Wednesday, February 23, 2011

ਪੰਜਾਬ ਨੂੰ ਵੰਡਣ ਦੀ ਏਸ ਸਾਜ਼ਿਸ਼ ਦੇ ਨੰਗੇ ਸਬੂਤ ਮੌਜੂਦ ਨੇ

ਜਸਟਿਸ ਆਸਿਫ਼ ਸ਼ਾਹਕਾਰ
ਪੰਜਾਬ ਯੂਨੀਵਰਸਿਟੀ ਲਾਹੋਰ ਦੀ ਪੜ੍ਹਾਈ, ਸਾਹਿਤ ਦੀ ਸਾਧਨਾ,ਸੱਤ ਕਾਵਿ ਸੰਗ੍ਰਹਿ,ਇੱਕ ਨਾਵਲ ਅਤੇ ਇਸ ਤੋਂ ਇਲਾਵਾ ਟੀਵੀ ਪ੍ਰੋਡਿਊਸਰ ਵਜੋਂ ਸਚ ਨੂੰ ਸਾਹਮਣੇ ਲਿਆਉਣ ਦੀਆਂ ਕਈ ਸਫਲ ਕੋਸ਼ਿਸ਼ਾਂ ਕਰਨ ਤੋਂ ਬਾਅਦ ਸਈਯਦ ਆਸਿਫ਼ ਸ਼ਾਹਕਾਰ ਅੱਜ ਕਲ ਸਵੇਡਿਸ਼ ਹਾਈ ਕੋਰਟ ਸਟੋਕਹੋਮ ਵਿੱਚ ਜੱਜ ਵਜੋਂ ਸਚ ਨੂੰ ਸਾਹਮਣੇ ਲਿਆ ਰਹੇ ਹਨ.ਇਸ ਦੇ  ਨਾਲ ਨਾਲ ਕਲਮ ਨੂੰ ਵੀ ਇਸ ਕੰਮ ਲਈ ਇੱਕ ਕਾਰਗਰ ਹਥਿਆਰ ਵਜੋਂ ਵਰਤ ਰਹੇ ਹਨ. ਪੰਜਾਬ ਬਾਰੇ ਉਹਨਾਂ ਦੀਆਂ ਲਿਖਤਾਂ ਅਕਸਰ ਉਹ ਦਰਦ ਬਿਆਨ ਕਰਦੀਆਂ ਹਨ ਜੋ ਕਿਸੇ ਵਿਰਲੇ ਟਾਂਵੇ ਦੇ ਦਿਲ ਵਿੱਚ ਹੀ ਪੈਦਾ ਹੁੰਦਾ ਹੈ. ਉਹਨਾਂ ਦੀ ਹਥਲੀ ਲਿਖਤ ਵੀ ਏਸੇ ਦਰਦ ਨੂੰ ਹੀ ਬਿਆਨ ਕਰਦੀ ਹੈ. ਕਲਮਕਾਰ ਦੇ ਨਾਲ ਇੱਕ ਜੱਜ ਹੋਣ ਦੇ ਨਾਤੇ ਉਹ ਇਸ ਗੱਲ ਦਾ ਖਾਸ ਖਿਆਲ ਰੱਖਦੇ ਹਨ ਕਿ ਕਿਤੇ ਭੁੱਲ ਭੁਲੇਖੇ ਵੀ ਇਸ ਦਾ ਇਤਿਹਾਸ ਦਸਦਿਆਂ ਤਥਾਂ, ਅੰਕੜਿਆਂ ਜਾਂ  ਦਸਤਾਵੇਜਾਂ ਵਿੱਚ ਕੋਈ ਉਕਾਈ ਨਾ ਹੋ ਜਾਵੇ.ਮੈਂ ਉਹਨਾਂ ਨੂੰ ਕਦੇ ਉਲਾਰ ਜਾਂ ਇੱਕ ਪਾਸੜ ਹੁੰਦਿਆਂ ਵੀ ਨਹੀਂ ਦੇਖਿਆ.ਇਹ ਗੱਲ ਤੁਹਾਨੂੰ ਉਹਨਾਂ ਦੀ ਇਸ ਰਚਨਾ ਵਿੱਚ ਵੀ ਨਜ਼ਰ ਆਏਗੀ ਜਿਸ ਦਾ ਨਾਮ ਉਹਨਾਂ ਰੱਖਿਆ ਹੈ ਪਹਿਲਾ ਵਾਹਗਾ.ਤੁਹਾਨੂੰ ਇਹ ਲਿਖਤ ਕਿਹੋ ਜਿਹੀ ਲੱਗੀ ਇਸ ਬਾਰੇ ਆਪਣੇ ਵਿਹਾਰ ਦੱਸਣਾ ਨਾ ਭੁੱਲਣਾ--ਰੈਕਟਰ ਕਥੂਰੀਆ  

ਪਹਿਲਾ ਵਾਹਗਾ/ਜਸਟਿਸ ਆਸਿਫ਼ ਸ਼ਾਹਕਾਰ
ਇਹ ਗਲ ਹੁਣ ਕਿਸੇ ਤੋਂ ਲੋਕੀ ਹੋਈ ਨਹੀਂ ਏ ਕਿ ਪੰਜਾਬ ਨੂੰ ਵੰਡਣ ਵਾਲਾ ਅੰਗਰੇਜ਼ ਤੇ ਉਹਦੇ ਗੁਮਾਸ਼ਤੇ ਸਨ ਇਹ ਗੱਲ ਚਿੱਟੇ ਚਾਨਣ ਵਾਂਗੂੰ ਏ। ਜੇ ਕੋਈ ਪੰਜਾਬੀ ਏਸ ਗੱਲ ਨੂੰ ਨਹੀਂ ਮੰਨਦਾ ਤਾਂ ਫ਼ਰ ਯਾਂ ਤੇ ਉਹ ਅੰਨ੍ਹਾ ਏ ਯਾਂ ਫ਼ਰ ਉਹ ਇਹ ਮਿੱਥ ਚੁੱਕਿਆ ਏ ਕਿ ਉਹਨੇ ਏਸ ਗੱਲ ਨੂੰ ਕਿਸੇ ਕੀਮਤ ਤੇ ਨਹੀਂ ਮੰਨਣਾ। ਪੰਜਾਬ ਨੂੰ ਵੰਡਣ ਦੀ ਏਸ ਸਾਜ਼ਿਸ਼ ਦੇ ਤਾਰੀਖ਼ ਵਿਚ ਨੰਗੇ ਸਬੂਤ ਮੌਜੂਦ ਨੇ ਤੇ ਇਹ ਸਬੂਤ ਰੌਲ਼ਾ ਪਾ ਰਹੇ ਨੇਂ :” ਅਨ੍ਹੇ ਪੰਜਾਬੀਓ ਸਾਨੂੰ ਦੇਖੋ ਤੇ ਮਨੋ ਅਸੀਂ ਸੱਚ ਹਾਂ”।  (ਵੰਡ ਤੋਂ ਪਹਿਲਾਂ ਪੰਜਾਬੀਆਂ ਜਿਹਦੇ ਵਿਚ ਹਿੰਦੂ, ਮੁਸਲਮਾਨ, ਸਿਖ ਤੇ ਏਸਾਈ ਸਭ ਸ਼ਾਮਿਲ ਸਨ ) ਨੇ ਜਿਸ ਪਾਰਟੀ ਨੂੰ ਸਭ ਤੋਂ ਵੱਧ ਵੋਟ ਦਿੱਤੇ ਏਸ ਪਾਰਟੀ ਦਾ ਨਾਂ ਨਾ ਤੇ ਕਾਂਗਰਸ ਸੀ ਨਾ ਮੁਸਲਿਮ ਲੀਗ ਤੇ ਨਾ ਈ ਅਕਾਲੀ ਪਾਰਟੀ ਸੀ ਸਗੋਂ ਯੋਨੀਨਸਟ ਪਾਰਟੀ ਸੀ। ਚਲੋ ਏਸ ਪਾਰਟੀ ਵਿਚ ਵੱਡੀ ਗਿਣਤੀ ਜਾਗੀਰਦਾਰਾਂ, ਪੂੰਜੀ ਵਾਦਾਂ ਤੇ ਵਿਚਕਾਰਲੇ ਤਬਕੇ ਦੇ ਲੋਕਾਂ ਦੀ ਸੀ ਪਰ ਇਹ ਪਾਰਟੀ ਆਮ ਪੰਜਾਬੀਆਂ ਦੇ ਵੋਟਾਂ ਨਾਲ਼ ਜਿਤੀ ਤੇ ਇਹ ਵੰਡ ਦੇ ਖ਼ਿਲਾਫ਼ ਸੀ । ਵੰਡ ਤੋਂ ਪਹਿਲਾਂ ਅੰਗਰੇਜ਼ਾਂ ਨਾ ਪੰਜਾਬੀਆਂ ਤੋਂ ਵੰਡ ਬਾਰੇ ਪੁੱਛਿਆ ਤੇ ਨਾ ਈ ਵੰਡ ਦੇ ਮੁੱਦੇ ਤੇ ਕੋਈ ਰੈਫ਼ਰੰਡਮ ਹੋਇਆ। ਵੰਡ ਦੀਆਂ ਹਾਮੀ ਪਾਰਟੀਆਂ ਮੁਸਲਿਮ ਲੀਗ ਤੇ ਕਾਂਗਰਸ ਦੀ ਚੌਹਦਰ ਵਿਚ ਇਕ ਦੋ ਨਾਂ (ਗਾਂਧੀ , ਜਿਨਾਹ ਤੇ ਕੁਝ ਦਾਣੇ ਹੋਰ) ਛੱਡ ਕੇ ਬਾਕੀ ਸਾਰੀ ਦੀ ਸਾਰੀ ਲੀਡਰਸ਼ਿਪ ਯੂ.ਪੀ. ਦੀ ਸੀ । ਦੋਨਾਂ ਪਾਰਟੀਆਂ ਵਿਚ ਇੱਕ ਵੀ ਅਜਿਹਾ ਪੰਜਾਬੀ ਨਜ਼ਰ ਨਹੀਂ ਆਉਂਦਾ ਜੋ ਏਸ ਪੋਜ਼ੀਸ਼ਨ ਵਿਚ ਸੀ ਕਿ ਕਿਸੇ ਵੀ ਅਹਿਮ ਫ਼ੈਸਲੇ ਵਿਚ ਕੋਈ ਰੋਲ਼ ਅਦਾ ਕਰ ਸਕਦਾ( ਜੇ ਕੋਈ ਪੰਜਾਬੀ ਕਿਸੇ ਅਜਿਹੇ ਪੰਜਾਬੀ ਨੂੰ ਜਾਂਣਦਾ ਏ ਤੇ ਦੱਸੇ )   ਮੁਸਲਿਮ ਲੀਗ ਦੀ ਲੀਡਰਸ਼ਿਪ ਯੂ ਪੀ ਵਿਚ ਬਹਿ ਕੇ ਪਾਕਿਸਤਾਨ ਦਾ ਮਤਾ ਪਕਾਇਆ ਤੇ ਲਾਹੌਰ ਆ ਗਏ ਤੇ ਇਥੇ ਆ ਕੇ ਐਲਾਨ ਕਰ ਦਿੱਤਾ। ਕਿਸੇ ਬੰਦੇ ਪੰਜਾਬੀਓ ਤੋਂ ਨਾ ਪੁੱਛਿਆ : ਕਮਲਿਓ ਪੰਜਾਬੀਓ ਦੱਸੋ ਤੁਸੀਂ ਕੀ ਚਾਹੁੰਦੇ ਓ?। ਏਸ ਸਿਲਸਿਲੇ ਵਿਚ ਪਾਕਿਸਤਾਨ ਵਿਚ ਪੜ੍ਹਾਈ ਜਾਣ ਵਾਲੀ ਤਾਰੀਖ਼ ਦੇ ਇੱਕ ਬਹੁਤ ਵੱਡੇ ਝੂਠ ਦੀ ਗੱਲ ਕਰਨੀ ਜ਼ਰੂਰੀ ਏ। ਏਸ ਤਾਰੀਖ਼ ਰਾਹੀਂ ਇਹ ਪੜ੍ਹਾਇਆ ਜਾਂਦਾ ਏ ਕਿ ਏਸ ਜਲਸੇ ਵਿਚ ਬਹੁਤ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ ਇਹ ” ਬਹੁਤ ਵੱਡੀ ਗਿਣਤੀ ਕਿੰਨੀ ਸੀ?”। ਏਸ ਸਵਾਲ ਦਾ ਜਵਾਬ ਕੋਈ ਨਹੀਂ ਦੇਂਦਾ। ਏਸ ਸਵਾਲ ਦਾ ਜਵਾਬ ਨਾ ਦੇਣ ਦੀ ਸਿੱਧੀ ਸਿੱਧੀ ਵਜ੍ਹਾ ਇਹ ਹੈ ਕਿ ਇਹ ”ਵੱਡੀ ਗਿਣਤੀ” ਹੈ ਈ ਨਹੀਂ ਸੀ । ਕਿਉਂ? ਪਹਿਲੀ ਗੱਲ ਤੇ ਇਹ ਸੀ ਕਿ ਵੰਡ ਤੇ ਪਾਕਿਸਤਾਨ ਦੀ ਸਾਰੀ ਲਹਿਰ ਯੂ.ਪੀ. ਵਿਚ ਚਲੀ। ਦੂਜੀ ਵਜ੍ਹਾ ਇਹ ਸੀ ਕਿ ਲਾਹੌਰੀ ਮੁਸਲਮਾਨਾਂ ਤੇ ਮੁਸਲਿਮ ਲੀਗ ਨੂੰ ਵੋਟ ਈ ਨਹੀਂ ਸਨ ਦਿੱਤੇ ਉਹ ਜਲਸੇ ਵਿਚ ਕਿੱਥੇ ਆਉਂਦੇ । ਪੰਜਾਬ ਵਿਚ ਕਾਂਗਰਸ ਦਾ ਹਾਲ ਵੀ ਮੁਸਲਿਮ ਲੀਗ ਤੋਂ ਕੋਈ ਬਹੁਤਾ ਚੰਗਾ ਨਹੀਂ ਸੀ। ਵੰਡ ਤੋਂ ਪਹਿਲਾਂ ਆਮ ਪੰਜਾਬੀ ਹਿੰਦੂ ਤੇ ਉਨ੍ਹਾਂ ਦੀ ਪੰਜਾਬੀ ਲੀਡਰਸ਼ਿਪ ਜਿਵੇਂ ਸਰ ਛੋਟੂ ਰਾਮ ਵਗ਼ੈਰਾ ਵੰਡਦੇ ਖ਼ਿਲਾਫ਼ ਸਨ। ਇਸ ਗੱਲ ਦਾ ਖੁੱਲਾ ਸਬੂਤ ਵੰਡ ਤੋਂ ਪਹਿਲਾਂ ਹੋਈਆਂ ਚੋਣਾਂ ਦੇ ਨਤੀਜੇ ਸਨ। ਇਹ ਨਤੀਜੇ ਦੇਖ ਕੇ ਸਾਫ਼ ਪਤਾ ਲਗਦਾ ਏ ਕਿ ਕਾਂਗਰਸ ਪੰਜਾਬੀਆਂ ਦੀ ਪਾਰਟੀ ਨਹੀਂ ਸੀ ਸਗੋਂ ਇੱਕ ਓਪਰੀ ਪਾਰਟੀ ਸੀ । ਹੁਣ ਪਿੱਛੇ ਰਹਿ ਗਈ ਮਾਸਟਰ ਤਾਰਾ ਸਿੰਘ ਦੀ ਪਾਰਟੀ । ਵੰਡ ਤੋਂ ਪਹਿਲਾਂ ਆਮ ਤੌਰ ਤੇ ਪੰਜਾਬੀਆਂ ਤੇ ਖ਼ਾਸ ਤੌਰ ਤੇ ਸਿੱਖਾਂ ਏਸ ਪਾਰਟੀ ਨੂੰ ਕਿੰਨੇ ਵੋਟ ਦਿੱਤੇ ਇਨ੍ਹਾਂ ਦੀ ਗਿਣਤੀ ਦੇਖ ਕੇ ਹਾਸਾ ਆ ਜਾਂਦਾ ਏ। ਕਿੱਥੇ ਰਾਜਾ ਰਣਜੀਤ ਸਿੰਘ ਦਾ ਪੰਜਾਬ ਤੇ ਏਸ ਪੰਜਾਬ ਵਿਚ ਰਹਿੰਦੇ ਸਿੱਖਾਂ ਦੀ ਗਿਣਤੀ ਤੇ ਕਿੱਥੇ ਅਕਾਲੀ ਪਾਰਟੀ ਵਿਚ ਸਿੱਖਾਂ ਦੀ ਗਿਣਤੀ । ਕਹਿਣ ਦਾ ਮਤਲਬ ਇਹ ਹੈ ਕਿ ਇਹ ਤਿੰਨੋਂ ਪਾਰਟੀਆਂ ਜੋ ਆਪਣੇ ਆਪ ਨੂੰ ਪੰਜਾਬੀਆਂ ਦਾ ਮੋਹਰੀ ਹੋਣ ਦਾ ਦਾਅਵਾ ਕਰਦੀਆਂ ਸਨ ਇਨ੍ਹਾਂ ਵਿਚੋਂ ਇੱਕ ਵੀ ਪੰਜਾਬੀਆਂ ਦੀ ਮੋਹਰੀ ਯਾਂ ਨੁਮਾਇੰਦਾ ਨਹੀਂ ਸੀ । ਜੇ ਹੈ ਸੀ ਤਾਂ ਕੋਈ ਮਾਈ ਦਾ ਲਾਅਲ ਏਸ ਗੱਲ ਨੂੰ ਤਾਰੀਖ਼ੀ ਸਬੂਤਾਂ ਰਾਹੀਂ ਸਾਬਤ ਕਰੇ। ਵੰਡ ਵਿਚ ਇਨ੍ਹਾਂ ਪਾਰਟੀਆਂ ਦੇ ਰੋਲ਼ ਨੂੰ ਦੇਖਣ ਲਈ ਤਾਰੀਖ਼ ਦਾ ਪਰਦਾ ਚੁੱਕਣ ਨਾਲ਼ ਕਈ ਹੋਰ ਦਿਲਚਸਪ ਗੱਲਾਂ ਸਾਮ੍ਹਣੇ ਆਉਂਦੀਆਂ ਨੇ। ਮਾਸਟਰ ਤਾਰਾ ਸਿੰਘ ਦੀ ਮਸ਼ਹੂਰ ਕ੍ਰਿਪਾਨ ਜਿਹਨੇ ਲਾਹੌਰ ਵਿਚ ਪੰਜਾਬ ਨੂੰ ਟੋਟੇ ਕਰਾਉਣ ਲਈ ਤਾਰੀਖ਼ੀ ਵਾਰ ਕੀਤਾ। ਇਹ ਵਾਰ ਮਾਸਟਰ ਜੀ  ਕਹਿਦੀ ਸ਼ੈਹ ਤੇ ਕੀਤਾ ? ਕੀ ਉਨ੍ਹਾਂ ਇਹ ਵਾਰ ਸਿੱਖਾਂ ਦੀ ਮਰਜ਼ੀ ਨਾਲ਼ ਕੀਤਾ?  ਏਸ ਗੱਲ ਦੀ ਸਚਾਈ ਬਾਰੇ ਜੇ ਅੱਜ ਕੋਈ ਪੰਜਾਬੀ ਯਾਂ ਸਿਖ ਭੋਲ਼ਾ ਬਣੇ ਤੇ ਉਹ ਭੋਲ਼ਾ ਨਹੀਂ ਏ ਸਗੋਂ ਬੇ ਈਮਾਨ ਤੇ ਝੂਠਾ ਏ। ਪੰਜਾਬ ਦੀ ਵੰਡ ਦੇ ਸਿਲਸਿਲੇ ਵਿਚ ਮਾਸਟਰ ਤਾਰਾ ਸਿੰਘ ਤੇ ਉਹਦੇ ਸਾਥੀਆਂ ਜੋ ਰੋਲ਼ ਖੇਡਿਆ ਏਸ ਸਿਲਸਿਲੇ ਵਿਚ ਇੱਕ ਹੋਰ ਦਿਲਚਸਪ ਗੱਲ ਸਾਹਮ੍ਹਣੇ ਲਿਆਉਣ ਦੀ ਲੋੜ ਏ। ਇਹ ਗੱਲ ਇਤਨੀ ਅਹਿਮ ਏ ਕਿ ਸਾਰੇ ਅਕਾਲੀ ਪੂਰਾ ਜ਼ੋਰ ਲਾ ਕੇ ਏਸ ਗੱਲ ਨੂੰ ਲੁਕਾਉਣ ਦੀ ਕੋਸ਼ਸ਼ ਕਰਦੇ ਨੇ। ਗੱਲ ਇਹ ਹੈ ਕਿ ਪੰਜਾਬ ਦੀ ਵੰਡ ਤੋਂ ਪਹਿਲਾਂ ਮੁਸਲਿਮ ਲੀਗ ਤੇ ਪਾਕਿਸਤਾਨ ਦੀ ਲਹਿਰ ਚਲਾਉਣ ਵਾਲੇ ਲੀਡਰ ਕ਼ਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਸਿੱਖਾਂ ਨਾਲ਼ ਰਾਬਤਾ ਕੀਤਾ ਤੇ ਥਾਲੀ ਵਿਚ ਰੱਖ ਕੇ ਸਾਂਝਾ ਪੰਜਾਬ ਪੇਸ਼ ਕੀਤਾ ਤੇ ਕਿਹਾ : ” ਤੁਸੀਂ ਪੰਜਾਬ ਨੂੰ ਨਾ ਵਿੰਡੋ ਜੋ ਵੀ ਤੁਹਾਡੀਆਂ ਮੰਗਾਂ ਨੇ ਸਾਰੀਆਂ ਦੀਆਂ ਸਾਰੀਆਂ ਲਿਖ ਕੇ ਮੇਰੇ ਕੋਲ਼ ਲੈ ਆਓ ਮੈਂ ਬਿਨਾਂ ਕਿਸੇ ਸ਼ਰਤ ਯਾਂ ਇਤਰਾਜ਼ ਦੇ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਵਾਂਗਾ ਤੇ ਜਿਵੇਂ ਤੁਹਾਡੀ ਤਸੱਲੀ ਹੁੰਦੀ ਏ ਕਰ ਲਓ ਮੈਂ ਤੁਹਾਡੇ ਨਾਲ਼ ਮੁਆਹਿਦੇ ਤੇ ਦਸਤਖ਼ਤ ਕਰ ਦਿਆਂਗਾ” ।ਅਕਾਲੀਆਂ ਉਹਦੀ ਏਸ ਦਾਅਵਤ ਨੂੰ ਠੁੱਡਾ ਮਾਰਿਆ ਤੇ ਉਹਨੂੰ ਮਾਂਜ ਕੁਚ ਕੇ ਜਵਾਬ ਦੇ ਦਿੱਤਾ ਤੇ ਪੰਜਾਬੜੀ ਲੈ ਕੇ ਬਹਿ ਗਏ। ਕਿੱਥੇ ਰਾਜਾ ਰਣਜੀਤ ਸਿੰਘ ਵੇਲੇ ਹਿੰਦੁਸਤਾਨ ਈ ਨਹੀਂ ਸਗੋਂ ਏਸ਼ੀਆ ਦੀ ਇੱਕ ਵੱਡੀ ਤਾਕਤ ਤੇ ਕਿੱਥੇ ਯੂ.ਪੀ. ਵਾਲਿਆਂ (ਨਹਿਰੂ ਤੇ ਪਟੇਲ ਐਂਡ ਕੰਪਨੀ ) ਦੇ ਕਮੀ ਬਣ ਗਏ। ਨਾ ਸਿਰਫ਼ ਕਮੀ ਬਣੇ ਸਗੋਂ ਅੱਧੇ ਹੋ ਗਏ। ਨਨਕਾਣਾ ਸਾਹਿਬ ਤੇ ਲਾਹੌਰ ਬਿਨਾਂ ਨਾ ਸਿਖ ਧਾਰਮਿਕ ਤੌਰ ਤੇ ਪੂਰਾ ਏ ਤੇ ਨਾ ਲਾਹੌਰ ਬਿਨਾਂ ਇਤਿਹਾਸਕ ਤੌਰ ਤੇ ਪੂਰਾ ਏ। ਜੇ ਮੁਸਲਮਾਨਾਂ ਨੂੰ ਕਿਹਾ ਜਾਵੇ ਕਿ ਤੁਸੀਂ ਮੱਕਾ ਤੇ ਮਦੀਨਾ ਛੱਡ ਕੇ ਚਲੇ ਜਾਓ ਤੇ ਉਹ ਮਰ ਜਾਣ ਗੇ ਪਰ ਮੱਕਾ ਮਦੀਨਾ ਨਹੀਂ ਛੱਡਣਗੇ। ਸਿਖ ਮੱਕਾ , ਮਦੀਨਾ ਵੀ ਛੱਡ ਗਏ ਤੇ ਤਖ਼ਤ ਲਾਹੌਰ ਵੀ । ਸਿਖ ਆਪਣੀਆਂ  ਦੋ ਵੱਡੀਆਂ ਹਸਤੀਆਂ ਗੁਰੂ ਨਾਨਕ ਤੇ ਰਾਜਾ ਰਣਜੀਤ ਨੂੰ ਛੱਡ ਕੇ ਤੁਰ ਗਏ। ਇਹ ਗਲ ਕਹਿਣਾ ਸ਼ੈਤ ਸਾਰੇ ਸਿੱਖਾਂ ਨਾਲ਼ ਨਾ ਇੰਸਾਫ਼ੀ ਤੇ ਅਨਹਾਏ ਹੋਵੇਗਾ ਕਿਉਂ ਜੇ ਉਸ ਵੇਲੇ (ਹਾਲ ਘੜੀ ਦੇ ਪੱਛਮੀ ਪੰਜਾਬ) ਵਿਚ ਰਹਿੰਦੇ ਨਾ ਤੇ ਸਾਰੇ ਸਿਖ ਅਕਾਲੀ ਸਨ ਤੇ ਨਾ ਈ ਉਨ੍ਹਾਂ ਕੋਲੋਂ ਪੁੱਛਿਆ ਗਿਆ। ਕੁਝ ਬੰਦਿਆਂ ਦੇ ਫ਼ੈਸਲੇ ਦੀ ਸਜ਼ਾ ਉਨ੍ਹਾਂ ਨੂੰ ਭੁਗਤਣੀ ਪਈ। ਏਸ ਗੱਲ ਨੂੰ ਇੰਜ ਵੀ ਕਿਹਾ ਜਾ ਸਦਾ ਏ ਕਿ ਪੂਰਬੀ ਪੰਜਾਬ ਤੋਂ ਜੋ ਕਰੋੜਾਂ ਮੁਸਲਮਾਨ ਉਜੜ ਕੇ ਪੱਛਮੀ ਪੰਜਾਬ ਆਏ ਨਾ ਤੇ ਉਹ ਮੁਸਲਿਮ ਲੀਗੀ ਸਨ ਤੇ ਨਾ ਈ ਉਨ੍ਹਾਂ ਕੋਲੋਂ ਸਲਾਹ ਲਈ ਗਈ। ਉਹ ਮੁਸਲਮਾਨ ਜੋ ਪੂਰਬੀ ਪੰਜਾਬ ਤੋਂ ਉਜੜ ਕੇ ਪਾਕਿਸਤਾਨ ਆਏ ਜੇ ਉਨ੍ਹਾਂ ਵਿਚੋਂ ਪਾਕਿਸਤਾਨ ਦੇ ਹਾਮੀਆਂ ਤੇ ਮੁਸਲਿਮ ਲੀਗ ਦੇ ਚੇਲਿਆਂ ਨੂੰ ਲੱਭਿਆ ਜਾਂਦਾ ਤੇ ਉਨ੍ਹਾਂ ਦੀ ਗਿਣਤੀ ਆਰਾਮ ਨਾਲ਼ ਉਂਗਲੀਆਂ ਤੇ ਗੌਣੀ ਜਾ ਸਕਦੀ ਸੀ। ਏਸ ਗੱਲ ਦਾ ਇੱਕ ਸਬੂਤ ਇਹ ਵੀ ਹੈ ਕਿ ਜੋ ਸਿਖ ਪੱਛਮੀ ਪੰਜਾਬ ਤੋਂ ਉਜੜ ਕੇ ਗਿਆ ਉਹ ਮਰਦੇ ਦਮ ਤੱਕ ਪੱਛਮੀ ਪੰਜਾਬ ਨੂੰ ਯਾਦ ਕਰਦਾ ਰਿਹਾ ਤੇ ਏਸ ਉਡੀਕ ਵਿਚ ਰਿਹਾ ਕਿ ਕਦੋਂ ਉਹਨੇ ਮੁੜ ਕੇ ਵਾਪਸ ਆਪਣੇ ਘਰ ਜਾਣਾ ਏ ਤੇ ਇਹੋ ਹਾਲ ਪੂਰਬੀ ਪੰਜਾਬ ਤੋਂ ਉਜੜ ਕੇ ਆਏ ਮੁਸਲਮਾਨਾਂ ਦੇ ਸੀ।
