Thursday, November 08, 2018

ਤਰਕਸ਼ੀਲ ਸੈਮੀਨਾਰ ਵਿੱਚ ਮਾਨਸਿਕ ਰੋਗਾਂ ਬਾਰੇ ਖੁਲਾਸੇ

ਮਾਨਸਿਕ ਰੋਗ ਦੀ ਸਮੱਸਿਆ ਦਾ ਮੁੱਢ ਸਾਡੇ ਬਚਪਨ ਵਿੱਚ ਹੀ ਹੁੰਦਾ ਹੈ
ਲੁਧਿਆਣਾ: 8 ਨਵੰਬਰ 2018: (ਪੰਜਾਬ ਸਕਰੀਨ ਬਿਊਰੋ)::
ਤਰਕਸ਼ੀਲ ਸੁਸਾਇਟੀ ਪੰਜਾਬ (ਇਕਾਈ ਲੁਧਿਆਣਾ) ਵੱਲੋਂ “ ਮਾਨਸਿਕ ਰੋਗਾਂ ਦੇ ਕਾਰਣ ਅਤੇ ਇਲਾਜ “ ਵਿਸ਼ੇ ਤੇ ਕਰਵਾਏ ਸੈਮੀਨਾਰ ਦੌਰਾਨ ਕਈ ਦਿਲਚਸਪ ਖੁਲਾਸੇ ਕਰਦਿਆਂ ਸੈਮੀਨਾਰ ਦੇ ਮੁੱਖ ਬੁਲਾਰੇ ਸੁਸਾਇਟੀ ਦੇ ਕੌਮੀ ਤੇ ਕੌਮਾਂਤਰੀ ਵਿਭਾਗ ਦੇ ਮੁੱਖੀ ਬਲਵਿੰਦਰ ਬਰਨਾਲਾ ਨੇ ਸਰੋਤਿਆੰ ਨੂੰ ਪ੍ਰਭਾਵਿਤ ਕੀਤਾ। ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਹੋਏ ਇਸ ਸੈਮੀਨਾਰ ਵਿੱਚ ਉਹਨਾਂ ਕਿਹਾ ਕਿ ਸਾਡੇ ਹਰ ਮਾਨਸਿਕ ਰੋਗ ਦੀ ਸਮੱਸਿਆ ਦਾ ਮੁੱਢ ਸਾਡੇ ਬਚਪਨ ਵਿੱਚ ਹੋਏ ਪਾਲਣ ਪੋਸਣ ਦੌਰਾਨ ਪੈਦਾ ਹੋਈ ਹੀਣ ਭਾਵਨ ਤੋਂ ਸ਼ੁਰੂ ਹੁੰਦਾ ਹੈ। ਜਦੋਂ ਅਸੀਂ ਬਿਨਾ ਸੋਚੇ ਸਮਝੇ ਕਿਸੇ ਉੱਪਰ ਜਿੰਨਾ ਵੱਡਾ ਭਰੋਸਾ ਕਰਦੇ ਹਾਂ, ਤਾਂ ਉਨ੍ਹਾਂ  ਹੀ ਵੱਡਾ ਸਾਡੇ ਨਾਲ ਧੋਖਾ ਹੁੰਦਾ ਹੈ, ਜਿਸ ਦਾ ਸਾਡੇ ਉੱਪਰ ਗਲਤ ਪ੍ਰਭਾਵ ਪੈਂਦਾ ਹੈ। ਉਹਨਾਂ ਕਿਹਾ ਕਿ ਦੁੱਖ ਅਤੇ ਸੁੱਖ ਦੋਵੇਂ ਹੀ ਸਾਡੀ ਜ਼ਿੰਦਗੀ ਵਿੱਚ ਸਥਿਰ ਨਹੀਂ ਰਹਿੰਦੇ ਜੋ ਸਭ ਦੀ ਜ਼ਿੰਦਗੀ ਦਾ ਹਿੱਸਾ ਬਣਦੇ ਹਨ। ਜ਼ਿੰਦਗੀ ਦੇ ਉਤਰਾ ਚੜ੍ਹਾ ਕਾਰਣ ਸਾਡੀ ਮਾਨਸਿਕ ਸਥਿਤੀ ਵਿੱਚ ਕਈ ਤਬਦੀਲੀਆਂ ਹੁੰਦੀਆਂ ਹਨ ਜਿਹਨਾਂ ਬਾਰੇ ਸਹੀ ਗਿਆਨ ਨਾ ਹੋਣ ਕਾਰਨ ਇਹ ਰੋਗ ਪੈਦਾ ਹੋ ਜਾਂਦੇ ਹਨ। ਸਾਡੇ ਦੇਸ਼ ਦਾ ਗਲਤ ਰਾਜ ਪ੍ਰਬੰਧ ਸਾਰੇ ਲੋਕਾਂ ਦੇ ਵਿਕਾਸ ਲਈ ਬਰਾਬਰ ਦੇ ਮੌਕੇ ਪ੍ਰਦਾਨ ਨਹੀਂ ਕਰਦਾ ਜਿਸ ਕਰਕੇ ਬਚਪਨ ਵਿੱਚ ਹੀ ਇਕ ਬੱਚੇ ਦੀ ਪਰਵਰਿਸ਼ ਦੌਰਾਨ ਕਈ ਕਮੀਆਂ ਰਹਿ ਜਾਂਦੀਆਂ ਹਨ ਜੋ ਉਸ ਦੇ ਮਾਨਸਿਕ ਰੋਗਾਂ ਦਾ ਮੁੱਢ ਬਣਦੀਆਂ ਹਨ। ਉਹਨਾਂ ਕਿਹਾ ਕਿ ਹਰ ਮਨੁੱਖ ਦਾ ਦਿਮਾਗੀ, ਸਰੀਰਕ,ਜਜ਼ਬਾਤੀ ਅਤੇ ਸਮਾਜਿਕ ਤੌਰ ਤੇ ਫਿੱਟ ਹੋਣਾ ਬੇਹੱਦ ਜ਼ਰੂਰੀ ਹੈ। ਪਰ ਸਾਡੇ ਦੇਸ਼ ਦਾ ਰਾਜਨੀਤਕ ਤੇ ਆਰਥਿਕ ਪ੍ਰਬੰਧ ਮਨੁੱਖ ਨੂੰ ਇਸ ਤੋਂ ਵਾਂਝਾ ਰੱਖਦਾ ਹੈ। ਉਹਨਾਂ ਵੱਖ ਵੱਖ ਮਾਨਸਿਕ ਰੋਗਾਂ ਦੀਆਂ ਕਿਸਮਾਂ ਅਤੇ ਉਹਨਾਂ ਦੇ ਪੈਦਾ ਹੋਣ ਦੇ ਸਮਾਜਿਕ, ਆਰਥਿਕ ਤੇ ਸਭਿਆਚਾਰ ਕਾਰਣਾਂ ਨੂੰ ਉਦਾਹਰਣਾਂ ਰਾਹੀਂ ਸਪਸਟ ਕੀਤਾ। ਸੁਚੇਤ ਤੇ ਅਚੇਤ ਦਿਮਾਗ ਬਾਰੇ ਵੀ ਉਹਨਾਂ ਜਾਣਕਾਰੀ ਦਿੱਤੀ।
       ਇਸ ਮੌਕੇ ਤਰਕਸ਼ੀਲ ਸੁਸਾਇਟੀ ਇੰਗਲੈਂਡ ਦੇ ਆਗੂ ਭਗਵੰਤ ਸਿੰਘ ਨੇ ਵੀ ਉੱਥੋਂ  ਦੇ ਲੋਕਾਂ ਦੀ ਜ਼ਿੰਦਗੀ ਦਾ ਭਾਰਤੀ ਲੋਕਾਂ ਦੀ ਜ਼ਿੰਦਗੀ ਨਾਲ ਤੁਲਨਾਤਮਿਕ ਵਿਖਰੇਵਾਂ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਸਵਾਲ ਜਵਾਬ ਦੇ ਸੈਸ਼ਨ ਵਿੱਚ ਜਸਵੰਤ ਜੱਸੜ, ਟੇਕ ਚੰਦ ਕਾਲੀਆ, ਮਾ ਸੁਰਜੀਤ ਦੌਧਰ, ਸੁਖਵਿੰਦਰ ਲੀਲ, ਗੁਰਮੇਲ ਗਿੱਲ, ਕਰਨਲ ਜੇ ਐਸ ਬਰਾੜ, ਜਗਮੋਹਣ ਸਿੰਘ, ਨਰਿੰਦਰਜੀਤ ਸਿੰਘ ਸੋਢੀ, ਅੰਮ੍ਰਿਤ ਪਾਲ ਪੀਏਯੂ,ਰਾਕੇਸ ਆਜ਼ਾਦ, ਕਾ. ਸੁਰਿੰਦਰ, ਕਸਤੂਰੀ ਲਾਲ, ਪ੍ਰਿੰਸੀਪਲ ਹਰਭਜਨ ਸਿੰਘ, ਧਰਮਪਾਲ ਸਿੰਘ ਨੇ ਚੰਗੀ ਦਿਲਚਸਪੀ ਵਿਖਾਈ। ਔਰਤਾਂ ਨੇ ਵੀ ਇਸ ਸੈਮੀਨਾਰ ‘ਚ ਉਚੇਚੇ ਤੌਰ ਤੇ ਭਾਗ ਲਿਆ ।ਤਰਕਸ਼ੀਲ ਆਗੂਆਂ ਆਤਮਾ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ ਜਗਰਾਓਂ, ਕਮਲਜੀਤ ਸਿੰਘ ਜਗਰਾਓਂ,ਜਰਨੈਲ ਸਿੰਘ , ਰਣਜੋਧ ਸਿੰਘ ਲਲਤੋਂ ਆਦਿ ਵੀ ਹਾਜ਼ਰ ਸਨ।  ਸਟੇਜ ਦਾ ਸੰਚਾਲਨ ਜਸਵੰਤ ਜੀਰਖ ਨੇ ਨਿਭਾਇਆ।



No comments: