Pages

Tuesday, September 30, 2025

ਲਹੂ ਲੁਹਾਣ ਪੰਜਾਬ ਲਈ ਆਖਿਰ ਕੌਣ ਸੀ ਜ਼ਿੰਮੇਵਾਰ ?

Tuesday 30th September 2025
ਬਹੁਤ ਕੁਝ ਸਾਹਮਣੇ ਲਿਆਂਦੀ ਹੈ ਵਰਿੰਦਰ ਦੀਵਾਨਾ ਹੁਰਾਂ ਦੀ ਇਹ ਪੋਸਟ 
ਇੰਟਰਨੈਟ ਦੀ ਦੁਨੀਆ: 30 ਸਤੰਬਰ 2025: (ਮੀਡੀਆ ਲਿੰਕ 32//ਪੰਜਾਬ ਸਕਰੀਨ ਡੈਸਕ)::
ਬੀਤੇ ਸਮੇਂ ਦੀਆਂ ਪੈੜਾਂ ਨੱਪਣ ਦੀ ਇੱਕ ਗੰਭੀਰ ਕੋਸ਼ਿਸ਼ ਕਰਦੀ ਹੈ ਇਹ ਪੋਸਟ। ਸੋਸ਼ਲ ਮੀਡੀਆ ਅੱਜਕਲ੍ਹ ਮੁਖ ਧਾਰਾ ਵਾਲੇ ਮੀਡੀਆ ਤੋਂ ਜ਼ਿਆਦਾ ਅਸਰ ਦਾਇਕ ਸਾਬਿਤ ਹੁੰਦਾ ਜਾ ਰਿਹਾ ਹੈ। ਬਹੁਤ ਸਾਰੇ ਕਲਮਕਾਰਾਂ ਨੇ ਇਸ ਹਕੀਕਤ ਨੂੰ ਬਹੁਤ ਪਹਿਲਾਂ ਹੀ ਪਛਾਣ ਲਿਆ ਸੀ। ਪੰਜਾਬੀ ਭਵਨ ਲੁਧਿਆਣਾ ਵਿਚ ਅਕਸਰ ਸਰਗਰਮ ਰਹਿਣ ਵਾਲਾ ਨੀਲੋਂ ਵੀ ਇਹਨਾਂ ਵਿੱਚੋਂ ਇੱਕ ਰਿਹਾ। 
ਅਸਲ ਵਿੱਚ ਬੁੱਧ ਸਿੰਘ ਨੀਲੋਂ ਕਲਮ ਦਾ ਇੱਕ ਕੁੱਲਵਕਤੀ ਸਾਧਕ ਵੀ ਹੈ ਅਤੇ ਸਿਪਾਹੀ ਵੀ ਹੈ। ਉਹ ਤੁਹਾਨੂੰ ਆਪਣੇ ਨਾਲ ਅਸਹਿਮਤ ਹੋਣ ਦੀ ਵੀ ਪੂਰੀ ਛੂਟ ਦੇਂਦਾ ਹੈ। ਉਸ ਵੱਲੋਂ ਸਾਹਮਣੇ ਲਿਆਂਦੀ ਇਹ ਲਿਖਤ ਅੱਜ ਵੀ ਪੂਰੀ ਤਰ੍ਹਾਂ ਪ੍ਰਸੰਗਿਕ ਹੈ.....ਅੱਜ ਵੀ ਬਹੁਤ ਸਾਰੀਆਂ ਜਾਣਕਾਰੀਆਂ ਦੇਂਦੀ ਹੈ ਜਿਹੜੀਆਂ ਅੱਜ ਵੀ ਨਵੀਆਂ ਹੀ ਹਨ........ਵੱਡੀ ਗੱਲ ਅੱਜ ਵੀ ਇਹ ਚੇਤਨਾ ਜਗਾਉਂਦੀਆਂ ਹਨ...ਦਲੀਲਾਂ ਵਿੱਚ ਵੀ ਵਜ਼ਨ ਹੈ ਅਤੇ ਤੱਥਾਂ ਵਿੱਚ ਵੀ . .. ਇਸ ਸਬੰਧੀ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ........ਵਰਿੰਦਰ ਦੀਵਾਨਾ ਦੀ ਇਹ ਲਿਖਤ ਬਹੁਤ ਕੁਝ ਸਾਹਮਣੇ ਲਿਆਂਦੀ ਹੈ ਅਤੇ ਕੁਝ ਨੁਕਤਿਆਂ ਤੇ ਆ ਕੇ ਉਦਾਸ ਵੀ ਕਰਦੀ ਹੈ ਕਿ ਪੰਜਾਬ ਦੀ ਤਾਣੀ ਕਿੰਨੀ ਸ਼ੈਤਾਨੀ ਨਾਲ ਉਲਝਾਈ ਗਈ ਸੀ........ਇਸ ਦੇ ਬਾਵਜੂਦ ਇਹ ਲਿਖਤ ਝੂਠ ਅਤੇ ਸੱਚ ਦਾ ਕਾਫੀ ਨਿਤਾਰਾ ਕਰਦੀ ਹੈ।  ਸੱਤਾ ਅਤੇ ਸਿਆਸਤ ਵਿਚਲੀਆਂ ਇਹਨਾਂ ਸ਼ੈਤਾਨੀਆਂ ਨੇ ਬਹੁਤ ਵੱਡੀਆਂ ਸ਼ਖਸੀਅਤਾਂ ਦੇ ਬਲੀਦਾਨ ਲਏ........ਬਹੁਤ ਸਾਰੇ ਘਰ ਵਿਰਾਨ ਕਰ ਦਿੱਤੇ...ਬਹੁਤ ਸਾਰੇ ਨਾਇਕ ਸਾਡੇ ਕੋਲੋਂ ਖੋਹ ਲਏ ਗਏ. ..! ਦਹਾਕਿਆਂ ਤੀਕ ਲਹੂ ਵਹਿੰਦਾ ਰਿਹਾ। ਅਜੇ ਵੀ ਸ਼ਾਂਤੀ ਕਦੋਂ ਜਾਪਦੀ ਹੈ? ਸ਼ਰਾਰਤਾਂ ਅਜੇ ਵੀ ਨਹੀਂ ਰੁਕੀਆਂ। ਦਿੱਲੀ ਵਾਲਿਆਂ ਨੂੰ ਤਾਂ ਸ਼ਾਇਦ ਪੰਜਾਬ ਇੱਕ ਪ੍ਰਯੋਗਸ਼ਾਲਾ ਵਾਂਗ ਲੱਭ ਗਿਆ ਸੀ। ਤਜਰਬੇ ਲਗਾਤਾਰ ਜਾਰੀ ਹਨ। ਵੱਡੀ ਗੱਲ ਇਹ ਵੀ ਕਿ ਇਹਨਾਂ ਸਾਰੀਆਂ ਦੁਖਦ ਹਕੀਕਤਾਂ ਦੇ ਬਾਵਜੂਦ ਪੰਜਾਬ ਦੇ ਬਹੁ ਗਿਣਤੀ ਲੋਕਾਂ ਨੇ ਸੰਘਰਸ਼ਾਂ ਤੋਂ ਮੂੰਹ ਨਹੀਂ ਮੋੜਿਆ।  ਸੰਘਰਸ਼ਾਂ ਦੇ ਰੰਗ ਰੂਪ ਸਮੇਂ ਦੀ ਮੰਗ ਮੁਤਾਬਿਕ ਭਾਵੇਂ ਬਦਲਦੇ ਰਹੇ ਪਰ ਸੰਘਰਸ਼ਾਂ ਦਾ ਸਿਲਸਿਲਾ ਹੁਣ ਵੀ ਜਾਰੀ ਹੈ। ਦਮਨ ਚੱਕਰ ਨੇ ਵੀ ਬਹੁਤ ਸਾਰੇ ਰੰਗ ਰੂਪ ਬਦਲੇ ਪਰ ਲੋਕਾਂ ਨੇ ਦਿਲ ਨਹੀਂ ਛੱਡਿਆ। ਇਹ ਲਿਖਤ ਪੜ੍ਹ ਕੇ ਪੰਜਾਬ ਦੇ ਅਤੀਤ ਵੱਲ ਦੇਖਦਿਆਂ ਡਾਕਟਰ ਜਗਤਾਰ ਦੀ ਸ਼ਾਇਰੀ ਫਿਰ ਯਾਦ ਆ ਰਹੀ ਹੈ:
ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ ।
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ ।
ਇਸ ਸਬੰਧੀ ਤੁਹਾਡੇ ਵਿਚਾਰਾਂ ਦੀ ਉਡੀਕ ਵੀ ਬੜੀ ਸ਼ਿੱਦਤ ਨਾਲ ਬਣੀ ਰਹੇਗੀ। ਜੇਕਰ ਤੁਹਾਨੂੰ ਕੁਝ ਪਤਾ ਹੈ ਤਾਂ ਜ਼ਰੂਰ ਬੋਲੋ। ਮਹਾਨ ਸ਼ਖਸੀਅਤਾਂ ਅਤੇ ਨਿਰਦੋਸ਼ ਲੋਕਾਂ ਦਾ ਡੁੱਲਿਆ ਖੂਨ ਸਾਡੇ ਸਾਹਮਣੇ ਚੁਣੌਤੀ ਵੀ ਹੈ। ਇਹ ਸੁਆਲ ਵੀ ਕਰਦਾ ਹੈ। ਜੇਕਰ ਅਸੀਂ ਇਸ ਖੂਨ ਦੀ ਆਵਾਜ਼ ਨੂੰ ਅਣਸੁਣਿਆ ਕਰਦੇ ਹਾਂ ਤਾਂ ਅਸੀਂ ਵੀ ਗੁਨਾਹਗਾਰ ਘੱਟ ਨਹੀਂ ਹੋਵਾਂਗੇ। 

No comments:

Post a Comment