ਮਾਸਟਰ ਤਾਰਾ ਸਿੰਘ ਦੇ ਕ੍ਰਿਪਾਨ ਕੱਢਣ ਮਗਰੋਂ ਪੰਜਾਬ ਵਿਚ ਹਿੰਦੂਆਂ ਮੁਸਲਮਾਨਾਂ ਤੇ ਸਿੱਖਾਂ ਦੇ ਫ਼ਸਾਦ ਸ਼ੁਰੂ ਹੋ ਗਏ। ਇਹ ਫ਼ਸਾਦ ਕਰਾਉਣ ਵਾਲੇ ਕੌਣ ਸਨ? ਏਸ ਲਈ ਪੰਜਾਬੀ ਦਾ ਇੱਕ ਅਖਾਣ ਏ : ” ਚੋਰਾਂ ਨੂੰ ਕਹੋ ਢੱਕੋ ਤੇ ਸਾਧਾਂ ਨੂੰ ਕਹੋ ਆਏ ਜੇ ”। ਇਹ ਅੰਗਰੇਜ਼ ਤੇ ਉਨ੍ਹਾਂ ਦੇ ਗੁਮਾਸ਼ਤੇ ਸਨ। ਇਨ੍ਹਾਂ ਈ ਮਾਸਟਰ ਤਾਰਾ ਸਿੰਘ ਕੋਲੋਂ ਤਲਵਾਰ ਕਢਵਾਈ ਤੇ ਇਨ੍ਹਾਂ ਈ ਫ਼ਸਾਦ ਕਰਵਾਨੇ ਸ਼ੁਰੂ ਕਰਵਾ ਦਿੱਤੇ। ਕਿਉਂ?  ਇਹ ਗਲ ਮੈਂ ਸਾਬਤ ਕਰਾਂਗਾ।  ਪਹਿਲੀ ਗੱਲ ਤੇ ਇਹ ਹੈ ਕਿ ਜੇ ਦੋ ਬੰਦੇ ਤੁਹਾਡੇ ਬੂਹੇ ਅੱਗੇ ਲੜਨ ਲੱਗਣ ਤਾਂ ਤੇ ਤੁਸੀਂ ਬਾਹਰ ਆ ਕੇ ਉਨ੍ਹਾਂ ਨੂੰ ਦਬਕਾ ਮਾਰੋ ਤੇ ਉਹ ਬਿਲਕੁਲ ਨਹੀਂ ਲੜਨਗੇ ਪਰ ਜੇ ਤੁਸੀਂ ਕਨ ਵਲੇਟ ਕੇ ਅੰਦਰ ਈ ਬੈਠੇ ਰਹੋ ਤੇ ਬਾਹਰ ਆ ਕੇ ਉਨ੍ਹਾਂ ਨੂੰ ਰੋਕੋ ਈ ਨਹੀਂ ਤੇ ਇਹ ਬੰਦੇ ਲੜ ਕੇ ਮਰ ਜਾਣ ਤੇ ਇਨ੍ਹਾਂ ਦੇ ਮਰਨ ਦੇ ਤੁਸੀਂ ਜ਼ਿੰਮਾਦਾਰ ਹੋ। ਇਹੋ ਹਾਲ ਅੰਗਰੇਜ਼ਾਂ ਤੇ ਉਨ੍ਹਾਂ ਦਿਆਂ ਗਮਾਸ਼ਤਿਆਂ ਦਾ ਸੀ। ਹਰ ਥਾਂ ਜਿਥੇ ਫ਼ਸਾਦ ਹੋਏ ਓਥੋਂ ਖੜੇ ਹੋ ਕੇ ਜੇ ਤੁਸੀਂ ਵੱਟਾ ਸੁੱਟੋ ਤੇ ਇਹ ਕਿਸੇ ਛਾਉਣੀ ਯਾਂ ਥਾਣੇ ਜਾ ਕੇ ਡਿਗਣਾ ਸੀ ਪਰ ਇਨ੍ਹਾਂ ਛਾਉਣੀਆਂ ਤੇ ਥਾਣਿਆਂ ਵਿਚੋਂ ਇੱਕ ਬੰਦਾ ਵੀ ਉੱਠ ਕੇ ਫ਼ਸਾਦ ਬੰਦ ਕਰਾਉਣ ਨਾ ਆਇਆ। ਕਿਉਂ ? ਉਹਦੀ ਪੰਜਾਬੀ ਦੁਸ਼ਮਣੀ। ਅੰਗਰੇਜ਼ ਤੇ ਉਹਦੇ ਗੁਮਾਸ਼ਤਿਆਂ ਦੀ ਲਵਾਈ ਹੋਈ ਇਹ ਅੱਗ ਜਦ ਫੈਲਦੀ ਫੈਲਦੀ ਭਾਂਬੜ ਬਣ ਗਈ ਤੇ ਅੰਗਰੇਜ਼ ਆਰਾਮ ਨਾਲ਼ ਬਹਿ ਕੇ ਤਮਾਸ਼ਾ ਦੇਖਦਾ ਰਿਹਾ। ਇਨ੍ਹਾਂ ਤਮਾਸ਼ਬੀਨਾਂ ਵਿਚ ਕਾਂਗਰਸ ਤੇ ਮੁਸਲਿਮ ਲੀਗ ਦੀ  ਯੂ.ਪੀ. ਦੀ ਲੀਡਰਸ਼ਿਪ ਵੀ ਸ਼ਾਮਿਲ ਸੀ। ਇਨ੍ਹਾਂ ਤਮਾਸ਼ਬੀਨਾਂ ਲਈ ਪਹਿਲੀ ਗੱਲ ਤੇ ਇਹ ਸੀ ਕਿ ਪੰਜਾਬੀ ਇਨਸਾਨ ਈ ਨਹੀਂ ਸਣ ਉਨ੍ਹਾਂ ਭਾਣੇ ਚਾਹੇ ਇਕ ਪੰਜਾਬੀ ਮਰ ਗਿਆ ਚਾਹੇ ਇਕ ਕੁੱਤਾ ਮਰ ਗਿਆ। ਦੂਜੀ ਗੱਲ ਇਹ ਸੀ ਕਿ ਇਹ ਪੰਜਾਬੀ ਨੂੰ ਸਜ਼ਾ ਦੇਣਾ ਚਾਹੁੰਦੇ ਸਨ ਕਿ ਉਹਨੇ  ਵੰਡ ਦੇ ਹੱਕ ਵਿਚ ਵੋਟ ਨਹੀਂ ਸਨ ਦਿੱਤੇ। ਏਸ ਨੁਕਤੇ ਤੇ ਅੰਗਰੇਜ਼ ਯੂ.ਪੀ. ਦੀ ਮੁਸਲਿਮ ਲੀਗੀ ਤੇ ਕਾਂਗਰਸੀ ਲੀਡਰਸ਼ਿਪ ਦਾ ਏਜੰਡਾ ਸਾਂਝਾ ਸੀ। ਇਹ ਉਹ ਈ ਲੋਕ ਸਨ ਜਿਨ੍ਹਾਂ ਰਾਜਾ ਰਣਜੀਤ ਸਿੰਘ  ਦੇ ਪੰਜਾਬ ਤੇ ਅੰਗਰੇਜ਼ਾਂ ਦਾ ਕਬਜ਼ਾ ਕਰਾਉਣ ਵਿਚ ਮਦਦ ਕੀਤੀ ਤੇ ਉਹਦੇ ਮਗਰੋਂ ਪੰਜਾਬੀਆਂ ਦਾ ਬੀ ਮੁਕਾਉਣ  ਲਈ ਇਥੇ ਉਰਦੂ ਲਾਗੂ ਕਰਵਾਈ। ਇਨ੍ਹਾਂ ਦੀ ਸਾਂਝੀ ਪੰਜਾਬੀ ਦੁਸ਼ਮੰਣੀ ਦਾ ਇਕ ਸਬੂਤ ਇਹ ਵੀ ਏ ਕਿ ਪੂਰੀ ਇਨਸਾਨੀ ਤਾਰੀਖ਼ ਵਿਚ ਜਦ ਕਦੇ ਵੀ  ਬਹੁਤ ਵੱਡੀ ਗਿਣਤੀ ਵਿਚ ਇਨਸਾਨ ਮਾਰੇ ਗਏ ਤੇ ਸਾਰੀ ਦੁਨੀਆ ਏਸ ਤੇ ਰੌਲ਼ਾ ਪਾਇਆ ਤੇ ਏਸ ਦੀ ਵਜ੍ਹਾ ਲੱਭਣ ਦੀ ਕੋਸ਼ਿਸ਼ ਕੀਤੀ। ਇਹ ਕੱਲ੍ਹ ਦੀ ਗੱਲ ਏ ਰਾਵਨਡਾ ਵਿਚ ਹੂਟੂ ਲੋਕਾਂ ਟੁਟਸੀ ਲੋਕਾਂ ਦਾ ਕਤਲ-ਏ-ਆਮ ਕੀਤਾ। ਦੁਨੀਆ ਵਿਚ ਰੌਲ਼ਾ ਪੇ ਗਿਆ।  ਏਸ ਕਤਲ-ਏ-ਆਮ ਦੀ ਵਜ੍ਹਾ ਲੱਭਣ ਲਈ ਮੰਗਾਂ ਹੋਈਆਂ ਤੇ ਫ਼ਰ ਏਸ  ਦੀ ਵਜ੍ਹਾ ਲੱਭਣ ਲਈ ਖੋਜ ਹੋਈ ਤੇ ਮੁਜਰਮਾਂ ਦੇ ਚਿਹਰੇ ਨੰਗੇ ਹੋ ਗਏ।
 ਪੰਜਾਬ ਦੀ ਵੰਡ ਸਿਰਫ਼ ਹਿੰਦੁਸਤਾਨ ਈ ਨਹੀਂ ਸਗੋਂ  ਪੂਰੀ ਇਨਸਾਨੀ ਤਾਰੀਖ਼ ਦਾ ਇਕ ਬਹੁਤ ਵੱਡਾ ਦੁਖਾਂਤ ਏ। ਦਸ ਲੱਖ ਪੰਜਾਬੀ ਕਤਲ ਹੋਇਆ ਸ਼ੈਤ ਏਸ ਤੋਂ ਵੀ ਵੱਧ ਪੰਜਾਬੀ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਗਈ ਦਸ ਕਰੋੜ ਪੰਜਾਬੀ ਘਰੋਂ ਬੇ ਘਰ ਹੋਇਆ ਜੋ ਪੂਰੀ ਇਨਸਾਨੀ ਤਾਰੀਖ਼ ਦਾ ਸਭ ਤੋਂ ਵੱਡਾ ਉਜਾੜਾ ਸੀ। ਅੱਜ ਪੰਜਾਬ ਦੀ ਵੰਡ ਨੂੰ   ਸਾਲ 63 ਹੋ ਗਏ ਨੇ  ਅੱਜ ਤੱਕ  ਨਾ ਪਾਕਿਸਤਾਨ ਦੀ ਕਿਸੇ ਹਕੂਮਤ  ਨਾ ਹਿੰਦੁਸਤਾਨ ਦੀ ਹਕੂਮਤ ਤੇ ਨਾ ਈ ਅਕਾਲੀਆਂ ਏਸ ਗੱਲ ਦੀ ਮੰਗ ਕੀਤੀ ਏ ਕਿ ਤਾਰੀਖ਼ ਦੇ ਇੱਡੇ ਵੱਡੇ ਦੁਖਾਂਤ ਦੀ ਛਾਣਬੀਣ ਕਰਾਈ ਜਾਵੇ। ਕਿਉਂ? ਏਸ ਸਵਾਲ ਦਾ ਸਿੱਧਾ ਸਿੱਧਾ ਜਵਾਬ ਇਹ ਹੈ ਕਿ ਏਸ  ਛਾਣਬੀਣ ਰਾਹੀਂ  ਜੇ ਅੰਗਰੇਜ਼  ਨੰਗਾ ਹੋਵੇਗਾ ਤੇ ਨਾਲ਼ ਈ ਉਹਦੇ ਗੁਮਾਸ਼ਤੇ ਵੀ ਨੰਗੇ ਹੋ ਜਾਣਗੇ ਜੋ ਪਿਛਲੇ 63 ਸਾਲਾਂ ਤੋਂ ਹਕੂਮਤ ਦੀਆਂ ਕੁਰਸੀਆਂ ਤੇ ਬੈਠੇ ਨੇ ਤੇ ਇਨ੍ਹਾਂ ਵਿਚ ਵੱਡੀ ਗਿਣਤੀ ਯੂ.ਪੀ. ਵਾਲਿਆਂ ਦੀ ਏ। ਏਸ ਛਾਣਬੀਣ ਰਾਹੀਂ ਅਕਾਲੀ ਵੀ ਚੱਠੇ ਢੁਕੇ ਨਹੀਂ ਨਿਕਲਣਗੇ ਸਗੋਂ ਉਨ੍ਹਾਂ ਦੇ ਵੀ ਆਗੂਆਂ ਤੇ ਵਿਦਵਾਨਾਂ ਦੇ ਚਿਹਰੇ ਨੰਗੇ ਹੋਣਗੇ। ਜੋ ਪੰਜਾਬ ਦੁਸ਼ਮਣ ਤਾਕਤਾਂ ਦੀਆਂ ਉਂਗਲੀਆਂ ਤੇ ਨੱਚੇ ।      
ਇਨ੍ਹਾਂ ਇਹ ਫ਼ਸਾਦ ਕਿਉਂ ਕਿਰਾਏ ਏਸ ਬਾਰੇ ਮੇਰਾ ਇੱਕ ਦਾਵਾ ਏ। ਅਸਲ ਵਿਚ ਇਹ ਫ਼ਸਾਦ ਕਰਾਉਣ ਦਾ ਮਕਸਦ ਪੰਜਾਬ ਦੀ ਪੱਕੀ ਵੰਡ ਸੀ। ਜੇ ਇਹ ਫ਼ਸਾਦ ਨਾ ਹੁੰਦੇ ਤੇ ਹਿੰਦੂ, ਸਿਖ ਤੇ ਮੁਸਲਮਾਨ ਆਪਣੇ ਆਪਣੇ ਘਰਾਂ ਵਿਚ ਬੈਠੇ ਰਹਿੰਦੇ ਤੇ ਭਾਂਵੇਂ ਪਾਕਿਸਤਾਨ ਤੇ ਹਿੰਦੁਸਤਾਨ  ਬਣ ਵੀ ਜਾਂਦੇ  ਪਰ ਫ਼ਰ ਵੀ ਪੰਜਾਬ ਵੰਡਿਆ ਨਹੀਂ ਸੀ ਜਾ ਸਕਦਾ। ਜੇ ਇਹ  ਵੰਡਿਆ ਵੀ ਜਾਂਦਾ ਤੇ ਇਹ ਵੰਡ ਆਰਜ਼ੀ ਹੋਣੀ ਸੀ ਪੰਜਾਬੀਆਂ ਵਾਹਗੇ ਵਾਲੀ ਵਾੜ ਚੁੱਕ ਕੇ ਪਰਾਂਹ ਮਾਰਨੀ ਸੀ ।
ਏਸ ਗੱਲ ਦੇ ਨੰਗੇ ਸਬੂਤ ਮਿਲਦੇ ਨੇਂ ਕਿ ਪੱਛਮੀ ਪੰਜਾਬ ਤੋਂ ਉਜੜ ਪੁਜੜ ਕੇ ਜਾਂਦੇ ਹਿੰਦੂਆਂ ਸਿਖਾ ਦੀਆਂ ਗੱਡੀਆਂ ਮੁਸਲਮਾਨ ਫ਼ੌਜੀਆਂ ਵੱਡੀਆਂ। ਇਹ ਫ਼ੌਜੀ ਕੌਣ ਸਨ? ਅੰਗਰੇਜ਼ ਦੀ ਫ਼ੌਜ ਦੇ ਮੁਲਾਜ਼ਮ। ਮੈਨੂੰ ਆਪਣੇ ਏਸ ਦਾਵੇ ਦਾ ਸਬੂਤ ਪਲਸ ਦੇ ਇਕ ਵੱਡੇ ਅਫ਼ਸਰ ਤੋਂ ਵੀ ਮਿਲਿਆ। ਮੈਂ ਉਨ੍ਹਾਂ ਦਿਨਾਂ ਵਿਚ ਲਾਹੌਰ ਟੀ ਵੀ ਤੇ ਪ੍ਰੋਡਿਊਸਰ ਸਾਂ। ਇਤਫ਼ਾਕ ਨਾਲ਼ ਉਥੇ ਮੇਰੀ ਪਲਸ ਦੇ ਇਕ ਅਜਿਹੇ ਸਾਬਕਾ ਅਫ਼ਰਲ ਨਾਲ਼ ਮੁਲਾਕਾਤ ਹੋਈ ਜੋ ਵੰਡ ਵੇਲੇ ਪਲਸ ਦਾ ਬਹੁਤ ਵੱਡਾ ਅਫ਼ਸਰ ਸੀ।  ਮੈਂ ਉਹਨੂੰ ਇਹ ਸਵਾਲ ਕੀਤਾ: ” ਵੰਡ ਵੇਲੇ ਹੋਈ ਲੁੱਟ ਮਾਰ ਤੇ ਵੱਢ ਟੁੱਕ ਨੂੰ ਤੁਸੀਂ ਕਿਉਂ ਨਹੀਂ ਸੀ ਰੋਕਿਆ? ”।  ਸਾਨੂੰ ਉਤੋਂ  ਐਸਾ ਕੋਈ ਆਡਰ ਈ ਨਹੀਂ ਸੀ ਆਇਆ ਨਾਲ਼ ਅਸੀਂ ਕੋਈ ਅਨੇ ਸਾਂ ਸਾਨੂੰ ਦਿਸਦਾ ਨਹੀਂ ਸੀ ਪਿਆ ਕਿ ਇਸ ਵੇਲੇ ਦੀ ਹਕੂਮਤ ਤੇ ਆਪ ਇਨ੍ਹਾਂ ਫ਼ਸਾਦਾਂ  ਵਿਚ ਸ਼ਾਮਿਲ ਸੀ। ਗੱਡੀਆਂ ਵਡ਼ਦੇ ਫ਼ੌਜੀ ਕਿਸੇ ਤੋਂ ਲੁਕੇ ਹੋਏ ਸਨ।
ਜੇ ਲੱਭਣ ਨਿਕਲੋ ਤੇ ਇਹੋ ਜਿਹੇ ਪਲਸ ਦੇ ਕਈ ਹਿੰਦੂ ਤੇ ਸਿਖ ਅਫ਼ਸਰ ਪੂਰਬੀ ਪੰਜਾਬ ਵਿਚੋਂ ਵੀ ਲੱਭ ਜਾਣਗੇ ਜੋ ਏਸ ਗੱਲ ਦੀ ਤਸਦੀਕ ਕਰਨਗੇ।  ਅੰਗਰੇਜ਼ ਦੇ ਜਾਣ ਮਗਰੋਂ ਉਹਦੇ ਏਜੰਡੇ ਨੂੰ ਚਾਲੂ ਰੱਖਣ ਵਾਲੇ ਪਾਕਿਸਤਾਨੀ ਤੇ ਹਿੰਦੁਸਤਾਨੀ ਗੁਮਾਸ਼ਤਿਆਂ ਦੀ ਪੰਜਾਬ ਦੀ ਵੰਡ ਨੂੰ ਮੁਸਤਕਿਲ ਤੇ ਪੱਕਾ ਬਣਾਉਣ ਦੇ ਮਨਸੂਬੇ  ਦੇ ਸਿਲਸਿਲੇ ਵਿਚ ਇਕ ਦਿਲਚਸਪ ਗੱਲ ਏ। ਇਹ ਪੂਰੀ ਦੁਨੀਆ ਦਾ ਮੰਨਿਆ ਪ੍ਰਮੰਨਿਆ ਅਸੂਲ ਏ ਨਾਲ਼  ਏਸ ਮਕਸਦ ਲਈ ਇਕ ਇੰਟਰਨੈਸ਼ਨਲ ਕਾਨੂੰਨ ਵੀ ਮੌਜੂਦ ਏ।  ਸਾਰੀ ਦੁਨੀਆ ਵਿਚ ਏਸ ਅਸੂਲ ਤੇ ਕਾਨੂੰਨ ਤੇ ਅਮਲ ਵੀ ਹੁੰਦਾ ਆਇਆ ਏ ਤੇ ਅੱਜ ਵੀ ਹੋ ਰਿਹਾ ਏ ਪਈ ਹਾਲਾਤ ਨਾਰਮਲ  ਹੋਣ ਮਗਰੋਂ ਹਰ ਪਨਾਹ ਗੈਰ ਨੂੰ ਆਪਣੇ ਘਰ ਵਾਪਸ ਪਰਤਣ ਦਾ ਹੱਕ ਏ। ਜੇ ਇਕ ਪਾਸੇ ਪਨਾਹ ਦੇਣ ਵਾਲਾ ਦੇਸ  ਇਨ੍ਹਾਂ ਪਨਾਹ ਗੀਰਾਂ ਨੂੰ ਵਾਪਸ ਘਰ ਜਾਣ ਦੇ ਸਿਲਸਿਲੇ ਵਿਚ ਮਦਦ ਕਰਦਾ ਏ ਤਾਂ   ਦੂਜੇ ਪਾਸੇ ਏਸ ਪਨਾਹ ਗੀਰ ਦਾ ਦੇਸ ਵੀ ਉਹਨੂੰ ਜੀ ਆਈਆਂ ਕਿਹੰਦਾ ਏ। ਦੂਰ ਜਾਣ ਦੀ ਲੋੜ ਨਹੀਂ ਏ ਇਹ ਕੱਲ੍ਹ ਦੀ ਗੱਲ ਏ ਅਫ਼ਗ਼ਾਨਸਤਾਂ ਤੋਂ  ਲੱਖਾਂ ਦੇ ਹਿਸਾਬ ਨਾਲ਼ ਲੋਕ ਉੱਠ ਕੇ ਪਾਕਿਸਤਾਨ ਆਏ  ਤੇ ਉਨ੍ਹਾਂ ਆ ਕੇ ਪਨਾਹ ਲਈ। ਜਦ ਅਫ਼ਗ਼ਾਨਿਸਤਾਨ ਵਿਚ ਹਾਲਾਤ ਕੁਝ ਠੀਕ ਹੋ ਗਏ ਤੇ  ਫ਼ਰ ਪਾਕਿਸਤਾਨ ਤੇ ਅਫ਼ਗ਼ਾਨਸਤਾਂ ਵਿਚਕਾਰ ਏਸ ਮਸਲੇ ਤੇ ਗੱਲਬਾਤ ਹੋਈ ਤੇ ਉਹ ਏਸ ਗੱਲ ਤੇ ਰਾਜ਼ੀ  ਹੋਏ ਪਈ ਅਫ਼ਗ਼ਾਨਿਸਤਾਨ ਤੋਂ ਉੱਠ ਕੇ ਆਏ ਮਹਾਜਰ ਅਫ਼ਗ਼ਾਨਿਸਤਾਨ ਵਾਪਸ ਜਾਣ ਤੇ ਲੱਖਾਂ ਦੇ ਹਿਸਾਬ ਨਾਲ਼ ਇਹ ਮਹਾਜਰ ਵਾਪਸ ਤੁਰ ਵੀ ਗਏ ਨੇ ਤੇ ਹਾਲੇ ਤੀਕ ਵਾਪਸ ਜਾਂਦੇ ਪਏ ਨੇ ਪਰ ਪੰਜਾਬੀ ਮਹਾਜਰਾਂ ਦੇ ਵਾਪਸ ਆਪਣੇ ਘਰਾਂ ਨੂੰ ਆਉਣ ਦੇ ਮਸਲੇ ਤੇ ਨਾ ਤੇ ਅੱਜ ਤੱਕ ਕੋਈ ਗੱਲਬਾਤ ਹੋਈ ਤੇ ਨਾ ਈ ਉਨ੍ਹਾਂ ਨੂੰ ਏਸ ਗੱਲ ਦੀ ਇਜ਼ਾਜ਼ਤ ਏ ਕਿ ਉਹ ਆਪਣੇ ਘਰਾਂ ਨੂੰ ਪਰਤ ਸਕਣ। ਕਿਉਂ ? ਏਸ ਤਰਾਂ ਪੰਜਾਬ ਦੀ ਵੰਡ ਨੂੰ ਖ਼ਤਰਾ ਪੈਦਾ ਹੁੰਦਾ ਏ। 
ਯੂ.ਪੀ. ਜਿੱਥੇ ਮੁਸਲਮਾਨਾਂ ਦੀ ਵੱਡੀ ਗਿਣਤੀ ਸੀ ਤੇ ਜੋ ਪਾਕਿਸਤਾਨ ਬਣਾਉਣ ਦੀ ਲਹਿਰ ਦਾ ਗੜ੍ਹ ਸੀ। ਨਾ ਤੇ ਓਥੇ ਫ਼ਸਾਦ ਹੋਏ ਤੇ ਨਾ ਈ ਓਥੋਂ ਦਾ ਬੰਦਾ ਪੰਜਾਬੀਆਂ ਤਰਾਂ ਲੁੱਟ ਪੁੱਟ ਕੇ ਪਾਕਿਸਤਾਨ ਆਇਆ। ਇਹ ਝੁੱਗੀਆਂ ਚੋਂ ਉੱਠ ਕੇ ਜ਼ਹਾਜ਼ਾਂ ਵਿਚ ਬਹਿ ਕੇ ਪਾਕਿਸਤਾਨ ਆਏ ਤੇ  ਉਨ੍ਹਾਂ ਦਾ ਲਾਲ਼ ਕਾਲੀਨਾਂ ਤੇ ਸਵਾਗਤ ਹੋਇਆ  ਇਨ੍ਹਾਂ ਵਿਚੋਂ ਇਕ ਬੰਦਾ ਕਿਸੇ ਪਨਾਹ ਗੀਰ ਕੈਂਪ ਵਿਚ ਨਹੀਂ  ਰੁਲਿਆ। ਇਹ ਸਿੱਧੇ ਆ ਕੇ ਹਿੰਦੂਆਂ ਸਿੱਖਾਂ ਦੀਆਂ ਛੱਡੀਆਂ ਕੋਠੀਆਂ ਤੇ ਬਿਲਡਿੰਗਾਂ ਦੇ ਮਾਲਿਕ ਬਣ ਗਏ । ਇਨ੍ਹਾਂ ਦੇ ਸਿਲਸਿਲੇ ਵਿਚ ਇੱਕ ਦਿਲਚਸਪ ਗੱਲ ਏ। ਪਾਕਿਸਤਾਨ ਬਣਨ ਮਗਰੋਂ ਹਰ ਪੰਜਾਬੀ ਨੂੰ ਕਲੇਮ ਲਈ ਸਬੂਤ ਦੇ ਤੌਰ ਤੇ ਪਿੱਛੇ ਛੱਡੀ  ਜਾਇਦਾਦ ਦੇ ਕਾਗ਼ਜ਼ ਦਾਖ਼ਲ ਕੁਰਾਉਂਣੇ ਪੈਂਦੇ ਸਨ । ਯੂ.ਪੀ. ਚੋਂ ਆਏ ਇਨ੍ਹਾਂ ” ਮਹਾਜਰਾਂ” ਦੇ ਸਿਲਸਿਲੇ ਵਿਚ ਪਾਕਿਸਤਾਨ ਦੇ ਉਸੇ ਵੇਲੇ ਦੇ ਵਜ਼ੀਰ-ਏ-ਆਜ਼ਮ ਲਿਆਕਤ ਅਲੀ ਖ਼ਾਨ (ਜੋ ਉਰਦੂ ਬੋਲਣ ਵਾਲਾ ਇਕ ਨਵਾਬ ਸੀ) ਦਾ ਖ਼ਾਸ ਹੁਕਮ ਸੀ ਕਿ ਯੂ.ਪੀ. ਤੇ ਬਿਹਾਰ ਤੋਂ ਆਏ ਇਨ੍ਹਾਂ ਮਹਾਜਰਾਂ ਤੋਂ ਕਲੇਮ ਲਈ ਖ਼ਬਰਦਾਰ ਜੇ ਕੋਈ ਕਾਗ਼ਜ਼ ਪੁਛੇ। ਇਹ ਜੋ ਕਹਿਣ ਮੰਨ ਲਵੋ। ਇਤਨੀਆਂ ਮੌਜਾਂ ਦੇ ਬਾਵਜੂਦ ਯੂ.ਪੀ. ਚੋਂ ਕਿੰਨੇ ਕਰੋੜ ਮੁਸਲਮਾਨ ਮਹਾਜਰ ਉੱਠ ਕੇ ਪਾਕਿਸਤਾਨ ਆਇਆ ? ਪੰਜਾਬੀਆਂ ਦੇ ਮੁਕਾਬਲੇ ਵਿਚ ਇਨ੍ਹਾਂ ਦੀ ਗਿਣਤੀ ਆਟੇ ਵਿਚ ਲੋਨ ਬਰਾਬਰ ਏ।  ਮੁਸਲਮਾਨ ਪੰਜਾਬੀਆਂ ਨਾਲ਼ ਕਿੱਡਾ ਵੱਡਾ ਮਜ਼ਾਕ ਏ ਜਿਨ੍ਹਾਂ (ਯੂ.ਪੀ.  ਵਾਲਿਆਂ) ਪਾਕਿਸਤਾਨ ਦੀ ਮੰਗ ਕੀਤੀ ਉਹ ਵੰਡ ਮਗਰੋਂ ਯੂ.ਪੀ. ਈ ਬੈਠੇ ਰਹੇ ਤੇ ਜਿਨ੍ਹਾਂ (ਪੰਜਾਬੀਆਂ )  ਇਹ ਮੰਗ ਨਹੀਂ ਸੀ ਕੀਤੀ ਉਨ੍ਹਾਂ ਨੂੰ ਮਾਰ ਕੁੱਟ ਕੇ ਪਾਕਿਸਤਾਨ ਵਿਚ ਜ਼ਬਰਦਸਤੀ ਵਾੜ ਦਿੱਤਾ ਗਿਆ। 
ਹਿੰਦੁਸਤਾਨ  ਦੇ ਹੋਰ ਹਿੱਸੇ ਵੀ ਵੰਡੇ ਗਏ ਜਿਵੇਂ ਬੰਗਾਲ, ਸਿੰਧ, ਰਾਜਸਤਾਨ, ਗੁਜਰਾਤ  ਪਰ ਇਥੇ ਫ਼ਸਾਦ ਨਹੀਂ ਹੋਏ। ਇਨ੍ਹਾਂ ਸੂਬਿਆਂ ਵਿਚ ਵੀ ਤੇ ਮੁਸਲਮਾਨ ਤੇ ਹਿੰਦੂ ਬੈਠੇ ਸਨ ਸਿਰਫ਼ ਪੰਜਾਬ ਵਿਚ ਕੀ ਹਨੇਰ ਆ ਗਿਆ ਸੀ ਜੇ ਸਦੀਆਂ ਤੋਂ ਇਕੱਠੇ ਬੈਠੇ ਹਿੰਦੂ  ਮੁਸਲਮਾਨ ਤੇ ਸਿਖ  ਇਕ ਦੂਜੇ ਦੇ ਜਾਨੀ ਦੁਸ਼ਮਣ ਹੋ ਗਏ ।  ਇਹ ਫ਼ਸਾਦ ਕਿਉਂ ਹੋਏ ਤੇ ਫ਼ਰ ਇਨ੍ਹਾਂ ਨੂੰ ਰੋਕਿਆ ਕਿਉਂ ਨਹੀਂ ਗਿਆ।  ਮੈਨੂੰ ਏਸ ਸਿਲਸਿਲੇ ਵਿਚ ਜਸਟਿਸ ਅਜੀਤ ਸਿੰਘ ਬੈਂਸ ਜੀ ਦੀ ਗੱਲ ਯਾਦ ਆਉਂਦੀ ਏ । ਉਨ੍ਹਾਂ ਇਕ ਵਾਰ  ਕਿਹਾ  ਸੀ ਕਿ ਆਜ਼ਾਦੀ ਮਗਰੋਂ  ਯੂ.ਪੀ.ਵਾਲੇ (ਹਿੰਦੂ ਤੇ ਮੁਸਲਮਾਨ)ਪੂਰੇ ਹਿੰਦੁਸਤਾਨ ਦੀ  ਚੌਧਰ ਚਾਹੁੰਦੇ ਸਨ ਤੇ ਉਨ੍ਹਾਂ ਨੂੰ ਦੋ ਸੂਬਿਆਂ ਤੋਂ ਡਰ ਲਗਦਾ ਸੀ  ਪਹਿਲਾ ਪੰਜਾਬ ਤੇ ਦੂਜਾ ਬੰਗਾਲ ਸੀ। ਇਨ੍ਹਾਂ ਦੋਨਾਂ ਸੂਬਿਆਂ ਵਿਚ ਇਕ ਤੇ ਮੁਸਲਮਾਨ ਵੱਡੀ ਗਿਣਤੀ ਵਿਚ ਸਨ  ਦੂਜਾ ਇਹ ਦੋਨੋਂ ਸੂਬੇ ਹਰ  ਲਿਹਾਜ਼ ਨਾਲ਼ ਯੂ.ਪੀ.ਤੋਂ ਤਗੜੇ ਸਨ  ਜੇ ਇਨ੍ਹਾਂ ਦੋਨਾਂ ਸੂਬਿਆਂ ਦੇ ਲੋਕ  ਧਰਮ ਨੂੰ ਪਾਸੇ ਰੱਖ ਕੇ  ਕੌਮਪ੍ਰਸਤੀ ਦੇ ਝੰਡੇ ਥੱਲੇ ਇਕੱਠੇ ਹੋ ਗਏ ਤੇ ਪੂਰੇ ਹਿੰਦੁਸਤਾਨ ਦੀ ਲੀਡਰਸ਼ਿਪ ਇਨ੍ਹਾਂ ਕੋਲ਼ ਆ ਜਾਵੇਗੀ ਤੇ ਇਹ ਗਲ ਯੂ.ਪੀ. ਨੂੰ ਕਿਸੇ ਤਰਾਂ ਨਹੀਂ ਸੀ ਪੁੱਜਦੀ।
ਵੰਡ ਹੋ ਗਈ ਵਾਹਗੇ ਤੇ ਵਾੜ ਲਾ ਦਿੱਤੀ ਗਈ ਇਹ ਵਾੜ ਸਿਰਫ਼  ਲੋਹੇ ਦੀ ਬਣੀ ਹੋਈ ਕੰਡਿਆਲੀ ਵਾੜ ਨਹੀਂ ਏ ਸਗੋਂ ਲੱਖਾਂ ਪੰਜਾਬੀਆਂ ਦੇ ਖ਼ੂਨ ਤੇ  ਲੱਖਾਂ ਪੰਜਾਬੀ ਧੀਆਂ  ਭੈਣਾਂ ਦੀ ਲੁੱਟੀ ਹੋਈ ਇੱਜ਼ਤ ਨਾਲ਼ ਉਸਾਰੀ ਨਫ਼ਰਤ ਦੀ ਕੰਧ ਸੀ। ਗੱਲ ਇੱਥੇ ਈ ਨਹੀਂ ਮੁੱਕ ਗਈ ਨਫ਼ਰਤ  ਦੀ ਕੰਧ ਨੂੰ  ਹੋਰ  ਪੱਕਾ ਤੇ ਉੱਚਾ ਕਰਨ ਲਈ ਪੰਜਾਬ ਵਿਚ ਜੰਗਾਂ ਕਰਾਈਆਂ ਗਈਆਂ।  ਲਾਹੌਰ ਤੋਂ ਤੋਪਾਂ ਚੱਲੀਆਂ ਤੇ ਅੰਮ੍ਰਿਤਸਰ  ਵਿਚ ਇਹਦੇ ਗੋਲਿਆਂ ਪੰਜਾਬੀਆਂ ਦੇ ਸਰੀਰ ਫੀਤੀ ਫੀਤੀ ਕਰ ਕੇ ਖਲ੍ਹਾਰ ਦਿੱਤੇ ਹੱਸਦੇ ਵਸਦੇ ਘਰ ਢੈਹ ਕੇ ਢੇਰੀ ਹੋ ਗਏ ਪੰਜਾਬ ਦੀ ਧਰਤੀ ਦੀ ਹਿੱਕ ਵਿਚ ਫੱਟ ਲੱਗੇ  ਅੰਮ੍ਰਿਤਸਰ ਤੋਂ ਜਹਾਜ਼ ਅੱਡੇ ਤੇ  ਲਾਹੌਰ ਤੇ ਬੰਬ ਸੁੱਟ  ਕੇ ਮੁੜ ਆਏ ਪਿੱਛੇ ਮੌਤ , ਫਟ , ਚੀਕਾਂ ਤੇ ਅੱਗ  ਖਲ੍ਹਾਰ ਆਏ  ਇਨ੍ਹਾਂ ਜ਼ਹਾਜ਼ਾਂ ਦੇ ਪਾਈਲਟ  ਇਸ ਧਰਤੀ ਨੂੰ  ਫ਼ਖ਼ਰ ਨਾਲ਼  ਉਜਾੜ ਕੇ ਆ ਗਏ ਕੱਲ੍ਹ ਜਿਸ ਧਰਤੀ ਤੇ ਇਹ ਆਪ ਜਮੈ ਸਨ ਯਾਂ ਇਨ੍ਹਾਂ ਦੇ ਪਿਓ ਦਾਦੇ ਜਮੈ। ਬੰਦੂਕ ਫੜ ਕੇ ਪੰਜਾਬੀ  ਫਿਰ  ਪੰਜਾਬੀ ਸਾਮ੍ਹਣੇ ਆ ਗਿਆ। ਇਕ ਪਾਸੇ ਦਾ ਪੰਜਾਬੀ ਦੂਜੇ ਪਾਸੇ ਦੇ  ਪੰਜਾਬੀਆਂ ਨੂੰ ਰੱਜ ਕੇ  ਮਾਰਨ ਦੇ ਕਾਰਨਾਮੇ ਦੇ ਬਦਲੇ ਵਿਚ ਹੀਰੋ ਬਣ ਗਿਆ ਉਹਦੇ  ਤੇ ਸਰਕਾਰਾਂ ਤਮਗ਼ਿਆਂ ਦੀ ਬਾਰਿਸ਼ ਕਰ ਦਿੱਤੀ। ਲਾਹੌਰ ਦਾ ਰੇਡੀਓ ਫੁੰਡ ਕੇ ਖ਼ਬਰਾਂ ਦੇ ਰਿਹਾ ਸੀ ਕਿ  ਦੁਸ਼ਮਣ ਦੇ ਇਹਨੇ ਫ਼ੌਜੀ ਮਾਰੇ ਗਏ  ਦੂਜੇ ਪਾਸਿਓਂ ਆਕਾਸ਼ਵਾਣੀ ਜਲੰਧਰ ਤੋਂ ਕੋਈ ਖ਼ੁਸ਼ੀ ਨਾਲ਼ ਨੱਚ ਕੇ ਕਹਿ ਰਿਹਾ ਏ ਕਿ ਸਾਡੀ ਫ਼ੌਜ ਦੁਸ਼ਮਣ ਦੇ ਇਹਨੇ ਫ਼ੌਜੀ ਮਾਰ ਦਿੱਤੇ ।  ਦੁਸ਼ਮਣ ਦੀ ਵਰਦੀ ਪਾਕੇ  ਮਰਨ ਵਾਲਾ  ਫ਼ੌਜੀ  ਕੌਣ ਸੀ ? ਕੀ ਇਹ ਇਨਸਾਨ ਨਹੀਂ ਸੀ? ਕੀ ਇਹ ਪੰਜਾਬੀ ਨਹੀਂ ਸੀ ?
ਦੋਨਾਂ ਪਾਸਿਆਂ ਦਾ ਪੰਜਾਬੀ ਅੱਗ ਤੇ ਮੌਤ ਦੀ ਏਸ ਖੇਡ ਨੂੰ ਦੇਖ ਕੇ ਤਾੜੀਆਂ ਮਾਰਹੀਆ ਸੀ ਤੇ ਪੰਜਾਬ ਦੀ ਧਰਤੀ  ਪੰਜਾਬੀ ਦੇ ਲਹੂ ਵਿਚ ਰੰਗੀ ਜਾ ਰਹੀ ਸੀ  
ਕੁਝ ਈ ਸਾਲ ਲੰਘੇ ਤੇ ਨਫ਼ਰਤ ਦੀ ਏਸ ਕੰਧ ਨੂੰ ਫ਼ਰ  ਪੱਕਾ ਤੇ ਉੱਚਾ ਕਰਨ ਦਾ ਵੇਲ਼ਾ ਆ ਗਿਆ ਫ਼ਰ ਜੰਗ ਹੋ ਗਈ । ਅੱਗ ਤੇ ਮੌਤ ਦਾ ਨਾਟਕ ਫਿਰ ਚਾਲੂ ਹੋ ਗਿਆ।  ਪੰਜਾਬ ਦੀ ਧਰਤੀ  ਨੂੰ ਇਕ ਵਾਰ ਫਿਰ ਫੱਟਾਂ ਨਾਲ਼ ਚੂਰ ਚੂਰ ਕਰ ਦਿੱਤਾ ਗਿਆ। ਢਾਕੇ ਵਿਚ ਇਕ ਪੰਜਾਬੀ ਕੋਲੋਂ ਦੂਜੇ ਪੰਜਾਬੀ ਸਾਹਮ੍ਹਣੇ  ਹਥਿਆਰ ਸੁਟਵਾ ਕੇ ਇਕ ਪੰਜਾਬੀ ਦੂਜੇ ਪੰਜਾਬੀ ਨੂੰ ਰੱਜ ਕੇ ਜ਼ਲੀਲ ਕੀਤਾ। ਨਫ਼ਰਤ ਦੀ ਇਹ ਕੰਧ ਹੋਰ ਪੱਕੀ ਤੇ ਉੱਚੀ ਹੋ ਗਈ। ਇਹ ਜੰਗ  ਹਾਲੇ  ਵੀ ਕਿਹੜੀ ਮੁੱਕ ਗਈ ਏ  ਜੇ ਕਿਧਰੇ ਕਸ਼ਮੀਰ ਵਿਚ  ਕੋਈ ਪਟਾਕਾ  ਚਲਦਾ ਏ ਤੇ ਜੰਗ ਦੇ ਬਦਲ ਪੰਜਾਬ ਤੇ ਆ ਕੇ  ਗੱਜਣ ਲੱਗ ਪੈਂਦੇ ਨੇ ਬੰਬੇ ਵਿਚ  ਚਾਰ ਖਾੜਕੂ ਗੋਲੀਆਂ ਚਲਾਂਦੇ ਨੇ ਤੇ ਪੰਜਾਬ ਵਿਚ ਤੋਪਾਂ ਗੱਜਣ ਲਈ ਤਿਆਰ ਹੋ ਜਾਂਦੀਆਂ ਨੇਂ ।
ਹੋਰ  ਤੇ ਹੋਰ ਦੋਵੇਂ ਦੇਸ ਆਪਣੇ ਆਪਣੇ  ਐਟਮਬੰਬਾਂ  ਨਾਲ਼ ਪੰਜਾਬ  ਤੇ ਸ਼ਿਸਤ ਲਾ ਕੇ ਬੈਠੇ ਨੇ।
ਜਸਟਿਸ ਆਸਿਫ਼ ਸ਼ਾਹਕਾਰ
ਹੁਣ ਜੇ  ਦੋਨਾਂ ਪਾਸਿਆਂ ਦਾ ਪੰਜਾਬੀ ਇਨ੍ਹਾਂ ਗੱਲਾਂ ਨੂੰ ਜਾਣਦਿਆਂ ਬੁਝਦੀਆਂ ਵੀ  ਅੰਨ੍ਹਾ ਬੌਲ਼ਾ ਤੇ ਗੰਗਾ ਬਣ ਕੇ ਬੈਠਾ ਏ  ਤਾਂ ਫ਼ਰ  ਯਾਂ ਤੇ ਉਹ ਮਰ ਚੁੱਕਿਆ ਏ ਯਾਂ ਫ਼ਰ ਉਹਨੇ ਹੌਲੀ ਹੌਲੀ  ਖ਼ੁਦ ਕਸ਼ੀ(ਆਤਮ ਹੱਤਿਆ) ਕਰਨ ਦਾ ਫ਼ੈਸਲਾ ਕਰ ਲਿਆ ਹੋਇਆ ਏ।
ਇਕ ਬੇਨਤੀ 
ਜੇ ਤੁਹਾਨੂੰ ਇਹ ਗੱਲਾਂ ਚੰਗੀਆਂ  ਲੱਗੀਆਂ  ਯਾਂ ਤੁਸੀਂ ਇਨ੍ਹਾਂ ਗੱਲਾਂ  ਨਾਲ਼ ਮੁਤਫ਼ਿਕ (ਸਹਿਮਤ ) ਓ ਤਾਂ ਇਹ ਤੁਹਾਡਾ ਫ਼ਰਜ਼ ਹੈ ਕਿ ਇਕ ਤੇ ਆਪਣੀ ਰਾਏ ਜ਼ਰੂਰ ਲਿਖ ਕੇ ਜਾਇਉ  ਦੂਜਾ  ਇਹ ਗੱਲਾਂ ਦੂਜੇ ਪੰਜਾਬੀਆਂ ਤੱਕ ਪਹੁੰਚਾਓ। ਆਪਣੇ ਦੋਸਤਾਂ ਤੇ ਜਾਨਣ ਵਾਲਿਆਂ ਨੂੰ ਇਹਦਾ ਲਿੰਕ ਭੇਜੋ,  ਇਹਨੂੰ  ਪ੍ਰਿੰਟ ਕਰ ਕੇ ਉਨ੍ਹਾਂ ਨੂੰ ਦਿਓ,ਜ਼ਬਾਨੀ ਦੱਸੋ। ਤੁਹਾਡੇ ਵਿਚਾਰਾਂ ਦੀ ਉਡੀਕ ਵੀ ਬਣੀ ਰਹੇਗੀ ਅਤੇ ਤੁਹਾਡੇ ਹੁੰਗਾਰੇ ਦੀ ਵੀ.ਤੁਸੀਂ ਇਸ ਸਭ ਕੁਝ ਬਾਰੇ ਜੋ ਵੀ ਜਾਣਦੇ ਹੋ, ਜੋ ਵੀ ਸੋਚਦੇ ਹੋ ਜ਼ਰੂਰ ਸਭ ਨਾਲ ਸਾਂਝਾ ਕਰੋ ਤੇ ਦੱਸੋ ਕਿ ਤੁਹਾਡੀ ਅੰਤਰ ਆਤਮਾ ਕੀ ਆਖਦੀ ਹੈ?   

1 comment:

Unknown said...

tuhadae khoj bahut wadia hai ji sach samne lia rahe ho asi tuhade rahi ohna loka nu chetwni dena chahude ha jehra lagatar punjab nu barbad kar rahe han ki eh pir pagbra di darti hai nahi mukni muk jane mukan wale .......waheguru ji ka khalsa waheguru ji ki fateh...................gurdeep singh gosha panth da das