Tuesday, December 25, 2018

ਸਾਹਿਤਿਕ ਸਿਆਸਤ ਦੀਆਂ ਤਿਕੜਮਾਂ ਤੋਂ ਦੂਰ ਰਹਿਣ ਵਾਲੀ ਸ਼ਾਇਰਾ ਦੀ ਪਹਿਲੀ ਪੁਸਤਕ

ਖਾਮੋਸ਼ੀ ਦਾ ਤਰਜੁਮਾ ਦੇ ਲੋਕਅਰਪਣ ਸਮਾਗਮ ਮੌਕੇ ਵਿਸ਼ੇਸ਼ 
ਲੁਧਿਆਣਾ//ਮੁਕੇਰੀਆਂ: 24 ਦਸੰਬਰ 2018: (ਕਾਰਤਿਕਾ ਸਿੰਘ)::
ਜਦੋਂ ਪਤੀ ਹਮੇਸ਼ਾਂ ਲਈ ਤੁਰ ਜਾਏ ਤਾਂ ਜ਼ਿੰਦਗੀ ਦਾ ਇੱਕ ਪਲ ਪਲ ਮੁਸ਼ਕਿਲਾਂ ਭਰਿਆ ਹੋ ਜਾਂਦਾ ਹੈ। ਭਾਰਤ ਅਤੇ ਪੰਜਾਬ ਵਿੱਚ ਸਿੰਗਲ ਪੇਰੈਂਟ ਹੋਣਾ ਬਹੁਤ ਹੀ ਮੁਸ਼ਕਿਲ ਹੈ। ਆਪਣਾ ਗਮ, ਸਮਾਜ ਦਾ ਗਮ, ਸੁਪਨਿਆਂ ਦੇ ਬਿਖਰ ਜਾਣ ਦਾ ਗਮ...ਦਰਦਾਂ ਦਾ ਇੱਕ ਦਰਿਆ ਜੋ ਹਰ ਪਲ ਚੜ੍ਹਿਆ ਹੀ ਆਉਂਦਾ ਹੈ। ਸਕੂਨ ਦੇ ਦੋ ਪਲ ਸੁਪਨੇ ਵਿੱਚ ਵੀ ਨਸੀਬ ਨਹੀਂ ਹੁੰਦੇ। ਉਸ ਵੇਲੇ ਉਹ ਸੁਆਲ ਸਮਝ ਆਉਂਦਾ ਹੈ ਕਿ ਦਰਦ ਨੂੰ ਦਵਾ ਕਿਵੇਂ ਬਣਾਇਆ ਜਾਵੇ? ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਜਾਂ ਖ਼ੁਦਕੁਸ਼ੀ ਵਾਲਾ ਭਗੌੜਾਪਨ? ਚੋਣ ਬੜੀ ਮੁਸ਼ਕਿਲ ਹੁੰਦੀ ਹੈ। ਮਰਨਾ ਆਸਾਨ ਲੱਗਦਾ ਹੈ ਪਰ ਜਿਊਣਾ ਬਹੁਤ ਹੀ ਮੁਸ਼ਕਿਲ। ਹਮਸਫਰ ਤੋਂ ਬਿਨਾ ਜ਼ਿੰਦਗੀ ਦਾ ਲੰਮਾ ਪੈਂਡਾ ਬੇਹੱਦ ਔਕੜਾਂ ਭਰਿਆ ਹੋ ਜਾਂਦਾ ਹੈ। ਅੱਖਾਂ ਚੋਂ ਨਿਕਲਦੇ ਹੰਝੂਆਂ ਨੂੰ ਰੋਕ ਕੇ ਦਿਲ ਵਿੱਚੋਂ ਕਵਿਤਾ ਕਿਵੇਂ ਨਿਕਲਦੀ ਹੈ। ਇਸ ਕ੍ਰਿਸ਼ਮੇ ਦਾ ਅਹਿਸਾਸ ਵੀ ਹੁੰਦਾ ਹੈ।  ਦਰਦ ਦਾ ਇਹ ਸਿਲਸਿਲਾ ਬੜਾ ਲੰਮਾ ਸੀ--ਹੁਣ ਵੀ ਜਾਰੀ ਹੈ--ਪਰ ਦਰਦ ਨਾਲ ਭਰਿਆ ਇਹ ਸਭ ਕੁਝ ਗ਼ਜ਼ਲਾਂ 'ਚ ਕਿਵੇਂ ਨਜ਼ਰ ਆਉਣ ਲੱਗ ਪਿਆ ਇਸਦਾ ਪਤਾ ਸ਼ਾਇਦ ਬਲਜੀਤ ਸੈਣੀ ਨੂੰ ਖੁਦ ਵੀ ਨਹੀਂ ਲੱਗਿਆ। ਗ਼ਜ਼ਲ ਲਿਖਣਾ ਆਸਾਨ ਨਹੀਂ ਹੁੰਦਾ। ਕਾਫੀਆ, ਬਹਿਰ ਰਦੀਫ ਅਤੇ ਹੋਰ ਬਹੁਤ ਸਾਰੇ ਝਮੇਲੇ ਹਨ ਜਿਹਨਾਂ ਨੂੰ ਸਿੱਖਦਿਆਂ ਅਕਸਰ ਇਹੀ ਭੁੱਲ ਜਾਂਦਾ ਹੈ ਕਿ ਕਿਸ ਖਿਆਲ ਨੂੰ ਲੈ ਕੇ ਸ਼ੇਅਰ ਲਿਖਣਾ ਸੀ। ਇਸ ਔਖੇ ਵੇਲੇ ਜਾਂ ਤਾਂ ਇਨਸਾਨ ਮਾਹਰ ਬਣ ਜਾਂਦਾ ਹੈ ਅਤੇ ਜਾਂ ਫਿਰ ਗ਼ਜ਼ਲ ਲਿਖਣੀ ਛੱਡ ਜਾਂਦਾ ਹੈ। ਤੀਜਾ ਵਰਗ ਵੀ ਹੁੰਦਾ ਹੈ ਜਿਹੜਾ ਧੱਕੇ ਨਾਲ ਆਪਣੀਆਂ ਅਗ਼ਜ਼ਲਾਂ ਨੂੰ ਵੀ ਗ਼ਜ਼ਲ ਸਾਬਤ ਕਰਦਾ ਹੈ ਪਰ ਬਲਜੀਤ ਸੈਣੀ ਨੇ ਮੁਹਾਰਤ ਹਾਸਲ ਕੀਤੀ। ਗ਼ਜ਼ਲ ਦੀ ਇਸ ਸਾਧਨਾ ਦੌਰਾਨ ਹੀ ਜ਼ਿੰਦਗੀ ਦੀ ਸਾਰੀ ਊਰਜਾ ਕਿਸੇ ਨਵੀਂ ਰੌਸ਼ਨੀ ਤੋਂ ਪ੍ਰੇਰਿਤ ਹੋਣ ਲੱਗ ਪਈ।  ਇਹ ਰੌਸ਼ਨੀ ਕਵਿਤਾ ਦੀ ਰੌਸ਼ਨੀ ਸੀ। ਗ਼ਜ਼ਲਾਂ ਦੀ ਰੌਸ਼ਨੀ ਸੀ। 
ਦਿਲ ਸੇ ਜੋ ਬਾਤ ਨਿਕਲਤੀ ਹੈ--ਅਸਰ ਰਖਤੀ ਹੈ;
ਪਰ ਨਹੀਂ-ਤਾਕ਼ਤ-ਏ-ਪਰਵਾਜ਼ ਮਗਰ ਰਖਤੀ ਹੈ!
ਖਿਆਲਾਂ ਦੀ ਉੱਚੀ ਤੋਂ ਉੱਚੀ ਉਡਾਣ ਵਾਲੇ ਅਹਿਸਾਸ ਨੂੰ ਮਹਿਸੂਸ ਕਰਨ ਅਤੇ ਕਰਾਉਣ ਦਾ ਸਮਾਂ ਆ ਗਿਆ ਸੀ। ਬਲਜੀਤ ਸੈਣੀ ਨੇ ਬਹੁਤ ਹੀ ਚੰਗੀਆਂ ਗ਼ਜ਼ਲਾਂ ਲਿਖੀਆਂ ਪਰ ਇਹ ਸਭ ਕੁਝ ਜ਼ਿਆਦਾਤਰ ਪੰਜਾਬੀ ਵਿੱਚ ਸੀ। ਪੰਜਾਬੀ ਜਿਸ ਦੇ ਸੰਬੰਧ ਵਿੱਚ ਗੱਲਾਂ ਜ਼ਿਆਦਾ ਹੁੰਦੀਆਂ ਹਨ ਅਤੇ ਕੰਮ ਘੱਟ। ਛੇਤੀ ਕੀਤਿਆਂ ਕਦਰ  ਨਹੀਂ ਪੈਂਦੀ। ਬਲਜੀਤ ਸੈਣੀ ਅਧਿਆਪਨ ਦੇ ਕਿੱਤੇ ਨਾਲ ਸਬੰਧਤ ਹੈ। ਬਹੁਤ ਹੀ ਸਮਰਪਣ ਅਤੇ ਥਕਾਵਟ ਦੇਣ ਵਾਲਾ ਕੰਮ ਹੈ ਅਧਿਆਪਨ। ਅੱਜਕਲ ਦੇ ਸਿਆਸੀ ਮਾਹੌਲ ਵਿੱਚ ਅਧਿਆਪਕਾਂ ਨੂੰ ਹੋਰ ਇਧਰਲੀਆਂ ਓਧਰਲੀਆਂ ਜ਼ਿੰਮੇਵਾਰੀਆਂ ਵੀ ਸੌਂਪ ਦਿੱਤੀਆਂ ਜਾਂਦੀਆਂ ਹਨ। ਇਹਨਾਂ ਸਾਰੇ ਖਲਜਗਣਾਂ ਵਿੱਚ ਲਿਖਣ ਦਾ ਸਮਾਂ ਤਾਂ ਦੂਰ ਸਾਹ ਲੈਣ ਦਾ ਸਮਾਂ ਵੀ ਨਹੀਂ ਬਚਦਾ। ਬਲਜੀਤ ਸੈਣੀ ਨੇ ਕਦੇ ਉਹਨਾਂ ਤਿਕੜਮਾਂ ਨੂੰ ਸਿੱਖਣ ਵੱਲ ਵੀ ਮੂੰਹ ਨਹੀਂ ਕੀਤਾ ਜਿਹਨਾਂ ਨਾਲ ਕਿਤਾਬਾਂ ਛਪਵਾਈਆਂ ਜਾਂਦੀਆਂ ਹਨ ਜਾਂ ਇਨਾਮ ਸਨਮਾਨ ਲਏ ਜਾਂਦੇ ਹਨ। ਮਾਣ ਸੀ ਤਾਂ ਸਿਰਫ ਸ਼ੁੱਧ ਆਪਣੀ ਕਲਮ ਦਾ--ਆਪਣੀ ਸਾਧਨਾ ਦਾ। ਇਸ ਮਾਣ ਦੇ  ਆਸਰੇ ਹੋਰ ਕਿਸੇ ਗੱਲ ਦੀ ਪਰਵਾਹ ਵੀ ਨਹੀਂ ਕੀਤੀ। ਇਸ ਲਈ ਬਲਜੀਤ ਸੈਣੀ ਵਰਗੀ ਸੁਲਝੀ ਹੋਈ ਸ਼ਾਇਰਾ ਦੀ ਪਹਿਲੀ ਪੁਸਤਕ ਦਾ ਪ੍ਰ੍ਕਾਸ਼ਨ ਅਤੇ ਇਸਦਾ ਰਿਲੀਜ਼ ਸਮਾਗਮ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ। 
ਦਰਦ ਨਾਲ ਦੋਸਤੀ ਪਾਉਣੀ ਕੋਈ ਆਸਾਨ ਨਹੀਂ ਹੁੰਦੀ। ਸੰਘਰਸ਼ ਨੂੰ ਰਹਿਬਰ ਬਣਾਉਣਾ ਵੀ ਆਸਾਨ ਨਹੀਂ ਹੁੰਦਾ। ਪਰ ਬਲਜੀਤ ਸੈਣੀ ਨੇ ਇਹ ਸਭ ਕੁਝ ਕਰ ਦਿਖਾਇਆ। ਮੁਸ਼ਕਿਲਾਂ ਨੇ ਉਸਨੂੰ ਤੁਰਨਾ ਸਿਖਾਇਆ। ਸਦਮਿਆਂ ਦੀ ਕੜਕਦੀ ਬਿਜਲੀ ਰਾਹ ਦਿਖਾਉਂਦੀ ਰਹੀ। ਇਸ ਸਭ ਕੁਝ ਦੇ ਨਾਲ ਹੀ ਗ਼ਜ਼ਲਾਂ ਵਿੱਚ ਨਿਖਾਰ ਆਉਂਦਾ ਰਿਹਾ। 
ਬਲਜੀਤ ਸੈਣੀ ਦੀਆਂ ਗ਼ਜ਼ਲਾਂ ਪੜ੍ਹਦਿਆਂ ਇਹ ਨਹੀਂ ਲੱਗਦਾ ਕਿ ਕਿਸੇ ਸ਼ਾਇਰ ਦਾ ਕਲਾਮ ਪੜ੍ਹ ਰਹੇ ਹਾਂ।  ਇਸਤਰਾਂ ਲੱਗਦਾ ਹੈ ਜਿਵੇਂ ਖੁਦ ਆਪਣੀ ਹਾਲਤ ਬਾਰੇ ਆਪਣਾ ਹੀ ਕਲਾਮ ਪੜ੍ਹ ਰਹੇ ਹਾਂ। ਫਿਰ ਹੈਰਾਨੀ ਹੁੰਦੀ ਹੈ ਇਸ 'ਤੇ ਤਾਂ ਬਲਜੀਤ ਸੈਣੀ ਦਾ ਨਾਮ ਹੈ। ਫਿਰ ਕਵਿਤਾ ਦੇ ਚਮਤਕਾਰਾਂ ਦੀ ਥਾਹ ਪੈਂਦੀ ਹੈ ਕਿ ਕਿਸਤਰਾਂ ਉਹ ਗੱਲ ਸੱਚ ਹੈ ਕਿ 
ਜਹਾਂ ਨ ਪਹੁੰਚੇ ਰਵੀ--ਵਹਾਂ ਭੀ ਪਹੁੰਚੇ ਕਵੀ। 
ਬਲਜੀਤ ਸੈਣੀ ਖੁਦ ਦੇ ਦਰਦ ਦੀਆਂ ਗ਼ਜ਼ਲਾਂ ਲਿਖਦਿਆਂ ਲਿਖਦਿਆਂ ਸਾਰੀ ਦੁਨੀਆ-ਸਾਰੀ ਕਾਇਨਾਤ ਦੇ ਦਰਦ ਨੂੰ ਵੀ ਮਹਿਸੂਸ ਕਰਨ ਲੱਗ ਪਈ। ਇਸ ਸਾਰੇ ਘਟਨਾਕ੍ਰਮ ਵਿੱਚ ਇੱਕ ਹੋਰ ਖਾਸ ਗੱਲ ਵਾਪਰੀ ਕਿ ਕਿ ਬਲਜੀਤ ਸੈਣੀ ਆਸਟਿੱਕਤਾ ਵੱਲ ਨਹੀਂ ਝੁਕੀ। ਆਪਣੀਆਂ ਮੁਸ਼ਕਿਲਾਂ ਲਈ ਕਿਸੇ  ਰੱਬ ਨੂੰ ਦੋਸ਼ੀ ਵੀ ਨਹੀਂ ਠਹਿਰਾਇਆ। ਕਿਸੇ ਅਣਦਿੱਸਦੇ ਪਰਮਾਤਮਾ ਕੋਲੋਂ ਕੋਈ ਸਹਾਇਤਾ ਵੀ ਨਹੀਂ ਮੰਗੀ। ਹਾਂ-ਇਹ ਜ਼ਰੂਰ ਆਖਿਆ--
ਹੋਣੀ ਟਲਦੀ ਵੇਖੀ ਨਾ ਅਰਦਾਸਾਂ ਨਾਲ;
ਦਿਲ ਨਾ ਐਵੇਂ ਭਰਮਾਵੀਂ ਧਰਵਾਸਾਂ ਨਾਲ!
     ਸਨ 2005 ਵਿੱਚ ਪਤੀ ਸਰਦਾਰ ਇਕਬਾਲ ਸਿੰਘ ਅਚਾਨਕ ਵਿਛੋੜਾ ਦੇ ਗਏ। ਅੱਖਾਂ ਸਾਹਮਣੇ ਹਨੇਰਾ ਹੀ ਹਨੇਰਾ ਸੀ। ਜ਼ਿੰਦਗੀ ਦਾ ਹਨੇਰਾ। ਦਰਦ ਦੀ ਧੁੰਦ। ਵਿਛੋੜੇ ਦਾ ਸੱਲ। ਜ਼ਿੰਮੇਵਾਰੀਆਂ ਦਾ ਭਾਰ। ਜ਼ਿੰਦਗੀ ਪੱਥਰਾ ਜਾਂਦੀ ਹੈ ਅਜਿਹੇ ਹਾਲਾਤ ਵਿੱਚ। ਪਰ ਕਰਿਸ਼ਮੇ ਵੀ ਤਾਂ ਵਾਪਰਦੇ ਹਨ। ਸਕੂਲ ਦੇ ਸਮੇਂ ਸਾਹਿਤ ਪੜ੍ਹਨ ਦਾ ਸ਼ੋਂਕ ਇਸ ਗਮਾਂ ਵਾਲੇ ਦੌਰ ਵਿੱਚ ਫਿਰ ਜਾਗ ਪਿਆ। ਸਿਰਫ ਖੁਦ ਹੀ ਨਹੀਂ ਜਾਗਿਆ ਬਲਕਿ ਸਾਹਿਤ ਰਚਨਾ ਦੀ ਕੋਸ਼ਿਸ਼ ਨੂੰ ਵੀ ਨਾਲ ਹੀ ਜਗਾ ਲਿਆਇਆ। ਮੈਨੂੰ ਯਕੀਨ ਹੈ ਕਿ ਗ਼ਜ਼ਲ ਦੀ ਮੁਹਾਰਤ ਬਲਜੀਤ ਸੈਣੀ ਵਿੱਚ ਪਹਿਲਾਂ ਹੀ ਕਿਧਰੇ ਲੁਕੀ ਹੋਈ ਸੀ। ਪਤੀ ਦੇ ਵਿਛੋੜੇ ਅਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੇ ਜਿਹੜੇ ਜਿਹੜੇ ਹਾਲਾਤ ਦਿਖਾਏ ਉਹਨਾਂ ਰੰਗਾਂ ਨੇ ਇਸ ਨੂੰ ਫਿਰ ਜਗਾ ਲਿਆ। ਪਤੀ ਦੀ ਮੌਤ ਮਗਰੋਂ ਕਿਤਾਬਾਂ ਨਾਲ ਦੋਸਤੀ ਹੋਰ ਵੱਧ ਗਈ। ਫਿਰ ਗ਼ਜ਼ਲ ਵੀ ਉੱਠਣ ਲੱਗੀ। ਇਹਨਾਂ ਗ਼ਜ਼ਲਾਂ ਨੂੰ ਸੰਵਾਰਨ ਵਿੱਚ ਡਾਕਟਰ ਬਰਜਿੰਦਰ ਚੌਹਾਨ ਹੁਰਾਂ ਦੀ ਅਗਵਾਈ ਨੂੰ ਬਲਜੀਤ ਸੈਣੀ ਕਦੇ ਵੀ ਨਹੀਂ ਭੁੱਲੀ। ਉਸਨੇ ਇੱਕ ਥਾਂ ਲਿਖਿਆ:
ਵਿੱਛੜਿਆਂ ਸੀ ਮੈਥੋਂ ਜੋ ਖੁਸ਼ਬੂ ਬਣ ਕੇ;
ਧੜਕਣ ਬਣ ਕੇ ਰਹਿੰਦੈ ਵੇਖ ਸਵਾਸਾਂ ਨਾਲ!
ਆਪਣਿਆਂ ਦੇ ਰਵਈਏ, ਬੇਗਾਨਿਆਂ ਦੀ ਆਸ--ਸ਼ਾਇਦ ਇਹ ਸਭ ਕੁਝ ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਹਨ। ਮੈਡਮ ਬਲਜੀਤ ਸੈਣੀ ਇਹਨਾਂ ਅਹਿਸਾਸਾਂ ਨੂੰ ਬਿਆਨ ਕਰਦਿਆਂ ਲਿਖਦੀ ਹੈ:
ਆਪਣਿਆਂ ਨੇ ਜੋਕਾਂ ਵਾਂਗੂ ਚੂਸ ਲਿਆ;
ਗੈਰਾਂ ਵੱਲੇ ਤੱਕਾਂ ਕੀਕਣ ਆਸਾਂ ਨਾਲ। 
                           ਧੋਖੇ ਵੱਸੀ ਜਾਂਦੇ ਵੇਖ ਜ਼ਮੀਰਾਂ ਵਿੱਚ;
                          ਟੁੱਟੀ ਜਾਂਦੇ ਰਿਸ਼ਤੇ ਹੁਣ ਵਿਸ਼ਵਾਸਾਂ ਨਾਲ। 
ਜਦੋਂ ਧਰਮ ਦੀ ਗੱਲ ਤੁਰੇ ਤਾਂ ਬਲਜੀਤ ਸੈਣੀ ਨੇ ਉੱਥੇ ਵੀ ਆਪਣੀ ਆਵਾਜ਼ ਬੁਲੰਦ ਕੀਤੀ। ਨਾਸਤਿਕ ਪਹੁੰਚ ਦੇ ਬਾਵਜੂਦ ਅੰਦਰਲੀ ਮਨੋਸਥਿਤੀ ਅਤੇ ਬਾਹਰਲੇ ਅਡੰਬਰਾਂ ਨੂੰ ਬੜੇ ਹੀ ਸਲੀਕੇ ਨਾਲ ਬਿਆਨ ਕੀਤਾ:
ਤੇਰੇ ਅੰਦਰ ਹੀ ਨੇ ਬਾਬਰ ਤੇ ਨਾਨਕ;
ਜਿਹਨੂੰ ਚਹੁਨੈਂ ਮਿਲ ਲੈ ਹੋਸ਼ ਹਵਾਸਾਂ ਨਾਲ। 
ਸਾਡੇ ਸਭਨਾਂ ਦੀ ਜ਼ਿੰਦਗੀ ਕਿਸੇ ਨ ਕਿਸੇ ਦਰਦ ਤੋਂ ਪ੍ਰਭਾਵਿਤ ਹੈ। ਕੋਈ ਨ ਕੋਈ ਗਮ ਸਾਡੇ ਸਭਨਾਂ ਦਾ ਪਿੱਛਾ ਕਰਦਾ ਹੈ। ਸ਼ਾਇਦ ਇਹੀ ਹੈ ਜ਼ਿੰਦਗੀ। ਇਹੀ ਹੈ ਹਕੀਕਤ। ਅਸੀਂ ਮੰਨੀਏ ਜਾਂ ਨਾ--ਦੱਸੀਏ ਜਾਂ ਨਾ ਪਰ ਕੋਈ ਨ ਕੋਈ ਗਮ-ਕੋਈ ਣ ਕੋਈ ਦਰਦ ਅਸੀਂ ਸਭਨਾਂ ਨੇ ਲੁਕੋਇਆ ਹੋਇਆ ਹੈ। ਉਸ ਨੂੰ ਬਿਆਨ ਕਰਨ ਦਾ ਸਲੀਕਾ ਜੋ ਬਲਜੀਤ ਸੈਣੀ ਕੋਲ ਹੈ ਉਹ ਸ਼ਾਇਦ ਸਾਡੇ ਸਭਨਾਂ ਦੇ ਕੋਲ ਨਹੀਂ ਹੈ। ਇਹੀ ਗੱਲ ਬਲਜੀਤ ਸੈਣੀ ਨੂੰ ਵਿਲੱਖਣ ਵੀ ਬਣਾਉਂਦੀ ਹੈ। ਦੇਖੋ ਜਰਾ ਇੱਕ ਅੰਦਾਜ਼ ਹੋਰ:
ਕਰ ਕੇ ਫੁੱਲਾਂ ਦੇ ਲਈ ਇਕ਼ਰਾਰ ਤੂੰ
ਧਰ ਗਿਆ ਮੇਰੀ ਤਲੀ ਅੰਗਿਆਰ ਤੂੰ ।

ਦਰਦ ਮੇਰੇ ਦਿਲ ਦਾ ਜੇ ਮਿਣਨੈ ਜ਼ਰੂਰ ,
ਤੋਲ ਮੇਰੇ ਹੰਝੂਆਂ ਦਾ ਭਾਰ ਤੂੰ |
ਅਖੀਰ ਵਿੱਚ ਸਾਡੀ ਸਭਨਾਂ ਦੀ ਕਾਮਨਾ ਹੈ ਕਿ ਇਹ ਸਮਾਗਮ ਪੂਰੀ ਤਰਾਂ ਸਫਲ ਹੋਵੇ। ਬਲਜੀਤ ਸੈਣੀ ਦੀ ਇਹ ਪੁਸਤਕ ਸਭਨਾਂ ਤੀਕ ਪਹੁੰਚੇ। "ਖਾਮੋਸ਼ੀ ਦਾ ਤਰਜੁਮਾ" ਸਾਰੇ ਪੰਜਾਬੀ ਕਾਵਿ ਜਗਤ ਲਈ ਇੱਕ ਪ੍ਰਾਪਤੀ ਵੀ ਹੈ। ਇਸਦੇ ਨਾਲ ਹੀ ਬਲਜੀਤ ਸੈਣੀ ਦੀ ਸਿਆਸੀ ਅਤੇ ਜਾਗਰੂਕਤਾ ਅਤੇ ਚਲੰਤ ਮਾਮਲਿਆਂ 'ਤੇ ਇੱਕ ਨਜ਼ਰ ਦੀ ਛੋਟੀ ਜਿਹ ਮਿਸਾਲ:
ਦੀਵਾਲੀ ਤੋਂ ਅਗਲੇ ਦਿਨ ਅਠ ਨਵੰਬਰ 2018 ਨੂੰ ਬਲਜੀਤ ਸੈਣੀ ਨੇ ਹਿੰਦੀ ਵਿੱਚ ਚਾਰ ਕੁ ਸਤਰਾਂ ਦੀ ਇੱਕ ਪੋਸਟ ਫੇਸਬੁਕ 'ਤੇ ਸ਼ੇਅਰ ਕੀਤੀ:
ਲੋ ਜੀ ਤਿਓਹਾਰ ਖਤਮ ਹੋ ਗਏ ਤੋਂ ਕਿਆ,
ਸ਼ੁਭਕਾਮਨਾਏਂ ਦਿਤੇ ਰਹਿਣਾ ਤੋਂ ਬਨਤਾ ਹੈ ਨ!
ਆਪਕੋ ਨੋਟਬੰਦੀ ਦਿਵਸ 
8 ਨਵੰਬਰ ਕੀ ਹਾਰਦਿਕ ਸ਼ੁਭਕਾਮਨਾਏਂ 
                                                   

No comments: