Pages

Friday, September 05, 2025

“ਗੁਰੂ ਬਿਨ੍ਹਾਂ ਗਿਆਨ ਕਹਾਂ, ਗਿਆਨ ਬਿਨ੍ਹਾਂ ਇਨਸਾਨ ਕਹਾਂ।”

Received From M S Bhatia on Thursday 4th September 2025 at 12:28 PM Regarding Teachers Day

Teachers Day ਮੌਕੇ ਯਾਦ ਕੀਤਾ ਆਪਣੇ ਅਧਿਆਪਕਾਂ ਨੂੰ 

ਅਧਿਆਪਕ ਦਿਵਸ 2025 ਮੌਕੇ ਨਮਨ ਹੈ ਸਾਡੇ  ਅਧਿਆਪਕਾਂ ਨੂੰ//ਮਨਿੰਦਰ ਸਿੰਘ ਭਾਟੀਆ

“ਗੁਰੂ ਬਿਨ੍ਹਾਂ ਗਿਆਨ ਕਹਾਂ, ਗਿਆਨ ਬਿਨ੍ਹਾਂ ਇਨਸਾਨ ਕਹਾਂ!”


ਭਾਰਤ ਵਿੱਚ ਅਧਿਆਪਕ ਦਿਵਸ 5 ਸਤੰਬਰ ਨੂੰ  ਡਾ. ਸਰਵਪੱਲੀ ਰਾਧਾਕ੍ਰਿਸ਼ਨਨ -ਉੱਘੇ ਦਾਰਸ਼ਨਿਕ, ਅਧਿਆਪਕ, ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ - ਦੇ ਜਨਮ ਦਿਵਸ 'ਤੇ, ਮਨਾਇਆ ਜਾਂਦਾ ਹੈ।
ਉਨ੍ਹਾਂ ਦਾ ਮੰਨਣਾ ਸੀ ਕਿ "ਅਧਿਆਪਕ ਦੇਸ਼ ਦੇ ਸਭ ਤੋਂ ਵਧੀਆ ਦਿਮਾਗ ਹੋਣੇ ਚਾਹੀਦੇ ਹਨ"। ਉਨ੍ਹਾਂ ਦਾ ਸੰਦੇਸ਼ ਅੱਜ  ਓਨਾਂ ਹੀ ਢੁਕਵਾਂ ਹੈ, ਜਿੰਨਾ ਦਹਾਕੇ ਪਹਿਲਾਂ ਸੀ: ਇੱਕ ਰਾਸ਼ਟਰ ਦੀ ਤਰੱਕੀ ਇਸਦੇ  ਸਮਰਪਿਤ ਅਧਿਆਪਕਾਂ  ਵਲੋਂ ਉਨ੍ਹਾਂ ਦੀਆਂ ਕਲਾਸਾਂ ਵਿੱਚ ਸ਼ੁਰੂ ਹੁੰਦੀ ਹੈ।

ਏ.ਐਸ. ਸੀਨੀਅਰ ਸੈਕੰਡਰੀ ਸਕੂਲ, ਖੰਨਾ ਜ਼ਿਲ੍ਹਾ ਲੁਧਿਆਣਾ  ਵਿਖੇ, 1968 ਤੋਂ 1975 ਤੱਕ ਸਿੱਖਿਆ ਯਾਤਰਾ ਨੇ ਸਾਡੇ ਜੀਵਨ ਦੇ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਕੀਤੀ ਸੀ। ਸਧਾਰਨ ਕਲਾਸ ਰੂਮਾਂ ਅਤੇ ਸਮਰਪਿਤ ਅਧਿਆਪਕਾਂ ਦੇ ਨਾਲ, ਉਸ ਸਮੇਂ ਉਨ੍ਹਾਂ ਕਦਰਾਂ-ਕੀਮਤਾਂ ਅਤੇ ਅਨੁਸ਼ਾਸਨ ਦੀ ਨੀਂਹ ਰੱਖੀ, ਜਿਨ੍ਹਾਂ ਲਈ ਇਹ ਸਕੂਲ ਅੱਜ ਵੀ ਜਾਣਿਆ ਜਾਂਦਾ ਹੈ।

ਜਿਵੇਂ ਹੀ ਅਸੀਂ ਅਧਿਆਪਕ ਦਿਵਸ 2025 ਮਨਾਉਂਦੇ ਹਾਂ, ਅਸੀਂ ਉਹਨਾਂ ਅਧਿਆਪਕਾਂ  ਨੂੰ ਸ਼ੁਕਰਗੁਜ਼ਾਰੀ ਨਾਲ ਯਾਦ ਕਰਦੇ ਹਾਂ, ਜਿਨ੍ਹਾਂ ਨੇ ਧੀਰਜ ਅਤੇ ਵਚਨਬੱਧਤਾ ਨਾਲ ਸਾਡੇ ਬਾਲ ਮਨਾਂ ਨੂੰ ਆਕਾਰ ਦਿੱਤਾ। ਉਨ੍ਹਾਂ ਦੀ ਵਿਰਾਸਤ ਅੱਜ ਵੀ ਅਧਿਆਪਕਾਂ ਦੀ ਅਗਵਾਈ ਕਰਦੀ  ਹੈ, ਸਾਨੂੰ ਯਾਦ ਦਿਵਾਉਂਦੀ ਹੈ ਕਿ ਜਦੋਂ ਤਰੀਕੇ ਬਦਲਦੇ ਹਨ, ਤਾਂ ਸਿੱਖਿਆ ਦੀ ਭਾਵਨਾ ਸਦੀਵੀਂ ਰਹਿੰਦੀ ਹੈ।

ਉਸ ਸਮੇਂ ਜਿੰਨੇ ਵਿਦਿਆਰਥੀ ਖੰਨੇ ਵਿੱਚੋਂ ਸਕੂਲ ਵਿੱਚ ਪੜ੍ਹਨ ਆਉਂਦੇ ਸਨ, ਤਕਰੀਬਨ ਉਨੇ ਹੀ ਆਲੇ ਦੁਆਲੇ ਦੇ ਪਿੰਡਾਂ ਵਿੱਚੋਂ ਜਿਵੇਂ ਕਿ ਛੋਟਾ ਖੰਨਾ , ਰਹਾਉਣ, ਬਾਹੋਮਾਜਰਾ, ਮੌਹਨਪੁਰ, ਇਕਲਾਹਾ, ਸਲਾਣਾ, ਅਮਲੋਹ,ਸੇਹ ਆਦਿ। ਭਾਵੇਂ ਉਸ ਵੇਲੇ ਦੇ ਬਹੁਤੇ ਵਿਦਿਆਰਥੀਆਂ ਦੇ ਮਾਪੇ ਆਰਥਿਕ ਪੱਖੋਂ ਕੋਈ ਜਿਆਦਾ ਤਕੜੇ ਨਹੀਂ ਸਨ, ਫਿਰ ਵੀ ਵਿਦਿਆਰਥੀਆਂ ਵਿੱਚ ਇੱਕ ਸੰਤੋਸ਼ ਦੀ ਭਾਵਨਾ ਹੁੰਦੀ ਸੀ। ਕੁਝ ਸਿੱਖਣ ਦੀ ਭੁੱਖ ਹੁੰਦੀ ਸੀ। ਮੈਨੂੰ ਯਾਦ ਹੈ ਕਿ ਬਹੁਤ ਸਾਰੇ ਸਾਡੇ ਦੋਸਤ ਦੁਪਹਿਰ ਦੀ ਰੋਟੀ ਪਰੌਂਠਿਆਂ ਦੇ ਰੂਪ ਵਿੱਚ ਅਚਾਰ ਦੇ ਨਾਲ ਲਿਆਉਂਦੇ ਸਨ ਅਤੇ ਅਸੀਂ ਇਕੱਠੇ ਬੈਠ ਕੇ ਖਾਂਦੇ ਸਾਂ।

ਹਰ ਰੋਜ਼ ਸਕੂਲ  ਵਿਚ ਸਵੇਰ ਦੀ ਅਸੈਂਬਲੀ ਦੀ ਗੂੰਜ, ਨੋਟ ਬੁੱਕਾਂ ਦੀ ਗੂੰਜ ਅਤੇ ਅਧਿਆਪਕਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਦਿੱਤਾ ਜਾਣ ਵਾਲਾ  ਨਿੱਘ ਤਾਜ਼ਾ ਹੋ ਜਾਂਦਾ ਸੀ। ਅਧਿਆਪਕ ਦਿਵਸ 'ਤੇ, ਇਹ ਰੋਜ਼ਾਨਾ ਦਾ ਜਾਦੂ ਯਾਦ ਆਉਂਦਾ ਹੈ: ਅਸੀਂ ਉਨ੍ਹਾਂ ਉਸਤਾਦਾਂ ਦਾ ਧੰਨਵਾਦ ਕਰਦੇ ਹਾਂ ਜੋ ਉਤਸੁਕਤਾ ਜਗਾਉਂਦੇ ਹਨ, ਕੰਬਦੇ ਹੱਥਾਂ ਨੂੰ ਸਥਿਰ ਕਰਦੇ ਸਨ ਅਤੇ ਸੰਭਾਵਨਾ ਨੂੰ ਉਦੇਸ਼ ਵਿੱਚ ਬਦਲਦੇ ਹਨ। ਉਹ ਸਫਾਈ ਮੁਹਿੰਮਾਂ, ਪੌਦੇ ਲਗਾਉਣ, ਸੜਕ ਸੁਰੱਖਿਆ, ਅਤੇ ਸਮਾਜਿਕ ਜਾਗਰੂਕਤਾ ਵਿੱਚ ਵਿਦਿਆਰਥੀਆਂ ਦੀ ਅਗਵਾਈ ਵੀ ਕਰਦੇ ਅਤੇ ਗਿਆਨ ਨੂੰ ਸੇਵਾ ਵਿੱਚ ਬਦਲਣਾ ਸਿਖਾਉਂਦੇ। ਨਤੀਜੇ ਸਿਰਫ਼ ਮਾਰਕਸ਼ੀਟਾਂ ਵਿੱਚ ਹੀ ਨਹੀਂ ਸਗੋਂ ਸ਼ਿਸ਼ਟਾਚਾਰ ਵਿੱਚ ਵੀ ਦਿਖਾਈ ਦਿੰਦੇ ਸਨ: ਉਹਨਾਂ ਵਿਦਿਆਰਥੀਆਂ ਵਿੱਚ ਜੋ ਸੁਣਦੇ ਸਨ, ਸਵਾਲ ਕਰਦੇ ਸਨ, ਸਹਿਯੋਗ ਕਰਦੇ ਸਨ ਅਤੇ ਅਗਵਾਈ ਕਰਦੇ ਸਨ।

ਭਾਵੇਂ ਸਕੂਲ ਦੇ ਵਿਦਿਆਰਥੀ ਸਾਰੇ ਅਧਿਆਪਕਾਂ ਦਾ ਸਨਮਾਨ ਕਰਦੇ ਸਨ ਪਰ ਸਭ ਤੋਂ ਵੱਧ ਸਨਮਾਨ ਉਸ ਵੇਲੇ ਦੇ ਪ੍ਰਿੰਸੀਪਲ ਮਦਨ ਗੋਪਾਲ ਚੋਪੜਾ ਜੀ ਦਾ ਕਰਦੇ ਸਨ ,  ਜੋ 25 ਸਾਲ ਤੱਕ (5.11.1949 ਤੋਂ 14.10.1974) ਸਕੂਲ ਦੇ ਪ੍ਰਿੰਸੀਪਲ ਰਹੇ ਅਤੇ ਜਿਨਾਂ ਦੇ ਵੇਲੇ ਇਹ ਸਕੂਲ ਪੰਜਾਬ ਵਿੱਚ ਉੱਪਰਲੇ ਤਿੰਨ ਚਾਰ ਸਕੂਲਾਂ ਵਿੱਚੋਂ ਇੱਕ ਹੁੰਦਾ ਸੀ। ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਇਥੋਂ ਦੇ ਵਿਦਿਆਰਥੀਆਂ ਦੀਆਂ ਪਹਿਲੀਆਂ ਪੁਜੀਸ਼ਨਾਂ ਆਉਂਦੀਆਂ ਸਨ ਅਤੇ ਬਹੁਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਬੋਰਡ ਦੀਆਂ ਕਲਾਸਾਂ ਵਿੱਚ ਮੈਰਿਟ ਤੇ ਆਉਂਦੇ ਸਨ। ਸ਼੍ਰੀ ਮਦਨ ਗੋਪਾਲ  ਚੋਪੜਾ ਜੀ ਤੋਂ ਬਾਅਦ *ਸ਼੍ਰੀ ਰਿਖੀ ਰਾਮ ਸ਼ਰਮਾ* ਜੀ 15.10.1974 ਤੋਂ ਪ੍ਰਿੰਸੀਪਲ ਬਣੇ।

ਮਾਸਟਰ ਵਿਨੋਦ ਕਪਿਲਾ ਜੀ ਅਤੇ  ਲਾਜਪਤ ਰਾਏ ਜੀ ਵਾਈਸ ਪ੍ਰਿੰਸੀਪਲ ਸਨ, ਮਾਸਟਰ ਅਵਿਨਾਸ਼ ਚੰਦਰ ਜੀ ਅਤੇ ਮਾਸਟਰ ਨਰੇਸ਼ ਚੰਦ ਜੀ ਵੀ ਬਾਅਦ ਵਿਚ ਸਕੂਲ ਦੇ ਪ੍ਰਿੰਸੀਪਲ  ਬਣੇ।

ਕਈ ਹੋਰ ਮਾਣਯੋਗ ਅਧਿਆਪਕ ਵੀ ਚੇਤੇ ਆ ਰਹੇ ਹਨ। ਮਾਸਟਰ ਹੇਮ ਰਾਜ ,ਮਾਸਟਰ ਸੋਮ ਨਾਥ- ਹਿੰਦੀ- ਸਾਹਿਤ ਅਤੇ ਸੰਸਕ੍ਰਿਤ, ਰਾਮ ਸਰੂਪ ਚੋਪੜਾ, ਮਾਸਟਰ ਗੁਰਮੀਤ ਸਿੰਘ, ਮਾਸਟਰ ਹਰਦਵਾਰੀ ਲਾਲ-ਹਿੰਦੀ, ਮਾਸਟਰ ਵਾਸੂਦੇਵ- ਸੰਸਕ੍ਰਿਤ , ਮਾਸਟਰ ਤਿਲਕ ਰਾਜ-ਹਿੰਦੀ ,  ਮੈਡਮ ਗੋਪਾਲ ਸ਼ਰਮਾ, ਅਵਿਨਾਸ਼ ਚੰਦਰ ,‌ ਮਾਸਟਰ ਨਰੇਸ਼ ਨੌਹਰੀਆ , ਮਾਸਟਰ ਓ.ਪੀ.ਟੱਕਿਆਰ, ਮਾਸਟਰ ਮਹਿੰਦਰ ਪਾਲ- ਗਣਿਤ ,  ਮਾਸਟਰ ਓਮ ਪ੍ਰਕਾਸ਼ ਨੌਹਰੀਆ- ਗਣਿਤ, ਮਾਸਟਰ ਜੋਗਿੰਦਰ ਸਿੰਘ-ਪੰਜਾਬੀ, ਮਾਸਟਰ ਬਚਨ ਸਿੰਘ ਅਤੇ ਮਾਸਟਰ ਨਿਰਮਲ ਸਿੰਘ- ਪੀ.ਟੀ,ਮਾਸਟਰ ਓ.ਪੀ.ਵਰਮਾ- ਵਾਲੀਬਾਲ,  ਮਾਸਟਰ ਜੋਗਿੰਦਰ ਪਾਲ ਗੁਪਤਾ-ਅੰਗਰੇਜ਼ੀ, ਮਾਸਟਰ ਮੁਖਤਿਆਰ ਸਿੰਘ, ਸੋਸ਼ਲ ਸਟੱਡੀਜ਼ ਅਤੇ ਐਨਸੀਸੀ ਏਅਰ ਵਿੰਗ ਦੇ ਇੰਚਾਰਜ,
ਮਾਸਟਰ ਉਜਾਗਰ ਸਿੰਘ, ਮਾਸਟਰ ਸੁਰਜੀਤ ਸਿੰਘ ਅਤੇ ਮਾਸਟਰ ਤਰਲੋਚਨ ਸਿੰਘ ਖੇਡਾਂ,ਮਾਸਟਰ ਗੁਰਦਿਆਲ ਸਿੰਘ ,ਮਾਸਟਰ ਐਮ.ਐਲ. ਕੰਡਾ , ਮਾਸਟਰ ਮੰਗਤ ਰਾਏ, ਮਾਸਟਰ ਹਰਦਵਾਰੀ ਲਾਲ, ਮਾਸਟਰ ਤਿਲਕ ਰਾਜ ,ਮਾਸਟਰ ਰਾਮ ਨਾਥ , ਮਾਸਟਰ ਖਰੈਤੀ ਲਾਲ ਜੀ (ਸੀਨੀਅਰ) ਅਤੇ ਜੂਨੀਅਰ,  ਮਾਸਟਰ ਕਮਲ ਕੁਮਾਰ ਸ਼ਰਮਾ ਇਤਿਹਾਸ ਤੇ ਹਿੰਦੀ (ਲੁਧਿਆਣਾ ਵਾਲੇ), ਮਾਸਟਰ ਰਾਮ ਦਾਸ ਜੀ (ਬਾਅਦ ਵਿੱਚ ਇੱਕ ਹੋਰ ਸਰਕਾਰੀ ਸਕੂਲ ਵਿੱਚ ਪ੍ਰਿੰਸੀਪਲ ਬਣੇ), ਮਾਸਟਰ ਦੇਸ ਰਾਜ, ਮਾਸਟਰ ਰੁਲਾਰਾਮ-ਅੰਗਰੇਜ਼ੀ/ ਹਿੰਦੀ ਅਤੇ ਹਾਕੀ ਕੋਚ, ਮਾਸਟਰ ਮਦਨ ਲਾਲ,ਪੀਟੀਆਈ ਮਾਸਟਰ ਕਰਨੈਲ ਸਿੰਘ ਅਤੇ ਪ੍ਰੇਮ ਸਿੰਘ , ਮਾਸਟਰ ਧਰਮਪਾਲ ਗਰਗ, ਮਾਸਟਰ ਹਰੀ ਓਮ, ਮਾਸਟਰ ਵਿਜੇ ਮੋਹਨ ਭਾਂਬਰੀ,ਮਾਸਟਰ ਸਤਪਾਲ ਮੈਨਰੋ,ਮਾਸਟਰ  ਦੇਸ ਰਾਜ ਨੇ 5ਵੀਂ 'ਚ ਗਣਿਤ ਪੜ੍ਹਾਇਆ, ਮਾਸਟਰ ਸ਼੍ਰੀ ਵੇਦ ਪ੍ਰਕਾਸ਼  ਨੇ 5ਵੀਂ  'ਚ ਹਿੰਦੀ ਪੜ੍ਹਾਈ, ਮਾਸਟਰ ਸ਼ਿਵ ਪ੍ਰਕਾਸ਼ ਜਿਨ੍ਹਾਂ ਨੇ 5ਵੀਂ ਜਮਾਤ ਵਿੱਚ ਏਬੀਸੀ ਪੜ੍ਹਾਈ, ਮਾਸਟਰ ਸਤ ਪਾਲ ਵਰਮਾ, ਮਾਸਟਰ ਸਾਧੂ ਰਾਮ-ਡਰਾਇੰਗ, ਮਾਸਟਰ ਬਚਨਾ ਰਾਮ,ਮਾਸਟਰ ਐਨ ਕੇ ਵਰਮਾ,ਮਾਸਟਰ ਜਤਿੰਦਰ ਵਰਮਾ,ਮਾਸਟਰ ਮੇਹਰ ਸਿੰਘ,ਮਾਸਟਰ ਹਰੀ ਓਮ,ਮਾਸਟਰ ਅਜੀਤ ਕੁਮਾਰ -ਭੌਤਿਕ ਵਿਗਿਆਨ (ਕੁਝ ਸਮੇਂ ਬਾਅਦ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ), ਡਰਾਇੰਗ ਮਾਸਟਰ ਗੁਰਮੇਲ ਸਿੰਘ, ਪੰਜਾਬੀ ਮਾਸਟਰ ਕਰਮ ਸਿੰਘ, ਮਾਸਟਰ ਧਰਮ ਪਾਲ ਅੰਗਰੀਸ਼,ਮਾਸਟਰ ਤਰਲੋਚਨ ਸਿੰਘ ਗਿੱਲ,ਮਾਸਟਰ ਭੋਲਾ ਨਾਥ ਮੈਥ  ਪੜ੍ਹਾਉਣ  ਵਿਚ ਨਿਸ਼ਠਾ ਦੀ ਇਕ ਮਿਸਾਲ ਸਨ।

ਉਹ ਇਕ ਇਕ ਸਵਾਲ ਬਲੈਕ ਬੋਰਡ ਤੇ ਹੱਲ ਕਰਦੇ ਸਨ। ਸਕੂਲ ਵਿੱਚ  ਬੇਟਾ ਅਤੇ ਬਾਪ ਦੋਵਾਂ ਦੇ ਇਕੋ ਸਮੇਂ ਅਧਿਆਪਕ ਹੋਣ ਦੀਆਂ ਮਿਸਾਲਾਂ ਵੀ ਮਿਲਦੀਆਂ ਹਨ ਜਿਵੇਂ ਕਿ ਮਾਸਟਰ ਅਯੁੱਧਿਆ ਪ੍ਰਕਾਸ਼ ਜੀ ਅਤੇ ਮਾਸਟਰ  ਨਰੇਸ਼ ਚੰਦ ਖੰਨਾ, ਵੀ ਪੀ ਕਪੂਰ- ਫਿਜਿਕਸ ਅਤੇ ਮਾਸਟਰ ਹੇਮਰਾਜ- ਸਿੰਪਲ ਮੈਥ ਪੜ੍ਹਾਉਂਦੇ ਸਨ। ਮਾਸਟਰ ਕ੍ਰਿਸ਼ਨ ਕੁਮਾਰ ਸ਼ਰਮਾ ਜੀ  1972 ਵਿਚ ਸਾਡੇ ਸਕੂਲ ਵਿੱਚ ਆਏ ਸਨ। 

ਉਹਨਾਂ ਨੇ ਅਧਿਆਪਕ-ਵਿਦਿਆਰਥੀ ਸਬੰਧਾਂ ਵਿਚ ਇਕ ਨਵਾਂ ਅਧਿਆਏ ਸ਼ੁਰੂ ਕੀਤਾ। ਬਾਅਦ ਵਿਚ  ਸਕੂਲ ਦੇ ਪ੍ਰਿੰਸੀਪਲ ਵੀ ਬਣੇ। ਪੰਜਾਬੀ ਪੜ੍ਹਾਉਣ ਦੇ ਨਾਲ ਨਾਲ ਉਹ ਬਾਲੀਬਾਲ ਦੇ ਬਹੁਤ ਵਧੀਆ ਕੋਚ ਸਨ ਉਹਨਾਂ ਦੇ ਯਤਨਾਂ ਸਦਕਾ ਹੀ ਸਕੂਲ ਦੀ ਬਾਲੀਬਾਲ ਦੀ ਟੀਮ ਸੂਬਾ ਪੱਧਰ ਤੇ ਹੀ ਨਹੀਂ ਸਗੋਂ ਕੌਮੀ ਪੱਧਰ  ਤੇ ਵੀ ਪ੍ਰਸਿੱਧੀ ਪ੍ਰਾਪਤ ਬਣ ਗਈ ਸੀ।

ਅਧਿਆਪਕਾਂ  ਦੀ ਭਾਵਨਾ ਵਿਦਿਆਰਥੀਆਂ ਦਾ ਨਵੀਂ ਪੀੜ੍ਹੀ ਵਜੋਂ ਨਿਰਮਾਣ ਕਰਨਾ ਸੀ, ਨਾ ਕਿ ਅੱਜ ਵਾਂਗ  ਰਿਸ਼ਤੇ ਵਪਾਰਕ ਸਨ। ਸੀਮਤ ਬੁਨਿਆਦੀ ਢਾਂਚੇ ਅਤੇ ਮਾਪਿਆਂ ਵਿੱਚ ਸਾਖਰਤਾ ਦਰ ਘੱਟ ਹੋਣ ਦੇ ਬਾਵਜੂਦ, ਬਹੁਤ ਸਾਰੇ ਪ੍ਰਤਿਭਾਸ਼ਾਲੀ ਵਿਦਿਆਰਥੀ ਚੰਗੀਆਂ ਮਨੁੱਖੀ ਕਦਰਾਂ ਕੀਮਤਾਂ ਵਾਲੇ ਸਨ। ਬਹੁਤੀਆਂ ਉੱਚੀਆਂ ਤਨਖਾਹਾਂ ਵੀ ਨਹੀਂ ਸਨ, ਇੱਥੋਂ ਤੱਕ ਕਿ ਕੋਈ ਪੈਨਸ਼ਨ ਸਕੀਮ ਵੀ ਨਹੀਂ ਸੀ, ਇਹ ਅਧਿਆਪਕਾਂ ਦੇ ਅੰਦਰ ਨੌਕਰੀ ਪ੍ਰਤੀ ਜੋਸ਼ ਅਤੇ ਸੰਸਥਾ ਦੇ ਮੁਖੀ ਦੁਆਰਾ ਮਨੁੱਖੀ ਸਰੋਤਾਂ ਦੇ ਚੰਗੇ ਪ੍ਰਬੰਧਨ ਦਾ ਨਤੀਜਾ ਸੀ, ਜਿਸਨੇ ਸਾਡੇ ਅਦਾਰਿਆਂ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਅਤੇ ਦੇਸ਼ ਭਗਤੀ ਦਾ ਜੋਸ਼ ਹੋਣਾ ਇਨ੍ਹਾਂ ਅਦਾਰਿਆਂ ਦੀ ਆਤਮਾ ਸੀ।

ਸਾਡੇ ਸਤਿਕਾਰਯੋਗ ਅਧਿਆਪਕਾਂ ਵਿੱਚ ਇੱਕ ਸ਼੍ਰੀ ਓਮ ਪ੍ਰਕਾਸ਼ ਸ਼ਰਮਾ ਜੀ -ਕਾਮਰਸ ਅਧਿਆਪਕ ਸਨ ਅਤੇ ਐਨਸੀਸੀ ਦੇ ਆਰਮੀ ਵਿੰਗ ਦੇ ਇੰਚਾਰਜ ਸਨ,ਜੋ ਅੰਬਾਲਾ ਵਿੱਚ ਸੇਵਾਮੁਕਤ ਜੀਵਨ ਬਤੀਤ ਕਰ ਰਹੇ ਹਨ।ਮਾਸਟਰ ਸੁਰਜੀਤ ਸਿੰਘ ਬੈਡਮਿੰਟਨ ਦੇ ਕੋਚ ਸਨ।

ਵੈਸੇ ਤਾਂ ਹਰ ਬੈਚ ਵਿੱਚ ਹੀ ਸਕੂਲ ਦੇ ਵਿਦਿਆਰਥੀ, ਪਹਿਲੀਆਂ ਪੁਜੀਸ਼ਨਾਂ ਅਤੇ ਮੈਰਿਟ ਤੇ ਆਏ ਪਰ 19 74 ਦਸਵੀਂ ਤੇ 75 ਗਿਆਰਵੀਂ ਦਾ ਬੈਚ ਅਜੇ ਤੱਕ ਨਹੀਂ ਭੁੱਲਦਾ ਜਦੋਂ 10ਵੀਂ ਵਿੱਚ 1974 ਵਿੱਚ ਸੁਧੀਰ ਘਈ ਪੰਜਾਬ ਵਿੱਚ ਤੀਜੇ ਅਤੇ ਜਗਦੀਸ਼ ਘਈ ਪੰਜਾਬ ਵਿੱਚ 7ਵੇਂ ਸਥਾਨ 'ਤੇ ਸੀ। ਦਸਵੀਂ ਕਮਰਸ 1974 ਵਿੱਚ  ਲਖਮੀਰ ਸਿੰਘ ਪੰਜਾਬ ਵਿੱਚ ਪਹਿਲੇ ਨੰਬਰ ਤੇ ਆਇਆ। ਇੱਸੇ ਤਰ੍ਹਾਂ 11ਵੀਂ ਵਿੱਚ 1975‌ ਵਿੱਚ ਸੁਧੀਰ ਘਈ ਨਾਨ ਮੈਡੀਕਲ ਪੰਜਾਬ ਵਿੱਚ ਪਹਿਲੇ ਅਤੇ  ਜਗਦੀਸ਼ ਘਈ ਪੰਜਾਬ ਵਿੱਚ 5ਵੇਂ ਸਥਾਨ 'ਤੇ ਸੀ। 

ਇਸੇ ਸਿਲਸਿਲੇ ਨੂੰ ਜਾਰੀ ਰੱਖਦਿਆਂ ਮੈਡੀਕਲ ਸਟਰੀਮ ਵਿੱਚ ਰਵਿੰਦਰ ਕੁਮਾਰ ਅਰੋੜਾ ਟੋਪਰ ਸੀ। ਜ਼ਿਲ੍ਹਾ ਪੱਧਰ 'ਤੇ 10ਵੀਂ ਅਤੇ 11ਵੀਂ ਦੋਵਾਂ ਵਿੱਚ ਸੁਧੀਰ ਘਈ ਅਤੇ ਜਗਦੀਸ਼ ਘਈ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ 'ਤੇ ਸਨ*। ਇਹਨਾਂ ਅਧਿਆਪਕਾਂ ਦੇ ਪੜ੍ਹਾਏ ਹੋਏ ਵਿਦਿਆਰਥੀਆਂ ਵਿੱਚੋਂ ਕਈ ਆਈਏਐਸ, ਡਾਕਟਰ, ਇੰਜੀਨੀਅਰ, ਪ੍ਰੋਫੈਸਰ,ਸੀਏ, ਅਧਿਆਪਕ, ਬੈਂਕਰ ਜਾਂ ਹੋਰ ਸਰਕਾਰੀ ਦਫਤਰਾਂ ਵਿੱਚ ਕਰਮਚਾਰੀ ਤੇ ਅਫਸਰ ਲੱਗੇ ਸਨ। ਕਈਆਂ ਨੇ ਆਪਣੇ ਕਾਰੋਬਾਰ ਸ਼ੁਰੂ ਕੀਤੇ ਅਤੇ ਕਾਮਯਾਬ ਉੱਦਮੀ ਬਣੇ । ਕੁਝ ਸਾਡੇ ਦੋਸਤ ਸਮਾਜ ਸੇਵਾ ਅਤੇ ਰਾਜਨੀਤੀ ਦੇ ਖੇਤਰ ਵਿੱਚ ਵੀ ਸਰਗਰਮ ਹਨ। 

ਸਾਡਾ ਇਕ ਦੋਸਤ ਅਵਿਨਾਸ਼ ਸਿੰਘ ਛੱਤਵਾਲ, ਜਿਸ ਨੇ ਪਹਿਲਾਂ ਐਮਬੀਬੀਐਸ ਕੀਤੀ ਅਤੇ ਬਾਅਦ ਵਿੱਚ ਆਈਏਐਸ ਕੀਤੀ। ਉਹ ਪੰਜਾਬ ਦੇ ਸੈਕਟਰੀ ਪੱਧਰ ਤੱਕ ਪਹੁੰਚਿਆ।

ਖੇਡਾਂ ਵਿੱਚ ਵੀ ਉਸ ਵੇਲੇ ਦੇ ਬਹੁਤ ਸਾਰੇ ਹੋਣਹਾਰ ਵਿਦਿਆਰਥੀਆਂ ਨੇ ਨਾਮਨਾ ਖੱਟਿਆ ਅਤੇ ਸਕੂਲ ਦਾ ਨਾਮ  ਜਿਲਾ, ਸੂਬਾ ਅਤੇ ਦੇਸ਼ ਪੱਧਰ ਤੱਕ ਰੌਸ਼ਨ ਕੀਤਾ। 1972 ਵਿੱਚ ਸਕੂਲ ਵਿੱਚ ਖੋ ਖੋ ਦੀ ਟੀਮ ਬਣੀ ਸੀ ਤੇ ਮੈਨੂੰ ਯਾਦ ਹੈ ਕਿ ਅੱਠਵੀਂ-ਡੀ ਦੇ ਸੈਕਸ਼ਨ ਵਿੱਚੋਂ 12 ਵਿੱਚੋਂ 9 ਖਿਡਾਰੀ ਸਲੈਕਟ ਹੋਏ ਸਨ। ਕੁਝ ਨਾਂ ਮੈਨੂੰ ਯਾਦ ਹਨ- ਛੋਟੇ ਖੰਨੇ ਤੋਂ ਦਰਸ਼ਨ ਸਿੰਘ ਤੇ ਦਰਸ਼ਨ ਲਾਲ, ਰਸੂਲੜੇ ਤੋਂ ਪ੍ਰੀਤਮ ਸਿੰਘ ਤੇ ਮੇਹਰ ਸਿੰਘ ਆਦਿ  ਤੇ ਮੈਂ ਵੀ ਉਸ ਟੀਮ ਵਿੱਚ ਸ਼ਾਮਿਲ ਸੀ। ਅਸੀਂ 1973 ਵਿੱਚ ਸੁਧਾਰ ਵਿਖੇ ਹੋਈਆਂ ਜ਼ਿਲ੍ਹਾ ਖੇਡਾਂ ਵਿੱਚ ਖੋ ਖੋ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਸੀ।

ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਸਾਡੇ ਗੁਰੂ ਸਾਡੀ ਤਾਕਤ ਹਨ। ਉਹਨਾਂ ਨੇ ਹੀ ਸਾਡੇ ਸੁਪਨਿਆਂ ਨੂੰ ਉਡਾਣ ਦਿੱਤੀ। ਅੱਜ ਅਸੀਂ ਜੋ ਵੀ ਹਾਂ ਉਨ੍ਹਾਂ  ਦੀ ਸਖ਼ਤ ਮਿਹਨਤ, ਸੱਚਾਈ ਤੇ ਮਮਤਾ ਲਈ ਧੰਨਵਾਦ ਕਰਦੇ ਹਾਂ"।

ਅਸੀਂ ਆਪਣੇ ਸਤਿਕਾਰਯੋਗ ਅਧਿਆਪਕਾਂ, ਖਾਸ ਕਰਕੇ ਪ੍ਰਿੰਸੀਪਲ ਮਦਨ ਗੋਪਾਲ ਚੋਪੜਾ ਜੀ ਵਰਗੇ ਅਧਿਆਪਕਾਂ ਦੇ ਧੰਨਵਾਦੀ ਹਾਂ, ਉਨ੍ਹਾਂ ਦੇ ਸਮਰਪਣ ਅਤੇ ਮਾਰਗਦਰਸ਼ਨ ਦੇ ਜਿਹਨਾਂ ਨੇ ਸਾਡੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 
ਅੱਜ 50 ਸਾਲ ਬਾਅਦ ਸਾਡੇ ਗੁਰੂਆਂ ਦਾ ਸਨਮਾਨ ਸਾਡੇ ਦਿਲਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਹੈ।
ਅਧਿਆਪਕ ਦਿਵਸ ਮੁਬਾਰਕ!

(ਲੇਖਕ ਏ ਐਸ ਸੀਨੀਅਰ ਸੈਕੈਂਡਰੀ (ਉਦੋਂ ਹਾਇਰ ਸੈਕੰਡਰੀ ਸੀ) ਸਕੂਲ, ਖੰਨਾ ਦਾ 1968 ਤੋਂ 1974 ਤੱਕ ਦਾ ਵਿਦਿਆਰਥੀ ਹੈ ਅਤੇ ਪੰਜਵੀਂ, ਅਠਵੀਂ ਅਤੇ ਦਸਵੀਂ ਵਿੱਚ ਮੈਰਿਟ ਲਿਸਟ ਤੇ ਆਇਆ ਸੀ)

No comments:

Post a Comment