Tuesday, May 21, 2019

ਫਿਰ ਭੜਕ ਰਿਹਾ ਹੈ ਮਾਮਲਾ ਰਸਿਕਾ ਅਗਾਸ਼ੇ ਦੇ ਨਾਟਕ ਮਿਊਜ਼ੀਅਮ ਦਾ?

26 ਨੂੰ ਪੰਜਾਬ ਭਰ ਵਿੱਚ ਬਜਰੰਗ ਦਲ ਦੇ ਮੁਜ਼ਾਹਰੇ?
ਲੁਧਿਆਣਾ: 21 ਮਈ 2019: (ਪੰਜਾਬ ਸਕਰੀਨ ਬਿਊਰੋ):: 
ਚੋਣਾਂ ਦਾ ਕੰਮ ਮੁੱਕਦਿਆਂ ਸਾਰ ਹੀ ਪੁਰਾਣੇ ਪੈ ਰਹੇ ਮੁੱਦਿਆਂ ਦੀ ਚਰਚਾ ਇੱਕ ਵਾਰ ਫਿਰ ਸ਼ੁਰੂ ਹੋਣ ਲੱਗ ਪਈ ਹੈ। ਇਹਨਾਂ ਵਿੱਚੋਂ ਹੀ ਇੱਕ ਮੁੱਦਾ ਹੈ ਰਸਿਕਾ ਅਗਾਸੇ ਦੇ ਨਾਟਕ "ਮਿਊਜ਼ੀਅਮ" ਦਾ। ਇਹ ਨਾਟਕ ਇਥੋਂ ਦੇ ਸਤੀਸ਼ ਚੰਦਰ ਧਵਨ ਕਾਲਜ ਵਿੱਚ 7 ਅਪ੍ਰੈਲ ਨੂੰ ਐਲੂਮਨੀ ਵਾਲੇ ਦਿਨ ਖੇਡਿਆ ਗਿਆ ਸੀ। ਜਦੋਂ ਔਰਤਾਂ ਦੇ ਹੱਕਾਂ ਦੀ ਚੇਤਨਾ ਨਾਲ ਸਬੰਧਿਤ ਇਹ ਨਾਟਕ ਖੇਡਿਆ ਜਾ ਰਿਹਾ ਸੀ ਤਾਂ ਉਸ ਵੇਲੇ ਹਾਲ ਦੇ ਵਿੱਚੋਂ ਹੀ ਇੱਕ ਵਿਅਕਤੀ ਨੇ ਉੱਠ ਕੇ ਟੋਕਟਾਕੀ ਸ਼ੁਰੂ ਕਰ ਦਿੱਤੀ ਅਤੇ ਪ੍ਰਿੰਸੀਪਲ ਵੱਲੋਂ ਹਾਲਾਤ ਦੀ ਨਜ਼ਾਕਤ ਨੂੰ ਸਮਝਦਿਆਂ ਇਸ ਨਾਟਕ ਨੂੰ ਅੱਧ ਵਿਚਾਲੇ ਹੀ ਬੰਦ ਕਰਵਾ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਇਹ ਇਤਰਾਜ਼ ਕਾਲਜ ਦੇ ਹੀ ਇੱਕ ਹੋਰ ਪ੍ਰੋਫੈਸਰ ਨੇ ਕੀਤਾ ਜਾਂ ਕਰਵਾਇਆ ਸੀ। ਜਦੋਂ ਇਹ ਨਾਟਕ ਖੇਡਿਆ ਜਾ ਰਿਹਾ ਸੀ ਤਾਂ ਉਸ ਵੇਲੇ ਸੀਨੀਅਰ ਪੱਤਰਕਾਰ ਰਮੇਸ਼ ਕੌਸ਼ਲ ਅਤੇ ਕੁਝ ਹੋਰ ਤਜਰਬੇਕਾਰ ਵਿਅਕਤੀ ਵੀ ਹਾਲ ਵਿੱਚ ਮੌਜੂਦ ਸਨ। 
ਇਤਰਾਜ਼ ਕਰਨ ਵਾਲਿਆਂ ਦੀ ਚਿੰਗਾਰੀ ਭੜਕੀ ਅਤੇ ਇਹ ਹਿੰਦੂਤਵੀ ਸੰਗਠਨਾਂ ਤੱਕ ਪਹੁੰਚ ਗਈ। ਬਜਰੰਗ ਦਲ ਨੇ ਕਾਲਜ ਦੇ ਸਾਹਮਣੇ ਰੋਸ ਵਖਾਵਾ  ਕੀਤਾ ਅਤੇ ਕਾਲਜ ਸਟਾਫ ਦੇ ਖਿਲਾਫ ਐਫ ਆਈ ਆਰ ਵੀ ਦਰਜ ਕਰ ਲਈ ਗਈ। ਦੋਸ਼ ਲਾਇਆ ਗਿਆ ਕਿ ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੀ ਹੈ। ਇਸ ਤਰਾਂ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਗੰਭੀਰ ਦੋਸ਼ ਵੀ ਲੱਗ ਗਿਆ। ਕਾਲਜ ਵਿੱਚ ਸਹਿਮ ਭਰੀ ਖਾਮੋਸ਼ੀ ਛਾ ਗਈ। ਸਿਰਫ ਕੁਝ ਖੱਬੇਪੱਖੀ ਸੰਗਠਨਾਂ ਨੂੰ ਛੱਡ ਕੇ ਕੋਈ ਵੀ ਕਾਲਜ ਦੇ ਹੱਕ ਵਿੱਚ ਨਾ ਬੋਲਿਆ। ਕਿਸੇ ਨੇ ਵੀ ਬਜਰੰਗ ਦਲ ਜਾਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਖਿਲਾਫ਼ ਕੁਝ ਨਾ ਕਿਹਾ। ਕਿਧਰੇ ਮਾਮਲਾ ਵਿਗੜ ਨਾ ਜਾਵੇ ਇਸ ਲਈ ਕਾਲਜ ਦਾ ਸਟਾਫ਼ ਤਾਂ ਮੀਡੀਆ ਨਾਲ ਮਿਲਣ ਤੋਂ ਵੀ ਗੁਰੇਜ਼ ਕਰਦਾ ਰਿਹਾ। ਇਹ ਦਿਨ ਕਾਲਜ ਦੇ ਸਟਾਫ਼ ਅਤੇ ਵਿਦਿਅਰ੍ਥਿਅਨ ਲਈ ਕਿੰਨੇ ਤਣਾਅ ਭਰੇ ਸਨ ਇਸਦਾ ਅੰਦਾਜ਼ਾ ਕੋਈ ਭੁਗਤਭੋਗੀ ਹੀ ਲਗਾ ਸਕਦਾ ਹੈ। ਇਮਤਿਹਾਨਾਂ ਦੇ ਦਿਨਾਂ ਵਿੱਚ ਕਾਲਜ ਨੂੰ ਇੱਕ ਖਾਹਮਖਾਹ ਦੀ ਚਿੰਤਾ ਵਿੱਚ ਪਾ ਦਿੱਤਾ ਗਿਆ। ਨਾ ਇਥੋਂ ਦਾ ਕੋਈ ਐਮ ਐਲ ਏ ਬੋਲਿਆ, ਨਾ ਹੀ ਕੋਈ ਐਮ ਪੀ ਅਤੇ ਨਾ ਹੀ ਕੋਈ ਹੋਰ ਸਿਆਸੀ ਲੀਡਰ। ਚੋਣਾਂ ਦੇ ਦਿਨਾਂ ਵਿੱਚ ਕੋਈ ਆਪਣੇ ਵੋਟਰਾਂ ਨਾਲ ਵਿਗਾੜਨ ਦਾ ਰਿਸਕ ਨਹੀਂ ਸੀ ਲੈਣਾ ਚਾਹੁੰਦਾ। ਰਹੀ ਗੱਲ ਕਾਲਜ ਦੀ, ਵਿੱਦਿਆ ਦੀ ਜਾਂ ਵਿਦਿਆਰਥੀਆਂ ਦੀ--ਤਾਂ ਇਸਦੀ ਚਿੰਤਾ ਸ਼ਾਇਦ ਇਥੇ ਕਿਸੇ ਨੂੰ ਨਹੀਂ ਸੀ। ਕੋਈ ਵਿਦਿਆਰਥੀ ਸੰਗਠਨ ਵੀ ਕਾਲਜ ਦੇ ਹੱਕ ਵਿੱਚ ਸਾਹਮਣੇ ਨਹੀਂ ਆਇਆ। 
ਕਾਲਜ ਦੇ ਖਿਲਾਫ਼ ਦਰਜ ਇਸ ਪਰਚੇ ਦੇ ਅਧਾਰ 'ਤੇ ਹੀ ਵਿਵਾਦ ਹੋਰ ਤਿੱਖਾ ਹੋਣ ਲੱਗ ਪਿਆ। ਪਰਚੇ ਵਿੱਚ ਦਿੱਤੇ ਨਾਵਾਂ ਵਾਲੇ ਪ੍ਰਮੁੱਖ ਵਿਅਕਤੀਆਂ ਦੀ ਗ੍ਰਿਫਤਾਰੀ ਨੂੰ ਲੈ  ਕੇ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ 28 ਅਪ੍ਰੈਲ ਨੂੰ ਭਾਰਤ ਨਗਰ ਚੋਂਕ ਵਿੱਚ ਬਾਕਾਇਦਾ ਹਰ ਸੜਕ 'ਤੇ ਰੱਸੀਆਂ ਬੰਨ ਕੇ ਟਰੈਫਿਕ ਵੀ ਜਾਮ ਕੀਤਾ। ਇਸ ਧਰਨੇ ਪ੍ਰਦਰਸ਼ਨ ਦੌਰਾਨ ਤਕਰੀਬਨ ਦੋ ਘੰਟੇ ਇਸ ਚੋਂਕ ਵਿੱਚ ਬਜਰੰਗ ਦਲ ਦਾ ਹੀ ਰਾਜ ਰਿਹਾ। ਉਸ ਵੇਲੇ ਇਹਨਾਂ ਦੇ ਨਾਲ ਨਾਮਧਾਰੀ ਵੀ ਸਨ ਜਿਹੜੇ ਗੁਰਮੁਖ ਸਿੰਘ ਦੀ ਅਗਵਾਈ ਵਿੱਚ ਇਥੇ ਆਏ ਹੋਏ ਸਨ।  
ਫਿਰ ਚੋਣਾਂ ਦੇ ਰੌਲੇ ਗੌਲੇ ਵਿਚ ਗੱਲ ਆਈ ਗਈ ਹੋ ਗਈ। ਚੋਣਾਂ ਲੰਘ ਗਈਆਂ।  ਹੁਣ ਪੰਜ ਸਾਲ ਵੋਟਰਾਂ ਦੀ ਕਿਸੇ ਨੇ ਪ੍ਰਵਾਹ ਨਹੀਂ ਕਰਨੀ। ਹੁਣ ਹਿੰਦੂਤਵੀ ਸੰਗਠਨ ਵੀ ਫਿਰ ਸਰਗਰਮ ਹਨ। 
ਇਸੇ ਦੌਰਾਨ ਕਾਲਜ ਦੀ ਪ੍ਰੋਫੈਸਰ ਨੀਲਮ ਭਾਰਦਵਾਜ ਦੀ ਜ਼ਮਾਨਤ ਵੀ ਹੋ ਗਈ ਸੀ ਇਸਦੇ ਬਾਵਜੂਦ ਮਾਮਲਾ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ। ਹਿੰਦੂਤਵੀ ਸੰਗਠਨਾਂ ਦੇ ਨੇੜਲੇ ਸੂਤਰਾਂ ਮੁਤਾਬਿਕ 26 ਮਈ ਐਤਵਾਰ ਨੂੰ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਆਪਣੇ ਹੋਰ ਸਹਿਯੋਗੀਆਂ ਨੂੰ ਨਾਲ ਲੈ ਕੇ ਸਾਰੇ ਪੰਜਾਬ ਵਿੱਚ ਅਜਿਹੇ ਧਰਨੇ ਪ੍ਰਦਰਸ਼ਨਾਂ ਦੀ ਤਿਆਰੀ ਵਿੱਚ ਹਨ।  ਇਸੇ ਦੌਰਾਨ ਪੰਜਾਬ ਇਪਟਾ ਨੇ ਵੀ ਅੰਮ੍ਰਿਤਸਰ ਵਿੱਚ ਇੱਕ ਜ਼ਰੂਰੀ ਮੀਟਿੰਗ ਬੁਲਾ ਲਈ ਹੈ। ਤਰਕਸ਼ੀਲ ਅਤੇ ਉਹਨਾਂ ਦੇ ਸਹਿਯੋਗੀ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਅਸੀਂ ਇਹ ਨਾਟਕ ਹੁਣ ਪੰਜਾਬ ਵਿੱਚ ਥਾਂ ਥਾਂ ਖੇਡਾਂਗੇ। ਕੁਲ ਮਿਲਾ ਕੇ ਇੱਕ ਵਾਰ ਫੇਰ ਸਾਰਾ ਮਾਹੌਲ ਤਿੱਖੇ ਟਕਰਾਅ ਵੱਲ ਹੈ। ਦੇਖਣਾ ਹੈ ਇਸ ਟਕਰਾਅ ਦੌਰਾਨ ਔਰਤਾਂ ਦੇ ਅਧਿਕਾਰਾਂ ਅਤੇ ਬੋਲਣ ਦੀ ਆਜ਼ਾਦੀ ਦੇ ਮੁੱਦੇ ਕਿੰਨਾ ਕੁ ਉਭਰਦੇ ਹਨ। 

No comments: