Monday, June 24, 2019

ਸਾਂਝੇ ਡੁੱਲੇ ਖੂਨ ਦੀ ਚੀਸ ਦਾ ਅਹਿਸਾਸ ਕਰਾਇਆ ਨਾਟਕ ਨੇ

SSMFB Messenger: 24th June 2019: 06:29 PM
ਫਿਰੋਜ਼ਪੁਰ ਵਿੱਚ ਯਾਦ ਕਰਾਇਆ ਗਿਆ ਅਤੀਤ ਦਾ ਉਹ ਲਹੂ ਭਿੱਜਿਆ ਪੰਨਾ 
ਫਿਰੋਜ਼ਪੁਰ: 24 ਜੂਨ 2019: (ਪੰਜਾਬ ਸਕਰੀਨ ਬਿਊਰੋ):: 
ਜਲਿਆਂ ਵਾਲੇ ਬਾਗ਼ ਦਾ ਸਾਕਾ ਭਾਰਤੀ ਆਜ਼ਾਦੀ ਦੇ ਇਤਿਹਾਸ ਦਾ ਲਹੂ ਵਿੱਚ ਭਿੱਜਿਆ ਅਜਿਹਾ ਪੰਨਾ ਹੈ ਜਿਸ ਤੇ ਹਿੰਦੂ ਮੁਸਲਮਾਨ ਸਿੱਖ ਸਭ ਦਾ ਖੂਨ ਡੁੱਲ੍ਹਿਆ ਹੈ। ਤੇਰਾਂ ਅਪ੍ਰੈਲ 1919 ਨੂੰ ਵਾਪਰੇ ਇਸ ਘੱਲੂਘਾਰੇ ਦੀ ਚੀਸ ਸੌ ਸਾਲ ਬੀਤਣ ਤੋਂ ਬਾਅਦ ਅੱਜ ਵੀ ਪੂਰਾ ਹਿੰਦੁਸਤਾਨ ਮਹਿਸੂਸ ਕਰਦਾ ਹੈ। ਸਾਲ 2019 ਬ੍ਰਿਟਿਸ਼ ਸਰਕਾਰ ਦੇ ਇਸ ਸਭ ਤੋਂ ਵੱਧ ਕਰੂਰ ਘਟਨਾਕ੍ਰਮ ਦਾ ਸ਼ਤਾਬਦੀ ਵਰ੍ਹਾ ਹੈ। ਪੰਜਾਬ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਵੱਲੋਂ ਸਮੁੱਚੇ ਪੰਜਾਬ ਵਿੱਚ ਨਾਟਕਾਂ ਰਾਹੀਂ ਚੇਤਨਾ ਪੈਂਦਾ ਕਰਨ ਦੀ ਯੋਜਨਾ ਵਜੋਂ ਰਕਸ਼ਾ ਫਾਊਂਡੇਸ਼ਨ, ਵਿਵੇਕਾਨੰਦ ਵਰਲਡ ਸਕੂਲ ਅਤੇ ਐਗਰੀਡ ਫ਼ਾਊਂਡੇਸ਼ਨ ਦੇ ਸਹਿਯੋਗ ਨਾਲ ਬੀਤੀ ਰਾਤ ਜੈਨੇਸਿਸ ਇੰਸਟੀਚਿਊਟ ਆਫ਼ ਡੈਂਟਲ ਕਾਲਜ ਅਤੇ ਰਿਸਰਚ ਸੈਂਟਰ ਵਿਖੇ ਉੱਘੇ ਨਾਟ ਲੇਖਕ ਸ਼ਬਦੀਸ਼ ਦੇ ਲਿਖੇ  ਨਾਟਕ " ਚੱਲ ਅਮ੍ਰਿਤਸਰ ਲੰਡਨ ਚੱਲੀਏ " ਨੂੰ ਸੁਚੇਤਕ ਰੰਗ ਮੰਚ  ਮੁਹਾਲੀ ਵੱਲੋਂ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ। ਜਲਿਆਂ ਵਾਲੇ ਬਾਗ ਦੇ ਸਾਕੇ ਦਾ ਬਦਲਾ ਲੈਣ ਵਾਲਾ ਸ਼ਹੀਦ ਊਧਮ ਸਿੰਘ ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦਾ ਸੀ। ਹੁਸੈਨੀਵਾਲਾ ਭਗਤ ਸਿੰਘ ਦੀ ਆਖ਼ਰੀ ਪਨਾਹਗਾਹ ਹੋਣ ਕਰਕੇ ਇਸ ਨਾਟਕ ਦਾ ਫ਼ਿਰੋਜ਼ਪੁਰ ਹੋਣਾ ਇਤਿਹਾਸਕ ਮਹੱਤਵ ਰੱਖਦਾ ਹੈ। ਇਸ ਮੌਕੇ ਤੇ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਦੀ ਸਰਪ੍ਰਸਤ ਸ਼੍ਰੀ ਮਤੀ ਪ੍ਰਭਾ ਭਾਸਕਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਸ਼੍ਰੀ ਵਰਿੰਦਰ ਸਿੰਗਲ ਚੇਅਰਮੈਨ ਜੈਨੇਸਿਸ ਇੰਸਟੀਚਿਊਟ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਜੋਤੀ ਰੌਸ਼ਨ ਕਰਨ ਦੀ ਰਸਮ ਵਿੱਚ ਸ਼੍ਰੀ ਮਤੀ ਪ੍ਰਭਾ ਭਾਸਕਰ, ਸ਼੍ਰੀ ਮਤੀ ਮਿਨਾਕਸ਼ੀ ਸਿੰਗਲ, ਡਾ.ਐਸ.ਐਨ. ਰੁਦਰਾ, ਝਲਕੇਸ਼ਵਰ ਭਾਸਕਰ, ਡਾ.ਸਤਿੰਦਰ ਸਿੰਘ, ਅਮਰਜੀਤ ਭੋਗਲ ਸ਼ਾਮਲ ਹੋਏ। ਡਾ. ਰੁਦਰਾ ਨੇ ਆਏ ਹੋਏ ਮਹਿਮਾਨਾਂ ਅਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਕਿਹਾ। ਸ਼ਬਦੀਸ਼ ਵੱਲੋਂ ਨਾਟਕ ਬਾਰੇ ਜਾਣਕਾਰੀ ਦਿੰਦਿਆਂ ਹੀ ਪਰਦਾ ਖੁੱਲਿਆ। ਦਿਲਖੁਸ਼ ਥਿੰਦ ਦੇ ਸੰਗੀਤ ਨਾਲ ਮੰਚ ਤੇ ਊਧਮ ਸਿੰਘ (ਮਨਦੀਪ ਮਨੀ) ਹਾਜ਼ਰ ਸੀ ਭਾਰਤੀ ਆਜ਼ਾਦੀ ਦੀ ਲੜਾਈ ਦਾ ਅਜਿਹਾ ਨਾਇਕ ਜਿਸ ਤੇ ਕਿਸੇ ਵੀ ਖਿੱਤੇ, ਕੌਮ ਯਾ ਭਾਈਚਾਰੇ ਨੂੰ ਨਾਜ਼ ਹੋ ਸਕਦਾ ਹੈ।ਜਲਿਆਂ ਵਾਲੇ ਬਾਗ ਦੇ ਸਾਕੇ ਨੇ ਸਮੁੱਚੇ ਭਾਰਤੀ ਸਮਾਜ ਵਿਸ਼ੇਸ਼ ਕਰਕੇ ਪੰਜਾਬੀ ਕੌਮ ਨੂੰ ਇੱਕ ਮੁੱਠ ਕਰ ਦਿੱਤਾ। ਜਨਰਲ ਡਾਇਰ ਵੱਲੋਂ ਅੰਨ੍ਹੀ ਗੋਲੀਬਾਰੀ ਤੋਂ ਬਾਅਦ ਉਸ ਬਾਗ ਵਿੱਚ ਆਪਣੇ ਪਤੀ ਦੀ ਲਾਸ਼ ਲੱਭ ਰਹੀ ਰਤਨਾ ਦੇਵੀ (ਅਨੀਤਾ ਸ਼ਬਦੀਸ਼)  ਦੇ ਵੈਣ ਇਸ ਨਾਟਕ ਦਾ ਪਹਿਲਾ ਸਿਖ਼ਰ ਹੋ ਨਿੱਬੜਦਾ ਹੈ। ਊਧਮ ਸਿੰਘ ਨੂੰ ਜਦ ਇਸ ਭਿਆਨਕ ਸਾਕੇ ਦੀ ਖ਼ਬਰ ਮਿਲਦੀ ਹੈ ਤਾਂ ਉਹ ਇਸਦਾ ਬਦਲਾ ਲੈਣ ਲਈ ਆਪਣੀ ਜ਼ਿੰਦਗੀ ਨੂੰ ਨਿੱਕੀਆਂ ਵੱਡੀਆਂ ਛੋਹਾਂ ਦਿੰਦਿਆਂ ਵੱਡੇ ਸੰਘਰਸ਼ ਵੱਲ ਤੁਰਦਾ ਹੈ।
ਲਗਾਤਾਰ ਇੱਕੀ ਸਾਲ ਦੀ ਭਟਕਣਾ ਅਤੇ ਉਡੀਕ ਤੋਂ ਬਾਅਦ ਲੰਡਨ ਦੇ ਕੈਕਸਟਨ ਹਾਲ ਵਿੱਚ ਉਹ ਮਾਈਕਲ ਉਡਵਾਇਰ ਨੂੰ ਗੋਲੀ ਮਾਰ ਕੇ ਆਪਣਾ ਬਦਲਾ ਪੂਰਾ ਕਰਦਾ ਹੈ। ਨਿੱਕੀਆਂ ਨਿੱਕੀਆਂ ਛੋਹਾਂ ਰਾਹੀਂ ਉਸ ਵੇਲੇ ਦੇ ਰਾਜਨੀਤਕ ਅਤੇ ਸਮਾਜੀ ਹਾਲਾਤ ਨੂੰ ਅੱਜ ਨਾਲ ਜੋੜ ਕੇ ਬਿਹਤਰ ਭਾਰਤ ਲਈ ਨਵੀਂ ਲੱਭਣ ਦਾ ਸੁਨੇਹਾ ਪੂਰੇ ਨਾਟਕ ਦੀ ਆਤਮਾ ਵਿੱਚ ਸਮਾਇਆ ਹੋਇਆ ਸੀ।ਸਾਅਦਤ ਹਸਨ ਮੰਟੋ ਦੀ ਕਹਾਣੀ "ਥੈਲਾ ਕੰਜਰ" ਦੇ ਮੁੱਖ ਪਾਤਰ ਥੈਲਾ ਕੰਜਰ ਜੋ ਕਿ ਦਸ ਅਪ੍ਰੈਲ 1919 ਨੂੰ ਕਤਲ ਕਰ ਦਿੱਤਾ ਗਿਆ ਸੀ ਦੀ ਰੂਹ ਨੂੰ ਊਧਮ ਸਿੰਘ ਦੇ ਰਾਹ ਦਸੇਰੇ ਵਜੋਂ ਸਿਰਜ ਕੇ ਲੇਖਕ ਨੇ ਕਹਾਣੀ ਨੂੰ ਕਮਾਲ ਦਾ ਰੰਗ ਦਿੱਤਾ ਹੈ।ਢੰਡੋਰਚੀ, ਉਜਾਗਰ ਅਤੇ ਪੁਲਿਸ ਵਾਲੇ ਦੀ ਭੂਮਿਕਾ ਵਿੱਚ ਸਿੰਘ ਅਮਨਦੀਪ, ਪੁਲਿਸ ਅਫ਼ਸਰ ਅਤੇ ਊਧਮ ਸਿੰਘ ਦੇ ਦੋਸਤ ਦੀ ਭੂਮਿਕਾ ਵਿੱਚ ਸੰਦੀਪ ਕੁਮਾਰ, ਬਾਗੀ ਬੱਚਿਆਂ ਦੇ ਰੋਲ ਵਿੱਚ ਅਨਿਕੇਤ ਅਤੇ ਅਨੁਰਾਗ, ਥੈਲੇ ਕੰਜਰ ਦੀ ਚੇਤਨਾ ਦੇ ਰੂਪ ਵਿੱਚ ਅਰਮਾਨ ਸੰਧੂ,ਜਨਰਲ ਡਾਇਰ ਅਤੇ ਲੰਬੜ ਦੀ ਭੂਮਿਕਾ ਵਿੱਚ ਸਾਗਰ, ਮਾਈਕਲ ਉਡਵਾਇਰ ਅਤੇ ਜੱਜ ਦੇ ਰੋਲ ਵਿੱਚ ਅਰਵਿੰਦਰ, ਜੌਹਲ ਸਾਬ ਅਤੇ ਤੋਤੇ ਦੀ ਭੂਮਿਕਾ ਵਿੱਚ ਅੰਤਰਜੀਤ, ਜਲਿਆਂ ਵਾਲਾ ਬਾਗ ਵਿੱਚ ਦਰਸ਼ਕਾਂ ਦੀ ਭੂਮਿਕਾ ਵਿੱਚ ਜਸਪ੍ਰੀਤ, ਪਰਮਿੰਦਰ, ਰਾਹੁਲ ਅਤੇ ਲਖਵਿੰਦਰ ਆਪਣੇ ਕਿਰਦਾਰਾਂ ਨਾਲ ਪੂਰ ਇਨਸਾਫ਼ ਕੀਤਾ।ਬੈਕ ਸਟੇਜ ਤੇ ਚਰਨਜੀਤ ਅਤੇ ਗੀਤਾਂ ਨੂੰ ਅਵਾਜ਼ ਸਿਕੰਦਰ ਸਲੀਮ ਨੇ ਦਿੱਤੀ।
ਇਸ ਕਮਾਲ ਦੀ ਪੇਸ਼ਕਾਰੀ ਉਪਰੰਤ ਵਰਿੰਦਰ ਸਿੰਗਲ ਨੇ ਸਮੂਹ ਕਲਾਕਾਰਾਂ ਦਾ ਸਨਮਾਨ ਕੀਤਾ। ਪ੍ਰਬੰਧਕਾਂ ਵੱਲੋਂ ਅਨੀਤਾ ਸ਼ਬਦੀਸ਼ ਨੂੰ ਵੀ ਸਨਮਾਨਿਤ ਕੀਤਾ। ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਗੌਰਵ ਸਾਗਰ ਭਾਸਕਰ ਨੇ ਛੇਤੀ ਹੀ ਇੱਕ ਹੋਰ ਨਾਟਕ ਮੇਲਾ ਕਰਵਾਉਣ ਦਾ ਐਲਾਨ ਕੀਤਾ। ਡਾ.ਸਤਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ, ਦਰਸ਼ਕਾਂ, ਨਾਟਕ ਟੀਮ ਅਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਸ਼ਾਇਰ ਹਰਮੀਤ ਵਿਦਿਆਰਥੀ ਨੇ ਕੀਤਾ। ਇਸ ਸਮਾਗਮ ਦੀ ਸਫ਼ਲਤਾ ਲਈ ਸ਼੍ਰੀ ਵਿਪਨ ਕੁਮਾਰ, ਨਵਦੀਪ, ਮੇਜਰ ਰੰਧਾਵਾ ਸਮੇਤ ਬਹੁਤ ਸਾਰੇ ਦੋਸਤਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ। ਕਮਲ ਦਰਾਵਿੜ,ਕਮਲ ਸ਼ਰਮਾ, ਅਨਿਲ ਆਦਮ, ਪ੍ਰੋ਼ ਕੁਲਦੀਪ, ਡਾ ਜਗਦੀਪ, ਜਗਤਾਰ ਸੋਖੀ, ਪੀ.ਡੀ.ਸ਼ਰਮਾ, ਰਾਜੀਵ ਖ਼ਯਾਲ, ਸੁਖਜਿੰਦਰ,ਵਿਪਨ, ਮੰਗਤ ਵਜੀਦਪੁਰੀ, ਸ਼ੈਲੇਂਦਰ ਭੱਲਾ, ਇੰਸਟੀਚਿਊਟ ਦੇ ਸਟਾਫ, ਵਿਦਿਆਰਥੀਆਂ ਸਮੇਤ ਤਿੰਨ ਸੌ ਤੋਂ ਵੱਧ ਦਰਸ਼ਕਾਂ ਨੇ ਇਸ ਨਾਟ ਪੇਸ਼ਕਾਰੀ ਦਾ ਆਨੰਦ ਮਾਣਿਆ।

No comments: