Pages

Monday, September 08, 2025

ਚੁਰਾਹੇ ਵਿੱਚ ਕੀਤੇ ਟੂਣੇ ਤੁਹਾਡਾ ਕੁਝ ਨਹੀਂ ਸਵਾਰ ਸਕਦੇ...!

  Received From Jaswant Zirakh on Sunday 8th September 2025 at 3:30 PM Regarding Taraksheel Campaign

ਉਲਟਾ ਮਾਨਸਿਕ ਰੋਗੀ ਬਣਾ ਸਕਦੇ ਨੇ ਇਹ ਸੋਚ ਅਤੇ ਕੰਮ:ਜਸਵੰਤ ਜ਼ੀਰਖ


ਲੁਧਿਆਣਾ
: 7 ਸੰਤਬਰ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਬਹੁਤ ਵਾਰ ਲੋਕਾਂ ਦੇ ਕੰਮਕਾਜ ਨਹੀਂ ਚੱਲਦੇ। ਇਸੇ ਤਰ੍ਹਾਂ ਬਹੁਤ ਵਾਰ ਉਹਨਾਂ ਦੇ ਘਰੋਂ ਬਿਮਾਰੀ ਨਹੀਂ ਨਿਕਲਦੀ। ਇਹੀ ਹਾਲਤ ਘਰੇਲੂ ਕਲੇਸ਼ਾਂ ਸੰਬੰਧੀ ਵੀ ਹੈ। ਮੌਜੂਦਾ ਲੋਟੂ ਢਾਂਚਾ ਜਿੱਥੇ ਉਹਨਾਂ ਦਾ ਸ਼ੋਸ਼ਣ ਕਰਦਾ ਹੈ ਉੱਥੇ ਉਹਨਾਂ ਨੂੰ ਅਸਲ ਕਾਰਣਾਂ ਦਾ ਵੀ ਕੋਈ ਥਹੁ ਪਤਾ ਨਹੀਂ ਲੱਗਣ ਦੇਂਦਾ। ਕਿਸਮਤ ਦੇ ਚੱਕਰਾਂ ਅਤੇ ਕਿਸੇ ਰੱਬੀ ਮਰਜ਼ੀਆਂ ਦੇ ਸਾਜ਼ਿਸ਼ੀ ਜਾਲ ਨੂੰ ਲਗਾਤਾਰ ਉਲਝਾਉਂਦੀਆਂ ਆ ਰਹੀਆਂ ਅੰਧਵਿਸ਼ਵਾਸੀ ਸੋਚਵਾਲੀਆਂ ਟੋਲੀਆਂ ਲੋਕਾਂ ਨੂੰ ਲਗਾਤਾਰ ਪਿਛਾਂਹਖਿੱਚੂ ਬਣਾਉਂਦੀਆਂ ਆ ਰਹੀਆਂ ਹਨ। ਜਾਦੂ ਟੂਣਿਆਂ ਅਤੇ ਵਹਿਮਾਂ ਭਰਮਾਂ ਦੇ ਚੱਕਰਾਂ ਵਿੱਚ ਉਲਝੇ ਲੋਕਾਂ ਵਿੱਚ ਜਾਗ੍ਰਤੀ ਲਿਆਉਣ ਲਈ ਤਰਕਸ਼ੀਲ ਕਾਫੀ ਲੰਮੇ ਅਰਸੇ ਤੋਂ ਸਰਗਰਮ ਹਨ। ਇਹ ਲੁਟੇਰੀ ਸੋਚ ਵਾਲੇ ਅਨਸਰ ਆਮ ਲੋਕਾਂ ਨੂੰ ਗੈਬੀ ਸ਼ਕਤੀਆਂ ਦਾ ਡਰ ਦਿਖਾ ਕੇ ਅਜਿਹੇ ਉਪਾਅ ਦੱਸਦੇ ਹਨ ਜਿਹਨਾਂ ਨੂੰ ਕਰਨ ਲਈ ਵਿਚਾਰੇ ਆਮ ਲੋਕ ਘਰਾਂ ਦੀ ਬੱਚਤ ਅਤੇ ਹੋਰ ਸਮਾਨ ਵੇਚ ਵੱਟ ਕੇ ਇਹਨਾਂ ਬਾਬਿਆਂ ਦੇ ਦਰਾਂ ਤੇ ਆ ਹਾਜ਼ਰ ਹੁੰਦੇ ਹਨ। ਤਰਕਸ਼ੀਲ ਸੋਸਾਇਟੀ ਕਈ ਬਾਬਿਆਂ ਦਾ ਪਰਦਾਫਾਸ਼ ਕਰ ਚੁੱਕੀ ਹੈ। ਇਹ ਸਿਲਸਿਲਾ ਲਗਾਤਾਰ ਜਾਰੀ ਵੀ ਹੈ। ਫਿਰ ਵੀ ਗੱਲ ਤਾਂ ਲੋਕਾਂ ਦੇ ਜਾਗਣ ਨਾਲ ਬਣਨੀ ਹੈ। 

ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਲੁਧਿਆਣਾ ਦੀ ਮੀਟਿੰਗ ਜ਼ੋਨ ਦੇ ਦਫਤਰ ਨੇੜੇ ਬੱਸ ਸਟੈਂਡ ਲੁਧਿਆਣਾ ਵਿਖੇ ਜਥੇਬੰਦਕ ਆਗੂ ਜਸਵੰਤ ਜੀਰਖ ਦੀ ਪ੍ਰਧਾਨਗੀ ਹੇਠ ਹੋਈ। ਅੱਜ ਦੀ ਇਸ ਮੀਟਿੰਗ ਵਿੱਚ ਹੋਰਨਾਂ ਏਜੰਡਿਆਂ ਤੋਂ ਇਲਾਵਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ੋਨ ਜਥੇਬੰਦਕ ਆਗੂ ਨੇ ਕਿਹਾ ਕਿ ਹਰ ਮਨੁੱਖ ਤਰੱਕੀ ਤੇ ਖੁਸ਼ਹਾਲੀ ਚਾਹੁੰਦਾ ਹੈ ਪਰ ਇਸ ਦੀ ਪ੍ਰਾਪਤੀ ਵਾਸਤੇ ਸਾਨੂੰ ਆਪ ਅੱਗੇ ਵਧਣ ਦੇ ਟੀਚੇ ਮਿਥ ਕੇ ਮੇਹਨਤ ਕਰਨੀ ਪਵੇਗੀ ਤੇ ਫਿਰ ਹੀ ਸਫ਼ਲਤਾ ਹਾਸਲ ਹੋਵੇਗੀ ਨਾ ਕਿ ਤਾਲਿਆਂ ਤੇ ਝਾੜੂਆਂ ਅਦਿ ਨੂੰ ਚੁਰਾਹੇ ਵਿੱਚ ਰੱਖ ਕੇ। ਲਗਨ ਤੇ ਮਿਹਨਤ ਦੇ ਨਾਲ ਹੀ ਵਿਗਿਆਨਿਕ ਸੋਚ ਵੀ ਜ਼ਰੂਰੀ ਹੈ ਤਾਂ ਕਿ ਆਤਮ ਵਿਸ਼ਵਾਸ ਬਣਿਆ ਰਹੇ। ਅੰਧਵਿਸ਼ਵਾਸੀ ਮਾਨਸਿਕਤਾ ਕਾਰਣ ਇਹ ਚੁਰਾਹੇ ਵਿੱਚ ਕੀਤੇ ਟੂਣੇ ਤੁਹਾਡਾ ਕੁਝ ਨਹੀਂ ਸਵਾਰ ਸਕਦੇ ਉਲਟਾ ਤੁਹਾਨੂੰ ਮਾਨਸਿਕ ਰੋਗੀ ਬਣਾ ਸਕਦੇ ਨੇ। ਇਹ ਸਮੇਂ ਜ਼ੋਨ ਮੀਡੀਆ ਮੁੱਖੀ ਹਰਚੰਦ ਭਿੰਡਰ ਨੇ ਧਰਮਕੋਟ ਤਹਿਸੀਲ ਦੇ ਪਿੰਡ ਬੱਡੂਵਾਲ ਦੇ ਚੁਰਸਤੇ ਤੋਂ ਚੁੱਕੇ ਟੂਣੇ ਦੇ ਸਮਾਨ ਨੂੰ ਜੋਨ ਮੁੱਖੀ ਨੂੰ ਭੇਂਟ ਕੀਤਾ।

ਜ਼ੋਨ ਮੁੱਖੀ ਨੇ ਅੱਗੇ ਦੱਸਿਆ ਕਿ ਮਾਨਵਤਾਵਾਦੀ ਸਮਝ ਮੁਤਾਬਿਕ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਫੈਸਲੇ ਮੁਤਾਬਕ ਜ਼ੋਨ ਲੁਧਿਆਣਾ ਨੇ ਇਕਾਈਆਂ ਦੀ ਸਹਿਮਤੀ ਨਾਲ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਫੰਡ ਇਕੱਤਰ ਕਰਨਾ ਸ਼ੁਰੂ ਕਰ ਦਿੱਤਾ ਹੈ। ਜਲਦ ਹੀ ਇਹ ਫੰਡ ਇਕੱਤਰ ਕਰਕੇ ਸਟੇਟ ਕਮੇਟੀ ਨੂੰ ਭੇਜ ਦਿੱਤਾ ਜਾਵੇਗਾ ਤਾਂ ਕਿ ਹੜ੍ਹ ਪੀੜਤਾਂ ਦੀ ਸਮੇਂ ਸਿਰ ਮੱਦਦ ਹੋ ਸਕੇ। ਇਹਨਾਂ ਹੜਾਂ ਕਾਰਣ ਹੀ ਤਰਕਸ਼ੀਲ ਸੁਸਇਟੀ ਵੱਲੋ ਕਰਵਾਈ ਜਾਣ ਵਾਲੀ ਚੇਤਨਾ ਪਰਖ ਪ੍ਰੀਖਿਆ ਵੀ ਅੱਗੇ ਪਾ ਦਿੱਤੀ ਗਈ ਹੈ।
ਉਹਨਾਂ ਅੱਗੇ ਕਿਹਾ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਆਪਣੀ ਵਿਗਿਆਨਕ ਵਿਚਾਰਧਾਰਾ ਦੇ ਫੈਲਾਅ ਅਤੇ ਪ੍ਰਚਾਰ ਵਾਸਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਖੇਤੀ ਮੇਲੇ (ਜੋ ਕਿ 26 ਅਤੇ 27 ਸਤੰਬਰ 2025 ਨੂੰ ਆ ਰਿਹਾ ਹੈ।) 'ਤੇ ਆਪਣੀ ਸਟਾਲ ਲਾ ਕੇ ਤਰਕਸ਼ੀਲ ਸਾਹਿਤ ਦੀ ਪ੍ਰਦਰਸ਼ਨੀ ਦੇ ਨਾਲ ਨਾਲ ਲੋਕਾਂ ਨੂੰ ਅੰਧਵਿਸ਼ਵਾਸਾਂ ਤੋਂ ਮੁਕਤੀ ਵਾਸਤੇ ਚੇਤਨ ਕਰੇਗੀ। ਸਤੰਬਰ ਦੇ ਮਹੀਨੇ ਹੀ 28 ਸਤੰਬਰ ਦਾ ਸ਼ਹੀਦ ਭਗਤ ਸਿੰਘ ਦਾ ਜਨਮ ਦਵਸ ਹੈ। ਅਜੋਕੇ ਸਮੇਂ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਸਾਰਥਿਕਤਾ ਨੂੰ ਸਮਝਦਿਆਂ ਹੋਇਆਂ ਉਹਨਾਂ ਦੀ ਯਾਦ ਵਿੱਚ ਜਲਦ ਹੀ ਸੈਮੀਨਾਰ ਕਰਵਾਇਆ ਜਾਵੇਗਾ।
ਮੀਟਿੰਗ ਦੇ ਅੰਤ ਵਿੱਚ ਤਰਕਸ਼ੀਲ ਮੈਗਜ਼ੀਨ ਦਾ ਸਤੰਬਰ-ਅਕਤੂਬਰ 25 ਅੰਕ ਵੀ ਰਲੀਜ਼ ਕੀਤਾ ਗਿਆ। ਇਸ ਮੀਟਿੰਗ ਵਿੱਚ ਸਟੇਟ ਕਮੇਟੀ ਮੈਬਰ ਮੋਹਣ ਬਡਲਾ ਤੇ ਜ਼ੋਨ ਆਗੂ ਧਰਮਪਾਲ ਸਿੰਘ ਸਮਸ਼ੇਰ ਨੂਰਪੁਰੀ ਰਜਿੰਦਰ ਜੰਡਿਆਲੀ ਹਰਚੰਦ ਭਿੰਡਰ ਦੇ ਇਲਾਵਾ ਲੁਧਿਆਣਾ ਸੁਧਾਰ ਜਗਰਾਂਉ ਅਤੇ ਕੁਹਾੜਾ ਇਕਾਈਆਂ ਦੇ ਸਰਗਰਮ ਆਗੂਆਂ ਬਲਵਿੰਦਰ ਸਿੰਘ ਕਰਨੈਲ ਸਿੰਘ ਕਰਤਾਰ ਵੀਰਾਨ ਅਤੇ ਪੂਰਨ ਸਿੰਘ ਆਦਿ ਨੇ ਵੀ ਵਿਸ਼ੇਸ਼ ਤੌਰ ਤੇ ਹਿੱਸਾ ਲਿਆ ਤੇ ਆਪਣੇ ਵਿਚਾਰ ਰੱਖੇ।

ਹੁਣ ਦੇਖਣਾ ਇਹ ਵੀ ਹੈ ਕਿ ਇਸ ਸੰਬੰਧੀ ਬਣੇ ਕਾਨੂੰਨਾਂ ਨੂੰ ਲਾਗੂ ਕਰਨ ਕਰਾਉਣ ਲਈ ਪ੍ਰਸ਼ਾਸਨ ਲੁੜੀਂਦੀ ਤੀਬਰਤਾ ਅਤੇ ਸ਼ਿੱਦਤ ਨਾਲ ਕਦੋ ਸਰਗਰਮ ਹੁੰਦਾ ਹੈ?

ਜ਼ੋਨ ਮੀਡੀਆ ਮੁਖੀ ਹਰਚੰਦ ਭਿੰਡਰ ਨਾਲ ਇਸ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ: +91 9417923785

No comments:

Post a Comment