Saturday, September 08, 2018

ਅਜੋਕੇ ਸਮੇਂ ਵਿੱਚ ਗ਼ਦਰ ਪਾਰਟੀ/ ਗ਼ਦਰ ਸਾਹਿਤ ਦੀ ਪਰਸੰਗਿਕਤਾ

Sep 5, 2018, 8:48 PM
ਇਹ ਲਹਿਰ ਖਾੜਕੂ ਕੌਮਵਾਦ ਦੀ ਪਰਤੀਨਿਧਤਾ ਕਰਦੀ ਹੈ
ਭਾਰਤ ਦਾ ਇਤਿਹਾਸ ਗੁਲਾਮੀ ਤੇ ਬਰਾਬਰੀ ਦਾ ਸਮਾਜ ਸਿਰਜਣ ਦੇ ਸੰਘਰਸ਼ਾਂ ਨਾਲ ਭਰਿਆ ਹੋਇਆ ਹੈ। ਜਦ ਅਸੀਂ ਬਰਿਟਿਸ਼  ਸਾਮਰਾਜ ਖਿਲਾਫ਼ ਚੱਲੀਆਂ ਭਾਰਤੀ ਅਜ਼ਾਦੀ ਦੀਆਂ ਲਹਿਰਾਂ ਦੀ ਗੱਲ ਕਰੀਏ ਤਾਂ 1857 ਦੀ ਬਗਾਵਤ, ਕੂਕਾ ਲਹਿਰ, ਬੱਬਰ ਅਕਾਲੀ ਲਹਿਰ, ਪੱਗੜੀ ਸੰਭਾਲ ਜੱਟਾ ਲਹਿਰ, ਗ਼ਦਰ ਲਹਿਰ, ਹਿੰਦੁਸਤਾਨ ਰੀਪਬਲਿਕਨ ਐਸੋਸੀਏਸ਼ਨ, ਆਜ਼ਾਦ ਹਿੰਦ ਫੌਜ ਆਦਿ ਲੋਕ ਮੁਕਤੀ ਦੀਆਂ ਲਹਿਰਾਂ ਦਾ ਅਹਿਮ ਸਥਾਨ ਹੈ। ਪਰ ਗ਼ਦਰ ਲਹਿਰ ਦਾ ਸਮੁੱਚੀ ਅਜਾਦੀ ਦੀਆਂ ਲਹਿਰਾਂ ਵਿੱਚੋਂ ਅਹਿਮ ਨਾਂ ਹੈ। ਇਹ ਲਹਿਰ ਕੁਰਬਾਨੀਆਂ ਪੱਖੋਂ ਜਮਾਤੀ ਸੂਝ ਪੱਖੋ, ਫਿਰਕਾਪਰਸਤੀ ਵੀ ਖ਼ਾਸ ਸਥਾਨ ਰੱਖਦੀ ਹੈ। ਇਹ ਲਹਿਰ ਭਾਰਤ ਦੇ ਕੌਮੀ ਅਜ਼ਾਦੀ ਘੋਲ ਦੌਰਾਨ ਲੜੇ ਗਏ ਹਥਿਆਰਬੰਦ ਇਨਕਲਾਬੀ ਸੰਘਰਸ਼ ਦਾ ਨਾਂ ਹੈ। ਇਹ ਖਾੜਕੂ ਕੌਮਵਾਦ ਦੀ ਪਰਤੀਨਿਧਤਾ ਕਰਦੀ ਹੈ। ਇਸ ਲਹਿਰ ਨਾਲ ਸਬੰਧਿਤ ਦੇਸ਼ ਭਗਤ ਜਦ ਇੱਕ ਪਲੇਟਫ਼ਾਰਮ ਤੇ ਇੱਕਠੇ ਹੋਏ ਤੇ ਉਹਨਾਂ ਨੇ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ। ਗ਼ਦਰ ਪਾਰਟੀ ਪਿੱਛਲੀ ਪਿੱਠਭੂਮੀ ਤੇ ਇਸ ਦੇ ਉਦੇਸ਼ਾਂ ਨੂੰ ਸਮਝਣ ਤੋਂ ਬਿਨਾਂ ਅਸੀਂ ਇਸ ਪਾਰਟੀ ਦੀ ਸਾਰਥਕਤਾ ਨਹੀਂ ਜਾਣ ਸਕਦੇ।
ਭਾਰਤ 200 ਸਾਲ ਬਰਿਟਿਸ਼ ਸਾਮਰਾਜ ਦੀ ਸਿੱਧੇ ਤੌਰ ਤੇ ਬਸਤੀ ਰਿਹਾ ਹੈ। ਸੰਨ 1757 ਵਿੱਚ ਪਲਾਸੀ ਦੀ ਲੜਾਈ ਤੋਂ ਬਾਅਦ ਬਰਤਾਨਵੀ ਲੁੱਟ ਭਾਰਤ ਉੱਪਰ ਹਾਵੀ ਹੋ ਗਈ। ਈਸਟ ਇੰਡੀਆ ਕੰਪਨੀ ਨੇ ਆਪਣੇ ਹਿੱਤਾਂ ਦੀ ਪੂਰਤੀ ਕਰਦੇ ਹੋਏ ਦੇਸ਼ ਦੇ ਆਰਥਿਕ, ਸਮਾਜਿਕ ਪਰਬੰਧ ਨੂੰ ਤੋੜ ਕੇ ਰੱਖ ਦਿੱਤਾ। ਭਾਰਤੀ ਅਰਥ ਵਿਵਸਥਾ ਨੂੰ ਅੰਗਰੇਜੀ ਸਾਮਰਾਜ ਨੇ ਬੁਰੀ ਤਰਾਂ ਲੁੱਟਿਆ। ਜਿਵੇਂ ਦੇਸ਼ ਵਿੱਚੋਂ ਅਨਾਜ ਤੇ ਕਪਾਹ ਸਸਤੇ ਮੁੱਲ ਤੇ ਬਰਤਾਨੀਆਂ ਲਿਜਾਈ ਗਈ। ਸਨ 1850 ਤੋਂ 1900 ਤੱਕ 25 ਵਾਰ ਕਾਲ ਪਏ। ਜਿਸ ਵਿੱਚ 2 ਕਰੋੜ ਦੇ ਕਰੀਬ ਲੋਕਾਂ ਦੀ ਮੌਤ ਵੀ ਹੋਈ। ਕਿਰਸ਼ਾਨ ਕਰਜ਼ੇ ਹੇਠ ਦੱਬ ਗਏ। ਇਸ ਤਰਾਂ 19ਵੀਂ ਸਦੀ ਦਾ ਆਖਰੀ ਦਹਾਕਾ ਭਾਰਤ ਦੀ ਆਰਥਿਕ ਮੰਦੀ ਦਾ ਦਹਾਕਾ ਬਣ ਗਿਆ। ਅਮੀਰੀ ਗਰੀਬੀ ਦਾ ਪਾੜਾ ਲਗਾਤਾਰ ਵਧਣ ਲੱਗਾ। ਕਿਰਸਾਨੀ ਅਬਾਦੀ ਦਾ ਤੀਸਰਾ ਹਿੱਸਾ ਕਰਜ਼ੇ ਹੇਠ ਦੱਬਿਆ ਹੋਣ ਕਰਕੇ ਇਸ ਵਿੱਚੋਂ ਨਿਕਲਣ ਦੀ ਕੋਈ ਆਸ ਨਾ ਜਾਪੀ। ਗਰੀਬੀ, ਬੇਰੁਜ਼ਗਾਰੀ ਵਰਗੀਆਂ ਬਿਮਾਰੀਆਂ ਨੇ ਉਹਨਾਂ ਨੂੰ ਆਪਣੀ ਜਕੜ ਵਿੱਚ ਲਿਆ। ਇਨਾਂ ਤੋਂ ਛੁਟਕਾਰਾ ਪਾਉਣ ਲਈ ਭਾਰਤੀਆਂ ਨੇ ਵਿਦੇਸਾਂ ਵੱਲ ਕੂਚ ਕੀਤਾ। ਜਦੋਂ ਉਹ ਵਿਦੇਸ਼ਾਂ ਵਿੱਚ ਗਏ ਤਾਂ ਹਾਲਾਤ ਉੱਥੇ ਵੀ ਚੰਗੇ ਨਹੀਂ ਸਨ। ਅਮਰੀਕਾ, ਕੈਨੇਡਾ ਵਿੱਚ ਵਿਤਕਰੇ ਭਰੀ ਤਾਅਨੇਬਾਜ਼ੀ ਅਤੇ ਵਤੀਰੇ ਨੇ ਭਾਰਤੀਆਂ ਦੇ ਮਨਾਂ ਵਿੱਚ ਗਹਿਰਾ ਅਸਰ ਕੀਤਾ। ਉਹ ਸੋਚਣ ਲਈ ਮਜ਼ਬੂਰ ਹੋਏ ਕਿ ਇਸ ਪਿੱਛੇ ਕਾਰਨ ਸਾਡੀ ਗੁਲਾਮੀ ਹੈ ਤੇ ਇਸ ਤੋਂ ਛੁਟਕਾਰਾ ਪਾਉਣ ਲਈ ਅੱਗੇ ਆਉਣ ਦੀ ਲੋੜ ਹੈ ਜਿਵੇਂ ਸੰਸਾਰ ਦੀਆਂ ਪਰਿਸਥਿਤੀਆਂ ਨੇ ਵੀ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਹੈ। ਉਸ ਸਮੇਂ ਹਰ ਪਾਸੇ ਨਵੀਆਂ ਨਵੀਆਂ ਤਬਦੀਲੀਆਂ ਆਈਆਂ ਸਨ ਜਿਵੇਂ ਐਬੇਸੀਨੀਆਂ ਦੀਆਂ ਫੌਜਾਂ ਹੱਥੋ ਇਟਲੀ ਦਾ ਹਾਰ ਜਾਣਾ। ਰੂਸ (1905) ਵਿੱਚ ਤਾਨਾਸ਼ਾਹੀ ਜ਼ਾਰ ਵਿਰੁੱਧ ਬਗ਼ਾਵਤ ਹੋਈ। ਜਿਸ ਦਾ ਅਸਰ ਆਮ ਲੋਕਾਂ, ਕਿਰਤੀਆਂ ਅਤੇ ਕਿਸਾਨਾਂ ਉੱਪਰ ਹੋਇਆ। ਵਿਦੇਸ਼ ਗਏ ਭਾਰਤੀ ਆਪਣੇ ਦੇਸ਼ ਲਈ ਸੋਚਣ ਲਈ ਇੱਕਠੇ ਹੋਣ ਦੀ ਕੌਸ਼ਿਸ਼ ਕਰਨ ਲੱਗੇ। ਮਾਰਚ 1913 ਨੂੰ ਕਨੇਡਾ ਤੇ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਦੀ ਇੱਕਤਰਤਾ ਵਾਸਿੰਗਟਨ ਵਿੱਚ ਹੋਈ। 200 ਦੇ ਕਰੀਬ ਭਾਰਤੀ ਇਸ ਵਿੱਚ ਸ਼ਾਮਲ ਹੋਏ। ਦੇਸ਼ ਦੀ ਅਜਾਦੀ ਪ੍ਰਾਪਤ ਕਰਨ ਲਈ ਜਿਨਾਂ ਨੇ ਹਿੰਦੀ ਐਸੋਸੀਏਸ਼ਨ ਕਾਇਮ ਕੀਤੀ ਜੋ ਮਗਰੋਂ ਗ਼ਦਰ ਪਾਰਟੀ ਦੇ ਰੂਪ ਵਿੱਚ ਪ੍ਰਗਟ ਹੋਈ। ਇਨਾਂ ਨੇ ਆਪਣੇ ਵਿਚਾਰਾਂ ਦਾ ਖੁੱਲਾ ਪਰਗਟਾਅ ਕਰਨ ਲਈ ਪਹਿਲੀ ਨਵੰਬਰ 1913 ਨੂੰ ਗ਼ਦਰ ਅਖ਼ਬਾਰ ਸੁਰੂ ਕੀਤਾ। ਗ਼ਦਰ ਪਾਰਟੀ ਦੇ ਕੰਮ ਢੰਗ ਨੂੰ ਲਾਲਾ ਹਰਦਿਆਲ ਹੋਰਾਂ ਨੇ ਦੋ ਸ਼ਬਦਾਂ ਵਿੱਚ ਸਪੱਸਟ ਕੀਤਾ ‘ਅਖ਼ਬਾਰ ਤੇ ਹਥਿਆਰ’। ਗ਼ਦਰ ਪਾਰਟੀ ਨੇ ਆਪਣੇ ਉਦੇਸ਼ਾਂ ਦੀ ਪੂਰਤੀ ਦੇ ਲਈ ਅਖ਼ਬਾਰ ਨੂੰ ਆਪਣਾ ਪਰਚਾਰ-ਸਾਧਨ ਬਣਾਇਆ। ਅਖ਼ਬਾਰ ਛਾਪਣ ਲਈ 20 ਦੇਸ਼ ਭਗਤ ਕੰਮ ਕਰਦੇ ਸਨ। ਲਾਲਾ ਹਰਦਿਆਲ, ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਲਤਾੜਾ, ਕਰਤਾਰ ਸਿੰਘ ਸਰਾਭਾ, ਭਾਈ ਬਸੰਤ ਸਿੰਘ ਚੌਦਾ (ਪਟਿਆਲਾ) ਜਵਾਲਾ ਸਿੰਘ, ਭਗਵਾਨ ਸਿੰਘ, ਕਰਮ ਸਿੰਘ ਚੀਮਾ, ਵਸਾਖਾ ਸਿੰਘ, ਪੰਡਿਤ ਕਾਸ਼ੀ ਰਾਮ, ਜਗਤ ਰਾਮ, ਮੁਨਸ਼ੀ ਕਰੀਮ ਬਖ਼ਸ ਆਦਿ ਦੇ ਨਾਂ ਵਿਸ਼ੇਸ ਜ਼ਿਕਰਯੋਗ ਜੋ ਕੁਲਵਕਤੀ ਗ਼ਦਰ ਲਹਿਰ ਵਿੱਚ ਕੰਮ ਕਰਦੇ ਰਹੇ। ਗ਼ਦਰ ਅਖ਼ਬਾਰ ਗ਼ਦਰੀਆਂ ਦੇ ਵਿਚਾਰਾਂ, ਸੋਚ ਤੇ ਇਰਾਦਿਆਂ ਦੇ ਪਰਗਟਾਵੇ ਦਾ ਫੈਲਾਅ ਕਰਨ ਲਹੀ ਸਾਰਥਕ ਸਾਧਨ ਹੋ ਨਿਬੜਿਆ। ਇਹ ਅਖ਼ਬਾਰ ਉਰਦੂ, ਹਿੰਦੀ, ਮਰਾਠੀ ਤੇ ਪੰਜਾਬੀ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਛਪ ਕੇ ਭਾਰਤ ਤੋਂ ਇਲਾਵਾ ਹੋਰ ਦੇਸ਼ ਜਿਵੇਂ ਅਰਜਨਟਾਈਨਾ, ਇੰਡੋਨੇਸ਼ੀਆ, ਸਿਆਮ, ਮਲਾਇਆ, ਜਾਪਾਨ, ਹਾਂਗਕਾਗ, ਬਰਮਾ ਆਦਿ ਕਈ ਦੇਸ਼ਾਂ ਵਿੱਚ ਵੰਡਿਆ ਗਿਆ। ਇਸ ਵਿੱਚ ਜੋ ਸਾਹਿਤ ਛੱਪਦਾ ਉਹ ਵਾਰਤਕ ਜਾਂ ਕਵਿਤਾਵਾਂ ਦੇ ਰੂਪ ਵਿੱਚ ਸੀ। ਜਿਸ ਸਾਹਿਤ ਦਾ ਅਸਰ ਪੰਜਾਬੀਆਂ ਉਤੇ ਜਿਆਦਾ ਪਿਆ ਕਿਉਂਕਿ ਪੰਜਾਬ ਤੋਂ ਹੀ ਵਧੇਰੇ ਪੰਜਾਬੀ ਬਾਹਰ ਗਏ ਹੋਏ ਸਨ ਤੇ ਉਹ ਵੀ ਉਥੇ ਮਾੜੇ ਸਲੂਕ ਤੇ ਵਿਤਕਰਿਆਂ ਦਾ ਸ਼ਿਕਾਰ ਸਨ। ਜੋ ਪੰਜਾਬੀ ਪੰਜਾਬ ਵਿੱਚ ਰਹਿੰਦੇ ਸਨ ਉਹਨਾਂ ਉਪਰ ਅੰਗਰੇਜਾਂ ਦੀ ਲੁਟ-ਖਸੁੱਟ ਤੇ ਲੋਕ ਵਿਰੋਧੀ ਨੀਤੀਆਂ ਨੇ ਬੁਰਾ ਪ੍ਰਭਾਵ ਪਾਇਆ- ਉਨਾਂ ਅੰਦਰ ਧੁੱਖ ਰਹੀ ਬਦਲੇ ਦੀ ਅੱਗ ਨੂੰ ਗ਼ਦਰ ਲਹਿਰ ਦੇ ਸਾਹਿਤ ਨੇ ਹੋਰ ਵੀ ਤਿੱਖਾ ਕੀਤਾ। ਅਖ਼ਬਾਰ ਕਰਕੇ ਬਹੁਤ ਸਾਰੀਆਂ ਥਾਵਾਂ ’ਤੇ ਅੰਗਰੇਜ਼ ਸਾਮਰਾਜ ਵਿਰੁੱਧ ਇਨਕਲਾਬੀ ਸਰਗਰਮੀਆਂ ਸ਼ੁਰੂ ਹੋ ਗਈਆਂ। ਜੇਕਰ ਵੇਖਿਆ ਜਾਵੇ ਤਾਂ ਇਹ ਸੱਚ ਸੀ ਕਿ ਗ਼ਦਰ ਪਾਰਟੀ ਕੇਵਲ ਹਿੰਦੁਸਤਾਨ ਦੀ ਅਜ਼ਾਦੀ ਦੀ ਲੜਾਈ ਹੀ ਨਹੀਂ ਸੀ ਲੜ ਰਹੀ ਸਗੋਂ ਸਭ ਦੇਸ਼ਾਂ ਵਿੱਚ ਸਾਮਰਾਜੀ ਗੁਲਾਮੀ ਵਿਰੁੱਧ ਸੰਗਰਾਮਾਂ ਦੀ ਹਮਾਇਤ ਵੀ ਕਰਦੀ ਰਹੀ। ਗ਼ਦਰ ਪਾਰਟੀ ਨੇ ਆਪਣੇ ਕਈ ਨਿਯਮ ਬਣਾਏ ਜਿਵੇਂ ਅਜ਼ਾਦੀ ਦਾ ਹਰ ਇੱਕ ਪ੍ਰੇਮੀ ਬਿਨਾਂ ਜਾਤ-ਪਾਤ ਦੇਸ਼ ਕੌਮ ਦੇ ਇਲਾਜ ਇਸ ਪਾਰਟੀ ਦਾ ਮੈਂਬਰ ਬਣ ਸਕਦਾ ਹੈ। ਗ਼ਦਰ ਪਾਰਟੀ ਦੇ ਹਰ ਮੈਂਬਰ ਦਾ ਆਪੋਂ ਵਿੱਚ ਕੌਮੀ ਨਾਤਾ ਹੋਵੇਗਾ ਹਿੰਦੂ, ਮੁਸਲਮਾਨ ਸਿੱਖ, ਇਸਾਈ ਆਦਿ ਧਾਰਮਿਕ ਖਿਆਲਾਂ ਨੂੰ ਲੈਕੇ ਕੋਈ ਆਦਮੀ ਗ਼ਦਰ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਸਕਦਾ। ਮਨੁੱਖ, ਮਨੁੱਖ ਹੁੰਦਾ ਹੋਇਆ, ਇਸਦਾ ਮੈਂਬਰ ਬਣ ਸਕਦਾ। ਇਸੇ ਕਰਕੇ ਗ਼ਦਰੀਆਂ ਦੀਆਂ ਲਿਖਤਾਂ ਵਿੱਚੋਂ ਧਰਮ ਦੇ ਮਸਲੇ ਨੂੰ ਵਿਗਿਆਨਕ ਦਿ੍ਰਸ਼ਟੀਕੋਣ ਨਾਲ ਵੇਖਣ ਦੀ ਸੂਝ ਮਿਲਦੀ ਹੈ। ਉਨ੍ਹਾਂ ਨੇ ਧਰਮ ਦੇ ਤੰਗ ਨਜ਼ਰੀਏ ਦਾ ਪਰਦਾਫ਼ਾਸ ਕਰਕੇ ਅਜ਼ਾਦੀ ਦੇ ਮਕਸਦ ਨੂੰ ਪਹਿਲੇ ਨੰਬਰ ਤੇ ਰੱਖਿਆ ‘ਗ਼ਦਰ ਲਹਿਰ ਦੀ ਸਮੁੱਚੀ ਵਾਰਤਕ’ ਦੇ ਪੰਨਾ 659 ਵਿੱਚ ਇਸ ਦਾ ਸਪੱਸਟ ਖੁਲਾਸਾ ਮਿਲਦਾ ਹੈ ਕਿ ਗ਼ਦਰੀਆਂ ਨੇ ਧਰਮ ਰਾਹੀ ਫੈਲਾਏ ਗਏ ਅੰਧਵਿਸ਼ਵਾਸ਼ਾਂ ਨੂੰ ਆਪਣੇ ਨਜ਼ਰੀਏ ਤੋਂ ਨਕਾਰਿਆ ਹੈ ਕਿ ‘‘ਗਊ ਹੱਤਿਆ ਹਿੰਦੂ ਧਰਮ ਦੇ ਅਸੂਲਾਂ ਦੇ ਉਲਟ ਹੈ ਤਾਂ ਫਿਰ ਇਹ ਮੁਸਲਮਾਨ ਤੇ ਇਸਾਈਆਂ ਨੂੰ ਕਿਵੇਂ ਹਟਾ ਸਕਦੇ ਹਨ? ਆਪਣੇ ਮੁਸਲਮਾਨ ਭਰਾਵਾਂ ਨਾਲ ਗਊ ਹੱਤਿਆ ਪਿੱਛੇ ਤਾਂ ਮਰਨ ਮਾਰਨ ਲਈ ਤਿਆਰ ਹੋ ਜਾਂਦੇ ਹੋ ਪਰ ਜੋ ਅੰਗਰੇਜ਼ ਹਿੰਦੁਸਤਾਨ ਵਿੱਚੋਂ ਗਊ ਦਾ ਮਾਸ 9 ਕਰੋੜ 72 ਲੱਖ ਰੁਪਏ ਸਲਾਨਾ ਦਾ ਵਿਦੇਸ਼ਾਂ ਵਿੱਚ ਵੇਚ ਕੇ ਲੈ ਜਾਂਦੇ ਹਨ। ਉਸ ਦੇ ਵਿਰੁੱਧ ਕੋਈ ਚੂੰ ਤੱਕ ਨਹੀਂ ਕਰਦਾ। ਹਰ ਰੋਜ ਗਊ ਅਤੇ ਸੂਰ ਦੇ ਝਗੜੇ ਪਿੱਛੇ ਹਜ਼ਾਰਾਂ ਹਿੰਦੂ, ਮੁਸਲਮਾਨ ਕੱਟ ਕੱਟ ਕੇ ਮਰ ਰਹੇ ਹਨ। ਪਰ ਜੋ ਅੰਗਰੇਜ਼ ਗਊ ਸੂਰ ਦੋਹਾਂ ਨੂੰ ਖਾ ਕੇ ਢਿੱਡ ਉੱਤੇ ਹੱਥ ਫੇਰਦੇ ਹਨ ਉਹਨਾਂ ਨੂੰ ਕੋਈ ਬੁਰੀ ਅੱਖ ਨਾਲ ਨਹੀਂ ਵੇਖਦਾ।” ਇਸ ਤਰਾਂ ਦੇ ਤਰਕਪੂਰਨ ਸੰਕੇਤ ਪਰਗਟ ਕਰਕੇ ਗ਼ਦਰੀਆਂ ਨੇ ਆਪਣੀ ਵਾਰਤਕ ਰਾਹੀ ਲੋਕਾਂ ਨਾਲ ਧਰਮ-ਨਿਰਪੱਖਤਾ ਦੀ ਗੱਲ ਤੋਰੀ ਤੇ ਨਾਲੋ-ਨਾਲ ਲੋਕਾਂ ਨੂੰ ਅੰਗਰੇਜ਼ਾ ਵਿਰੁੱਧ ਬਗ਼ਾਵਤ ਕਰਨ ਲਈ ਪ੍ਰੇਰਿਆ।
ਗ਼ਦਰੀਆਂ ਨੇ ਹਥਿਆਰਬੰਦ ਇਨਕਲਾਬ ਦੀ ਗੱਲ ਕੀਤੀ ਉਹ ਮੰਨਦੇ ਸਨ ