Thursday, November 01, 2018

ਸੀਪੀਆਈ -ਸੀਪੀਆਈ(ਐਮ) ਵੱਲੋਂ ਏਕਤਾ ਜਤਨ ਹੋਏ ਹੋਰ ਤੇਜ਼

17 ਦਸੰਬਰ ਨੂੰ ਲੁਧਿਆਣਾ ਵਿੱਚ ਵਿਸ਼ਾਲ ਸਾਂਝੀ ਰੈਲੀ ਦਾ ਐਲਾਨ 
ਲੁਧਿਆਣਾ: 01 ਨਵੰਬਰ 2018: (ਐਮ ਐਸ ਭਾਟੀਆ//ਪੰਜਾਬ ਸਕਰੀਨ)::
ਜਿਹੜੇ ਲੋਕ ਕਾਂਗਰਸ,ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਾਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋ ਗਏ ਸਨ। ਜਿਹਨਾਂ ਨੂੰ ਲੱਗਦਾ ਸੀ ਕਿ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਹੁਣ ਮੋਦੀ ਦਾ ਕੋਈ ਬਦਲ ਤਿਆਰ ਨਹੀਂ ਹੋ ਸਕਿਆ; ਉਹਨਾਂ ਲਈ ਖੁਸ਼ਖਬਰੀ ਹੈ। ਦੋ ਪਰਮੁੱਖ ਖੱਬੀਆਂ ਪਾਰਟੀਆਂ ਸੀਪੀਆਈ ਅਤੇ ਸੀਪੀਐਮ ਹੁਣ ਏਕਤਾ ਦੇ ਮਾਮਲੇ ਵਿੱਚ ਹੋਰ ਨੇੜੇ ਆ ਗਈਆਂ ਹਨ। ਅੱਜ ਲੁਧਿਆਣਾ ਵਿੱਚ ਦੋਹਾਂ ਪਾਰਟੀਆਂ ਦੀ ਸਾਂਝੀ ਪਰੈਸ ਕਾਨਫਰੰਸ ਇਹੀ ਇਸ਼ਾਰਾ ਦੇ ਰਹੀ ਸੀ। ਲੁਧਿਆਣਾ ਵਿੱਚ 17 ਦਸੰਬਰ 2018 ਨੂੰ ਹੋਣ ਵਾਲੀ ਵਿਸ਼ਾਲ ਰੈਲੀ ਇਸ ਖੱਬੇ ਬਦਲ ਦੇ ਤਿਆਰ ਹੋਣ ਦਾ ਸਪਸ਼ਟ ਐਲਾਨ ਹੋਵੇਗੀ। ਇਸਦੇ ਨਾਲ ਹੀ ਸਾਂਝੇ ਜੱਥਾ ਮਾਰਚ ਖੱਬੀਆਂ ਧਿਰਾਂ ਦੇ ਇਸ ਮਜ਼ਬੂਤ ਏਕੇ ਦਾ ਸੁਨੇਹਾ ਘਰ ਘਰ ਲੈ ਕੇ ਜਾਣਗੇ। ਅੱਜ ਦੀ ਇਹ ਸਾਂਝੀ ਪ੍ਰੈਸ ਕਾਨਫਰੰਸ ਅਸਲ ਵਿੱਚ ਮੋਦੀ ਸਰਕਾਰ ਦੇ ਖਿਲਾਫ ਜਮਹੂਰੀ ਜੰਗ ਦਾ ਬਿਗਲ ਸੀ। 
ਦੇਸ ਵਿਚ ਫਿਰਕੂ ਫਾਸ਼ੀ ਖਤਰੇ ਵਿਰੁੱਧ ਅਤੇ ਪੰਜਾਬ ਵਿਚ ਲੋਕਾਂ ਦੇ ਭਖਦੇ ਮਸਲਿਆਂ ਨੂੰ ਉਭਾਰਨ ਅਤੇ ਕੇਂਦਰੀ ਤੇ ਸੂਬਾਈ ਸਰਕਾਰਾਂ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਾਉਣ ਲਈ ਅਤੇ ਦੇਸ ਵਿਚ ਜਮਹੂਰੀਅਤ, ਪ੍ਰਗਟਾਵੇ ਦੀ ਆਜ਼ਾਦੀ ਲਈ, ਫਿਰਕੂ ਸਦਭਾਵਨਾ ਤੇ ਸਾਂਝ ਬਰਕਰਾਰ ਰੱਖਣ ਲਈ ਅਤੇ ਰਾਫੇਲ ਸੌਦੇ ਦੀ ਸੰਸਦੀ ਜਾਂਚ ਲਈ, ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਸੀਪੀਆਈ ਅਤੇ ਸੀਪੀਆਈ(ਐਮ) ਵਲੋਂ 17 ਦਸੰਬਰ ਨੂੰ ਲੁਧਿਆਣਾ ਅਨਾਜ ਮੰਡੀ ਵਿਚ ਇਕ ਵਿਸ਼ਾਲ ਜਨਤਕ ਰੈਲੀ ਕੀਤੀ ਜਾ ਰਹੀ ਹੈ ਜਿਸ ਨੂੰ ਸੀਪੀਆਈ (ਐਮ) ਦੇ ਜਨਰਲ ਸਕੱਤਰ ਸਾਥੀ ਸੀਤਾ ਰਾਮ ਯੇਚਰੀ, ਸੀਪੀਆਈ ਦੇ ਜਨਰਲ ਸਕੱਤਰ ਸਾਥੀ ਐਸ. ਸੁਧਾਕਰ ਰੈਡੀ ਅਤੇ ਹੋਰ ਕੌਮੀ ਅਤੇ ਸੂਬਾਈ ਆਗੂ ਸੰਬੋਧਨ ਕਰਨਗੇ।
ਇਹ ਐਲਾਨ ਅੱਜ ਇਥੇ ਸੀਪੀਆਈ ਦੇ ਸੂਬਾ ਸਕੱਤਰ ਸਾਥੀ ਬੰਤ ਸਿੰਘ ਬਰਾੜ ਅਤੇ ਸੀਪੀਆਈ (ਐਮ) ਦੇ ਸੂਬਾ ਸਕੱਤਰ ਸਾਥੀ ਸੁਖਵਿੰਦਰ ਸਿੰਘ ਸੇਖੋਂ ਨੇ ਸਾਂਝੀ ਪਰੈਸ ਕਾਨਫਰੰਸ ਵਿਚ ਕੀਤਾ। ਉਹਨਾਂ ਦੇ ਨਾਲ ਸੀਪੀਆਈ(ਐਮ) ਦੇ ਸੂਬਾ ਆਗੂ ਸਾਥੀ ਲਹਿੰਬਰ ਸਿੰਘ ਤੱਗੜ ਅਤੇ ਦੋਹਾਂ ਪਾਰਟੀਆਂ ਦੇ ਜ਼ਿਲਾ ਸਕੱਤਰ ਸਾਥੀ ਡੀਮੌੜ  ਅਤੇ ਸਾਥੀ ਰੂਪ ਬਸੰਤ ਸਿੰਘ ਵੜੈਚ ਵੀ ਸ਼ਾਮਲ ਸਨ। 
ਕਮਿਊਨਿਸਟ ਆਗੂਆਂ ਨੇ ਕਿਹਾ ਕਿ ਮੋਦੀ ਰਾਜ ਦੇ ਸਾਢੇ ਚਾਰ ਸਾਲ ਪੂਰੇ ਤਬਾਹਕੁਨ ਸਾਲ ਰਹੇ ਹਨ - ਆਰਥਿਕਤਾ ਦੇ ਪਖੋਂ, ਮੰਤਰੀਆਂ ਦੇ ਭਿ੍ਰਸ਼ਟਾਚਾਰ ਅਤੇ ਰਾਫੇਲ ਸੌਦੇ ਦੇ ਪਖੋਂ, ਅਮਨ ਕਾਨੂੰਨ ਦੇ ਪਖੋਂ, ਮਹਿੰਗਾਈ ਦੇ ਪਖੋਂ, ਜਮਹੂਰੀਅਤ ਅਤੇ ਮੂਲ ਅਧਿਕਾਰਾਂ ਉਤੇ ਹਮਲਿਆਂ ਦੇ ਪਖੋਂ, ਵੱਡੇ ਪੂੰਜੀਪਤੀ ਘਰਾਣਿਆਂ ਨੂੰ ਰਿਆਇਤਾਂ ਅਤੇ ਲੋਕਾਂ ਉਤੇ ਹਰ ਪਾਸਿਓਂ ਬੋਝ ਦੇ ਪਖੋਂ, ਨੋਟਬੰਦੀ ਅਤੇ ਜੀਐਸਟੀ ਦੇ ਪਖੋਂ, ਘਟਗਿਣਤੀਆਂ, ਆਦਿਵਾਸੀਆਂ, ਦਲਿਤਾਂ, ਔਰਤਾਂ ਉਤੇ ਹਮਲਿਆਂ ਦੇ ਪਖੋਂ। ਗੱਲ ਕੀ, ਰਸਸ ਦਾ ਫਿਰਕੂ ਕਤਾਰਬੰਦੀ ਦਾ ਏਜੰਡਾ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ।  
ਇਸੇ ਤਰ੍ਹਾਂ ਸੂਬੇ ਵਿਚ ਵੀ ਕੈਪਟਨ ਸਰਕਾਰ ਹਰ ਮੋਰਚੇ ਤੇ ਫੇਲ੍ਹ ਹੋ ਰਹੀ ਹੈ। ਕਰਜ਼ ਮਾਫੀ ਨਹੀਂ ਹੋਈ, ਨਸ਼ਾਖੋਰੀ ਬੰਦ ਨਹੀਂ ਹੋਈ, ਜ਼ਮੀਨ ਮਾਫੀਆ ਵੀ ਬੇਲਗਾਮ ਹੈ। ਹੱਕਾਂ ਲਈ ਲੜਦੇ ਤਬਕਿਆਂ ਉਤੇ ਜਬਰ ਹੁੰਦਾ ਹੈ। ਸਾਂਝਾ ਅਧਿਆਪਕ ਮੋਰਚਾ ਕਈ ਹਫਤਿਆਂ ਤੋਂ ਭੁੱਖ ਹੜਤਾਲ ਤੇ ਚਲ ਰਿਹਾ ਹੈ। ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇਣ ਕਾਰਨ ਪੰਜਾਬ ਦਾ ਵਾਤਾਵਰਣ ਤੇ ਅਮਨ ਖਤਰੇ ਵਿਚ ਹੈ।  ਮੁਖ ਤਾਕਤਾਂ ਲੋਕਾਂ ਦੇ ਮੁਦਿਆਂ ਤੋਂ ਲਾਂਭੇ ਜਾ ਕੇ ਧਾਰਮਿਕ ਮੂਲਵਾਦ ਨੂੰ ਉਭਾਰ ਰਹੀਆਂ ਹਨ। ਅਸੀਂ ਬਰਗਾੜੀ ਦੇ ਦੋਸ਼ੀਆਂ ਨੂੰ ਰਣਜੀਤ ਸਿੰਘ ਕਮਿਸ਼ਨ ਮੁਤਾਬਕ ਜਲਦ ਸਜ਼ਾ ਦੇਣ ਦੇ ਹੱਕ ਵਿਚ ਹਾਂ। ਪਰ ਨਾਲ ਹੀ ਲੋਕਾਂ ਦੇ ਮਸਲਿਆਂ ਨੂੰ  ਕੇਂਦਰ ਵਿਚ ਲਿਆਉਣਾ ਚਾਹੁੰਦੇ ਹਾਂ।   
ਇਸ ਲਈ ਅਸੀਂ 30 ਜੁਲਾਈ ਨੂੰ ਜਲੰਧਰ ਕਨਵੈਨਸ਼ਨ ਵਿਚ ਫੈਸਲਾ ਕੀਤਾ ਸੀ ਜਿਸ ਅਨੁਸਾਰ 17 ਦਸੰਬਰ ਨੂੰ ਲੁਧਿਆਣਾ ਸਾਂਝੀ ਰੈਲੀ ਕੀਤੀ ਜਾਵੇਗੀ। ਇਸ ਤੋਂ ਪਹਲਿਾਂ 15 ਤੋਂ 21 ਨਵੰਬਰ ਤਕ ਪੰਜਾਬ ਵਿਚ ਸਾਂਝੇ ਜਥਾ ਮਾਰਚ ਕੀਤੇ ਜਾਣਗੇ ਇਕ ਜਥਾ ਹੁਸੈਨੀਵਾਲਾ ਤੋਂ ਚਲ ਕੇ ਫਿਰੋਜ਼ਪੁਰ, ਫਰੀਦਕੋਟ, ਮੋਗਾ, ਮੁਕਤਸਰ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਮੁਹਾਲੀ, ਰੋਪੜ ਹੁੰਦਾ ਹੋਇਆ 21 ਨੂੰ ਲੁਧਿਆਣੇ ਸਮਾਪਤ ਹੋਵੇਗਾ। ਦੂਜਾ 15 ਨੂੰ ਜਲ੍ਹਿਆਂਵਾਲਾ ਬਾਗ ਤੋਂ ਚਲ ਕੇ ਅੰਮਿ੍ਰਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ ਰਾਹੀਂ ਹੁੰਦਾ ਹੋਇਆ 21 ਨੂੰ ਜਲੰਧਰ ਵਿਚ ਨੇਪਰੇ ਚੜ੍ਹੇਗਾ। ਇਸਦੀ ਤਿਆਰੀ ਲਈ ਸਾਂਝੀਆਂ ਜ਼ਿਲਾ ਜਨਰਲ ਬਾਡੀ ਮੀਟਿੰਗਾਂ ਕੀਤੀਆਂ ਜਾਣਗੀਆਂ।
ਇਸ ਦੌਰਾਨ ਇਹਨਾਂ ਮੰਗਾਂ ਲਈ ਆਵਾਜ਼ ਚੁਕੀ ਜਾਵੇਗੀ:
*ਫਾਸ਼ੀ ਹਮਲਿਆਂ ਵਿਰੁਧ ਜਮਹੂਰੀਅਤ ਦੀ ਰਾਖੀ ਯਕੀਨੀ ਬਣਾਈ ਜਾਵੇ। 
*ਨਸ਼ਿਆਂ ਦੀ ਅਲਾਮਤ ਦਾ ਖਾਤਮਾ ਕੀਤਾ ਜਾਵੇ। 
*ਰੁਜ਼ਗਾਰ ਦਾ ਪਰਬੰਧ ਸਾਰਿਆਂ ਲਈ ਕੀਤਾ ਜਾਵੇ।  
*ਮਜ਼ਦੂਰਾਂ ਦੀ ਉਜਰਤ ਵਿੱਚ ਤੁਰੰਤ ਵਾਧਾ ਕੀਤਾ ਜਾਵੇ।  
*ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣ। 
*ਸਾਰੇ ਕਰਜ਼ੇ ਮਾਫ ਕੀਤੇ ਜਾਣ।  
*ਖੇਤ ਮਜ਼ਦੂਰਾਂ ਲਈ ਪਲਾਟ ਤੇ ਪੈਨਸ਼ਨ ਹਰ ਹਾਲਤ ਵਿੱਚ ਹੋਵੇ। 
*ਲੋਕਾਂ ਦਾ ਖੂਨ ਪੇ ਰਹੀ ਮਹਿੰਗਾਈ ਨੂੰ ਨੱਥ ਪਾਈ ਜਾਵੇ। 
*ਸਿਖਿਆ ਤੇ ਸਿਹਤ ਸਹੂਲਤਾਂ ਹਰ ਇੱਕ ਲਈ ਯਕੀਨੀ ਬਣਾਈਆਂ ਜਾਣ।  
*ਔਰਤਾਂ ਅਤੇ ਬਾਲੜੀਆਂ ਉਤੇ ਹੁੰਦੇ ਜਿਣਸੀ ਹਮਲਿਆਂ ਵਿਰੁਧ ਸਖਤ ਵਿਵਸਥਾ ਕੀਤੀ ਜਾਵੇ। 
* ਪੰਜਾਬੀ ਭਾਸ਼ਾ ਨੂੰ ਹੱਕੀ ਸਥਾਨ ਦਿੱਤਾ ਜਾਵੇ। 
* ਪੰਜਾਬ ਨੂੰ ਆਰਥਿਕ ਸੰਕਟ ਚੋਂ ਕੱਢਣ ਲਈ ਇਕ ਲੱਖ ਕਰੋੜ ਰੁਪੈ ਦਾ ਵਿਸ਼ੇਸ਼ ਪੈਕੇਜ ਦਿੱਤਾ ਜਾਵੇ। 
*ਪੰਜਾਬ ਦੇ ਪਾਣੀ ਦੀ ਰਾਖੀ ਅਤੇ ਸੰਭਾਲ ਪਹਿਲ ਦੇ ਅਧਾਰ 'ਤੇ ਹੋਵੇ। 
*ਭਿ੍ਰਸ਼ਟਾਚਾਰ ਦਾ ਖਾਤਮਾ ਹਰ ਹੀਲੇ ਹਰ ਖੇਤਰ ਵਿੱਚ ਕੀਤਾ ਜਾਵੇ
* ਪਰਾਪਰਟੀ ਟੈਕਸ ਤੇ ਟੋਲ ਟੈਕਸ  ਦਾ ਖਤਮਾ ਕੀਤਾ ਜਾਵੇ। 
* ਫਿਰਕੂ ਸਾਂਝ ਤੇ ਅਮਨ ਸਦਭਾਵਨਾ ਦੀ ਰਾਖੀ ਪਹਿਲ ਦੇ ਅਧਾਰ 'ਤੇ ਹੋਵੇ। 
* ਧਾਰਮਿਕ ਗਰੰਥਾਂ ਦੀ ਬੇਅਦਬੀ ਰੋਕੀ ਜਾਵੇ।
ਇਸ ਮੌਕੇ ਕਾਮਰੇਡ ਐਮ ਐਸ ਭਾਟੀਆ, ਕਾਮਰੇਡ ਗੁਰਨਾਮ ਸਿੰਘ ਸਿੱਧੂ, ਕਾਮਰੇਡ ਸੁਖਵਿੰਦਰ ਸਿੰਘ ਲੋਟੇ, ਕਾਮਰੇਡ ਚਮਕੌਰ ਸਿੰਘ, ਕਾਮਰੇਡ ਰਮੇਸ਼ ਕੌਸ਼ਲ, ਕਾਮਰੇਡ ਗੁਰਮੇਲ ਮੈਲਡੇ ਅਤੇ ਕਾਮਰੇਡ ਬਲਦੇਵ ਸਿੰਘ ਲਤਾਲਾ ਵੀ ਮੌਜੂਦ ਰਹੇ।    

No comments: