Wednesday, October 31, 2018

ਸਿਲੰਡਰ ਧਮਾਕਾ ਘਟਨਾ ਦੇ ਪੀੜਤਾਂ ਨੂੰ ਬੀਮਾ ਰਾਸ਼ੀ ਦੇ ਚੈੱਕ ਪ੍ਰਦਾਨ

Oct 31, 2018, 4:21 PM
ਪੰਜਾਬ ਸਰਕਾਰ ਦੁੱਖ ਦੀ ਘੜੀ ਵਿੱਚ ਹਰੇਕ ਪੀੜਤ ਨਾਲ ਖੜੀ ਹੈ-ਬਿੱਟੂ
*ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੰਡੇ ਚੈੱਕ
ਲੁਧਿਆਣਾ: 31 ਅਕਤੂਬਰ 2018:(ਐਮ ਐਸ ਭਾਟੀਆ// ਪੰਜਾਬ ਸਕਰੀਨ)::
ਅਪ੍ਰੈੱਲ ਮਹੀਨੇ ਸਥਾਨਕ ਸਮਰਾਟ ਕਲੋਨੀ (ਗਿਆਸਪੁਰਾ) ਵਿਖੇ ਵਾਪਰੀ ਗੈਸ ਸਿਲੰਡਰ ਧਮਾਕਾ ਘਟਨਾ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਿੱਛੇ ਰਹਿੰਦੇ ਪਰਿਵਾਰਾਂ ਨੂੰ ਅੱਜ ਬੀਮਾ ਸਹਾਇਤਾ ਰਾਸ਼ੀ ਦੀ ਵੰਡ ਕੀਤੀ ਗਈ। ਪੀੜਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਸੌਂਪੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਜਾ ਚੁੱਕੇ ਹਨ।
ਦੱਸਣਯੋਗ ਹੈ ਕਿ ਇਸ ਘਟਨਾ ਵਿੱਚ ਕੁੱਲ 40 ਵਿਅਕਤੀ ਜਖ਼ਮੀ ਹੋਏ ਸਨ, ਜਿਹਨਾਂ ਵਿੱਚੋਂ 14 ਜਖ਼ਮੀਆਂ ਦੀ ਮੌਤ ਹੋ ਗਈ ਸੀ। ਜਦਕਿ ਇੱਕ ਹੋਰ ਵਿਅਕਤੀ ਦੀ ਜਾਇਦਾਦ ਨੂੰ ਨੁਕਸਾਨ ਹੋਇਆ ਸੀ। ਸਾਰੇ ਜ਼ਖ਼ਮੀਆਂ ਦਾ ਪੰਜਾਬ ਸਰਕਾਰ ਵੱਲੋਂ ਮੁਫ਼ਤ ਇਲਾਜ ਕਰਵਾਇਆ ਗਿਆ ਸੀ। ਇਸ ਮੌਕੇ ਭਾਵਪੂਰਨ ਸ਼ਬਦਾਂ ਨਾਲ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਦਿਆਂ ਸ੍ਰ. ਬਿੱਟੂ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਗੈਸ ਕੰਪਨੀ ਵੱਲੋਂ ਬੀਮਾ ਮੁਆਵਜ਼ਾ ਦਿੱਤਾ ਗਿਆ ਹੈ।
ਉਹਨਾਂ ਇਸ ਘਟਨਾ ਨੂੰ ਬਹੁਤ ਹੀ ਮੰਦਭਾਗੀ ਘਟਨਾ ਕਰਾਰ ਦਿੰਦਿਆਂ ਪੀੜਤ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਭਵਿੱਖ ਵਿੱਚ ਵੀ ਹਮੇਸ਼ਾਂ ਉਹਨਾਂ ਦੇ ਨਾਲ ਖੜਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰੀ ਸੰਜੇ ਤਲਵਾੜ, ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਜ਼ਿਲਾ ਕਾਂਗਰਸ ਕਮੇਟੀ ਪ੍ਰਧਾਨ ਸ੍ਰੀ ਗੁਰਪ੍ਰੀਤ ਸਿੰਘ ਗੋਗੀ, ਜ਼ਿਲਾ ਖੁਰਾਕ ਅਤੇ ਸਪਲਾਈ ਕੰਟਰੋਲਰ ਸ੍ਰੀ ਰਾਕੇਸ਼ ਭਾਸਕਰ ਅਤੇ ਸ੍ਰੀ ਰਾਜਿੰਦਰ ਬੇਰੀ, ਸੀਨੀਅਰ ਕਾਂਗਰਸੀ ਆਗੂ ਸ੍ਰੀ ਜਸਬੀਰ ਲਵਨ ਅਤੇ ਹੋਰ ਹਾਜ਼ਰ ਸਨ।

No comments: