Monday, November 05, 2018

ਤਰਕਸ਼ੀਲ ਸੁਸਾਇਟੀ ਵੱਲੋਂ ਮਾਨਸਿਕ ਰੋਗਾਂ ਬਾਰੇ ਸੈਮੀਨਾਰ 8 ਨਵੰਬਰ ਨੂੰ

Nov 5, 2018, 8:18 AM
ਉੱਘੇ ਮਾਹਰ ਬਲਵਿੰਦਰ ਸਿੰਘ ਬਰਨਾਲਾ ਹੋਣਗੇ ਮੁੱਖ ਮਹਿਮਾਨ 
ਲੁਧਿਆਣਾ: 5 ਨਵੰਬਰ 2018: (ਪੰਜਾਬ ਸਕਰੀਨ ਬਿਊਰੋ)::
ਤਰਕਸ਼ੀਲ ਸੁਸਾਇਟੀ ਪੰਜਾਬ ( ਇਕਾਈ ਲੁਧਿਆਣਾ ) ਵੱਲੋਂ  ਸ਼ੁਰੂ ਕੀਤੀ ਸੈਮੀਨਾਰਾਂ ਦੀ ਲੜੀ ਤਹਿਤ “ਮਾਨਸਿਕ ਰੋਗਾਂ ਦੇ ਕਾਰਣ ਅਤੇ ਇਲਾਜ “ ਵਿਸ਼ੇ ਤੇ ਸੈਮੀਨਾਰ, 8 ਨਵੰਬਰ ਨੂੰ ਸਵੇਰੇ 11 ਵਜੇ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਕਰਵਾਇਆ ਜਾ ਰਿਹਾ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕੌਮੀ ਤੇ ਕੌਮਾਂਤਰੀ ਵਿਭਾਗ ਦੇ ਮੁੱਖੀ ਅਤੇ ਮਾਨਸਿਕ ਰੋਗਾਂ ਦੇ ਉੱਘੇ ਮਾਹਰ ਬਲਵਿੰਦਰ ਸਿੰਘ ਬਰਨਾਲਾ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਹੋਣਗੇ। ਸੁਸਾਇਟੀ ਦੇ  ਜੱਥੇਬੰਦਕ  ਮੁੱਖੀ ਜਸਵੰਤ ਜੀਰਖ ਤੇ ਮੀਡੀਆ ਮੁੱਖੀ ਸੁਖਵਿੰਦਰ ਲੀਲ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਆਮ ਤੌਰ ਤੇ ਕਈ ਲੋਕ ਆਪਣੀਆਂ ਘਰੇਲੂ ਅਤੇ ਸਮਾਜਿਕ ਸਮੱਸਿਆਵਾਂ ਵਿੱਚ ਉਲਝਣ ਕਾਰਣ ਮਾਨਸਿਕ ਰੋਗੀ ਬਣ ਜਾਂਦੇ ਹਨ । ਬੇਸਮਝ ਹੋਣ ਕਰਕੇ , ਉਹ ਇਹਨਾਂ ਸਮੱਸਿਆਵਾਂ ਦੇ ਸਮਾਧਾਨ ਲਈ ਜੋਤਸ਼ੀਆਂ, ਤਾਂਤਰਿਕਾਂ ਤੇ ਬਾਬਿਆਂ ਆਦਿ ਦੀ ਚੁੰਗਲ ਵਿੱਚ ਫਸਕੇ ਆਪਣੀ ਖ਼ੂਨ ਪਸੀਨੇ ਦੀ ਕਮਾਈ ਦਾ ਲੱਖਾਂ ਰੁਪਇਆ ਇਹਨਾਂ ਕੋਲ ਲੁਟਾ ਬੈਠਦੇ ਹਨ। ਇਸ ਤਰਾਂ ਦੀ ਲੁੱਟ ਕਰਵਾਉਣ ਉਪਰੰਤ ਉਹਨਾਂ ‘ਚੋਂ ਕਈ ਲੋਕ ਤਰਕਸ਼ੀਲ ਸੁਸਾਇਟੀ ਦੇ ਸੰਪਰਕ ਵਿੱਚ ਆਕੇ ਆਪਣੀ ਹੋਈ ਲੁੱਟ ਦੀ ਗੁਹਾਰ ਲਗਾਉਂਦੇ ਹਨ। ਤਰਕਸ਼ੀਲ ਸੁਸਾਇਟੀ ਵੱਲੋਂ ਹੁਣ ਤੱਕ ਲੁਧਿਆਣਾ ਵਿਖੇ ਥਾਂ ਥਾਂ ਦੁਕਾਨਾਂ ਖੋਲ੍ਹੀ ਬੈਠੇ ਤਾਂਤਰਿਕਾਂ ਆਦਿ ਪਾਸੋਂ ਅਜਿਹੇ ਲੋਕਾਂ ਦਾ 10 ਲੱਖ ਤੋਂ ਵੀ ਵੱਧ ਰੁਪਿਆ ਵਾਪਸ ਕਰਵਾਇਆ ਜਾ ਚੁੱਕਾ ਹੈ। 
        ਇਸ ਸੈਮੀਨਾਰ ਦੌਰਾਨ ਲੋਕਾਂ ਦੇ ਮਾਨਸਿਕ ਰੋਗਾਂ ਦੇ ਕਾਰਣਾਂ ਅਤੇ ਉਹਨਾਂ ਦੇ ਸਹੀ ਇਲਾਜ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਜਿਹੜੇ ਵੀ ਲੋਕ ਇਸ ਬਾਰੇ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਹਨ ਉਹ ਇਸ ਸੈਮੀਨਾਰ ਵਿੱਚ ਪਹੁੰਚਕੇ ਸਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।ਤਰਕਸ਼ੀਲ ਆਗੂਆਂ ਨੇ ਕਿਹਾ ਕਿ ਹਰ ਤਰ੍ਹਾਂ ਦੇ ਜੋਤਸ਼ੀਆਂ , ਤਾਂਤਰਿਕਾਂ ਅਤੇ ਬਾਬਿਆਂ ਆਦਿ ਤੋਂ ਮੁਕਤੀ ਗਿਆਨਵਾਨ ਹੋਣ ਨਾਲ ਹੀ ਹੋ ਸਕਦੀ ਹੈ।ਇਸ ਲਈ ਚਾਹਵਾਨ ਲੋਕਾਂ ਨੂੰ  ਇਸ ਸੈਮੀਨਾਰ ਵਿੱਚ ਭਾਗ ਲੈਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਇਸ ਲਹਿਰ ਨਾਲ ਜੁੜਨ ਲਈ ਸੰਪਰਕ ਕੀਤਾ ਜਾ ਸਕਦਾ ਹੈ ਜਸਵੰਤ ਜੀਰਖ ਹੁਰਾਂ ਨਾਲ  ਉਹਨਾਂ ਦੇ ਮੋਬਾਈਲ ਨੰਬਰ  98151- 69825 'ਤੇ। 

No comments: