Thursday, November 01, 2018

ਸਤਿਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਦਾ "ਸ਼ੁਭ ਆਰੰਭ" ਮੰਦਰਾਂ 'ਚ ਵੀ

Oct 31, 2018, 5:20 PM
ਕੋਈ ਹਿੰਦੂ ਵੀ ਨਿਗੁਰਾ ਨਹੀਂ ਰਹਿਣਾ ਚਾਹੀਦਾ: ਸਕੱਤਰ ਘੀਟਨ ਸਿੰਘ 
ਦਸੂਹਾ: 31 ਅਕਤੂਬਰ 2018: (ਰਾਜਪਾਲ ਕੌਰ//ਪੰਜਾਬ ਸਕਰੀਨ):: 
ਆਖਿਰਕਾਰ ਮੰਦਰਾਂ ਵਿੱਚ ਵੀ ਗੁਰਪੁਰਬ ਮਨਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। "ਹਿੰਦੂ-ਸਿੱਖ ਏਕਤ" ਦੇ ਇਸ "ਤਜਰਬੇ" ਅਧੀਨ ਇਸ ਮਕਸਦ ਦੀਆਂ ਕੋਸ਼ਿਸ਼ਾਂ ਲੰਮੇ ਸਮੇਂ ਤੋਂ ਚਲੀਆਂ ਆ ਰਹੀਆਂ ਸਨ ਪਰ ਵਿਵਾਦਾਂ ਕਾਰਨ ਅਕਸਰ ਕੋਈ ਨ ਕੋਈ "ਰੁਕਾਵਟ" ਪੈ ਜਾਂਦੀ ਸੀ। ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਆਪਣੇ ਆਪ ਨੂੰ ਖਤਰਿਆਂ ਵਿੱਚ ਪਾ ਕੇ ਇਸ ਪਾਸੇ ਆਪਣੀ ਮੁਹਿੰਮ ਤੇਜ਼ ਕੀਤੀ। ਕਈ ਹਿੰਦੂ ਸੰਗਠਨਾਂ ਨੇ ਵੀ ਇਹਨਾਂ ਕੋਸ਼ਿਸ਼ਾਂ ਨੂੰ ਗਰਮਜੋਸ਼ੀ ਵਾਲਾ ਹੁੰਗਾਰਾ ਭਰਿਆ। ਹੋਲੀ ਹੋਲੀ ਰਾਮਨੌਮੀ, ਜਨਮ ਅਸ਼ਟਮੀ ਅਤੇ ਗੁਰਪੁਰਬ ਸਾਂਝੇ ਤੌਰ 'ਤੇ ਮਨਾਉਣ ਦਾ ਇਹ ਸਿਲਸਿਲਾ ਤੇਜ਼ ਹੁੰਦਾ ਚਲਾ ਗਿਆ। ਇਸ ਵਾਰ ਇਸਦੀ ਸਰਗਰਮ ਸ਼ੁਰੁਆਤ ਹੋਈ ਹੈ-ਦਸੂਹਾ ਦੇ ਇੱਕ ਮੰਦਰ ਵਿੱਚੋਂ। 
ਜਿਵੇਂ ਕਿ ਸਰਬ-ਸਾਂਝੀਵਾਲਤਾ ਅਤੇ ਏਕਤਾ ਦੇ ਬਾਨੀ ,ਕਲਿਜੁਗ ਦੇ ਅਵਤਾਰ ਸਤਿਗੁਰੂ ਨਾਨਕ ਦੇਵ ਜੀ ਦਾ 550ਵਾਂ ਅਵਤਾਰ ਦਿਹਾੜਾ ਸਾਰੇ ਸੰਸਾਰ ਵਿੱਚ ਬੜੇ ਧੂਮ-ਧਾਮ ਨਾਲ ਮਨਾਇਆ ਜਾਣਾ ਹੈ ਅਤੇ ਸਭ ਪਾਸੇ ਖੁਸ਼ੀਆਂ-ਖੇੜਿਆਂ ਦਾ ਮਾਹੌਲ ਹੈ।  ਨਾਮਧਾਰੀ ਸੰਗਤ ਨੇ ਸਤਿਗੁਰੂ ਦਲੀਪ ਸਿੰਘ ਜੀ ਦੀ ਪ੍ਰੇਰਣਾ ਨਾਲ ਇਸ ਸ਼ੁਭ ਮੌਕੇ ਦੀ ਅਰੰਭਤਾ ਬੁੱਧੋ-ਬਰਕਤ (ਦਸੂਹਾ) ਦੇ ਇਕ ਪ੍ਰਸਿੱਧ ਮੰਦਿਰ (ਸ੍ਰੀ ਰਾਧਾ-ਕ੍ਰਿਸ਼ਨ ਮੰਦਿਰ) ਵਿਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼-ਪੁਰਬ ਮਨਾ ਕੇ ਕੀਤੀ।  ਇਸ ਸਮਾਗਮ ਦਾ ਆਗਾਜ਼ ਮੰਦਿਰ ਦੇ ਸੱਕਤਰ ਘੀਟਨ ਸਿੰਘ ਜੀ ਨੇ ਕੀਤਾ ਅਤੇ ਸਭ ਨੂੰ ਇਸ ਸ਼ੁਭ ਮੌਕੇ ਦੀ ਵਧਾਈ ਦਿੰਦਿਆਂ ਸਤਿਗੁਰੂ ਦਲੀਪ ਸਿੰਘ ਜੀ ਦੇ ਇਸ ਆਪਸੀ ਮੇਲ-ਜੋਲ ਵਧਾਉਣ ਦੇ ਉਪਰਾਲੇ ਦੀ ਸਲਾਘਾ ਕਰ ਦੱਸਿਆ ਕਿ ਇਹ ਸਾਡੇ ਲਈ ਬੜੀ ਮਾਣ ਅਤੇ ਖੁਸ਼ੀ ਦੀ ਗੱਲ ਹੈ। ਉਹਨਾਂ ਨੇ ਨਾਮਧਾਰੀ ਪੰਥ ਦੀ ਵਿਲੱਖਣਤਾ ਬਾਰੇ ਵੀ ਸਾਰਿਆਂ ਨੂੰ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਵੇਂ ਨਾਮਧਾਰੀ ਪੰਥ ਦੇ ਪ੍ਰਭਾਵ ਨਾਲ ਉਹਨਾਂ ਦੇ ਜੀਵਨ ਵਿੱਚ ਪਰਿਵਰਤਨ ਆਇਆ। ਆਪ ਜੀ ਨੇ ਇਹ ਵੀ ਕਿਹਾ ਕਿ ਸਾਨੂੰ ਗੁਰੂ ਦੇ ਲੜ ਲੱਗ ਕੇ ਨਾਮ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ। ਸਾਡੇ ਹਿੰਦੂ ਪਰਿਵਾਰਾਂ ਵਿਚ ਵੀ ਕੋਈ ਨਿਗੁਰਾ ਨਹੀਂ ਰਹਿਣਾ ਚਾਹੀਦਾ। ਉਪਰੰਤ ਮੰਦਿਰ ਦੇ ਪ੍ਰਧਾਨ ਅਜੈ ਕੁਮਾਰ ਖੁੱਲਰ ਜੀ ਨੇ ਭਗਤੀ ਰੱਸ ਵਿੱਚ ਭਿੱਜ ਕੇ ਸਤਿਗੁਰੂ ਨਾਨਕ ਦੇਵ ਜੀ ਦਾ ਜਸ ਗਾਇਨ ਕੀਤਾ ਅਤੇ ਨਾਮਧਾਰੀ ਪੰਥ ਦੇ ਵਿਦਵਾਨ ਜਥੇਦਾਰ ਗੁਰਦੀਪ ਸਿੰਘ ਜੀ ਨੇ ਵੀ ਮਨੋਹਰ ਕੀਰਤਨ ਕੀਤਾ ਅਤੇ ਸਭ ਨੂੰ ਸਿੱਖ-ਇਤਿਹਾਸ ਬਾਰੇ ਜਾਣਕਾਰੀ ਦਿੱਤੀ ਕਿ ਕਿਵੇਂ ਸਤਿਗੁਰੂ ਨਾਨਕ ਦੇਵ ਜੀ ਨੇ ਸਾਰੇ ਸੰਸਾਰ ਦੀ ਯਾਤਰਾ ਕਰ ਸਭ ਨੂੰ ਸਿੱਧੇ ਰਸਤੇ ਪਾਇਆ ਅਤੇ ਪਾਪਾਂ ਦਾ ਖਾਤਮਾ ਕਰਨ ਲਈ ਸਾਰੀ ਲੁਕਾਈ ਨੂੰ ਪ੍ਰੇਮ-ਪਿਆਰ ਨਾਲ ਆਪਣੇ ਚਰਨਾਂ ਨਾਲ ਜੋੜ ਕੇ, ਸਿੱਖ ਪੰਥ ਦੀ ਨੀਂਹ ਰੱਖੀ। ਅਖੀਰ ਵਿੱਚ ਸਾਰੀ ਸੰਗਤ ਨੇ ਰੱਲ ਕੇ ਧੰਨ ਗੁਰੂ ਨਾਨਕ ਕਹਿੰਦੇ ਹੋਏ ਸ਼ਬਦ ਗਾਇਨ ਕੀਤਾ। ਇਸ ਪ੍ਰਕਾਰ  ਬਹੁਤ ਅਨੰਦਮਈ ਵਾਤਾਵਰਨ ਰਿਹਾ। ਵਿਸ਼ਵ ਨੌਜਵਾਨ ਨਾਮਧਾਰੀ ਵਿੱਦਿਅਕ ਜਥੇ ਦੇ ਪ੍ਰਧਾਨ ਪਲਵਿੰਦਰ ਸਿੰਘ ਜੀ ਨੇ ਦੱਸਿਆ ਕਿ ਸਤਿਗੁਰੂ ਜੀ ਦੀ ਆਗਿਆ ਨਾਲ ਅਜਿਹੇ ਪ੍ਰੋਗਰਾਮ ਲਗਾਤਾਰ ਵੱਖ-ਵੱਖ ਥਾਵਾਂ ਤੇ ਲੜੀਵਾਰ ਚਲਣ ਦੀ ਯੋਜਨਾ ਹੈ ਅਤੇ ਸਾਰਿਆਂ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ ਅਤੇ ਗੁਰਬਾਣੀ ਨਾਲ ਜੋੜਨਾ ਹੈ ਕਿਉਂਕਿ ਸਤਿਗੁਰੂ ਨਾਨਕ ਦੇਵ ਜੀ ਨੇ ਸਭ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਇਸ ਮੌਕੇ ਮੰਦਿਰ ਦੇ ਪ੍ਰਧਾਨ ਅਜੈ ਕੁਮਾਰ ਖੁੱਲਰ, ਪੰਡਿਤ ਸ਼ਮਸ਼ੇਰ ਸਿੰਘ ਜੀ, ਪਲਵਿੰਦਰ ਸਿੰਘ, ਜਾਗੀਰ ਸਿੰਘ, ਪ੍ਰਧਾਨ ਬਲਵਿੰਦਰ ਸਿੰਘ ਡੁਗਰੀ, ਸਰਪੰਚ ਜੋਗਿੰਦਰ ਸਿੰਘ, ਰਘਬੀਰ ਸਿੰਘ ਪਟਵਾਰੀ, ਹਰਪਾਲ ਸਿੰਘ, ਰਸ਼ਪਾਲ ਸਿੰਘ, ਸੁਖਵਿੰਦਰ ਸਿੰਘ ਅਤੇ ਹੋਰ ਸੰਗਤਾਂ ਵੀ ਹਾਜਰ ਸਨ। 
ਇਸ ਦੇ ਸਮਰਥਕਾਂ ਵੱਲੋਂ ਇਸਨੂੰ ਬੜੀ ਵੱਡੀ ਪ੍ਰਾਪਤੀ ਅਤੇ ਸਫਲਤਾ ਵੱਜੋਂ ਦੇਖਿਆ ਜਾ ਰਿਹਾ ਹੈ। ਹੁਣ ਦੇਖਣਾ ਹੈ ਕਿ "ਗੁਰਦੁਆਰਿਆਂ ਵਿੱਚ ਹਿੰਦੂ ਮੰਤਰਾਂ ਦਾ ਜਾਪ" ਅਤੇ "ਮੂਰਤੀ ਸਥਾਪਨਾ" ਕਦੋਂ ਹੁੰਦੀ ਹੈ। 

No comments: