Friday, May 10, 2019

ਜ਼ਰਦੇ ਦੀ ਪੁੜੀ ਦੇ ਬਹਾਨੇ ਮਜ਼ਦੂਰ ਆਗੂਆਂ ਨੂੰ ਨਿਸ਼ਾਨਾ ਬਣਾਇਆ

ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਨੇ ਕੀਤਾ ਤਿੱਖਾ ਵਿਰੋਧ 
ਲੁਧਿਆਣਾ: 10 ਮਈ 2019: (ਪੰਜਾਬ ਸਕਰੀਨ ਬਿਊਰੋ)::
Courtesy Photo
ਮਜ਼ਦੂਰਾਂ ਦੇ ਹੱਕਾਂ ਉੱਤੇ ਡਾਕੇ ਮਾਰਨ, ਉਹਨਾਂ ਦੇ ਸੰਗਠਨਾਂ ਨੂੰ ਸਾਹਸੱਤ ਹੀਣ ਕਰਨ ਅਤੇ  ਉਹਨਾਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਣ ਦੀਆਂ ਸਾਜ਼ਿਸ਼ੀ ਚਾਲਾਂ ਅੱਜ ਵੀ ਵੱਡੀ ਪੱਧਰ ਉੱਤੇ ਚੱਲੀਆਂ ਜਾ ਰਹੀਆਂ ਹਨ। ਇਹਨਾਂ ਚਾਲਾਂ ਦਾ ਮਕਸਦ ਸਿਰਫ ਇਹ ਕਿ ਮਜ਼ਦੂਰਾਂ ਨੂੰ ਆਉਣ ਵਾਲੇ ਵੱਡੇ ਸੰਘਰਸ਼ਾਂ ਤੋਂ ਪੂਰੀ ਤਰਾਂ ਲਾਂਭੇ ਰੱਖਿਆ ਜਾ ਸਕੇ। ਇਹ ਪ੍ਰਗਟਾਵਾ ਅੱਜ ਇਥੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਨੇ ਇੱਕ ਗੈਰ ਰਸਮੀ ਗੱਲਬਾਤ ਦੌਰਾਨ ਕੀਤਾ। 
ਯੂਨੀਅਨ ਆਗੂਆਂ ਹਰਜਿੰਦਰ ਸਿੰਘ ਅਤੇ ਜੀ ਐਸ ਜੋਹਰੀ ਨੇ ਦੱਸਿਆ ਕਿ ਹਾਲ ਹੀ ਵਿੱਚ  ਇਥੋਂ ਦੇ ਪਰਸਿੱਧ ਸਾਈਕਲ ਬਣਾਉਣ ਵਾਲਿਆਂ ਦੀ ਮੈਨੇਜਮੈਂਟ ਨੇ ਇੱਕ ਮਜ਼ਦੂਰ ਨੂੰ ਸਿਰਫ ਇਸ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ ਕਿਓਂਕਿ ਫੈਕਟਰੀ ਅੰਦਰ ਉਸ ਦੀ ਜੇਬ ਵਿੱਚ ਜ਼ਰਦੇ ਦੀ ਇੱਕ ਨਿੱਕੀ ਜਿਹੀ ਪੁੜੀ ਬਰਾਮਦ ਹੋ ਗਈ ਸੀ। ਜ਼ਰਦੇ ਦੀ ਇਹ ਪੁੜੀ 27 ਅਪ੍ਰੈਲ 2019 ਵਾਲੇ ਦਿਨ ਬਰਾਮਦ ਹੋਈ ਸੀ। ਇਸ ਪੁੜੀ ਤੋਂ ਬਾਅਦ ਇਸ ਮਜ਼ਦੂਰ ਨਾਲ ਇਸ ਤਰਾਂ ਵਤੀਰਾ ਕੀਤਾ ਜਾਣ ਲੱਗਿਆ ਜਿਵੇਂ ਉਸ ਕੋਲੋਂ ਭੁੱਕੀ//ਚਿੱਟਾ//ਅਫੀਮ ਜਾਂ ਕੋਈ ਹੋਰ ਖਤਰਨਾਕ ਨਸ਼ਾ ਫੜਿਆ ਗਿਆ ਹੋਵੇ। 
ਤਲਾਸ਼ੀ ਵਾਲਿਆਂ ਦਾ ਇਹ ਕਹਿਰ ਦੇਖ ਕੇ ਜਦੋਂ ਯੂਨੀਅਨ ਵਾਲਿਆਂ ਨੇ ਇਤਰਾਜ਼ ਕਰਦਿਆਂ ਮਜ਼ਦੂਰ ਦਾ ਬਚਾਓ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮਾਮਲਾ ਹੋਰ ਗੰਭੀਰ ਹੋ ਗਿਆ। ਜ਼ਰਦੇ ਦੀ ਪੁੜੀ ਵਾਲੇ ਮਜ਼ਦੂਰ ਨੂੰ ਸੱਤ ਦਿਨਾਂ ਲਈ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਬਾਅਦ ਵਿੱਚ ਮਾਫੀਨਾਮਾ ਲਿਖਵਾ ਕੇ ਵਾਪਿਸ ਨੌਕਰੀ ਤੇ ਰੱਖ ਲਿਆ ਗਿਆ। ਇਹ ਮਾਫੀਨਾਮਾ ਹੁਣ ਹਮੇਸ਼ਾਂ ਲਈ ਉਸਦੀ ਫਾਈਲ ਦਾ ਸ਼ਿੰਗਾਰ ਬਣਾ ਦਿੱਤਾ ਗਿਆ ਹੈ। ਜਦੋਂ ਵੀ ਉਸਨੂੰ ਦਬਕਾ ਮਾਰਨਾ ਹੋਇਆ ਤਾਂ ਇਸਦੀ ਵਰਤੋਂ ਕੀਤੀ ਜਾਵੇਗੀ। 
ਜ਼ਰਦੇ ਵਾਲੀ ਪੁੜੀ ਦੇ ਇਸ ਬਹਾਨੇ ਨਾਲ ਹੀ ਕਈ ਹੋਰ ਨਿਸ਼ਾਨੇ ਵੀ ਕਰ ਲੈ ਗਏ। ਇਸਦੇ ਨਾਲ ਹੀ ਜਿਹੜੇ ਯੂਨੀਅਨ ਆਗੂਆਂ ਨੇ ਇਸ ਮਜ਼ਦੂਰ ਦੇ ਹੱਕ ਵਿਚ ਆਪਣੀ ਆਵਾਜ਼ ਉਠਾਈ  ਉਹਨਾਂ ਵਿੱਚੋਂ ਅਜੇ ਕੁਮਾਰ ਅਤੇ ਬਲੀ ਰਾਮ ਨਾਮ ਦੇ ਉਹਨਾਂ ਦੋ ਮਜ਼ਦੂਰਾਂ ਨੂੰ ਮਈ ਦਿਨ ਤੋਂ ਐਨ ਦੋ ਦਿਨ ਪਹਿਲਾਂ 28 ਅਪਰੈਲ 2019 ਵਾਲੇ ਦਿਨ ਨੌਕਰੀ ਤੋਂ ਕੱਢ ਦਿੱਤਾ ਗਿਆ। 
ਜ਼ਰਦੇ ਦੇ ਪੁੜੀ ਨੂੰ ਬਹਾਨਾ ਬਣਾ ਕੇ ਮਈ ਦਿਵਸ ਦੇ ਮੌਕੇ ਉੱਤੇ ਮਜ਼ਦੂਰਾਂ ਦਾ ਮਨੋਬਲ ਤੋੜਨ ਦੀ ਇਹ ਚਾਲ ਅਸਲ ਵਿੱਚ ਮਜ਼ਦੂਰਾਂ ਉੱਤੇ ਚਲਾਏ ਜਾਣ ਵਾਲੇ ਇੱਕ ਹੋਰ ਕੁਹਾੜੇ ਦੀ ਤਿਆਰੀ ਵਾਲੀ ਖਤਰਨਾਕ ਦਸਤਕ ਹੈ। ਇਹ ਕਹਾਣੀ ਸ਼ੁਰੂ ਹੁੰਦੀ ਹੈ ਦੋ ਮਹੀਨੇ ਪਹਿਲਾਂ ਮਜ਼ਦੂਰਾਂ ਵੱਲੋਂ ਕੀਤੀਆਂ ਗਈਆਂ ਮੰਗਾਂ ਤੋਂ। ਮਜ਼ਦੂਰਾਂ ਦੀ ਯੂਨੀਅਨ ਨੇ ਮੰਗ ਕੀਤੀ ਸੀ ਕਿ  ਮਜ਼ਦੂਰਾਂ ਦੀ ਘਟੋਘੱਟ ਤਨਖਾਹ 20 ਹਜ਼ਾਰ ਰੁਪਏ ਨਿਸਚਿਤ ਕੀਤੀ ਜਾਵੇ। ਅਰਧ ਕੁਸ਼ਲ ਮਜ਼ਦੂਰਾਂ ਨੂੰ ਘਟੋਘੱਟ 25 ਹਜ਼ਾਰ ਰੁਪਏ ਦਿੱਤੇ ਜਾਣ ਅਤੇ ਟਰੇਂਡ ਮਜ਼ਦੂਰਾਂ ਨੂੰ ਘਟੋਘੱਟ 30 ਹਜ਼ਾਰ ਰੁਪਏ ਮਹੀਨਾ ਦਿੱਤੇ ਜਾਣ।  ਠੇਕੇਦਾਰੀ ਸਿਸਟਮ ਖਤਮ ਕੀਤਾ ਜਾਏ ਅਤੇ ਆਊਟ ਸੋਰਸਿੰਗ ਨੀਤੀ ਰੱਦ ਕੀਤੀ ਜਾਏ। ਇਹ ਮੰਗਾਂ ਕਿਰਤ ਵਿਭਾਗ ਨੂੰ ਵੀ ਦੇ ਦਿੱਤੀਆਂ ਗਈਆਂ। ਜਿਹਨਾਂ ਮਜ਼ਦੂਰ ਸਾਥੀਆਂ ਨੇ ਇਹਨਾਂ ਮੰਗਾਂ ਨੂੰ ਉਠਾਉਣ ਵਿੱਚ ਸਰਗਰਮੀ ਦਿਖਾਈ ਉਹਨਾਂ ਨੂੰ ਜ਼ਰਦੇ ਵਾਲੀ ਪੁੜੀ ਦੇ ਬਹਾਨੇ ਮੈਨੇਜਮੈਂਟ ਨੇ ਆਪਣਾ ਨਿਸ਼ਾਨਾ ਬਣਾਇਆ। 
ਇਸਦੇ ਨਾਲ ਹੀ ਮੈਨੇਜਮੈਂਟ ਨੇ ਪਹਿਲੀ ਅਪਰੈਲ 2019 ਨੂੰ  ਸੀ ਕੇ ਡੀ/ਪੈਕਿੰਗ ਡਿਪਾਰਟਮੈਂਟ ਨੂੰ ਆਊਟ ਸੋਰਸਿੰਗ 'ਤੇ ਕਰਨ ਦਾ ਨੋਟਿਸ ਲੈ ਦਿੱਤਾ। ਇਸ ਨਾਲ ਜਿੱਥੇ 240 ਮਜ਼ਦੂਰਾਂ ਦਾ ਪੱਕਾ ਰੋਜ਼ਗਾਰ ਖਤਮ ਹੋ ਜਾਵੇਗਾ ਉੱਥੇ ਤਨਖਾਹ ਪ੍ਰਣਾਲੀ ਅਤੇ ਜੱਥੇਬੰਦੀ ਵੀ ਖਤਮ ਹੋ ਜਾਵੇਗੀ। ਇਹ ਅਮਲ ਪਿਛਲੇ ਪੰਜਾਂ ਸਾਲਾਂ ਤੋਂ ਲਗਾਤਾਰ ਤੇਜ਼ ਕੀਤਾ ਹੋਇਆ ਹੈ। ਸੰਨ 2014 'ਚ ਹੈਂਡਲ, ਪੈਡਲ, ਚੇਨ ਵਿਭਾਗ 'ਚ ਨਵੀਂ ਮਸ਼ੀਨਰੀ ਲਿਆ ਕੇ ਕਿਰਤੀਆਂ ਨੂੰ ਵਾਧੂ ਕਰਾਰ ਦੇ ਕੇ ਉਹਨਾਂ ਦੀ ਛਾਂਟੀ ਕਰ ਦਿੱਤੀ ਗਈ। ਇਸੇ ਤਰਾਂ ਤਿੰਨ ਸਾਲ ਪਹਿਲਾਂ ਟਿਊਬਲਰ ਵਿਭਾਗ ਦੇ 312 ਮਜ਼ਦੂਰਾਂ ਦਾ ਪੱਕਾ ਰੋਜ਼ਗਾਰ ਖੋਹਿਆ ਗਿਆ। ਹੁਣ ਪੈਕਿੰਗ ਡਿਪਾਰਟਮੈਂਟ ਦੀ ਵਾਰੀ ਹੈ। 
ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਆਗੂ ਕਾਮਰੇਡ ਹਰਜਿੰਦਰ , ਜੀ ਐਸ ਜੋਹਰੀ ਅਤੇ ਹੋਰਾਂ ਨੇ ਮਾਲਕਾਂ/ਮੈਨੇਜਮੈਂਟ ਦੇ ਧੱਕੜ ਰਵਈਏ ਦੀ ਤਿੱਖੀ ਨਿਖੇਧੀ ਕਰਦਿਆਂ ਇਹਨਾਂ ਸਾਜ਼ਿਸ਼ੀ ਕਾਰਵੀਂ ਦਾ ਸਖਤ ਵਿਰੋਧ ਕੀਤਾ ਹੈ। ਜਬਰੀ ਕੱਢੇ ਆਗੂਆਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ ਅਤੇ ਆਊਟਸੋਰਸਿੰਗ/ਠੇਕਾ ਪ੍ਰਥਾ ਰੱਦ ਕਰਨ ਦੀ ਮੰਗ ਵੀ ਦੁਹਰਾਈ ਹੈ। ਇਸਦੇ ਨਾਲ ਹੀ ਕੰਪਨੀ ਵਿੱਚੋਂ ਦਹਿਸ਼ਤ ਦਾ ਮਾਹੌਲ ਖਤਮ ਕਰਨ ਦੇ ਵੀ ਮੰਗ ਕੀਤੀ ਹੈ। ਯੂਨੀਅਨ ਨੇ ਮਜ਼ਦੂਰਾਂ ਦੇ ਹੱਕ ਘੋਲ ਦੀ ਵੀ ਹਮਾਇਤ ਕੀਤੀ ਹੈ। 

No comments: