Sunday, June 16, 2019

ਥਾਣਾ ਪੀਏਯੂ ਦੀ ਪੁਲਸ ਅਤੇ ਵਖਾਵਾਕਾਰੀ ਹੋਏ ਆਹਮੋ ਸਾਹਮਣੇ

Updated on 18th June 2019 at 06:10 PM
ਲੀਡਰਾਂ ਨੂੰ ਥੋਹੜੀ ਦੇਰ ਥਾਣੇ "ਰੋਕ" ਕੇ ਘੰਟੇ ਕੁ ਬਾਅਦ ਛੱਡਿਆ 

ਲੁਧਿਆਣਾ:16 ਜੂਨ 2019: (ਪੰਜਾਬ ਸਕਰੀਨ ਬਿਊਰੋ)::  
ਬਹੁਤ ਪਹਿਲਾਂ ਇੱਕ ਹਿੰਦੀ ਫਿਲਮ ਆਈ ਸੀ ਜਿਸ ਵਿੱਚ ਕੁਝ ਗੁੰਡੇ ਇੱਕ ਵਿਧਵਾ ਔਰਤ ਨੂੰ ਜਬਰੀ ਚੁੱਕ ਕੇ ਲਿਆਉਂਦੇ ਹਨ ਅਤੇ ਉਸਦੇ ਜਵਾਨ ਬੱਚਿਆਂ ਦੇ ਸਾਹਮਣੇ  ਉਸਦੀ ਮਾਂਗ ਵਿੱਚ ਜਬਰਦਸਤੀ ਸਿੰਧੂਰ ਭਰਨ ਦੀ ਨਾਪਾਕ ਕੋਸ਼ਿਸ਼ ਕਰਦੇ ਹਨ। ਇਹ ਇੱਕ ਫਿਲਮੀ ਸੀਨ ਸੀ ਅਤੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਆਜ਼ਾਦ ਭਾਰਤ ਵਿੱਚ ਇਹ ਕੁਝ ਆਮ ਹੋਣ ਲੱਗ ਪਵੇਗਾ। ਹਾਲ ਹੀ ਵਿੱਚ ਲੁਧਿਆਣਾ ਦੇ ਰਿਸ਼ੀ ਨਗਰ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਅਨੂ ਨਾਮ ਦੀ ਇੱਕ ਔਰਤ ਦਾ ਜਬਰੀ ਗੈਰਕਾਨੂੰਨੀ ਤਲਾਕ ਕਰਵਾ ਕੇ ਉਸਨੂੰ ਕਿਸੇ ਹੋਰ ਨਾਲ ਭੇਜ ਦਿੱਤਾ ਗਿਆ। ਅਨੂ ਦਾ ਕਹਿਣਾ ਹੈ ਕਿ ਉਸ ਨੂੰ ਵੇਚਿਆ ਗਿਆ। ਇਹ ਕੁਝ ਵਾਪਰਿਆ ਏਥੋਂ ਦੇ ਹੀ ਮਨਜਿੰਦਰ ਸਿੰਘ ਦੀ ਪਤਨੀ ਅਨੂ ਨਾਲ। ਇਸ ਗੈਰਕਾਨੂੰਨੀ ਤਲਾਕ ਮਗਰੋਂ ਅਨੂ ਨੂੰ ਨਰੇਂਦਰ ਨਾਮ ਦੇ ਕਿਸੇ ਵਿਅਕਤੀ ਨਾਲ ਜਬਰੀ ਤੋਰ ਦਿੱਤਾ ਗਿਆ। ਦਿਲਚਸਪ ਗੱਲ ਸੀ ਕਿ ਇਹ ਸਭ ਕੁਝ ਕਰਨ ਕਰਾਉਣ ਵਿੱਚ ਅਨੂ ਦਾ ਪਤੀ ਮਨਜਿੰਦਰ ਸਿੰਘ ਖੁਦ ਹੀ ਸਭ ਤੋਂ ਮੂਹਰੇ ਰਿਹਾ। ਹਾਲਾਂਕਿ ਇਸ ਵਿਆਹ ਤੋਂ ਇੱਕ ਬੱਚੀ ਨੇ ਵੀ ਜਨਮ ਲਿਆ। ਜਿਹੜੀ ਇਸ ਵੇਲੇ ਪੰਜਾਂ ਸਾਲਾਂ ਦੀ ਹੈ ਅਤੇ ਉਸਨੂੰ ਮਾਂ ਤੋਂ ਲਗਾਤਾਰ ਦੂਰ ਰੱਖਿਆ ਜਾ ਰਿਹਾ ਹੈ। ਸ਼ਾਇਦ ਆਂਦਰਾਂ ਦੀ ਇਹ ਖਿੱਚ ਹੀ ਅਨੂ ਨੂੰ ਕਿਸੇ ਇੱਕ ਪਾਸੇ ਨਹੀਂ ਟਿਕਣ ਦੇਂਦੀ। ਇਸ ਬੱਚੀ ਨੂੰ ਅਜੇ ਵੀ ਅਨੂ ਤੋਂ ਦੂਰ ਰੱਖਿਆ ਜਾ ਰਿਹਾ ਹੈ। ਅਨੂ ਨਹੀਂ ਜਾਣਦੀ ਕਿ ਉਸਦੀ ਬੱਚੀ ਕਿਸ ਹਾਲਤ ਵਿੱਚ ਹੈ। 
ਕੁਝ ਮਹੀਨਿਆਂ ਮਗਰੋਂ ਫਰਵਰੀ 2018 ਵਿੱਚ ਮਨਜਿੰਦਰ ਸਿੰਘ ਦਾ ਦਿਲ ਫਿਰ ਆਪਣੀ ਪਹਿਲੀ "ਤਲਾਕਸ਼ੁਦਾ" ਪਤਨੀ ਅਨੂ 'ਤੇ ਆ ਗਿਆ ਅਤੇ ਉਹ ਉਸਨੂੰ ਵਾਪਿਸ ਆਉਣ ਲਈ ਦਬਾਅ ਬਣਾਉਣ ਲੱਗਾ। ਇਸ ਮਕਸਦ ਲਈ ਹੀ ਉਸਨੇ ਨਰੇਂਦਰ  ਦੇ ਖਿਲਾਫ 376 ਦੀ ਦਰਖ਼ਾਸਤ ਵੀ ਆਪਣੀ ਪਤਨੀ ਅਨੂ ਕੋਲੋਂ ਹੀ ਦੁਆਈ। ਸਤੰਬਰ-2018 ਤੱਕ ਇਹ ਫਿਰ ਅਨੂ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ ਅਤੇ ਜਦੋਂ ਫਿਰ ਮਨ ਭਰ ਗਿਆ ਤਾਂ ਉਸਨੂੰ ਫਿਰ ਘਰੋਂ ਭਜਾ ਦਿੱਤਾ। ਇੱਕ ਚੰਗਭਲੀ ਵਿਆਹੁਤਾ ਔਰਤ ਦੀ ਜ਼ਿੰਦਗੀ ਮੰਡੀ ਦੀ ਇੱਕ ਜਿਣਸ ਬਣ ਕੇ ਰਹਿ ਗਈ। ਹਾਲਾਂਕਿ ਇਹ ਸਾਰਾ ਮਾਮਲਾ ਵੁਮੈਨ ਸੈਲ ਵਾਲਿਆਂ ਕੋਲ ਵੀ ਹੈ ਅਤੇ ਇਸ 'ਤੇ ਕੰਮ ਵੀ ਹੋ ਰਿਹਾ ਹੈ ਪਰ ਖੱਜਲ ਖੁਆਰੀਆਂ ਹਰ ਵਿਅਕਤੀ ਨੂੰ ਕੋਈ ਸੌਖਾ ਰਾਹ ਲੱਭਣ ਲਈ ਮਜਬੂਰ ਕਰ ਦੇਂਦੀਆਂ ਹਨ। ਅਨੂ ਵੀ ਪ੍ਰੇਸ਼ਾਨ ਸੀ। ਉਹ ਵੀ ਕੋਈ ਸੌਖਾ ਰਾਹ ਲੱਭ ਰਹੀ ਸੀ ਜਿੱਥੇ ਜਲਦੀ ਨਿਬੇੜਾ ਹੋ ਜਾਏ। ਇਸ ਸੌਖੇ ਰਾਹ ਦੀ ਭਾਲ ਵਿੱਚ ਹੀ ਉਸਦਾ ਮੇਲ ਹੁੰਦਾ ਹੈ ਭਾਰਤੀ ਕਮਿਊਨਿਸਟ ਪਾਰਟੀ ਦੇ ਸਥਾਨਕ ਆਗੂ ਅਤੇ ਸਰਗਰਮ ਸਮਾਜਸੇਵੀ ਕਾਮਰੇਡ ਗੁਰਨਾਮ ਸਿੰਘ ਸਿੱਧੂ ਨਾਲ। 
ਜਦੋਂ ਉਸਨੇ ਇਹ ਸਾਰਾ ਮਾਮਲਾ ਕਾਮਰੇਡ ਗੁਰਨਾਮ ਸਿੰਘ ਸਿੱਧੂ ਦੀ ਜਾਣਕਾਰੀ ਵਿੱਚ ਲਿਆਂਦਾ ਤਾਂ ਉਹਨਾਂ ਨੇ ਇਸ ਮਾਮਲੇ ਨੂੰ ਸਬੰਧਤ ਧਿਰਾਂ ਤੱਕ ਉਠਾਇਆ। ਕੋਸ਼ਿਸ਼ ਕੀਤੀ ਕਿ ਮਸਲਾ ਜਲਦੀ ਹੱਲ ਹੋ ਜਾਏ। ਏਨੇ ਵਿੱਚ ਹੀ ਹਾਲਾਤ ਨੇ ਨਵੀਂ ਕਰਵਟ ਲਈ। ਇਸ ਕੇਸ ਨੂੰ ਲੈ ਕੇ ਕਿਸੇ ਨੇ ਕਾਮਰੇਡ ਗੁਰਨਾਮ ਸਿੱਧੂ ਦੇ ਖਿਲਾਫ ਹੀ ਕੋਈ ਦਰਖ਼ਾਸਤ ਦੇ ਦਿੱਤੀ। ਸ਼ਾਇਦ ਇਹ ਉਹ ਲੋਕ ਹੋ ਸਕਦੇ ਹਨ ਜਿਹੜੇ ਨਹੀਂ ਚਾਹੁੰਦੇ ਹੋਣੇ ਕਿ ਅਨੂ ਆਪਣੇ ਘਰ ਵਾਪਿਸ ਜਾ ਕੇ ਫਿਰ ਵੱਸ ਜਾਏ। ਅਜਿਹੇ ਅਨਸਰਾਂ ਨੇ ਹੀ ਇਸ ਸਾਰੇ ਮਾਮਲੇ ਨੂੰ ਵਿਗਾੜਨ ਲਈ ਪੂਰੀ ਵਾਹ ਲਾਈ। 
ਹੁਣ ਕਾਮਰੇਡ ਗੁਰਨਾਮ ਸਿੰਘ ਸਿੱਧੂ ਅਤੇ ਉਹਨਾਂ ਦੀ ਧਰਮਪਤਨੀ ਕੁਲਵੰਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੇ ਖਿਲਾਫ ਵੀ ਝੂਠੇ ਕੇਸਾਂ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਇਸ ਸਾਰੇ ਮਾਮਲੇ ਨੂੰ ਲੈ ਕੇ ਇਲਾਕੇ ਵਿੱਚ ਭਾਰੀ ਰੋਸ ਹੈ ਅਤੇ ਗੁਰਨਾਮ ਸਿੱਧੂ ਦੇ ਹਮਾਇਤੀਆਂ ਨੇ ਇਸ ਮੁੱਦੇ ਨੂੰ ਲੈ ਕੇ ਥਾਣਾ ਪੀਏਯੂ ਦੇ ਸਾਹਮਣੇ ਰੋਸ ਮੁਜ਼ਾਹਰਾ ਵੀ ਕੀਤਾ ਅਤੇ ਧਰਨਾ ਵੀ ਮਾਰਿਆ।  ਇਸ ਮੌਕੇ ਸੀਪੀਆਈ ਲੀਡਰ ਡਾਕਟਰ ਅਰੁਣ ਮਿੱਤਰਾ, ਡੀ ਪੀ ਮੌੜ, ਚਮਕੌਰ ਸਿੰਘ, ਰਮੇਸ਼ ਰਤਨ, ਐਮ ਐਸ ਭਾਟੀਆ ਅਤੇ ਖੁਦ ਕਾਮਰੇਡ ਗੁਰਨਾਮ ਸਿੱਧੂ ਸਮੇਤ ਕਈ ਹੋਰ ਸਰਗਰਮ ਵਰਕਰ ਵੀ ਮੌਜੂਦ ਰਹੇ। 
ਪੁਲਿਸ ਚਾਹੁੰਦੀ ਸੀ ਕਿ ਇਹ ਧਰਨਾ ਥਾਣੇ ਦੇ ਵਿਹੜੇ ਤੋਂ ਬਾਹਰ ਸੜਕ 'ਤੇ ਲਿਜਾਇਆ ਜਾਏ ਤਾਂਕਿ ਹੋਰਨਾਂ ਕੰਮਾਂਕਾਜਾਂ ਲਈ ਥਾਣੇ ਵਿੱਚ ਆਉਣ ਵਾਲਿਆਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਇਸ  ਨੂੰ ਲੈ ਕੇ ਹੀ ਗੱਲ ਭੜਕੀ ਅਤੇ ਮਾਮਲਾ ਤੂਲ ਫੜ ਗਿਆ। ਪੁਲਿਸ ਨੇ ਮਾਈਕ ਅਤੇ ਸਪੀਕਰ ਦੋਵੇਂ ਜਬਰੀ ਆਪਣੇ ਕਬਜ਼ੇ ਵਿੱਚ ਲੈ ਲਏ। ਮੁਜ਼ਾਹਰੇ ਵਿੱਚ ਆਏ ਸਾਰੇ ਲੋਕਾਂ ਦੀ ਵੀਡੀਓ ਵੀ ਬਣਾਈ। ਇਸ ਤੋਂ ਬਾਅਦ ਪੁਲਿਸ ਨੇ ਮੀਡੀਆ ਦੀ ਹਾਜ਼ਿਰੀ ਵਿੱਚ ਇੱਕ ਇੱਕ ਕੋਲੋਂ ਵਾਰੋਵਾਰੀ ਪੁੱਛਣਾ ਸ਼ੁਰੂ ਕੀਤਾ ਕਿ ਤੁਸੀਂ ਇਸ ਧਰਨੇ ਵਿੱਚ ਕਿਓਂ ਆਏ ਹੋ। ਬਹੁਤਿਆਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ। ਜਿਸ ਜਿਸ ਨੇ ਵੀ ਕਿਹਾ ਕਿ ਸਾਨੂੰ ਇਸ ਧਰਨੇ ਦੇ ਮਕਸਦ ਬਾਰੇ ਕੁਝ ਨਹੀਂ ਪਤਾ ਉਸ ਨੂੰ ਥਾਣੇ ਤੋਂ ਬਾਹਰ ਨਿਕਲ ਕੇ ਘਰ ਜਾਣ ਦੀ ਇਜ਼ਾਜ਼ਤ ਦੇ ਦਿੱਤੀ ਗਈ ਅਤੇ ਬਾਕੀਆਂ ਨੂੰ ਥਾਣੇ ਵਿੱਚ ਰੋਕ ਲਿਆ ਗਿਆ ਜਿਹਨਾਂ ਨੂੰ ਦੇਰ ਸ਼ਾਮ ਨੂੰ ਛੱਡ ਦਿੱਤਾ ਗਿਆ। ਇਸੇ ਦੌਰਾਨ ਚੰਡੀਗੜ ਤੋਂ ਸੀਪੀਆਈ ਦੇ ਸਕੱਤਰ ਕਾਮਰੇਡ ਬੰਤ ਬਰਾੜ ਅਤੇ ਪੀਡੀਏ ਦੇ ਸਰਗਰਮ ਆਗੂ ਸਿਮਰਜੀਤ ਸਿੰਘ ਬੈਂਸ ਦੇ ਆਉਣ ਦੀ ਚਰਚਾ ਵੀ ਸੁਣੀ ਗਈ ਪਰ ਉਹ ਨਹੀਂ ਪੁੱਜੇ। 
ਇਸ ਤੋਂ ਬਾਅਦ ਜਿਊਂ ਹੀ ਅਨੂ ਨਾਮ ਦੀ ਔਰਤ ਰਿਸ਼ੀ ਨਗਰ ਆਪਣੇ ਘਰ ਪੁੱਜੀ ਤਾਂ ਕੁਝ ਲੋਕਾਂ ਵੱਲੋਂ ਉਸਤੇ ਫਿਰ ਹਮਲਾ ਕਰ ਦਿੱਤਾ ਗਿਆ। ਇਸਤੇ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ ਤਾਂ ਪੀਸੀਆਰ ਵਾਲਿਆਂ ਨੇ ਉੱਥੇ ਪਹੁੰਚ ਕੇ ਦਖਲ ਦਿੱਤਾ। ਅਨੂ ਦਾ ਘਰ ਹੁਣ ਕਦੋਂ ਅਤੇ ਕਿੱਥੇ ਵੱਸਦਾ ਹੈ ਇਸਦਾ ਪਤਾ ਨੇੜ ਭਵਿੱਖ ਵਿੱਚ ਹੀ ਲੱਗ ਸਕੇਗਾ ਪਰ ਇਸ ਸਾਰੇ ਘਟਨਾਕਰਮ ਨੇ ਸਮਾਜ ਦੀ ਮੌਜੂਦਾ ਸਥਿਤੀ ਅਤੇ ਔਰਤਾਂ ਦੀ ਹਾਲਤ ਬਾਰੇ ਬਹੁਤ ਕੁਝ ਉਜਾਗਰ ਕੀਤਾ ਹੈ। ਵਿਆਹ ਤੋਂ ਬਾਅਦ ਪਤਨੀ ਨੂੰ ਕਿਸੇ ਹੋਰ ਕੋਲ ਵੇਚਿਆ ਜਾ ਸਕਦਾ ਹੈ। ਉਸਦੀ ਮਾਸੂਮ ਬੱਚੀ ਨੂੰ ਖੋਹ ਕੇ ਲਾਪਤਾ ਕੀਤਾ ਜਾ ਸਕਦਾ ਹੈ। ਜੇ ਉਹ ਔਰਤ ਕੋਈ ਚਾਰਾਜੋਈ ਕਰੇ ਤਾਂ ਉਸਨੂੰ ਸਾਰੇ ਮੋਹੱਲੇ ਦੇ ਸਾਹਮਣੇ ਸਰੇ ਬਾਜ਼ਾਰ ਦਿਨ ਦਿਹਾੜੇ ਕੁੱਟਿਆ ਜਾ ਸਕਦਾ ਹੈ। ਕਿੱਥੇ ਸੁੱਤੀਆਂ  ਹਨ ਔਰਤਾਂ ਦੀਆਂ ਜੱਥੇਬੰਦੀਆਂ? ਕਿੱਥੇ ਹਨ ਮਨੁੱਖੀ ਅਧਿਕਾਰ ਸੰਗਠਨ? ਕਿੱਥੇ ਹਨ ਬੱਚਿਆਂ ਲਈ ਬਣੀਆਂ ਸੰਸਥਾਵਾਂ? ਕਿੱਥੇ ਹਨ ਗੱਲ ਗੱਲ 'ਤੇ ਟਾਹਰਾਂ ਮਾਰਨ ਵਾਲੇ ਸਿਆਸੀ ਲੀਡਰ?

No comments: