Saturday, January 05, 2019

ਆਲ ਇੰਡੀਆ ਰੇਡੀਓ ਦਾ ਕੌਮੀ ਚੈਨਲ ਬੰਦ

ਰੇਡੀਓ:ਹੁਣ ਨਿੱਜੀਕਰਣ ਵੱਲ ਜਾਂ ਮੋਬਾਈਲ ਐਪ ਦੇ ਟਰੈਂਡ ਵੱਲ?
ਨਵੀਂ ਦਿੱਲੀ:ਜਲੰਧਰ: 4 ਜਨਵਰੀ 2016: (ਪੰਜਾਬ ਸਕਰੀਨ ਡੈਸਕ):: 
ਸਚਮੁਚ ਬਹੁਤ ਕੁਝ ਬਦਲ ਰਿਹਾ ਹੈ। ਹੋ ਸਕਦਾ ਹੈ ਹੁਣ ਸਰਕਾਰੀ ਰੇਡੀਓ ਵਿੱਚ ਵੀ ਕਈ ਤਬਦੀਲੀਆਂ ਹੋਣ ਜਿਹੜੀਆਂ ਬਹੁਤ ਸਾਰੇ ਲੋਕਾਂ ਨੂੰ ਚੰਗੀਆਂ ਨਾ ਲੱਗਣ। "ਵਿਕਾਸ", "ਸੁਧਾਰ" ਅਤੇ "ਖਰਚਿਆਂ ਵਿਚ ਕਟੌਤੀ"-ਬਹੁਤ ਸਾਰੇ ਕਾਰਨ ਅਜਿਹੀਆਂ ਤਬਦੀਲੀਆਂ ਲਈ ਗਿਣਵਾਏ ਜਾ ਸਕਦੇ ਹਨ।  ਹੋ ਸਕਦਾ ਹੈ ਇਸ ਇਤਿਹਾਸਿਕ ਸੰਸਥਾਂ ਨੂੰ ਥੋੜਾ ਥੋੜਾ ਕਰਕੇ ਨਿਜੀ ਖੇਤਰ ਦੇ ਹਵਾਲੇ ਹੀ ਕਰ ਦਿੱਤਾ ਜਾਵੇ। 
"ਯੇਹ ਆਕਾਸ਼ਵਾਣੀ ਹੈ" ਹੁਣ ਇਹ ਸ਼ਬਦ ਨਹੀਂ ਸੁਣੇ ਜਾ ਸਕਣਗੇ। 1923-24 ’ਚ ਪਹਿਲੀ ਵਾਰ ਰੇਡੀਓ ਦਾ ਪਰਸਾਰਣ ਬੰਬਈ ਤੋਂ ਹੋਇਆ। ਸੰਨ 1929 ਨੂੰ ਭਾਰਤੀ ਸਟੇਟ ਪਰਸਾਰਣ ਸਰਵਿਸ ਦੀ ਸਥਾਪਨਾ ਕੀਤੀ ਗਈ। ਇਰ ਸੰਨ 1936 ਵਿੱਚ ਇਸ ਦਾ ਨਾਂ ਆਲ ਇੰਡੀਆ ਰੇਡੀਓ ਰੱਖਿਆ ਗਿਆ। ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਇਸ ਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ ਗਿਆ। ਆਕਾਸ਼ਵਾਣੀ ਨੇ ਨਾ ਸਿਰਫ ਸਰਕਾਰੀ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਬਲਕਿ ਆਮ ਲੋਕਾਂ ਨਾਲ ਨੇੜਤਾ ਵੀ ਕਾਇਮ ਕੀਤੀ। ਉਹਨਾਂ ਦੇ ਦਿਲਾਂ ਵਿੱਚ ਉਤਰ ਕੇ ਉਹਨਾਂ ਦੇ ਦਿਲ ਦੀਆਂ ਗੱਲਾਂ ਨੂੰ ਵੀ ਆਵਾਜ਼ ਦਿੱਤੀ। ਇਸਦੇ ਨਾਲ ਨਾਲ-ਸਾਹਿਤ, ਸੱਭਿਆਚਾਰ ਅਤੇ ਸੰਗੀਤ ਦੀ ਦੁਨੀਆ ਦੇ ਬਹੁਤ ਸਾਰੇ ਕਲਮਕਾਰਾਂ ਅਤੇ ਕਲਾਕਾਰਾਂ ਨੂੰ ਵੀ ਸੰਭਾਲਿਆ। ਉਹਨਾਂ ਨਾਲ ਕੀਤੇ ਹੋਏ ਇੰਟਰਵਿਊ ਹੁਣ ਵੀ ਪ੍ਰਸੰਗਿਕ ਹਨ। 
ਦੂਰਦਰਸ਼ਨ ਦੇ ਆਉਣ ਮਗਰੋਂ ਅਤੇ ਫਿਰ ਕੇਬਲ ਟੀਵੀ ਰਾਹੀਂ ਬਹੁਤ ਸਾਰੇ ਨਿਜੀ ਟੀਵੀ ਚੈਨਲਾਂ ਦੇ ਆਉਣ ਮਗਰੋਂ ਰੇਡੀਓ ਦੀ ਹਰਮਨ ਪਿਆਰਤਾ ਦਾ ਗਰਾਫ ਜ਼ਰੂਰ ਘਟਿਆ ਪਰ ਛੇਤੀ ਹੀ ਇਸਨੂੰ ਸੰਭਾਲ ਲਿਆ ਗਿਆ। ਰੇਡੀਓ ਨੇ ਫਿਰ ਲੋਕਾਂ ਦੇ ਕਰੀਬ ਹੋਣਾ ਸ਼ੁਰੂ ਕਰ ਦਿੱਤਾ। ਰੇਡੀਓ ਦੀ ਖਾਸੀਅਤ ਹੈ ਕਿ ਇਹ ਬਿਨਾ ਤੁਹਾਡਾ ਕੰਮ ਛੁਡਵਾਏ ਤੁਹਾਨੂੰ ਜਾਣਕਾਰੀ ਵੀ ਦੇਂਦਾ ਹੈ ਅਤੇ ਮਨੋਰੰਜਨ ਵੀ ਜਦਕਿ ਟੀਵੀ ਦੇਖਣ ਲਈ ਸਭ ਕੁਝ ਛੱਡ ਛਡਾ ਕੇ ਟੀਵੀ ਸਾਹਮਣੇ ਬੈਠਣਾ ਪੈਂਦਾ ਹੈ। ਇਸ ਤਰਾਂ ਆਕਾਸ਼ਵਾਣੀ ਨੇ ਕਾਰੋਬਾਰੀ ਚੁਣੌਤੀਆਂ ਦਾ ਵੀ ਬੜੀ ਸਫਲਤਾ ਨਾਲ ਸਾਹਮਣਾ ਕੀਤਾ। 
ਇੰਟਰਨੈੱਟ ਅਤੇ ਐੱਫ ਐਮ ਦੇ ਆਉਣ ਤੋਂ ਪਹਿਲਾਂ ਆਲ ਇੰਡੀਆ ਰੇਡੀਓ ਦਾ ਨੈਸ਼ਨਲ ਚੈਨਲ ਲੋਕਾਂ ਦੇ ਦਿਲਾਂ ਦੇ ਕਾਫ਼ੀ ਕਰੀਬ ਰਿਹਾ। ਕੰਮ, ਪੜ੍ਹਾਈ ਲਿਖਾਈ ਜਾਂ ਕਿਸੇ ਵੀ ਕਾਰਨ ਰਾਤ ਨੂੰ ਜਾਗਣ ਵਾਲੇ ਲੋਕਾਂ ਨੂੰ ਇਸ ਨੇ ਕਾਫ਼ੀ ਸਹਾਰਾ ਦਿੱਤਾ ਸੀ ਪਰ ਹੁਣ ਇਸ ਨੂੰ ਬੰਦ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਬਾਹਰ ਆਉਣ 'ਤੇ ਬਹੁਤ ਸਾਰੇ ਲੋਕ ਨਿਰਾਸ਼ ਹਨ। ਇਸ ਨਿਰਾਸ਼ਾ ਵਿੱਚ ਹੋਰ ਵਾਧਾ ਹੋਣ ਦੀ ਵੀ ਸੰਭਾਵਨਾ ਹੈ। ਅਸਲ 'ਚ ਪਰਸਾਰ ਭਾਰਤੀ ਵੱਲੋਂ ਆਲ ਇੰਡੀਆ ਰੇਡੀਓ ਦੇ ਨੈਸ਼ਨਲ ਚੈਨਲ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਨਾਲ ਏ ਆਈ ਆਰ ਨੇ ਪੰਜ ਸ਼ਹਿਰਾਂ 'ਚ ਮੌਜੂਦ ਰੀਜਨਲ ਟਰੇਨਿੰਗ ਸੈਂਟਰਾਂ ਨੂੰ ਵੀ ਬੰਦ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਲਾਗਤ 'ਚ ਕਟੌਤੀ ਦੇ ਲਈ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਚੈਨਲ ਸ਼ਾਮੀ ਛੇ ਵਜੇ ਤੋਂ ਸਵੇਰੇ ਛੇ ਵਜੇ ਤੱਕ ਚੱਲਿਆ ਕਰਦਾ ਸੀ ਅਤੇ ਬਹੁਤ ਹੀ ਹਰਮਨ ਪਿਆਰਾ ਵੀ ਸੀ। 
    ਇਸ ਮੌਕੇ 'ਤੇ ਏ ਆਈ ਆਰ ਦੇ ਨੈਸ਼ਨਲ ਚੈਨਲ ਨਾਲ ਜੁੜੇ ਲੋਕਾਂ ਨੇ ਆਪਣੀਆਂ ਕੁਝ ਯਾਦਾਂ ਤਾਜ਼ਾ ਕੀਤੀਆਂ। ਸੰਨ 1987-1988 'ਚ ਇਸ ਨੂੰ ਹਿੰਦੀ, ਉਰਦੂ ਅਤੇ ਅੰਗਰੇਜ਼ੀ 'ਚ ਲਾਂਚ ਕੀਤਾ ਗਿਆ ਸੀ ਅਤੇ ਉਦੋਂ ਸ਼ਾਮ ਨੂੰ ਇਸਦਾ ਬਰਾਡਕਾਸਟ ਕੀਤਾ ਜਾਂਦਾ ਸੀ। ਉਸ ਸਮੇਂ ਨੂੰ ਯਾਦ ਕਰਦੇ ਹੋਏ ਹਿੰਦੀ ਰੇਡੀਓ ਪਰਜੈਂਟਰ ਰਹੀ ਰਜਨੀ ਏ ਕੇ ਦੱਤਾ ਦਾ ਕਹਿਣਾ ਹੈ, 'ਇਹ ਮੁੱਖ ਤੌਰ 'ਤੇ ਰਾਤ ਨੂੰ ਪੜ੍ਹਨ ਵਾਲੇ ਵਿਦਿਆਰਥੀਆਂ ਅਤੇ ਰਾਤ ਦੀ ਸ਼ਿਫਟ 'ਚ ਕੰਮ ਕਰਨ ਵਾਲੇ ਲੋਕਾਂ ਲਈ ਸੀ।' ਇਹ ਉਹੀ ਰਜਨੀ ਦੀ ਆਵਾਜ਼ ਸੀ, ਜਿਸ ਨੂੰ 18 ਮਈ 1988 ਨੂੰ ਨੈਸ਼ਨਲ ਚੈਨਲ ਤੋਂ ਪਹਿਲੀ ਵਾਰ ਸੁਣਿਆ ਗਿਆ ਸੀ। ਇਸ ਆਵਾਜ਼ ਨੇ ਬੜੀ ਛੇਤੀ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾਈ। 
ਇਸੇ ਤਰਾਂ ਅੰਗਰੇਜ਼ੀ ਦੀ ਰੇਡੀਓ ਪਰਜੈਂਟਰ ਕਕੋਲੀ ਬੈਨਰਜੀ ਦਾ ਕਹਿਣਾ ਹੈ ਕਿ ਉਹਨਾਂ ਦਾ ਚੈਨਲ '80 ਦੇ ਦਹਾਕੇ 'ਚ ਇੰਜੀਨੀਅਰਿੰਗ ਅਤੇ ਐੱਮ ਬੀ ਬੀ ਐੱਸ ਦੇ ਵਿਦਿਆਰਥੀਆਂ ਵਿਚਕਾਰ ਬਹੁਤ ਮਸ਼ਹੂਰ ਸੀ, ਜੋ ਰਾਤ-ਰਾਤ ਭਰ ਪੜ੍ਹਿਆ ਕਰਦੇ ਸਨ। ਉਹ ਵਿਦਿਆਰਥੀ ਅਕਸਰ ਕਕੋਲੀ ਨੂੰ ਪੱਤਰ ਲਿਖ ਕੇ ਇਸ ਸ਼ੋਅ ਦੀ ਤਾਰੀਫ਼ ਕਰਦੇ ਸਨ। ਕਕੋਲੀ ਦੱਸਦੀ ਹੈ ਕਿ ਅੱਧੀ ਰਾਤ ਨੂੰ ਉਸ ਦੇ ਬਾਕੀ ਸਾਰੇ ਚੈਨਲ ਆਪਣਾ ਬਰਾਡਕਾਸਟ ਬੰਦ ਚੁੱਕੇ ਹੁੰਦੇ ਸਨ।  ਰਾਤ ਬੇਹੱਦ ਇੱਕਲੀ ਅਤੇ ਉਦਾਸ ਹੋ ਜਾਂਦੀ ਸੀ। ਉਸ ਮਾਹੌਲ ਵਿੱਚ ਏ ਆਈ ਆਰ ਦਾ ਨੈਸ਼ਨਲ ਚੈਨਲ ਹੀ ਰਾਤ ਨੂੰ ਜਾਗਣ ਵਾਲੇ ਲੋਕਾਂ ਲਈ ਉਨ੍ਹਾਂ ਦਾ ਸਹਾਰਾ ਹੁੰਦਾ ਸੀ।  ਉਹਨਾਂ ਨੂੰ ਅਹਿਸਾਸ ਹੁੰਦਾ ਕਿ ਕੋਈ ਹੋਰ ਵੀ ਸਾਡੇ ਨਾਲ ਜਾਗ ਰਿਹਾ ਹੈ।  ਉਰਦੂ ਚੈਨਲ ਦੀ ਗੱਲ ਕਰੀਏ ਤਾਂ ਉਸ 'ਤੇ ਚੱਲਣ ਵਾਲੇ ਇੱਕ ਸ਼ੋਅ 'ਸ਼ਹਿਰ ਘਈ' ਬਹੁਤ ਮਸ਼ਹੂਰ ਸੀ, ਜਿਸ ਨੂੰ ਰਮਜ਼ਾਨ ਦੇ ਮਹੀਨੇ 'ਚ 30 ਦੇ 30 ਦਿਨ ਰਾਤ 3 ਵਜੇ ਪ੍ਰਸਾਰਤ ਕੀਤਾ ਜਾਂਦਾ ਸੀ। ਇਹ ਸ਼ੋਅ ਕੁਰਾਨ ਦੇ ਨਾਲ-ਨਾਲ ਗੀਤਾ 'ਤੇ ਵੀ ਗੱਲ ਕਰਿਆ ਕਰਦਾ ਸੀ।
ਇਸ ਕੌਮੀ ਚੈਨਲ ਨੂੰ ਬੰਦ ਕਰਨ ਦਾ ਕਾਰਨ ਕਮਜ਼ੋਰ ਟ੍ਰਾਂਸਮਿਸ਼ਨ ਦੱਸਿਆ ਜਾ ਰਿਹਾ ਹੈ। ਨਾਗਪੁਰ ਟ੍ਰਾਂਸਮਿਸ਼ਨ ਦੀ ਸਮਰਥਾ ਸਿਰਫ  ਇੱਕ ਮੈਗਾਵਾਟ ਹੈ ਜੋ ਕਿ ਅੱਜਕਲ ਦੇ ਯੁਗ ਵਿੱਚ ਬਹੁਤ ਹੀ ਘੱਟ ਹੈ। ਜਦੋਂ  ਇਹ ਪੁਛਿਆ ਗਿਆ ਕਿ ਇਸ ਦੀ  ਸਮਰਥਾ ਵਧਾਉਣ ਲਈ ਕਦਮ ਕਿਓੰ ਨਹੀਂ ਚੁੱਕੇ ਗਏ ਤਾਂ ਕਿਹਾ ਗਿਆ ਕਿ ਏਨੇ  ਸਰੋਤਿਆਂ ਵਾਲੇ ਪ੍ਰੋਜੈਕਟ 'ਤੇ ਏਨਾ ਜ਼ਿਆਦਾ ਖਰਚਾ ਕਰਨਾ ਕੋਈ ਅਕਲਮੰਦੀ ਵਾਲੀ ਗੱਲ ਨਹੀਂ ਸੀ। ਸੂਤਰਾਂ ਦੇ ਮੁਤਾਬਿਕ ਸੀਨੀਅਰ ਮੈਨੇਜਮੈਂਟ ਇਸਦੇ ਹੱਕ ਵਿੱਚ ਨਹੀਂ  ਸੀ। 
ਸੁਣਿਆ ਇਹ ਵੀ ਜਾ ਰਿਹਾ ਹੈ ਕਿ ਸ਼ਾਇਦ ਹੁਣ ਇਸ ਸਾਰੇ ਸਿਸਟਮ ਨੂੰ ਮੋਬਾਇਲ ਐਪ ਦੇ ਰੂਪ ਵਿੱਚ ਲਿਆਂਦਾ ਜਾਏਗਾ ਤਾਂਕਿ ਇਸਦੀ ਪਹੁੰਚ ਆਸਾਨੀ ਨਾਲ ਜ਼ਿਆਦਾ ਲੋਕਾਂ ਤੱਕ ਹੋ ਸਕੇ। ਪਰ ਨਾਲ ਹੀ ਇਹ ਖਦਸ਼ਾ ਵੀ ਦੱਬਵੀਂ ਸੁਰ ਵਿੱਚ ਸੁਣਿਆ ਜਾ ਰਿਹਾ ਹੈ ਕਿ ਗੱਲ ਕਿਧਰੇ ਨਿਜੀਕਰਣ ਵੱਲ ਤਾਂ ਮੋੜਾ ਨਹੀਂ ਕੱਟ ਰਹੀ? ਸੁਣਿਆ ਜਾ ਰਿਹਾ ਹੈ ਕਿ ਏ ਆਈ ਆਰ ਅਰਥਾਤ ਆਲ ਇੰਡੀਆ ਰੇਡੀਓ ਦੀ ਵੈਬਸਾਈਟ ਸੰਚਾਲਨ ਦਾ ਜ਼ਿੰਮਾ ਕਿਸੇ ਨਿਜੀ ਕੰਪਨੀ ਦੇ ਹਵਾਲੇ ਕੀਤਾ ਜਾ ਸਕਦਾ ਹੈ। 

No comments: