Friday, June 14, 2019

''ਨਸ਼ਿਆਂ ਨੇ ਮੇਰਾ ਜੀਵਨ ਤਬਾਹ ਕਰ ਦਿੱਤਾ ਸੀ''

Jun 14, 2019, 2:05 PM
ਲਗਾਤਾਰ 8 ਸਾਲ 'ਚਿੱਟਾ' ਲੈਣ ਵਾਲੇ ਮਨੀਸ਼ ਵੱਲੋਂ ਨਸ਼ਿਆਂ ਉੱਤੇ ਜਿੱਤ 
ਲੁਧਿਆਣਾ: 14 ਜੂਨ 2019: (ਪੰਜਾਬ ਸਕਰੀਨ ਬਿਊਰੋ)::

38 ਸਾਲਾਂ ਦੇ ਸ਼ਹਿਰ ਵਾਸੀ ਮਨੀਸ਼ ਸੈਣੀ ਦੀ ਉਮਰ ਉਸ ਵੇਲੇ 29 ਸਾਲਾਂ ਦੀ ਸੀ ਕਿ ਉਹ 'ਚਿੱਟੇ' ਦੇ ਨਾਮ ਨਾਲ ਜਾਣੇ ਜਾਂਦੇ ਨਸ਼ੇ ਦੀ ਗ੍ਰਿਫ਼ਤ ਵਿੱਚ ਆ ਗਿਆ। ਇਸੇ ਚੱਕਰ ਵਿੱਚ ਉਸਨੇ ਆਪਣੇ ਲੱਖਾਂ ਰੁਪਏ ਉਜਾੜ ਦਿੱਤੇ, ਪਤਨੀ ਵੀ ਸਾਥ ਛੱਡ ਗਈ ਅਤੇ ਉਹ ਸ਼ਰਾਬ ਦੀ ਤਸਕਰੀ ਦੇ ਗੋਰਖਧੰਦੇ ਵਿੱਚ ਫਸ ਗਿਆ। ਮਨੀਸ਼ ਦਾ ਕਹਿਣਾ ਹੈ ''ਮੇਰਾ ਜੀਵਨ ਤਬਾਹ ਹੋ ਗਿਆ ਸੀ ਅਤੇ ਮੈਂ ਮਹਿਸੂਸ ਕਰ ਸਕਦਾ ਸੀ ਕਿ ਮੈਂ ਅੰਦਰੋਂ ਕਮਜ਼ੋਰ ਰਿਹਾ ਹਾਂ ਅਤੇ ਜੀਵਨ ਦੇ ਦਿਨ ਬਹੁਤ ਘੱਟ ਹਨ। ਪਰ ਇੱਕ ਦਿਨ ਮੇਰੀ ਮਾਂ ਸੁਦੇਸ਼ ਦੀ ਪ੍ਰੇਰਨਾ ਨਾਲ ਮੈਂ ਇਹਨਾਂ ਨਸ਼ਿਆਂ ਦਾ ਖਹਿੜਾ ਛੁਡਾਉਣ ਦਾ ਮਨ ਬਣਾ ਲਿਆ, ਜਿਸ ਵਿੱਚ ਮੈਂ ਸਫ਼ਲ ਵੀ ਰਿਹਾ।'' 
ਉਸਨੇ ਕਿਹਾ ਕਿ ਉਸਨੇ ਉਸ ਤੋਂ ਬਾਅਦ ਪਿੱਛੇ ਮੁੜ ਕੇ ਕਦੇ ਨਹੀਂ ਵੇਖਿਆ ਅਤੇ ਹੁਣ ਤੱਕ ਖੁਦ ਨਸ਼ੇ ਤੋਂ ਦੂਰ ਰਹਿਣ ਦੇ ਨਾਲ-ਨਾਲ ਉਹ 10 ਹੋਰ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਇਸ ਗ੍ਰਿਫ਼ਤ ਵਿੱਚੋਂ ਬਾਹਰ ਕੱਢਣ ਵਿੱਚ ਸਫ਼ਲਤਾ ਹਾਸਿਲ ਕਰ ਚੁੱਕਿਆ ਹੈ। ਦੱਸਣਯੋਗ ਹੈ ਕਿ ਮਨੀਸ਼ ਇਸ ਵੇਲੇ ਸ਼ਿਵਪੁਰੀ ਖੇਤਰ ਵਿੱਚ ਹੌਜ਼ਰੀ ਸਨਅਤ ਨਾਲ ਸੰਬੰਧਤ ਦੁਕਾਨ ਵਿੱਚ ਬਤੌਰ ਮੈਨੇਜਰ ਕੰਮ ਕਰ ਰਿਹਾ ਹੈ।  
ਆਪਣੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਮਨੀਸ਼ ਦੱਸਦਾ ਹੈ ਕਿ ਉਸ ਦਾ ਆਪਣੇ ਵੱਡੇ ਭਰਾ ਨਾਲ ਕਾਫੀ ਪਿਆਰ ਸੀ। ਉਹ ਕਹਿੰਦਾ ਹੈ ਕਿ ''ਜਦੋਂ ਮੇਰੇ ਭਰਾ ਦੀ ਮੌਤ ਹੋਈ ਸੀ ਤਾਂ ਮੈਂ ਅੰਦਰੋਂ ਕਾਫੀ ਝੰਜੋੜਿਆ ਗਿਆ ਸੀ ਜਿਸ ਕਾਰਨ ਮੈਂ ਨਸ਼ੇ ਦੇ ਜਾਲ ਵਿੱਚ ਫਸ ਗਿਆ। ਉਸ ਵੇਲੇ ਮੇਰੇ ਕੋਲ 2 ਕਾਰਾਂ ਅਤੇ ਬੈਂਕ ਖਾਤਿਆਂ ਵਿੱਚ 10 ਲੱਖ ਰੁਪਏ ਦੇ ਕਰੀਬ ਜਮਾ ਰਾਸ਼ੀ ਸੀ, ਇਸ ਤੋਂ ਇਲਾਵਾ 12 ਲੱਖ ਰੁਪਏ ਕੀਮਤ ਵਾਲਾ ਘਰ ਵੀ ਸੀ। ਪਰ ਨਸ਼ੇ ਦੀ ਲਤ ਕਾਰਨ ਇਹ ਸਭ ਘੱਟਦਾ ਚਲਾ ਗਿਆ ਅਤੇ ਅੰਤ ਮੇਰੇ ਕੋਲ ਕੁੱਝ ਵੀ ਨਾ ਰਿਹਾ।''
ਉਸਨੇ ਕਿਹਾ ਕਿ ਉਸਨੇ ਆਪਣੇ ਨਿੱਤ ਦਿਨ ਦਾ ਜੀਵਨ ਨਿਰਬਾਹ ਕਰਨ ਲਈ ਸ਼ਰਾਬ ਦੀ ਤਸਕਰੀ ਕਰਨੀ ਸ਼ੁਰੂ ਕਰ ਦਿੱਤੀ। ਉਸ ਵੇਲੇ ਉਸ ਨੂੰ ਸਿਰਫ਼ 'ਚਿੱਟਾ' ਹੀ ਚਾਹੀਦਾ ਹੁੰਦਾ ਸੀ, ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੁੱਝਦਾ ਸੀ। ਉਸਦਾ ਪਰਿਵਾਰਕ ਜੀਵਨ ਪੂਰੀ ਤਰਾਂ ਪ੍ਰਭਾਵਿਤ ਹੋ ਚੁੱਕਾ ਸੀ ਕਿ ਇੱਕ ਦਿਨ ਉਸਦੀ ਪਤਨੀ ਵੀ ਸਾਥ ਛੱਡ ਕੇ ਚਲੀ ਗਈ। ਉਸ ਦਿਨ ਉਸਨੇ ਮਹਿਸੂਸ ਕੀਤਾ ਕਿ ਪਰਿਵਾਰ ਤੋਂ ਬਿਨ•ਾ ਅਤੇ ਨਸ਼ਿਆਂ ਦੇ ਨਾਲ ਜੀਵਨ ਕੁਝ ਵੀ ਨਹੀਂ। ਉਸਦਾ ਕਹਿਣਾ ਹੈ ਕਿ ਉਸਦੀ ਮਾਂ ਸੁਦੇਸ਼ ਹਮੇਸ਼ਾਂ ਉਸ ਦੇ ਨਾਲ ਖੜੀ ਅਤੇ ਉਸਨੂੰ ਸਮੇਂ-ਸਮੇਂ 'ਤੇ ਨਸ਼ਾ ਛੱਡਣ ਲਈ ਪ੍ਰੇਰਿਤ ਕਰਦੀ ਰਹੀ। 
ਉਸਨੇ ਕਿਹਾ ਕਿ ਇੱਕ ਸਾਲ ਪਹਿਲਾਂ ਉਸਨੇ ਨਸ਼ੇ ਨੂੰ ਪੂਰੀ ਤਰਾਂ ਤਿਆਗਣ ਦਾ ਮਨ ਬਣਾ ਲਿਆ। ਉਸਦੀ ਮਾਂ ਉਸਨੂੰ ਸਿਵਲ ਹਸਪਤਾਲ ਲੁਧਿਆਣਾ ਸਥਿਤ ਨਸ਼ਾ ਛੁਡਾਊ ਕੇਂਦਰ ਵਿਖੇ ਇਲਾਜ ਲਈ ਲਿਆਈ। ਦ੍ਰਿੜ ਨਿਸ਼ਚੇ ਦੇ ਨਾਲ ਉਸਨੇ ਇਥੋਂ ਤਿੰਨ ਹਫ਼ਤੇ ਦਾ ਇਲਾਜ਼ ਕਰਵਾਇਆ ਅਤੇ ਉਹ ਪੂਰੀ ਤਰਾਂ  ਨਸ਼ੇ ਤੋਂ ਰਹਿਤ ਹੋ ਗਿਆ। ਮਨੀਸ਼ ਬੜੀ  ਖੁਸ਼ੀ ਨਾਲ ਕਹਿੰਦਾ ਹੈ ਕਿ ਉਕਤ ਨਸ਼ਾ ਛੁਡਾਊ ਕੇਂਦਰ ਦੇ ਡਾਕਟਰ ਅਤੇ ਹੋਰ ਸਟਾਫ਼ ਬਹੁਤ ਵਧੀਆ ਹਨ, ਜਿਹਨਾਂ ਦੇ ਸਹਿਯੋਗ ਦੇ ਨਾਲ ਹੀ ਉਸਦਾ ਨਸ਼ਾ ਛੱਡ ਕੇ ਵਧੀਆ ਇਨਸਾਨ ਬਣਨਾ ਸੰਭਵ ਹੋਇਆ ਹੈ। ਉਸਨੇ ਕਿਹਾ ਕਿ ਉਸਦਾ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਇਲਾਜ਼ ਕੀਤਾ ਗਿਆ। 
ਮਨੀਸ਼ ਕਹਿੰਦਾ ਹੈ ਕਿ ਕੁਝ ਨਿੱਜੀ ਨਸ਼ਾ ਛੁਡਾਊ ਕੇਂਦਰ ਨਸ਼ਾ ਛੁਡਾਉਣ ਦੇ ਨਾਮ 'ਤੇ ਨਸ਼ੇ ਦੇ ਆਦੀ ਲੋਕਾਂ ਤੋਂ ਲੱਖਾਂ ਰੁਪਏ ਬਟੋਰ ਰਹੇ ਹਨ ਪਰ ਉਹ ਹਾਲੇ ਵੀ ਨਸ਼ੇ ਦੀ ਗ੍ਰਿਫ਼ਤ ਤੋਂ ਪੂਰੀ ਤਰਾਂ ਬਾਹਰ ਨਹੀਂ ਆ ਸਕੇ ਹਨ। ਪਰ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਹ ਇਲਾਜ਼ ਬਹੁਤ ਹੀ ਵਧੀਆ ਅਤੇ ਬਿਲਕੁਲ ਮੁਫ਼ਤ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਮਨੀਸ਼ ਨੇ ਕਿਹਾ ਕਿ ਉਹ ਹੁਣ ਸਵੇਰੇ 9.30 ਵਜੇ ਕੰਮ 'ਤੇ ਜਾਂਦਾ ਹੈ ਅਤੇ ਰਾਤ ਨੂੰ 10.00 ਵਜੇ ਵਾਪਸ ਆਉਂਦਾ ਹੈ। ਉਹ ਲੋਕਾਂ ਮੂਹਰੇ ਇਹ ਸਾਬਿਤ ਕਰਨ ਲਈ ਬਹੁਤ ਸਖ਼ਤ ਮਿਹਨਤ ਕਰ ਰਿਹਾ ਹੈ ਕਿ ਜੇਕਰ ਇੱਛਾ ਸ਼ਕਤੀ ਹੋਵੇ ਤਾਂ 'ਚਿੱਟਾ' ਆਸਾਨੀ ਨਾਲ ਛੱਡਿਆ ਜਾ ਸਕਦਾ ਹੈ। ਉਹ ਬੜੇ ਮਾਣ ਨਾਲ ਕਹਿੰਦਾ ਹੈ ਕਿ ਉਸ ਦੀ ਪ੍ਰੇਰਨਾ ਸਦਕਾ 10 ਹੋਰ ਵਿਅਕਤੀ ਇਸ ਨਸ਼ੇ ਦੀ ਬਿਮਾਰੀ ਤੋਂ ਨਿਜ਼ਾਤ ਪਾ ਕੇ ਆਮ ਜੀਵਨ ਬਤੀਤ ਕਰ ਰਹੇ ਹਨ। 

No comments: