Received From MPS Khalsa on Monday 1st September 2025 at 18:06 Regarding Flood Relief
ਸਿੱਖ ਐਡਵੋਕੇਟਸ ਕਲੱਬ (ਦਿੱਲੀ ਹਾਈ ਕੋਰਟ) ਵੱਲੋਂ ਅਹਿਮ ਉਪਰਾਲਾ
ਨਵੀਂ ਦਿੱਲੀ: 1 ਸੰਤਬਰ 2025: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ ਡੈਸਕ)::
ਪੰਜਾਬ ਦੇ ਹੜ੍ਹ ਪੀੜਤਾਂ ਲਈ ਦਿੱਲੀ ਦੇ ਸਿੱਖ ਵੱਡੀ ਪੱਧਰ ਤੇ ਪੰਜਾਬ ਦੀ ਸਹਾਇਤਾ ਲਈ ਪੂਰੀ ਤਰ੍ਹਾਂ ਸਰਗਰਮ ਹਨ। ਇਸ ਮਕਸਦ ਲਈ ਸਿੱਖ ਐਡਵੋਕੇਟਸ ਕਲੱਬ ਵੀ ਅੱਗੇ ਆਇਆ ਹੈ। ਇਹ ਕਲੱਬ ਦਿੱਲੀ ਹਾਈ ਕੋਰਟ ਦੇ ਵਕੀਲਾਂ ਦਾ ਹੀ ਇੱਕ ਗਰੁੱਪ ਹੈ, ਜੋ ਪੰਜਾਬ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜੇ ਹਨ।
ਇਸ ਸਮੇਂ ਪੰਜਾਬ ਆਪਣੇ ਇਤਿਹਾਸ ਵਿੱਚ ਸਭ ਤੋਂ ਹੈਰਾਨ ਕਰਨ ਵਾਲੇ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਵਾਰ ਦੇ ਹੜ੍ਹ 1988 ਵਾਲੇ ਭਿਆਨਕ ਹੜ੍ਹਾਂ ਤੋਂ ਵੀ ਜ਼ਿਆਦਾ ਖਤਰਨਾਕ ਹਨ। ਇਸ ਮੌਕੇ ਬਹੁਤ ਸਾਰੀਆਂ ਸੰਸਥਾਵਾਂ ਹੜ੍ਹਾਂ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਲੋੜਵੰਦ ਚੀਜ਼ਾਂ ਅਤੇ ਦਿਨਚਰਿਆ ਦੇ ਸਮਾਨ ਮਦਦ ਵਿਚ ਦੇਣ ਦੀਆਂ ਸੇਵਾਵਾਂ ਕਰ ਰਹੀਆਂ ਹਨ।
ਇਹ ਵੀ ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰਿਆਂ ਦੇ ਘਰ ਟੁੱਟ ਗਏ ਤੇ ਬਹੁਤ ਸਾਰੇ ਪਸ਼ੂ ਵੀ ਮਰ ਗਏ ਹਨ। ਸਿੱਖ ਐਡਵੋਕੇਟਸ ਕਲਬ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਯੂਨਾਈਟਡ ਸਿੱਖਸ ਸੰਸਥਾ ਨੂੰ ਤਿਲਕ ਨਗਰ ਵਿਖੇ 6600 ਪਾਣੀ ਦੀ ਬੋਤਲਾਂ, 25 ਬਾਕਸ ਮਿਲਕ ਪਾਊਡਰ, 30 ਬਾਕਸ ਬਿਸਕੁਟ, 500 ਓ ਆਰ ਐਸ, 1000 ਡਾਇਪਰ, 200 ਓਡੋਮਾਸ ਕ੍ਰੀਮਾਂ ਅਤੇ 2000 ਤੋਂ ਵੱਧ ਸੈਨੀਟਰੀ ਪੈਡ ਦਾਨ ਕੀਤੇ ਹਨ, ਜੋ ਕਿ ਪ੍ਰਭਾਵਿਤ ਪਰਿਵਾਰਾਂ ਵਿੱਚ ਵੰਡੇ ਜਾਣਗੇ।
ਹੜ ਪੀੜੀਤਾਂ ਲਈ ਇਹ ਸੇਵਾ ਵਕੀਲਾਂ ਦੇ ਗਰੁੱਪ ਸ. ਕਮਲਜੀਤ ਸਿੰਘ, ਲਵਦੀਪ ਸਿੰਘ ਬਿੰਦਰਾ, ਹੰਸਲੀਨ ਸਿੰਘ, ਤਰੁਨਜੀਤ ਸਿੰਘ ਜੌਲੀ, ਮੰਜੀਤ ਸਿੰਘ, ਕਰਨੈਲ ਸਿੰਘ ਦੇਵ ਇੰਦਰ ਸਿੰਘ ਅਤੇ ਜੇ.ਐਸ. ਬੇਦੀ ਵੱਲੋਂ ਯੂਨਾਈਟਡ ਸਿੱਖਸ ਰਾਹੀਂ ਭੇਜੀ ਗਈ ਹੈ ਅਤੇ ਇਹ ਸਾਰਾ ਸਮਾਨ ਡੇਰਾ ਬਾਬਾ ਨਾਨਕ ਦੇ ਇਲਾਕਿਆਂ ਚ ਵੰਡਿਆਂ ਜਾਵੇਗਾ।
ਹੁਣ ਦੇਖਣਾ ਹੈ ਕਿ ਇਸ ਵਾਰ ਹੜ੍ਹਾਂ ਦੇ ਰੂਪ ਵਿੱਚ ਆਈ ਇਸ ਮੁਸੀਬਤ ਨਾਲ ਸੰਘਰਸ਼ ਕਰਦਿਆਂ ਪੰਜਾਬ ਦੇ ਬਹਾਦਰ ਲੋਕ ਕਿੰਨੀ ਜਲਦੀ ਫਤਿਹ ਪ੍ਰਾਪਤ ਕਰਦੇ ਹਨ।
No comments:
Post a Comment