ਤਾਕਤਾਂ ਦੇ ਲਗਾਤਾਰ ਵਧਣ ਦੇ ਬਨਸਪਿਤ ਬਹੁਗਿਣਤੀ ਲੋਕਾਈ ਦੀ ਖਰੀਦ ਸ਼ਕਤੀ ਦਾ ਲਗਾਤਾਰ ਘਟਨਾ ਹੀ ਆਰਥਿਕ ਸੰਕਟ ਵਰਗੇ ਅਟੱਲ ਦੌਰ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ ! ਭਾਵੇਂ ਕੇ ਅਲੱਗ ਅਲੱਗ ਕਾਰਖਾਨਿਆਂ ਵਿਚ ਤਾਂ ਪੈਦਾਵਾਰ ਵਿਵਸਥਿਤ ਹੁੰਦੀ ਹੈ ਪਰ ਸਮਾਜਿਕ ਰੂਪ ਵਿਚ ਪੈਦਾਵਾਰ ਵਿਚ ਅਰਾਜਕਤਾ ਦਾ ਹੀ ਬੋਲਬਾਲਾ ਹੁੰਦਾ ਹੈ !  ਸਮੁਚੇ ਸਮਾਜ ਦੀ ਪੈਦਾਵਾਰ ਆਪ ਹੁਦਰੇ ਢੰਗ ਚਲਦੀ ਹੈ  ਕਿਉਂਕਿ ਸਮਾਜਿਕ ਪੈਦਾਵਾਰ ਵਿਚ ਆਪਸੀ ਤਾਲਮੇਲ ਨਾ ਹੋਣ ਕਰਕੇ ਕਿਸੇ ਵੀ ਪੂੰਜੀਪਤੀ ਨੂੰ ਮੰਗ ਦੀ ਸਹੀ ਜਾਣਕਾਰੀ ਨਹੀਂ ਹੁੰਦੀ , ਕਿਹੜੀ ਜਿਨਸ  ਦੀ ਕਿੰਨੀ ਪੈਦਾਵਾਰ ਕਰਨੀ ਹੈ ਇਹ ਹਰ ਇੱਕ ਪੂੰਜੀਪਤੀ ਦਾ ਆਪਣਾ ਨਿੱਜੀ ਮਾਮਲਾ ਹੈ ! ਉਹ ਵਧ ਤੋਂ ਵਧ ਮੁਨਾਫਾ ਜੋੜਨ ਲਈ ਪੈਦਾਵਾਰ ਵਧਾਉਂਦਾ ਹੈ ਤੇ ਲਾਗਤਾਂ ਘੱਟ ਕਰਦਾ ਹੈ , ਪਰ ਇਸ ਸਾਰੇ ਮਸਲੇ ਵਿਚ ਸਮਾਜਿਕ ਪੈਦਾਵਾਰ ਅਰਾਜਕਤਾ ਵੱਲ ਵਧਦੀ ਹੈ , ਲੋਕਾਈ ਦੀ ਖਰੀਦ ਸ਼ਕਤੀ ਘਟਦੀ ਜਾਂਦੀ ਹੈ ਜਿਸ ਤੇ ਕੁਝ ਦੇਰ ਲਈ ਠੱਲ ਪਾਉਣਾ ਲਈ ਪੂੰਜੀਪਤੀ ਸਸਤੇ ਕਰਜਿਆਂ ਆਦਿ ਦਾ ਬੁਰੀ ਤਰਾਂ ਫੇਲ ਪੁਰਜਾ ਇਸਤੇਮਾਲ ਕਰਦੇ ਹਨ ! ਇਹ ਪੁਰਜਾ ਕਿਸੇ ਡੁੱਬ ਰਹੇ ਇਨਸਾਨ ਨੂੰ ਤਿਨਕੇ ਦੇ ਸਹਾਰੇ ਵਾਂਗ ਹੁੰਦਾ ਹੈ ਜਿਸ ਦਾ ਭੁਲੇਖਾ ਥੋੜੀ ਦੇਰ ਵਿਚ ਹੀ ਦੂਰ ਹੋ ਜਾਂਦਾ ਹੈ ! ਇਸ ਤਰਾਂ ਅਸੀਂ ਵੇਖਿਆ ਕੇ ਆਰਥਿਕ ਸੰਕਟ ਦਾ ਕਾਰਨ ਪੂੰਜੀਵਾਦ ਦੀ ਬੁਨਿਆਦੀ ਵਿਰੋਧਤਾਈ ਪੈਦਾਵਾਰ ਦੇ ਸਾਧਨਾ ਦੀ ਨਿੱਜੀ ਮਾਲਕੀ ਹੈ ! 
ਪੂੰਜੀਵਾਦੀ ਆਰਥਿਕ ਸੰਕਟ ਮਿਆਦੀ ਹੁੰਦੇ ਹਨ ! ਇਹ ਇੱਕ ਜਾਂ ਦੋ ਵਾਰ ਵਾਪਰਨ ਵਾਲੀ ਘਟਨਾ ਨਹੀਂ ਹੈ ਬਲਕਿ ਪੂੰਜੀਵਾਦ ਦੇ ਵਿਕਾਸ ਨਾਲ ਇਹਨਾ ਸੰਕਟਾਂ ਦਾ ਅਸਰ ਵਧੇਰੇ ਭਿਆਨਕ ਹੋਇਆ ਹੈ ! ਇਹ ਔਸਤਨ ਹਰ ਦਸੀਂ ਸਾਲੀਂ ਆਉਂਦੇ ਹਨ ਪਰ ਸਾਮਰਾਜਵਾਦ ਦੇ ਇਸ ਦੌਰ ਵਿਚ ਇਹ ਸਮਾਂ ਵੀ ਘਟਦਾ ਜਾ ਰਿਹਾ ਹੈ ! ਪਿਛਲੇ ਪੰਜ ਸਾਲਾਂ ਵਿਚ ਅਮਰੀਕਾ ਵਿਚ ਆਇਆ ਦੂਜਾ ਆਰਥਿਕ ਸੰਕਟ ਇਸਦਾ ਸਬੂਤ ਹੈ ! ਆਰਥਿਕ ਸੰਕਟ ਦਾ ਦੌਰ ਦੋ ਜੁੜਵੇਂ ਸੰਕਟਾਂ ਦਾ ਵਿਚਕਾਰਲਾ ਸਮਾਂ ਹੁੰਦਾ ਹੈ ! ਆਮ ਤੌਰ ਤੇ ਸੰਕਟ , ਮੰਦੀ, ਉਭਾਰ ਅਤੇ ਚੜਤ ਇਸਦੇ ਚਾਰ ਦੌਰ ਹੁੰਦੇ ਹਨ ! ਇਸ ਵਿਚ ਸੰਕਟ ਦਾ ਦੌਰ ਬੁਨਿਆਦੀ ਹੈ ! ਇਹ ਪਿਛਲੇ ਚੱਕਰ ਦਾ ਅਖੀਰ ਤੇ ਨਵੇਂ ਚੱਕਰ ਦੀ ਸ਼ੁਰੁਆਤ ਹੁੰਦੀ ਹੈ !
ਏਂਗਲਜ਼ ਨੇ ਪੂੰਜੀਵਾਦੀ ਵਿਵਸਥਾ ਦੇ ਜੀਵੰਤ ਦੌਰ ਨੂੰ ਇਸ ਤਰਾਂ ਵਰਣਤ ਕੀਤਾ ਹੈ : ਚਾਲ ਤੇਜ ਹੁੰਦੀ ਹੈ , ਧੀਮੇ ਕਦਮ ਛੋਹਲੇ ਕਦਮਾਂ ਵਿਚ ਬਦਲ ਜਾਂਦੇ ਹਨ ! ਉਦਯੋਗਿਕ ਛੋਹਲੇ ਕਦਮ ਸਰਪਟ ਦੌੜ ਵਿਚ ਤਬਦੀਲ ਹੋ ਜਾਂਦੇ ਹਨ , ਇਹ ਸਰਪਟ ਚਾਲ ਉਦਯੋਗ, ਵਪਾਰ, ਕਰਜੇ ਦੇ ਲੈਣ ਦੇਣ ਅਤੇ ਸੱਟੇਬਾਜੀ ਦੀ ਲੰਗਦੀ ਦੌੜ ਵਿਚ ਫਰਾਟਾ ਦੌੜ ਬਣ ਜਾਂਦੀ ਹੈ ! ਅਖੀਰ ਨੂੰ ਕਈ ਅੰਤਿਮ ਛਾਲਾਂ ਤੋਂ ਬਾਅਦ ਇਹ ਧੜੰਮ ਕਰਕੇ ਖਾਈ ਚ ਗਿਰ ਜਾਂਦਾ ਹੈ ! 
ਆਰਥਿਕ ਸੰਕਟਾਂ ਵਿਚ ਲਗਾਤਾਰ ਗੰਭੀਰ ਹੁੰਦੇ ਜਾਣ ਦੀ  ਪ੍ਰਵਿਰਤੀ ਵੀ ਸ਼ਾਮਿਲ ਹੁੰਦੀ ਹੈ ! ਆਰਥਿਕ ਸੰਕਟਾਂ ਦਾ ਦੌਰ ਛੋਟਾ ਹੁੰਦਾ ਜਾ ਰਿਹਾ ਹੈ ਅਤੇ ਇਹ ਛੇਤੀ ਤੋਂ ਛੇਤੀ ਆਉਣ ਲੱਗ ਪਏ ਹਨ ! ਇਸ ਨਾਲ ਅਚੱਲ ਪੂੰਜੀ ਨਿਵੇਸ਼ ਵਧਦਾ ਹੈ ਤਾਂ ਕੇ ਨਵੀਂ ਮਸ਼ੀਨਰੀ ਖਰੀਦ ਕੇ ਲਾਗਤ ਘਟਾਈ ਜਾ ਸਕੇ ਅਤੇ ਮਜਦੂਰਾਂ ਦੀ ਵਧੇਰੇ ਵਾਫਰ ਕਦਰ ਨਿਚੋੜਨ ਦੇ ਸਾਧਨ ਇੱਕਠੇ ਕੀਤੇ ਜਾ ਸਕਣ ! ਇਸ ਦੇ ਕਾਰਨ ਹੋਰ ਵੀ ਆਪੁ ਪੈਦਾ ਕੀਤੇ ਹੋਏ ਸੰਕਟ ਵੀ ਖੜੇ ਕੀਤੇ ਜਾਂਦੇ ਹਨ ਜਿਸ ਨਾਲ ਪੂੰਜੀਵਾਦੀ ਵਿਵਸਥਾ ਨੂੰ ਬਰਕਰਾਰ ਰਖਿਆ ਜਾ ਸਕੇ , ਪਹਿਲੀ ਤੇ ਦੂਜੀ ਵਿਸ਼ਵ ਜੰਗ ਮੰਡੀ ਦੀ ਲੜਾਈ ਸੀ ਤੇ ਹੁਣ ਖਾੜੀ ਦੇਸ਼ਾਂ ਵਿਚ ਜੋ ਹੋ ਰਿਹਾ ਹੈ ਉਹ ਇਸੇ ਆਪੁ ਪੈਦਾ ਕੀਤੇ ਹੋਏ ਸੰਕਟ ਦੀ ਉਦਾਹਰਨ ਹਨ ! ਨਾਲ ਹੀ ਕਚੇ ਮਾਲ ਨੂੰ ਪੱਕੇ ਮਾਲ ਵਿਚ ਤਬਦੀਲ ਕਰਨ ਵਾਲੇ ਮੈਨੂਫੈਕਚਰਿੰਗ ਖੇਤਰ ਤੇ ਖੇਤੀ ਖੇਤਰ ਦੇ ਆਪਸ ਵਿਚ ਜੁੜਨ ਨਾਲ ਇਹਨਾਂ ਆਰਥਿਕ ਸੰਕਟਾਂ ਦਾ  ਦਾਇਰਾ ਖੇਤੀ ਖੇਤਰ ਵਿਚ ਵੀ ਪਹੁੰਚ ਜਾਂਦਾ ਹੈ ! ਖੇਤੀ ਖੇਤਰ ਸੰਕਟ , ਖੇਤੀ ਸਰਮਾਏਦਾਰਾਂ ਦੇ ਗੋਦਾਮਾਂ ਵਿਚ ਇੱਕਠੇ ਹੁੰਦੇ ਭੰਡਾਰ , ਥੋਕ ਕੀਮਤਾਂ ਵਿਚ ਗਿਰਾਵਟ, ਖੇਤੀ ਅਧੀਨ ਘਟਦੇ ਰਕਬੇ, ਖੇਤ ਮਜਦੂਰਾਂ ਅੰਦਰ ਵਧਦੀ ਬੇਰੁਜਗਾਰੀ , ਘਟਦੀ ਦਿਹਾੜੀ ਅਤੇ ਕਿਸਾਨਾਂ ਦੇ ਵੱਡੇ ਪਧਰ ਦੇ ਦਿਵਾਲੀਆ ਹੋ ਜਾਣ ਦੇ ਰੂਪ ਵਿਚ ਇਸਦਾ ਪ੍ਰਗਟਾ ਹੁੰਦਾ ਹੈ ! ਖੇਤੀ ਵਿਚ ਪੂੰਜੀਵਾਦ ਹੀ ਖੇਤੀ ਖੇਤਰ ਵਿਚ ਪੈਦਾ ਹੋਣ ਵਾਲੇ ਸੰਕਟ ਦਾ ਬੁਨਿਆਦੀ ਕਾਰਨ ਹੈ ! ਆਰਥਿਕ ਸੰਕਟ ਦੇ ਕਾਰਨ ਮਾਲੀ ਤੇ ਵਿੱਤੀ ਘਾਟਿਆਂ ਦੇ ਅੱਟਲ ਵਰਤਾਰੇ ਵੀ ਘਟਦੇ ਹਨ ! ਇਸਦੇ ਲਛਣ ਬੱਜਟ ਘਾਟਾ, ਮੁਦਰਾ ਦਾ ਅੰਨੇਵਾਹ ਪ੍ਰਸਾਰ,ਵਧਦੀਆਂ ਕੀਮਤਾਂ,ਭੁਗਤਾਨ ਅਸੰਤੁਲਨ, ਸੋਨਾ ਭੰਡਾਰ ਚ ਕਮੀ ਅਤੇ ਮੁਦਰਾ ਦੀ ਘਟਾਈ ਹੋਈ ਕਦਰ ਦੇ ਰੂਪ ਵਿਚ ਪ੍ਰਗਟ ਹੁੰਦੇ ਹਨ! ਪਿਛਲੇ ਦਿਨੀ ਅਮਰੀਕੀ ਡਾਲਰ ਵਿਚ ਆਈ ਗਿਰਾਵਟ , ਸਰਕਾਰੀ ਖਰਚਿਆਂ ਵਿਚ ਕਟੌਤੀ ਤੇ ਸੋਨੇ ਦੀ ਕੀਮਤ ਵਿਚ ਅਥਾਹ ਵਾਧਾ ਇਸਦਾ  ਜਿਉਂਦਾ ਜਾਗਦਾ ਸਬੂਤ ਹੈ !
ਮੁਦਰਾ ਸਫੀਤੀ ਦੀ ਸਥਿਤੀ ਵਿਗਾੜਨ ਦੇ ਨਾਲ ਮੁਦਰਾ ਦੀ ਕਦਰ ਘਟਣ ਲੱਗ ਜਾਂਦੀ ਹੈ ! ਜਿਸਦੇ ਸਿੱਟੇ ਵੱਜੋਂ ਕੀਮਤਾਂ ਅਸਮਾਨ ਨੂੰ ਛੂਹਣ ਲੱਗਦੀਆਂ ਹਨ ! ਅਤੀਤ ਵਿਚ , ਆਰਥਿਕ ਸੰਕਟ ਫੁੱਟਣ ਤੋਂ ਪਹਿਲਾਂ , ਆਮ ਤੌਰ ਤੇ ਕੀਮਤਾਂ ਗਿਰਦੀਆਂ ਸਨ ! ਪਰ ਦੂਜੀ ਸੰਸਾਰ ਜੰਗ ਤੋਂ ਬਾਅਦ ਪੂੰਜੀਵਾਦੀ ਦੇਸ਼ ਕੌਮੀ ਅਰਥਚਾਰੇ ਦੇ ਫੌਜੀਕਰਨ ਦੇ ਉੱਪਰ ਜੋਰ ਦਿੰਦੇ ਰਹੇ ਹਨ ਅਤੇ ਸਾਰਿਆਂ ਨੇ ਮੁਦਰਾ ਸਫੀਤੀ ਦੀ ਨੀਤੀ ਅਪਣਾਈ ਹੈ !  ਜਿਸਦੇ ਨਤੀਜੇ ਵੱਜੋਂ ਸੰਕਟ ਦੌਰਾਨ ਕੀਮਤਾਂ ਘਟਣ ਦੀ ਬਜਾਏ ਹੋਰ ਚੜਦੀਆਂ ਹਨ ! 1948-49 ਦੇ ਆਰਥਿਕ ਸੰਕਟ ਤੋਂ ਬਾਅਦ ਦੇ ਆਰਥਿਕ ਸੰਕਟਾਂ ਵਿਚ ਹਮੇਸ਼ਾਂ ਕੀਮਤਾਂ ਵਧੀਆਂ ਹਨ ! ਦੇਸ਼ ਦੇ ਅੰਦਰ ਮੁਦਰਾ ਦੀ ਕਦਰ ਘਟਾਈ ਆਮ ਤੌਰ ਤੇ 
ਗੁਰਜਿੰਦਰ ਮਾਂਗਟ
ਹੀ ਵਿਸ਼ਵ ਮੰਡੀ ਅੰਦਰ ਦੇਸ਼ ਦੀ ਸ਼ਾਖ ਨੂੰ ਉਲਟੇ ਰੁਖ ਪ੍ਰਭਾਵਿਤ ਕਰਦੀ ਹੈ ! ਅਮਰੀਕੀ ਸਾਮਰਾਜਵਾਦ ਨੇ ਇੱਕ ਤੋਂ ਬਾਅਦ ਇੱਕ ਹਮਲਾਵਰ ਜੰਗਾਂ ਵਿਢੀਆਂ ਨੇ ! ਦੂਜੇ ਦੇਸ਼ਾਂ ਅੰਦਰ ਤੈਨਾਤ ਫੌਜ ਅਤੇ ਕੁੱਲ ਫੌਜੀ ਖਰਚਿਆਂ ਵਿਚ ਹੋਏ ਭਾਰੀ ਵਾਧੇ ਕਰਕੇ ਵੱਡੀ ਮਾਤਰਾ ਵਿਚ ਅਮਰੀਕੀ ਡਾਲਰ ਦੇ ਦੇਸ਼ ਤੋਂ ਬਾਹਰ ਜਾਣ ਕਰਕੇ ਇਸਦੀ ਕੌਮਾਂਤਰੀ ਸ਼ਾਖ ਨੂੰ ਭਾਰੀ ਧੱਕਾ ਲੱਗਿਆ ਹੈ ! ਦੂਜੀ ਸੰਸਾਰ ਜੰਗ ਤੋਂ ਬਾਅਦ ਵਿੱਤੀ ਸੰਕਟ ਵਾਰ ਵਾਰ ਪੈਦਾ ਹੁੰਦੇ ਰਹੇ ਹਨ ! ਸਿੱਟੇ ਵੱਜੋਂ ਅਮਰੀਕੀ ਸਰਕਾਰ ਨੇ ਵਾਰ ਵਾਰ ਡਾਲਰ ਦੀ ਕਦਰ ਘਟਾਈ ਹੈ ! ਪੂੰਜੀਵਾਦੀ ਸੰਸਾਰ ਵਿਚ ਅਮਰੀਕੀ ਡਾਲਰ ਦੀ ਸਰਦਾਰੀ ਲਘਭਗ ਖਤਮ ਹੋ ਚੁੱਕੀ ਹੈ !
ਆਰਥਿਕ ਸੰਕਟ ਇੱਕ ਅਜਿਹੇ ਸਮਾਜਿਕ ਢਾਂਚੇ ਦੀ ਉਪਜ ਹੈ ਜਿਸ ਵਿਚ ਕਰੋੜਾਂ ਇਨਸਾਨਾਂ ਨੂੰ ਮੁਠੀ ਭਰ ਨਿਕੰਮੇ ਜਾਲਿਮ ਅੱਯਾਸ਼ਾਂ ਦੀ ਦਇਆ ਤੇ ਛੱਡ ਦਿੱਤਾ ਜਾਂਦਾ ਹੈ ! ਆਰਥਿਕ ਸੰਕਟਾਂ ਦਾ ਇਹ ਚੱਕਰ ਲਗਾਤਾਰ ਵਿਗੜਦਾ ਜਾਂਦਾ ਹੈ ! ਲਗਾਤਾਰ ਆ ਰਹੇ ਸੰਕਟਾਂ ਨੇ ਪੂੰਜੀਵਾਦੀ ਵਿਵਸਥਾ ਦੇ ਇਸ ਝੋਲੀ ਚੁੱਕ ਸਰਦਾਰ ਅਮਰੀਕਾ ਨੂੰ ਦਲਦਲ ਵਿਚ ਧੱਕ ਦਿੱਤਾ ਹੈ ! ਇਹਨਾਂ ਆਰਥਿਕ ਸੰਕਟਾਂ ਨੇ ਪੂੰਜੀਵਾਦੀ ਵਿਵਸਥਾ ਵਿਚਲੀ ਲਾਇਲਾਜ਼ ਬਿਮਾਰੀ ਨੂੰ ਉਜਾਗਰ ਕੀਤਾ ਹੈ ! ਆਰਥਿਕ ਸੰਕਟਾਂ ਦੇ ਗੰਭੀਰ ਹੁੰਦੇ ਜਾਣ ਦੀ ਪ੍ਰਵਿਰਤੀ ਇਸ ਗੱਲ ਦਾ ਪ੍ਰਮਾਣ ਹੈ ਕੇ ਪੂੰਜੀਵਾਦ ਆਪਨੇ ਆਖਰੀ ਸਾਹ ਗਿਣ ਰਿਹਾ ਹੈ , ਇਹ ਡਿੱਗਦਾ ਢਹਿੰਦਾ ਹਰ ਹੀਲੇ ਆਪਨੇ ਆਪ ਨੂੰ ਖੜਾ ਕਰਨ ਦੀ ਕੋਸ਼ਿਸ ਕਰਦਾ ਹੈ ਫਿਰ ਆਪਨੇ ਹੀ ਭਾਰ ਨਾਲ ਮੂੰਹ ਪਰਨੇ ਜਾ ਡਿੱਗਦਾ ਹੈ ! ਹੁਣ ਉਹ ਦਿਨ ਦੂਰ ਨਹੀ ਰਹਿ ਗਏ ਜਦੋਂ ਅਜਿਹੀ ਲਾਇਲਾਜ਼ ਤੇ ਮਨੁੱਖ  ਦੋਖੀ ਵਿਵਸਥਾ ਨੂੰ ਹਮੇਸ਼ਾਂ ਲਈ ਕੂੜੇ ਦੇ ਢੇਰ ਵਿਚ ਸੁੱਟ ਦਿੱਤਾ ਜਾਵੇਗਾ! 
ਗੁਰਜਿੰਦਰ ਮਾਂਗਟ
97810-79797

2 comments:

Angrez Sekha said...

ਬਹੁਤ ਹੀ ਵਧੀਆ ਲੇਖ ,,,,,,,,,,ਬਿਲਕੁਲ ਸਚਾਈ ਬਿਆਨ ਕੀਤੀ ਹੈ ,,,,,

Gagandeep Singh Matharu said...

22 ਆ GDP ਕੀ ਆ ਇਸ ਬਾਰੇ ਕੁਝ ਦੱਸ ਸਕਦੇ ਹੋ ਤਾ ਕਿਰਪਾ ਕਰਕੇ ।