Pages

Thursday, November 29, 2018

ਬੇਰਹਿਮੀ ਭਰਿਆ ਤਕੜਾ ਝਟਕਾ ਸੀ ਨੋਟਬੰਦੀ-ਅਰਵਿੰਦ ਸੁਬਰਾਮਨੀਅਮ

ਆਪਣੀ ਨਵੀਂ ਕਿਤਾਬ ਵਿੱਚ ਕੀਤੇ ਕਈ ਪਰਗਟਾਵੇ 
ਨਵੀਂ ਦਿੱਲੀ: 29 ਨਵੰਬਰ 2018: (ਪੰਜਾਬ ਸਕਰੀਨ ਬਿਊਰੋ):: 
ਆਖਿਰਕਾਰ ਨੋਟਬੰਦੀ ਬਾਰੇ ਮਾਹਰ ਲੋਕਾਂ ਦੇ ਦਿਲਾਂ ਵਿੱਚ ਲੁੱਕੇ ਹੋਏ ਵਿਚਾਰ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇਹ ਮਾਹਰ ਲੋਕ ਹੋਲੀ ਹੋਲੀ ਆਪਣਾ ਮੂੰਹ ਖੋਲ ਰਹੇ ਹੈ ਹਨ। ਜਿਸਦੀਂ ਇਹਨਾਂ ਨੂੰ ਪੂਰੀ ਖੁੱਲ ਵਾਲਾ ਮਾਹੌਲ ਮਹਿਸੂਸ ਹੋਇਆ ਉਸ ਦਿਨ ਹੋਰ ਵੀ ਬਹੁਤ ਕੁਝ ਸਾਹਮਣੇ ਆਏਗਾ। ਹੁਣ ਸਾਹਮਣੇ ਆਏ ਹਨ ਅਰਵਿੰਦ ਸੁਬਰਾਮਨੀਅਮ ਆਪਣੀ ਇੱਕ ਕਿਤਾਬ ਦੇ ਜ਼ਾਰੀਰੇ ਜਿਹੜੇ ਉਹਨਾਂ ਹਾਲ ਹੀ ਵਿੱਚ ਲਿਖੀ ਹੈ। ਇਹ ਕਿਤਾਬ ਛੇਤੀ ਹੀ ਛਪ ਕੇ ਮਾਰਕੀਟ ਵਿੱਚ ਆਉਣ ਵਾਲੀ ਹੈ। ਜ਼ਿਕਰਯੋਗ ਹੈ ਕਿ ਉਹ ਮੰਨੇ ਪਰਮੰਨੇ ਆਰਥਿਕ ਮਾਹਰ ਹਨ ਅਤੇ ਕਾਫੀ ਉੱਚੇ ਅਹੁਦਿਆਂ 'ਤੇ ਰਹੀ ਚੁੱਕੇ ਹਨ। ਉਹਨਾਂ ਆਪਣੀ ਖਾਮੋਸ਼ੀ ਤੋੜ ਕੇ ਨੋਟਬੰਦੀ ਬਾਰੇ ਆਪਣੇ ਵਿਚਾਰ ਪ੍ਰਗਟਾਏ ਹਨ। ਉਹਨਾਂ ਕਿਹਾ ਹੈ ਕਿ ਇਹ ਇੱਕ ਬੇਰਹਿਮੀ ਭਰਿਆ ਤਕੜਾ ਝਟਕਾ ਸੀ ਜਿਸ ਨਾਲ ਵਿਕਾਸ ਦਰ ਹੇਠਾਂ ਡਿੱਗ ਪਈ।  
ਭਾਰਤ ਸਰਕਾਰ ਦੇ ਸਾਬਕਾ ਮੁੱਖ ਆਰਥਕ ਸਲਾਹਕਾਰ (ਸੀ ਈ ਏ) ਅਰਵਿੰਦ ਸੁਬਰਾਮਨੀਅਮ ਨੇ ਨੋਟਬੰਦੀ ਦੇ ਫੈਸਲੇ ਦੇ ਦੋ ਸਾਲ ਬਾਅਦ ਇਸ ਮੁੱਦੇ 'ਤੇ ਆਪਣੀ ਚੁੱਪੀ ਤੋੜੀ ਹੈ। ਸਾਬਕਾ ਸੀ ਈ ਏ ਨੇ ਨੋਟਬੰਦੀ ਦੇ ਫੈਸਲੇ ਨੂੰ ਤਕੜਾ ਝਟਕਾ ਕਰਾਰ ਦਿੱਤਾ ਹੈ। ਉਨ੍ਹਾ ਦਾ ਕਹਿਣਾ ਹੈ ਕਿ 1000 ਅਤੇ 500 ਦੇ ਪੁਰਾਣੇ ਨੋਟ ਨੂੰ ਵਾਪਸ ਲੈਣ ਦੇ ਐਲਾਨ ਕਾਰਨ ਆਰਥਕ ਵਾਧਾ ਦਰ 'ਤੇ ਪ੍ਰਤੀਕੂਲ ਅਸਰ ਪਿਆ। ਜੀ ਡੀ ਪੀ ਦੀ ਰਫ਼ਤਾਰ 8 ਫੀਸਦੀ ਤੋਂ ਘਟ ਕੇ 6.8 ਫੀਸਦੀ 'ਤੇ ਆ ਗਈ। ਹਾਲਾਂਕਿ ਸਾਬਕਾ ਸੀ ਈ ਏ ਨੇ ਇਹ ਨਹੀਂ ਦੱਸਿਆ ਕਿ ਨੋਟਬੰਦੀ ਦਾ ਐਲਾਨ ਕਰਨ ਤੋਂ ਪਹਿਲਾਂ ਸਰਕਾਰ ਨੇ ਉਸ ਦੀ ਰਾਇ ਲਈ ਸੀ ਜਾਂ ਨਹੀਂ। ਇਸ ਤਰ੍ਹਾਂ ਦੀ ਖ਼ਬਰ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਮਾਮਲੇ 'ਤੇ ਸੀ ਈ ਏ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਸੀ। ਅਰਵਿੰਦ ਸੁਬਰਾਮਨੀਅਮ ਚਾਰ ਸਾਲ ਆਰਥਕ ਸਲਾਹਕਾਰ ਰਹਿਣ ਤੋਂ ਬਾਅਦ ਇਸ ਸਾਲ ਦੇ ਸ਼ੁਰੂਆਤ 'ਚ ਅਹੁਦਾ ਛੱਡ ਚੁੱਕੇ ਹਨ। ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ 8 ਨਵੰਬਰ 2016 ਨੂੰ ਅਚਾਨਕ 1000 ਅਤੇ 500 ਦੇ ਪੁਰਾਣੇ ਨੋਟਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। 
ਸ੍ਰੀ ਸੁਬਰਾਮਨੀਅਮ ਨੇ ਦੱਸਿਆ ਕਿ ਇੱਕ ਹੀ ਝਟਕੇ 'ਚ 86 ਫੀਸਦੀ ਕਰੰਸੀ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ। ਉਨ੍ਹਾ ਨੇ ਕਿਹਾ, 'ਨੋਟਬੰਦੀ ਕਾਰਨ ਜੀ ਡੀ ਪੀ ਦੀ ਵਾਧਾ ਦਰ ਪ੍ਰਭਾਵਤ ਹੋਈ। ਇਸ ਫੈਸਲੇ ਤੋਂ ਪਹਿਲਾਂ ਹੀ ਆਰਥਕ ਵਿਕਾਸ ਦੀ ਰਫ਼ਤਾਰ 'ਚ ਸੁਸਤੀ ਆਉਣੀ ਸ਼ੁਰੂ ਹੋ ਗਈ ਸੀ, ਪਰ ਨੋਟਬੰਦੀ ਦੇ ਬਾਅਦ ਇਸ 'ਚ ਹੋਰ ਤੇਜ਼ੀ ਆਈ ਸੀ। ਅਰਵਿੰਦ ਸੁਬਰਾਮਨੀਅਮ ਦੀ ਇੱਕ ਕਿਤਾਬ ਆਉਣ ਵਾਲੀ ਹੈ, ਜਿਸ 'ਚ ਉਨ੍ਹਾ 'ਆਫ਼ ਕਾਊਂਸਲ : ਦਿ ਚੈਲੇਂਜਜ਼ ਆਫ਼ ਦਿ ਮੋਦੀ-ਜੇਤਲੀ ਇਕਾਨਮੀ' 'ਚ ਇੱਕ ਲੇਖ ਲਿਖਿਆ ਹੈ। 
ਸਾਬਕਾ ਸੀ ਈ ਏ ਅਨੁਸਾਰ ਇਸ 'ਚ ਕੋਈ ਦੋ ਰਾਵਾਂ ਨਹੀਂ ਕਿ ਨੋਟਬੰਦੀ ਨਾਲ ਆਰਥਕ ਵਿਕਾਸ ਦਰ 'ਚ ਗਿਰਾਵਟ ਆਈ। 'ਦਿ ਟੂ ਪਜਲਸ ਆਫ਼ ਡਿਮੋਨੇਟਾਈਜੇਸ਼ਨ ਪੋਲੀਟੀਕਲ ਐਂਡ ਇਕਾਨਮਿਕ ਚੈਪਟਰ' 'ਚ ਅਰਵਿੰਦ ਸੁਬਰਾਮਨੀਅਮ ਨੇ ਕਿਹਾ, 'ਨੋਟਬੰਦੀ ਤੋਂ ਪਹਿਲਾਂ ਛੇ ਤਿਮਾਹੀਆਂ 'ਚ ਜੀ ਡੀ ਪੀ ਦੀ ਔਸਤ ਗ੍ਰੋਥ ਰੇਟ 8 ਫੀਸਦੀ ਸੀ। ਨੋਟਬੰਦੀ ਤੋਂ ਬਾਅਦ ਇਹ ਅੰਕੜਾ 6.8 ਫੀਸਦੀ 'ਤੇ ਆ ਗਿਆ। ਪਹਿਲਾਂ ਅਤੇ ਬਾਅਦ ਦੀਆਂ ਚਾਰ ਤਿਮਾਹੀਆਂ ਦੀ ਤੁਲਨਾ ਕਰੀਏ ਤਾਂ ਇਹ ਦਰ ਕ੍ਰਮਵਾਰ 8.1 ਫੀਸਦੀ ਅਤੇ 6.2 ਫੀਸਦੀ ਸੀ। ਹਾਲਾਂਕਿ ਇਸ ਸਮੇਂ 'ਚ ਜ਼ਿਆਦਾ ਵਿਆਜ ਦਰ, ਜੀ ਐੱਸ ਟੀ ਅਤੇ ਤੇਲ ਦੀਆਂ ਕੀਮਤਾਂ 'ਚ ਵਾਧੇ ਦੇ ਚਲਦੇ ਜੀ ਡੀ ਪੀ ਗ੍ਰੋਥ ਰੇਟ ਪ੍ਰਭਾਵਤ ਹੋਈ।

No comments:

Post a Comment