Pages

Tuesday, August 02, 2016

ਦੂਜੇ ਦਿਨ ਵੀ ਜਾਰੀ ਰਿਹਾ ਖੇਤ ਮਜ਼ਦੂਰਾਂ ਦਾ ਧਰਨਾ

Tue, Aug 2, 2016 at 4:05 PM
ਸਰਕਾਰ ਕਾਮਿਆਂ ਦੀਆਂ ਮੰਗਾਂ ਨੂੰ ਅਣਗੌਲਿਆ ਨਾ ਕਰੇ--ਕਾਮਰੇਡ ਗੋਰੀਆ
ਲੁਧਿਆਣਾ: 2 ਅਗਸਤ 2016; (ਪੰਜਾਬ ਸਕਰੀਨ ਬਿਊਰੋ):
ਅੱਜ ਇੱਥੇ ਪੇਂਡੂ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਤਿੰਨ ਰੋਜ਼ਾਂ ਧਰਨੇ ਦੇ ਦੂਸਰੇ ਦਿਨ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਜਿਲੇ ਦੇ ਖੇਤ ਮਜ਼ਦੂਰਾਂ ਨੇ ਵੱਡੀ ਗਿਣਤੀ ਵਿੱਚ ਧਰਨਾ ਦਿੱਤਾ। ਇਹ ਰੋਸ ਧਰਨਾ ਪੰਜਾਬ ਸਰਕਾਰ ਨੂੰ ਆਪਣੇ ਕੀਤੇ ਵਾਅਦੇ ਯਾਦ ਕਰਵਾਉਣ ਲਈ ਅਤੇ ਇਨ੍ਹਾਂ ਕਾਮਿਆ ਦੀਆਂ ਭਖਦੀਆਂ ਮੰਗਾਂ ਬਾਰੇ ਲਗਾਇਆ ਹੋਇਆ ਹੈ। ਇਸ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਕਾਮਿਆ ਦੀਆਂ ਮੁਸ਼ਕਲਾਂ ਨੂੰ ਅਣਗੋਲਿਆ ਨਾ ਕਰੇ। ਇਨ੍ਹਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਉਣ ਲਈ ਵਧੇਰੇ ਬਜਟ ਰੱਖੇ ਇਨ੍ਹਾਂ ਦੇ ਹੱਕ ਵਿਚ ਬਣੇ ਚੰਗੇ ਕਾਨੂੰਨ ਮਨਰੇਗਾ ਵਿੱਚ ਸਾਰਾ ਸਾਲ ਕੰਮ ਅਤੇ 500 ਰੁਪਏ ਦਿਹਾੜੀ ਤੈਅ ਕਰੇ। ਕੰਮ ਨਾ ਦੇਣ ਦੀ ਹਾਲਤ ਵਿੱਚ ਬੇਕਾਰੀ ਭੱਤਾ ਦੇਵੇ। ਪਿੰਡਾ ਦੇ ਕਿਰਤੀਆ ਲਈ ਰੋਜ਼ਗਾਰ ਦਾ ਵਿਸ਼ੇਸ਼ ਪ੍ਰਬੰਧ ਕਰੇ। ਬੇਘਰੇ ਲੋਕਾਂ ਲਈ ਪਲਾਟ ਦੇਣ ਵਾਸਤੇ ਪੰਚਾਇਤਾਂ ਤੋਂ ਮਤੇ ਪੁਆਵੇ। ਪਹਿਲਾਂ ਮਿਲੇ ਪਲਾਟਾ ਦੇ ਕਬਜ਼ੇ ਲਾਭਪਾਤਰੀਆ ਨੁੂੰ ਦੁਆਵੇ ਅਤੇ ਮਕਾਨ ਪਾਉਣ ਲਈ 3-3 ਲੱਖ ਰੁਪਏ ਦੀ ਗਰੰਟੀ ਕੀਤੀ ਜਾਵੇ। ਆਟਾ ਦਾਲ ਸਕੀਮ ਅਧੀਨ ਰਹਿੰਦੇ ਨੀਲੇ ਕਾਰਡ ਤਰੁੰਤ ਬਣਾਏ ਜਾਣ।  ਬੁਢਾਪਾ ਅਤੇ ਵਿਧਵਾ ਪੈਨਸ਼ਨ ਕੇਂਦਰ ਅਤੇ ਰਾਜ ਸਰਕਾਰ ਮਿਲ ਕੇ 3 ਹਜ਼ਾਰ ਰੁਪਏ ਦੇਣ ਦੀ ਗਰੰਟੀ ਕੀਤੀ ਜਾਵੇ। ਧਰਨੇ ਨੂੰ ਸੰਬੋਧਨ ਕਰਦੇ ਹੋਏ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸਬਾਈ ਆਗੂ ਕਾ. ਅਮਰਜੀਤ ਮੱਟੂ ਨੇ ਕਿਹਾ ਦਲਿਤਾਂ ਉਪਰ ਸਮਾਜਿਕ ਅਤੇ ਪੁਲਿਸ ਜਬਰ ਤੁਰੰਤ ਬੰਦ ਕੀਤਾ ਜਾਵੇ । ਇਨ੍ਹਾਂ ਦਿਨਾਂ ਵਿੱਚ ਗੁਜਰਾਤ ਅਤੇ ਹੋਰ ਸੂਬਿਆਂ ਵਿੱਚ  ਇਨ੍ਹਾਂ ਤੇ ਅੱਤਿਆਚਾਰ ਲਗਾਤਾਰ ਵੱਧ ਰਹੇ ਹਨ। ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦਲਿਤਾਂ ਤੇ ਅੱਤਿਆਚਾਰ ਕਰਨ ਵਾਲੇ  ਭੁੂਤਰੇ ਪਏ ਹਨ। ਸਾਰੇ ਦੇਸ਼ ਵਿੱਚ ਇਨ੍ਹਾਂ ਮਾੜੀਆ ਨੀਤੀਆਂ ਦੇ ਖਿਲਾਫ ਅਵਾਜ਼ ਉਠ ਰਹੀ ਹੈ। ਆਰਥਿਕ ਤੰਗੀਆ ਕਾਰਨ ਖੁਦਕਸ਼ੀ ਕਰਨ ਵਾਲੇ ਪਰਿਵਾਰ ਨੂੰ ਮੁੜ ਪੈਰਾਂ ਤੇ ਖੜਾ ਕਰਨ ਲਈ 5-5 ਲੱਖ ਰੁਪਏ ਸਹਾਇਤਾ ਅਤੇ ਪਰਿਵਾਰ ਦੇ ਇੱਕ ਮੈਬਰ ਨੂੰ ਨੌਕਰੀ ਦਿੱਤੀ ਜਾਵੇ । ਇਨ੍ਹਾਂ ਦੇ ਲੰਮੇ ਸਮੇਂ ਦੇ ਕਰਜ਼ੇ ਮਾਫ ਕਰਕੇ ਨਵੇਂ ਸਿਰੇ ਤੋਂ ਬਿਨ੍ਹਾ ਵਿਆਜ਼ ਕਰਜ਼ੇ ਦਿੱਤੇ ਜਾਣ। ਦੇਹਾਤੀ ਮਜ਼ਦੂਰ ਸਭਾ ਦੇ ਸੁਬਾਈ ਆਗੂ ਕਾ. ਹੁਕਮ ਰਾਜ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਡਾਂ ਦੇ ਕਾਮਿਆਂ ਦੇ ਬੱਚਿਆ ਲਈ ਵਿਦਿਆਂ ਮੁਫਤ ਲਾਜ਼ਮੀ ਅਤੇ ਮਿਆਰੀ ਹੋਵੇ ਅਤੇ ਇਨ੍ਹਾਂ ਦੇ ਬੱਚਿਆ ਨੂੰ ਸਮੇਂ ਸਿਰ ਵਜ਼ੀਫੇ ਦਿੱਤੇ ਜਾਣ। ਅਵਤਾਰ ਸਿੰਘ ਰਸੂਲਪੂਰੀ ਪੇਂਡੂ ਯੁੂਨੀਅਨ ਦੇ ਆਗੂ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼ਾਮਲਾਟ ਜ਼ਮੀਨਾਂ ਵਿੱਚ ਖੇਤ ਮਜ਼ਦੂਰਾਂ ਦੇ ਇੱਕ ਤਿਹਾਈ ਹਿੱਸੇ ਦੀਆਂ ਜ਼ਮੀਨਾਂ ਤੇ ਫਰਜ਼ੀ ਬੋਲੀਆਂ ਬੰਦ ਕੀਤੀਆਂ ਜਾਣ। ਨਰਮਾਂ ਪੱਟੀ ਵਿੱਚ ਖੇਤ ਮਜ਼ਦੂਰਾ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਜੇਕਰ ਸਰਕਾਰ ਨੇ ਇਨ੍ਹਾਂ ਕਾਮਿਆ ਦੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਅਦੋਲਨ ਹੋਰ ਤਿੱਖਾ ਕੀਤਾ ਜਾਵੇਗਾ। ਧਰਨੇ ਤੋਂ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ ਸੁਹਾਵੀ, ਕੁਲਵੰਤ ਸਿੰਘ ਹੂੰਜਣ, ਕੇਵਲ ਸਿੰਘ ਮੁਲਾਪੁਰ, ਹਰਦਮ ਸਿੰਘ ਜਲਾਜਣ, ਭਜਨ ਸਿੰਘ ਸਮਰਾਲਾ, ਕਰਨੈਲ ਸਿੰਘ ਨੱਥੋਵਾਲ, ਜਸਵੰਤ ਸਿੰਘ ਪੂੜੈਣ, ਹਾਕਮ ਸਿੰਘ ਡੱਲਾ, ਮਹਿੰਦਰ ਸਿੰਘ ਮਜਾਲੀਆ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਰਾਜੂ ਹਾਂਸ ਕਲਾ, ਨਿਰਮਲ ਡੱਲਾ, ਕੁਲਦੀਪ ਕੁਮਾਰ ਲੋਡੂਵਾਲ, ਹਰਬੰਸ ਸਿੰਘ ਲੋਹਟ ਬੱਧੀ ਨੇ ਸੰਬੋਧਨ ਕੀਤਾ। 

No comments:

Post a Comment