Received From Rajwinder SIngh Rahi on 25th September 2025 at 08:33 AM
ਉਘੇ ਲੇਖਕ ਰਾਜਵਿੰਦਰ ਸਿੰਘ ਰਾਹੀ ਨੇ ਉਠਾਏ ਕਈ ਅਹਿਮ ਨੁਕਤੇ
ਚੰਡੀਗੜ੍ਹ: 25 ਸਤੰਬਰ 2025:( ਰਾਜਵਿੰਦਰ ਸਿੰਘ ਰਾਹੀ//ਪੰਜਾਬ ਸਕਰੀਨ ਡੈਸਕ)::
ਇਹ ਲਿਖਤ ਉਹਨਾਂ ਲੋਕਾਂ ਨੂੰ ਵੀ ਵਿਚਾਰਨੀ ਚਾਹੀਦੀ ਹੈ,ਜੋ ਕਾਮਰੇਡਾਂ ਦੀਆਂ ਮਜ਼ਦੂਰ ਜਥੇਬੰਦੀਆਂ ਨਾਲ ਸਬੰਧਤ ਹਨ।
ਚੰਡੀਗੜ੍ਹ ਵਿੱਚ ਕਮਿਊਨਿਸਟ ਲਹਿਰ ਦੀ ਸੌ ਸਾਲਾ ਵਰ੍ਹੇਗੰਢ 'ਤੇ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ) ਦੀ 25 ਵੀਂ ਕਾਂਗਰਸ ਹੋ ਰਹੀ ਹੈ। ਪਾਰਟੀ ਦੇ ਪੰਜ ਰੋਜ਼ਾ ਡੈਲੀਗੇਟ ਇਜਲਾਸ ਵਿੱਚ ਜਾਤ-ਪਾਤ ਦਾ ਅਜੰਡਾ ਨਜ਼ਰ ਨਹੀਂ ਆਇਆ। ਜਦ ਮੈਂ ਇਸ ਪਾਰਟੀ ਦੇ ਸੌ ਸਾਲਾ ਇਤਿਹਾਸ ਦਾ ਗਹਿਰਾਈ ਨਾਲ ਅਧਿਐਨ ਕੀਤਾ ਹੈ, ਤਾਂ ਪਾਰਟੀ ਨੇ ਕਦੇ ਵੀ ਜਾਤ -ਪਾਤ ਦਾ ਮਸਲਾ ਵਿਚਾਰਨਯੋਗ ਨਹੀਂ ਸਮਝਿਆ। ਪੰਜਾਬ ਵਿੱਚ ਮਾਰਕਸਵਾਦ-ਲੈਨਿਨਵਾਦ ਵਾਇਆ ਗ਼ਦਰੀ ਬਾਬਿਆਂ ਦੇ ਆਇਆ ਸੀ। ਕਿਰਤੀ ਕਮਿਉਨਿਸਟਾਂ ਵਲੋਂ ਸਭ ਤੋਂ ਪਹਿਲਾਂ ਕਿਸਾਨ ਕਮੇਟੀਆਂ ਬਣਾਈਆਂ ਗਈਆਂ। ਜਿਸ ਵਕਤ ਪੰਜਾਬ ਵਿੱਚ ਕਮਿਊਨਿਸਟ ਪਾਰਟੀ ਬਣਦੀ ਹੈ,ਉਸ ਵਕਤ ਦਲਿਤ ਵਰਗ ਨਾਲ ਛੂਤ-ਛਾਤ ,ਜਬਰ, ਜ਼ੁਲਮ ਜ਼ੋਰਾਂ 'ਤੇ ਸੀ।ਉਹਨਾਂ ਦਾ ਗੁਰਦੁਆਰਿਆਂ ਵਿੱਚ ਦਾਖਲਾ ਬੰਦ ਸੀ, ਪਿੰਡਾਂ ਵਿਚ ਉਹਨਾਂ ਨੂੰ ਖੂਹਾਂ ਤੋਂ ਪਾਣੀ ਨਹੀਂ ਲੈਣ ਦਿੱਤਾ ਜਾਂਦਾ ਸੀ, ਉਹ ਛੱਪੜਾਂ ਦਾ ਗੰਦਾ ਪਾਣੀ ਪੀਣ ਲਈ ਮਜਬੂਰ ਸਨ। ਕਮਿਉਨਿਸਟਾਂ ਵਲੋਂ ਕਿਸਾਨਾਂ ਦੇ ਮੋਘਿਆਂ ਦਾ ਪਾਣੀ ਵਧਾਉਣ ਲਈ ਲਈ ਤਾਂ ਮੋਰਚੇ ਲਗਾਏ ਗਏ, ਗਿਰਫ਼ਤਾਰੀ ਦਿੰਦਿਆਂ ਦੀਆਂ ਤਸਵੀਰਾਂ ਵੀ ਮਿਲਦੀਆਂ ਹਨ, ਪਰ ਕੋਈ ਅਜਿਹੀ ਤਸਵੀਰ ਨਹੀਂ ਮਿਲਦੀ ਕਿ ਕਮਿਊਨਿਸਟ ਜਾਂ ਕਿਸਾਨ ਸਭਾਵਾਂ ਦੇ ਆਗੂ ਪਿੰਡ ਦੇ ਖੂਹ 'ਤੇ ਡਾਂਗ ਲੈਕੇ ਖੜ੍ਹੇ ਹੋਣ ਤੇ ਦਲਿਤਾਂ ਨੂੰ ਕਿਹਾ ਹੋਵੇ ਕਿ ਖੂਹ ਤੋਂ ਭਰੋ ਪਾਣੀ ਅਸੀਂ ਦੇਖਾਂਗੇ।
ਮੇਰਾ ਇੱਕ ਮਾਝੇ ਦਾ ਜੱਟ ਦੋਸਤ,ਜੋ ਜੁਆਨੀ ਪਹਿਰੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿੱਚ ਪੜ੍ਹਦਿਆਂ ਨਕਸਲਾਈਟ ਬਣ ਗਿਆ ਸੀ ਤੇ 84 ਤੋਂ ਬਾਅਦ ਖ਼ਾਲਸਤਾਨੀ ਲਹਿਰ ਦਾ ਸਿਧਾਂਤਕ ਵਿਸ਼ਲੇਸ਼ਣਕਾਰ ਬਣਿਆ, 1960 ਵਿਆਂ 'ਚ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦਾ ਦੱਸਦਾ ਹੁੰਦਾ, ਕਿ ਸਾਡੇ ਨਾਲ ਸੀਰੀ-ਸਾਂਝੀ ਰਲਦਾ ਅੰਮ੍ਰਿਤਧਾਰੀ ਮਜ਼ਬੀ ਸਿੱਖ ਅਮਰ ਸਿੰਘ ਗੁਰਦੁਆਰੇ ਮੱਥਾ ਟੇਕ ਕੇ ਤੇਜ਼ੀ ਨਾਲ ਬਾਹਰ ਆ ਕੇ ਜੋੜਿਆਂ ਵਿੱਚ ਬੈਠ ਜਾਂਦਾ ਸੀ। ਉਹ ਕਹਿੰਦਾ ਮੈਂ ਹੈਰਾਨ ਹੋਇਆ ਕਰਦਾ ਸੀ ਕਿ ਉਸ ਨੂੰ ਜੋੜਿਆਂ ਵਿੱਚ ਬੈਠਾ ਕੇ ਦੇਗ ਕਿਉਂ ਦਿੱਤੀ ਜਾਂਦੀ ਹੈ। ਕਦੇ ਕਿਸੇ ਕਮਿਊਨਿਸਟ ਜਾਂ ਕਿਸਾਨ ਸਭੀਏ ਨੇ ਇਹਨਾਂ ਵਿਤਕਰਿਆਂ ਵਿਰੁੱਧ ਆਵਾਜ਼ ਨਹੀਂ ਉਠਾਈ। ਕਿਉਂਕਿ ਉਹ ਖੁਦ ਉਚੀਆਂ ਜਾਤਾਂ 'ਚੋਂ ਸਨ ਤੇ ਇਹ ਸਾਰਾ ਕੁਝ ਨਾ ਉਹਨਾਂ ਨੂੰ ਦਿਸਦਾ ਸੀ ਤੇ ਨਾ ਹੀ ਰੜਕਦਾ ਸੀ।
ਸੀ.ਪੀ.ਆਈ ਦੇ ਕਾਮਰੇਡਾਂ ਦੀ ਕੂਕਿਆਂ ਨਾਲ ਸਾਂਝ ਵੀ ਹੈਰਾਨ ਕਰਦੀ ਹੈ। ਕੂਕਿਆਂ ਦੇ ਭੈਣੀ ਹੈੱਡ ਕੁਆਰਟਰ 'ਤੇ ਦਲਿਤ ਵਰਗ ਲਈ ਵੱਖਰਾ ਲੰਗਰ ਤੇ ਵੱਖਰੀ ਪੰਗਤ ਹੁੰਦੀ ਸੀ ਪਰ ਸੀ.ਪੀ.ਆਈ ਦੇ ਕਾਮਰੇਡਾਂ ਵੱਲੋਂ ਉਹਨਾਂ ਨੂੰ ਸੈਕੂਲਰ ਤੇ ਦੇਸ਼ ਭਗਤ ਕਹਿਕੇ ਵਿਡਿਆਇਆ ਜਾਂਦਾ ਸੀ ਤੇ ਉਹਨਾਂ ਦੇ ਮੁਖੀ ਨੂੰ ਸਤਿਗੁਰੂ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ। (ਹਾਲਾਂ ਕਿ ਉਹਨਾਂ ਦੀ ਗਊ ਰੱਖਿਆ ਵਾਲੀ ਦੇਸ਼ ਭਗਤੀ ਸੰਘ ਤੇ ਭਾਜਪਾ ਦੇ ਫਿੱਟ ਬੈਠਦੀ ਹੈ)
ਸਰਸੇ (ਹਰਿਆਣਾ) ਇਲਾਕੇ ਦੇ ਕੂਕੇ ਜੱਟਾਂ ਕੋਲ ਖੁੱਲੀਆਂ ਜ਼ਮੀਨਾਂ ਹਨ ਤੇ ਸੀ.ਪੀ.ਆਈ ਦੇ ਮੈਂਬਰ ਹਨ ਪਰ ਸਿਰੇ ਦੇ ਜਾਤ ਪ੍ਰਸਤ ਤੇ ਸੁੱਚ ਭਿੱਟ ਨੂੰ ਮੰਨਣ ਵਾਲੇ। ਇਸ ਇਲਾਕੇ ਦੇ ਇੱਕ ਕਾਮਰੇਡ ਮਿੱਤਰ ਨੇ ਦੱਸਿਆ ਕਿ ਤਿੰਨ ਚਾਰ ਸਾਲ ਪਹਿਲਾਂ ਲੋਕ ਕਵੀ ਸੰਤ ਰਾਮ ਉਦਾਸੀ ਦੇ ਵੱਡੇ ਭਰਾ ਪ੍ਰਕਾਸ਼ ਸਿੰਘ ਘਾਰੂ ਦੀ ਮੌਤ ਹੋ ਗਈ ਸੀ,ਉਹ ਕੂਕਾ ਵੀ ਸੀ ਤੇ ਸੀ.ਪੀ.ਆਈ ਦਾ ਮੈਂਬਰ ਵੀ। ਪਹਿਲਾਂ ਘਰ ਦਿਆਂ ਨੇ ਭੋਗ ਪਾਇਆ, ਬਾਅਦ ਵਿੱਚ ਕੂਕੇ ਆ ਗਏ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਾਲੇ ਰੁਮਾਲੇ ਵੀ ਬਦਲ ਦਿੱਤੇ, ਪਹਿਲਾਂ ਵਿਛਾਈਆਂ ਚਾਦਰਾਂ ਵੀ ਵਗਾਹ ਕੇ ਮਾਰੀਆਂ, ਪਾਣੀ ਵੀ ਆਪਣਾ ਲੈ ਕੇ ਆਏ, ਪੂਰੀ ਸੁੱਚਮ ਨਾਲ ਕਾਮਰੇਡ ਦਾ ਭੋਗ ਪਾਇਆ ਗਿਆ।
ਮੈਨੂੰ ਸਮਝ ਨਹੀਂ ਲੱਗਦੀ ਕਿ ਸੀ.ਪੀ.ਆਈ ਨਾਲ ਜੁੜੇ ਦਲਿਤ ਵਰਗ ਦੇ ਲੋਕਾਂ ਨੂੰ ਇਹ ਗੱਲਾਂ ਚੁਭਦੀਆਂ ਕਿਉਂ ਨਹੀਂ?? ਮਾਰਕਸਵਾਦੀ ਲੈਨਿਨਵਾਦੀ ਵਿਚਾਰਧਾਰਾ ਦਾ ਜਾਤ ਪ੍ਰਸਤ,ਸੁੱਚ ਭਿੱਟ ਵਾਲੇ ਬ੍ਰਾਹਮਣਵਾਦੀ ਫ਼ਿਰਕੇ ਨਾਲ ਮੇਲ ਕਿਵੇਂ ਬਣਦਾ ਹੈ??
ਅੱਖਾਂ ਦੀਆਂ ਦੋ ਬੀਮਾਰੀਆਂ ਹੁੰਦੀਆਂ ਨੇ, ਇੱਕ Nictalopia ਜਿਸ ਨੂੰ ਅੰਧਰਾਤਾ ਹੋਣਾ ਕਹਿੰਦੇ ਨੇ। ਦੂਜੀ Hypermetaropia, ਜਿਸ ਨਾਲ ਬਿੰਬ ਉਲਟੇ ਦਿਸਣ ਲੱਗਦੇ ਹਨ। ਮੈਨੂੰ ਲੱਗਦਾ ਪੰਜਾਬ ਦੇ ਦਲਿਤ ਕਾਮਰੇਡ ਤੇ ਲੇਖਕ ਬੁੱਧੀਜੀਵੀ ਇਹ ਦੋਵੇਂ ਬੀਮਾਰੀਆਂ ਦੇ ਸ਼ਿਕਾਰ ਨੇ। ਕਮਿਊਨਿਸਟ ਲਹਿਰ ਦੇ ਸੌ ਸਾਲਾ ਮੌਕੇ ਇਹ ਮੁੱਦੇ ਵਿਚਾਰਨ ਦੀ ਲੋੜ ਹੈ।
ਇਸ ਲਿਖਤ ਪ੍ਰਤੀ ਤੁਹਾਡੇ ਸਭਨਾਂ ਦੇ ਵਿਚਾਰਾਂ ਦਾ ਸਵਾਗਤ ਹੈ। ਉਡੀਕ ਬਣੀ ਰਹੇਗੀ।
Email: punjabscreen@gmail.com
WhatSApp: +91 99153 22407
No comments:
Post a Comment