Sunday, May 12, 2019

ਮੋਦੀ ਸਰਕਾਰ ਦੀ ਜੁਮਲੇਬਾਜ਼ੀ ਸਮਾਂ ਵਿਹਾ ਚੁੱਕੀ ਹੈ-CPI

May 12, 2019, 4:25 PM       Updated:14th  May  2019: 3;41 PM
ਪੰਜਾਬ ਵਿੱਚ ਵੀ ਕੈਪਟਨ ਸਰਕਾਰ ਦਾ ਰਿਪੋਰਟ ਕਾਰਡ ਜ਼ੀਰੋ-RMPI 
ਲੁਧਿਆਣਾ: 12 ਮਈ 2019: (ਪੰਜਾਬ ਸਕਰੀਨ ਬਿਊਰੋ):: 
ਆਖਦੇ ਨੇ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਸ਼ਾਇਦ ਇੱਕ ਵਾਰ ਫੇਰ ਇਹੀ ਹੋ ਰਿਹਾ ਹੈ। ਲੋਕ ਪੱਖੀ ਅਤੇ ਲੋਕ ਵਿਰੋਧੀ ਸ਼ਕਤੀਆਂ ਵਿਚਾਲੇ ਸਾਡੀਆਂ ਤੋਂ ਚਲੀ ਆ ਰਹੀ ਲਕੀਰ ਇੱਕ ਵਾਰ ਫੇਰ ਗੂਹੜੀ ਹੋ ਰਹੀ ਹੈ। ਇਸ ਲਕੀਰ ਨੂੰ ਮਿਟਾਉਣ ਜਾਂ ਮੱਧਮ ਕਰਨ ਦੀਆਂ ਸਾਜ਼ਿਸ਼ਾਂ ਇੱਕ ਵਾਰ ਫੇਰ ਨਾਕਾਮ ਹੋ ਰਹੀਆਂ ਹਨ। ਕੋਈ ਵੇਲਾ ਸੀ ਜਦੋਂ ਕਾਮਰੇਡਾਂ ਦਾ ਭੈਅ ਸਰਕਾਰਾਂ ਵੀ ਮੰਨਦੀਆਂ ਸਨ ਅਤੇ ਆਪਣੇ ਆਪ ਨੂੰ ਖੱਬੀਖਾਨ ਜਾਂ ਬਦਮਾਸ਼ ਅਖਵਾਉਣ ਵਾਲਾ ਲਾਣਾ ਵੀ ਕਾਮਰੇਡਾਂ ਨਾਲ ਟੱਕਰ ਲੈਣ ਤੋਂ ਗੁਰੇਜ਼ ਕਰਦਾ ਸੀ। ਸਮਾਜ ਦਾ ਸਤਾਇਆ ਹੋਇਆ ਕੋਈ ਵੀ ਵਿਅਕਤੀ ਜਦੋਂ ਮਹਿਸੂਸ ਕਰਦਾ ਕਿ ਹੁਣ ਉਸਦੀ ਕਿਤੇ ਕੋਈ ਪੇਸ਼ ਨਹੀਂ ਜਾ ਰਹੀ ਤਾਂ ਉਦੋਂ ਉਹ ਕਾਮਰੇਡਾਂ ਦੇ ਦਫਤਰ ਆ ਪਹੁੰਚਦਾ। ਉਦੋਂ ਉਸਨੂੰ ਕਾਮਰੇਡ ਹੀ ਚੇਤੇ ਆਉਂਦੇ। ਕਾਮਰੇਡ ਦੁਖੀ ਵਿਅਕਤੀਆਂ ਨੂੰ ਬਹੁੜਦੇ ਵੀ ਸਨ। ਜਿਸਦਾ ਕੋਈ ਨਹੀਂ ਸੀ ਹੁੰਦਾ ਉਸਦੇ ਕਾਮਰੇਡ ਹੁੰਦੇ ਸਨ। ਉਦੋਂ ਕਾਮਰੇਡਾਂ ਵਿੱਚ ਕਿਸੇ ਜਨਤਕ ਫਰੰਟ ਵਾਲੀ ਮੈਂਬਰੀ ਦੀ ਸ਼ਰਤ ਜਾਂ ਆਈ ਐਮ ਵਾਲਾ ਵਿਤਕਰਾ ਵੀ ਨਹੀਂ ਸੀ ਹੁੰਦਾ ਕਿਓਂਕਿ ਪਾਰਟੀ ਹੀ ਇੱਕ ਹੁੰਦੀ ਸੀ। ਇਹ ਸਿਲਸਿਲਾ ਪਾਰਟੀ ਦੇ ਦੁਫਾੜ ਹੋਣ ਤੋਂ ਬਾਅਦ ਵੀ ਕਾਫੀ ਦੇਰ ਜਾਰੀ ਰਿਹਾ। ਉਦੋਂ ਕਾਮਰੇਡਾਂ ਦੇ ਦਫਤਰਾਂ ਵਿੱਚ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਚਾਹ-ਪਾਣੀ ਅਤੇ ਉੜਿਆ ਥੁੜਿਆ ਲੰਗਰ ਆਏ ਗਏ ਨੂੰ ਵੇਲੇ ਕੁਵੇਲੇ ਵੀ ਲੱਭ ਜਾਂਦਾ ਸੀ। ਗੁਰੂ ਘਰਾਂ ਨਾਲ ਮਿਲਦੀ ਜੁਲਦੀ ਇਹ ਪ੍ਰਥਾ ਕਾਫੀ ਸਮਾਂ ਪਾਰਟੀ ਦਫਤਰਾਂ ਦਾ ਰੂਟੀਨ ਰਹੀ। ਭਾਰਤੀ ਮਾਡਲ ਦੇ ਵਿਕਾਸ ਦੀਆਂ ਨੀਤੀਆਂ ਦੇ ਵਧਣ ਫੁੱਲਣ ਦੇ ਨਾਲ ਨਾਲ ਇਹ ਰੂਟੀਨ ਵੀ ਅਲੋਪ ਹੁੰਦਾ ਚਲਾ ਗਿਆ। ਪੰਜਾਬ ਦੇ ਕਾਲੇ ਦਿਨਾਂ ਵਿੱਚ ਜਦੋਂ ਕਾਮਰੇਡਾਂ ਦੇ ਦਫਤਰ ਬੰਦੂਕਾਂ ਦੇ ਫਿਰੇ ਹੇਠ ਚੱਲਣ ਲੱਗੇ ਤਾਂ ਉਦੋਂ ਲੋਕਾਂ ਨਾਲ ਦੂਰੀਆਂ ਵੀ ਵੱਧ ਗਈਆਂ। ਸ਼ਾਇਦ ਇਹ ਸਭ ਕੁਝ ਬਦਲੇ ਹੋਏ ਹਾਲਾਤਾਂ ਵਿੱਚ ਹੋਣਾ ਹੀ ਸੀ। ਇਸ ਬਿਨਾ ਕੋਈ ਚਾਰ ਵੀ ਨਹੀਂ ਸੀ ਬਚਿਆ। ਅੱਤਵਾਦ ਅਤੇ ਵੱਖਵਾਦ ਨਾਲ ਲੜੀ ਗਈ ਲੜਾਈ ਦੌਰਾਨ ਕਮਿਊਨਿਸਟ ਪਾਰਟੀਆਂ ਨੂੰ ਏਨਾ ਜ਼ਿਆਦਾ ਨੁਕਸਾਨ ਹੋਇਆ ਕਿ ਉਸਦੀ ਪੂਰਤੀ ਅੱਜ ਤੱਕ ਨਹੀਂ ਹੋ ਸਕੀ। ਇਸਦੇ ਨਾਲ ਹੀ ਸਿਤਮ ਇਹ ਕਿ ਦੇਸ਼ ਦੀ "ਏਕਤਾ ਅਤੇ ਅਖੰਡਤਾ" ਲਈ ਦਿੱਤੀਆਂ ਕੁਰਬਾਨੀਆਂ ਨੂੰ ਆਮ ਲੋਕਾਂ ਨੇ ਬੜੀ ਛੇਤੀ ਭੁਲਾ ਦਿੱਤਾ। ਪਾਰਟੀ ਦੇ ਸ਼ਹੀਦ ਹੋਏ ਕਾਮਰੇਡਾਂ ਵਿੱਚੋਂ ਜਿਹਨਾਂ ਦੀਆਂ ਬਰਸੀਆਂ ਅੱਜ ਵੀ ਮਨਾਈਆਂ ਵੀ ਜਾਂਦੀਆਂ ਹਨ ਉਹਨਾਂ ਦਾ ਆਯੋਜਨ ਪਾਰਟੀ ਹੀ ਕਰਦੀ ਨਾ ਕਿ ਆਮ ਲੋਕ; ਜਿਹਨਾਂ ਲਈ ਪਾਰਟੀ ਦੇ ਇਹਨਾਂ ਹੀਰਿਆਂ ਵਰਗੇ ਕਾਮਰੇਡਾਂ ਨੇ ਕੁਰਬਾਨੀਆਂ ਦਿੱਤੀਆਂ ਸਨ। ਸਾਮਰਾਜਵਾਦ ਅਤੇ ਪੂੰਜੀਵਾਦ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋਈਆਂ ਕਮਿਊਨਿਸਟ ਪਾਰਟੀਆਂ ਅਤੇ ਗੈਰ ਕਮਿਊਨਿਸਟ ਲੋਕ ਪੱਖੀ ਤਾਕਤਾਂ ਇੱਕ ਦੂਜੇ ਦੇ ਨੇੜੇ ਆ ਰਹੀਆਂ ਹਨ। ਸਿਮਰਜੀਤ ਸਿੰਘ ਬੈਂਸ ਦਾ ਸੀਪੀਆਈ ਦਫਤਰ ਪਹੁੰਚਣਾ ਕੋਈ ਛੋਟੀ ਗੱਲ ਨਹੀਂ। ਇਸ ਸ਼ੁਰੂਆਤ ਨੇ ਕਮਿਊਨਿਸਟ ਪਾਰਟੀਆਂ ਨੂੰ ਇੱਕ ਵਾਰ ਫੇਰ ਅਸਮਾਨ 'ਤੇ ਲੈ ਜਾਣਾ ਹੈ। 
ਭਾਰਤੀ ਕਮਿਉਨਿਸਟ ਪਾਰਟੀ ਲੁਧਿਆਣਾ ਵਲੋਂ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਮੋਦੀ ਸਰਕਾਰ ਨੂੰ ਭਾਂਜ ਦੇਣ ਦੇ ਲਈ ਮੁਹਿੰਮ ਤਿੱਖੀ ਕਰ ਦਿੱਤੀ ਹੈ। ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਕੇਡਰ ਮੀਟਿੰਗ ਕਰਕੇ ਅਜੋਕੀ ਰਾਜਨੀਤਿਕ ਅਵਸਥਾ ਤੇ ਚਾਨਣ ਪਾਇਆ ਗਿਆ ਤੇ ਸਾਥੀਆਂ ਨੂੰ ਪੀ ਡੀ ਏ ਦੇ ਉੱਮੀਦਵਰ ਸਿਮਰਨਜੀਤ ਸਿੰਘ ਬੈਂਸ ਦੇ ਹੱਕ ਵਿੱਚ ਮੁਹਿੰਮ ਤਿੱਖੀ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਤੇ ਬੋਲਦਿਆਂ ਜ਼ਿਲ੍ਹਾ ਸਕੱਤਰ ਕਾਮਰੇਡ ਡੀ ਪੀ ਮੌੜ ਨੇ ਕਿਹਾ ਕਿ ਮੋਦੀ ਵਲੋਂ 2014 ਵਿੱਚ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇਸ ਲਈ ਹੁਣ ਉਹ ਅਖੌਤੀ ਰਾਸ਼ਟਰਵਾਦ ਅਤੇ ਝੂਠ ਦਾ ਸਹਾਰਾ ਲੈ ਕੇ ਚੋਣ ਪਰਚਾਰ ਵਿੱਚ ਲੱਗੀ ਹੈ।  ਪਰ ਲੋਕ ਇਸ ਸਭ ਨੂੰ ਪਛਾਣ ਗਏ ਹਨ। ਇਸ ਮੌਕੇ ਤੇ ਬੋਲਦਿਆਂ ਆਰ ਐਮ ਪੀ ਆਈ ਦੇ ਆਗੂ ਪਰੋਫੈਸਰ ਜੈਪਾਲ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਵੀ ਲੋਕਾਂ ਦੇ ਮਸਲੇ ਹੱਲ ਕਰਨ ਵਿੱਚ ਪੂਰੀ ਤਰਾਂ ਅਸਫ਼ਲ ਰਹੀ ਹੈ। ਲੋਕਾਂ ਨੇ ਇਹਨਾਂ ਗੱਲਾਂ ਨੂੰ ਪਛਾਣ ਕੇ ਹੁਣ ਤੀਜੇ ਬਦਲ ਵੱਲ ਰੁਖ ਕਰ ਲਿਆ ਹੈ। ਉੱਮੀਦਵਾਰ ਸਿਮਰਨਜੀਤ ਸਿੰਘ ਬੈਂਸ ਨੇ ਬੋਲਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਭਿ੍ਰਸ਼ਟਾਚਾਰ ਅਤੇ ਹਰ ਤਰਾਂ ਦੇ ਮਾਫ਼ੀਆ ਦੇ ਖ਼ਿਲਾਫ਼ ਅਤੇ ਗਰੀਬਾਂ ਤੇ ਮਜ਼ਦੂਰਾਂ ਦੇ ਬਣਦੇ ਹੱਕ ਦਿਵਾਉਣ ਲਈ ਪੂਰਾ ਜ਼ੋਰ ਲਾ ਦੇਣਗੇ। ਇਨਾਂ ਤੋ ਇਲਾਵਾ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਿਲ ਸਨ ਡਾ: ਅਰੁਣ ਮਿੱਤਰਾ, ਕਾਮਰੇਡ ਚਮਕੌਰ ਸਿੰਘ, ਕਾਮਰੇਡ ਗੁਲਜ਼ਾਰ ਗੋਰੀਆ, ਕਾਮਰੇਡ ਰਮੇਸ਼ ਰਤਨ, ਕਾਮਰੇਡ ਰਘਬੀਰ ਸਿੰਘ ਬੈਨੀਪਾਲ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਐਮ ਐਸ ਭਾਟੀਆ ਅਤੇ ਕਾਮਰੇਡ ਚਰਨ ਸਿੰਘ ਸਰਾਭਾ ਆਦਿ।  
ਇਸ ਚੋਣ ਸਾਂਝ ਨਾਲ ਜਿੱਥੇ ਲੋਕ ਇਨਸਾਫ ਪਾਰਟੀ ਅਤੇ ਹੋਰ ਸਹਿਯੋਗੀ ਦਲਾਂ ਨੂੰ ਕੌਮੀ ਪਾਰਟੀ ਵਾਲੀ ਦਿੱਖ ਦਾ ਅਹਿਸਾਸ ਮਿਲਣਾ ਹੈ ਉੱਥੇ ਕਮਿਊਨਿਸਟ ਪਾਰਟੀਆਂ ਨੂੰ ਵੀ ਜੁਝਾਰੂ ਕੇਡਰ ਦੀ ਪ੍ਰਾਪਤੀ ਹੋਣੀ ਹੈ। ਉਹ ਕੇਡਰ ਜਿਹੜਾ ਕੋਈ ਵੀ ਬੇਇਨਸਾਫ਼ੀ ਦੇਖਦਿਆਂ ਸਾਰ ਵੱਡੇ ਤੋਂ ਵੱਡੇ ਬੰਦੇ ਦੇ ਗੱਲ ਪੈ ਸਕਦਾ ਹੈ। ਉਹ ਕੇਡਰ ਜਿਹੜਾ ਸਮੇਂ  ਦੀ ਨਜ਼ਾਕਤ ਨੂੰ ਦੇਖਦਿਆਂ ਆਪਣੇ ਮੋਬਾਈਲ ਫ਼ੋਨ ਨੂੰ ਇੱਕ ਹਥਿਆਰ ਵਾਂਗ ਵਰਤਦਿਆਂ ਕੁਰੱਪਸ਼ਨ ਦੀ ਵੀਡੀਓ ਬਣਾ ਸਕਦਾ ਹੈ।  ਉਹ ਕੇਡਰ ਜਿਹੜਾ ਬਜ਼ੁਰਗ ਹੋ ਰਹੀ ਕਮਿਉਨਿਸਟ ਲੀਡਰਸ਼ਿਪ ਦਾ ਬਦਲ ਵੀ ਬਣ ਸਕਦਾ ਹੈ। 
ਨਿਸਚੇ ਹੀ ਪੀਡੀਏ ਦੀ ਚੋਣ ਮੁਹਿੰਮ ਬੜੇ ਜ਼ੋਰਸ਼ੋਰ ਨਾਲ ਚੱਲ ਰਹੀ ਹੈ। ਇਸ ਵਿੱਚ ਜੋਸ਼ ਵੀ ਅਤੇ ਹੋਸ਼ ਵੀ। ਹੁਣ ਦੇਖਣਾ ਹੈ ਕਿ ਪੰਜਾਬ ਦੇ ਪਾਣੀਆਂ, ਨਵੰਬਰ-84 ਅਤੇ ਜਸਵੰਤ ਸਿੰਘ ਖਾਲੜਾ ਵਾਲੇ ਮਿਸ਼ਨ ਮੁਤਾਬਿਕ ਆਪਣੀ ਆਵਾਜ਼ ਕਿੰਨੀ ਕੁ ਬੁਲੰਦ ਕਰ ਸਕਦਾ ਹੈ। 

No comments: