Tuesday, November 06, 2018

ਦੀਵਾਲੀ ਮੌਕੇ ਸੀਪੀਆਈ ਦੀ ਸੂਬਾ ਐਗਜ਼ੈਕੁਟਿਵ ਨੇ ਲਏ ਅਹਿਮ ਫੈਸਲੇ

17 ਦਸੰਬਰ ਦੀ ਰੈਲੀ ਨੂੰ ਸਫਲ ਬਣਾਉਣ ਲਈ ਤਿਆਰੀਆਂ ਤੇਜ਼ 
ਲੁਧਿਆਣਾ: 6 ਨਵੰਬਰ 2018: (ਪੰਜਾਬ ਸਕਰੀਨ ਟੀਮ):: 
ਧੰਨਤੇਰਸ, ਰੂਪ ਚੌਦਸ, ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਤਿਓਹਾਰੀ ਦਿਨਾਂ ਮੌਕੇ ਇਸ ਵਾਰ ਆਰਥਿਕ ਪਾੜਾ ਜ਼ਿਆਦਾ ਵਧਿਆ ਨਜ਼ਰ ਆਇਆ। ਜੁਮਲੇਬਾਜ਼ਾਂ ਦੇ ਝੂਠੇ ਵਾਅਦਿਆਂ ਕਾਰਨ ਵਧੇ ਇਸ ਆਰਥਿਕ ਪਾੜੇ ਦਾ ਅਸਰ ਬਾਜ਼ਾਰਾਂ ਵਿੱਚ  ਵੀ ਨਜ਼ਰ ਆਇਆ। ਜਿਹਨਾਂ ਕੋਲ ਬਹੁਤ ਜ਼ਿਆਦਾ ਪੈਸਾ ਸੀ ਉਹ ਆਪਣੀਆਂ ਕਾਰਾਂ 'ਤੇ ਸਵਾਰ ਹੋ ਕੇ ਹਾਰਨ 'ਤੇ ਹਾਰਨ ਮਾਰਦੇ ਨਜ਼ਰ ਆਏ। ਦੂਜੇ ਪਾਸੇ ਅਗਲੇ ਡੰਗ ਦੀ ਰੋਟੀ ਦੇ ਫਿਕਰ ਵਿੱਚ ਬੈਠੇ ਗਰੀਬ ਲੋਕ ਬੜੀਆਂ ਹੀ ਬੇਬਸ ਨਜ਼ਰਾਂ ਨਾਲ ਇਹਨਾਂ ਰੌਣਕਾਂ ਨੂੰ ਵਿਵਰਜਿਤ ਮਨ ਨਾਲ ਦੇਖਦੇ ਮਹਿਸੂਸ ਹੋਏ। ਆਮ ਲੋਕਾਂ ਦੇ ਇੱਕ ਵੱਡੇ ਤਬਕੇ ਲਈ ਇਹ ਦੀਵਾਲੀ ਵੀ ਕਾਲੀ ਦੀਵਾਲੀ ਹੀ ਮਹਿਸੂਸ ਹੋ ਰਹੀ ਸੀ। ਘਰ ਵਿੱਚ ਰਾਸ਼ਨ ਨਹੀਂ, ਜੇਬ ਵਿੱਚ ਪੈਸੇ ਨਹੀਂ, ਹੱਥ ਵਿੱਚ ਰੋਜ਼ਗਾਰ ਨਹੀਂ। ਮਠਿਆਈਆਂ, ਫਲਾਂ, ਸੌਗਾਤਾਂ ਅਤੇ ਲਾਈਟਾਂ ਨਾਲ ਸਜੀਆਂ ਦੁਕਾਨਾਂ ਉਹਨਾਂ ਦੀ ਉਦਾਸੀ ਵਿੱਚ ਹੋਰ ਵਾਧਾ ਹੀ ਕਰ ਰਹੀਆਂ ਸਨ। ਉਹਨਾਂ ਲਈ ਦਿਵਾਲੀ ਦਾ ਤਿਓਹਾਰ ਵੀ ਬਾਕੀ ਦਿਨਾਂ ਵਾਂਗ ਉਦਾਸੀ ਅਤੇ ਚਿੰਤਾ ਲੈ ਕੇ ਹੀ ਆਇਆ ਸੀ। ਇਹਨਾਂ ਲੋਕਾਂ ਦਾ ਦਰਦ ਵੰਡਾਉਣ ਲਈ ਸੀਪੀਆਈ ਦੇ ਲੁਧਿਆਣਾ ਦਫਤਰ ਵਿੱਚ ਚੱਲ ਰਹੀ ਸੀ ਪਾਰਟੀ ਦੀ ਮੀਟਿੰਗ। 
ਤਿਓਹਾਰਾਂ ਦੀ ਖੁਸ਼ੀ ਤੋਂ ਮਹਿਰੂਮ ਇਹਨਾਂ ਲੋਕਾਂ ਲਈ ਸਰਗਰਮ ਸੀਪੀਆਈ ਨੇ ਆਪਣੀ ਐਗਜ਼ੈਕੁਟਿਵ ਮੀਟਿੰਗ ਲੁਧਿਆਣਾ ਦੇ ਪਾਰਟੀ ਆਫਿਸ ਵਿੱਚ ਕੀਤੀ। ਇਸ ਮੀਟਿੰਗ ਦਾ ਏਜੰਡਾ ਵੀ ਇਹਨਾ ਆਮ ਲੋਕਾਂ ਲਈ ਵਿਢੇ ਗਏ ਸੰਘਰਸ਼ਾਂ ਨੂੰ ਤੇਜ਼ ਕਰਨਾ ਸੀ। ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਦੇ ਨਾਮ ਨਾਲ ਜਾਣੀ ਜਾਂਦੀ ਇਸ ਇਮਾਰਤ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਦੂਰ ਦੁਰਾਡੇ ਇਲਾਕਿਆਂ ਤੋਂ ਆਏ ਕਾਮਰੇਡ ਸ਼ਾਮਲ ਹੋਏ। ਇਹ ਓਹ ਲੋਕ ਸਨ ਜਿਹੜੇ ਪੰਜਾਬ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵਧ ਰਹੇ ਆਰਥਿਕ ਪਾੜੇ ਤੋਂ ਚਿੰਤਿਤ ਸਨ। ਇਹ ਤਿਓਹਾਰੀ ਰੌਣਕਾਂ ਅਤੇ ਖੁਸ਼ੀਆਂ ਨੂੰ ਛੱਡ ਕੇ ਆਪਣੇ ਪਰਿਵਾਰਾਂ ਤੋਂ ਦੂਰ ਆਮ ਲੋਕਾਂ ਦੀ ਚਿੰਤਾ ਵਿੱਚ ਇਕੱਤਰ ਹੋਏ ਸਨ। ਆਮ ਜਨਤਾ ਨੂੰ ਆਪਣੇ ਪਰਿਵਾਰਾਂ ਵਾਂਗ ਸਮਝਣ ਵਾਲੇ ਕਾਮਰੇਡਾਂ ਨੇ ਲੋਕਾਂ ਦੇ ਹੱਕਾਂ ਉੱਤੇ ਝਪਟ ਰਹੀਆਂ ਇੱਲਾਂ ਨੂੰ ਜਮਹੂਰੀ ਢੰਗ ਤਰੀਕਿਆਂ ਨਾਲ ਫੁੰਡਣ ਵਾਲੇ ਸੰਘਰਸ਼ਾਂ ਨੂੰ ਤੇਜ਼ ਕਰਨ ਬਾਰੇ ਵਿਚਾਰਾਂ ਕੀਤੀਆਂ। 
ਇਸ ਮੀਟਿੰਗ ਵਿੱਚ ਜਿੱਥੇ 24 ਨਵੰਬਰ ਦੀ ਖੇਤ ਮਜ਼ਦੂਰ ਯੂਨੀਅਨ ਦੀ ਬਠਿੰਡਾ ਰੈਲੀ ਅਤੇ 27 ਨਵੰਬਰ ਦੇ ਮੋਹਾਲੀ ਵਿੱਚ ਹੋਣ ਵਾਲੇ ਮਜ਼ਦੂਰਾਂ ਮੁਲਾਜ਼ਮਾਂ ਦੇ ਵਿਸ਼ਾਲ ਰੋਸ ਵਖਾਵੇ ਨੂੰ ਸਫਲ ਬਣਾਉਣ ਬਾਰੇ ਵਿਚਾਰ ਕੀਤੀ ਉੱਥੇ 17 ਦਸੰਬਰ ਨੂੰ ਲੁਧਿਆਣਾ ਵਿੱਚ ਹੋਣ ਵਾਲੀ ਸਾਂਝੀ ਰੈਲੀ ਮੁੱਖ ਤੌਰ 'ਤੇ ਚਰਚਾ ਦਾ ਕੇਂਦਰ ਰਹੀ। ਸੀਪੀਆਈ ਅਤੇ ਸੀਪੀਐਮ ਦੀ ਇਹ ਸਾਂਝੀ ਰੈਲੀ ਅਸਲ ਵਿੱਚ ਖੱਬੀਆਂ ਧਿਰਾਂ ਦੇ ਏਕੇ ਦਾ ਉਹ ਐਲਾਨ ਹੈ ਜਿਸ ਨੇ ਪੰਜਾਬ ਅਤੇ ਕੇਂਦਰ ਦੀਆਂ ਸੱਤਾਧਾਰੀ ਧਿਰਾਂ ਨੂੰ ਭਾਜੜਾਂ ਪਾਈਆਂ ਹੋਈਆਂ ਹਨ।  
ਇਸ ਮੌਕੇ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ "ਪੰਜਾਬ ਸਕਰੀਨ" ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾ ਤਾਂ ਪੰਜਾਬ ਸਰਕਾਰ ਨੇ ਆਪਣੇ ਮੈਨੀਫੈਸਟੋ ਮੁਤਾਬਿਕ ਲੋਕਾਂ ਦੀ ਕੋਈ ਮੰਗ ਪੂਰੀ ਕੀਤੀ ਹੈ ਅਤੇ ਨਾ ਹੀ ਕੇਂਦਰ ਸਰਕਾਰ ਨੇ ਆਮ ਲੋਕਾਂ ਉੱਤੇ ਵਧ ਰਹੇ ਮਹਿੰਗਾਈ ਦੇ ਬੋਝ ਨੂੰ ਠੱਲ੍ਹ ਪਾਉਣ ਲਈ ਕੋਈ ਕਦਮ ਚੁੱਕਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦਿਨ ਬ ਦਿਨ ਉਜੜਦਾ ਜਾ ਰਿਹਾ ਹੈ। ਨੌਜਵਾਨ ਦੇਸ਼ ਛੱਡ ਕੇ ਵਿਦੇਸ਼ਾਂ ਵਲ ਜਾ ਰਹੇ ਹਨ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਕਿਰਤੀ ਵਰਗ ਭੁੱਖਾ ਮਰ ਰਿਹਾ ਹੈ।  ਅਧਿਆਪਕ ਅਤੇ ਮੁਲਾਜ਼ਮ ਮਰਨ ਵਰਤਾਂ 'ਤੇ ਬੈਠੇ ਹਨ। ਮਜ਼ਦੂਰਾਂ ਨੂੰ ਨਾ ਕੰਮ ਮਿਲ ਰਿਹਾ ਹੈ ਅਤੇ ਨਾ ਹੀ ਬਣਦੀ ਮਜ਼ਦੂਰੀ। ਬੇਰੋਜ਼ਗਾਰੀ ਅਤੇ ਆਰਥਿਕ ਪਾੜਾ ਲਗਾਤਾਰ ਵਧ ਰਿਹਾ ਹੈ। ਦੀਵਾਲੀ ਦੀਆਂ ਖੁਸ਼ੀਆਂ ਸਿਰਫ ਅਮੀਰਾਂ ਅਤੇ ਵੱਡੇ ਪੂੰਜੀਪਤੀਆਂ ਲਈ ਹੀ ਰਾਖਵੀਆਂ ਹੋ ਕੇ ਰਹਿ ਗਈਆਂ ਹਨ। ਇਹਨਾਂ ਹਾਲਤਾਂ ਵਿੱਚ ਲੋਕਾਂ ਕੋਲ ਤਿੱਖੇ ਸੰਘਰਸ਼ਾਂ ਤੋਂ ਇਲਾਵਾ ਕੋਈ ਚਾਰਾ ਨਹੀਂ ਰਿਹਾ।

ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਸੀਪੀਆਈ ਅਤੇ ਸੀਪੀਐਮ ਦੀ 17 ਦਸੰਬਰ ਵਾਲੀ ਰੈਲੀ ਇੱਕ ਇਤਿਹਾਸਿਕ ਮੋੜ ਸਾਬਿਤ ਹੋਵੇਗੀ ਜਿਸ ਨਾਲ ਸਿਆਸੀ ਸਮੀਕਰਨਾਂ ਦਾ ਇੱਕ ਨਵਾਂ ਲੋਕ ਪੱਖੀ ਰੂਪ ਸਾਹਮਣੇ ਆਵੇਗਾ। 

No comments: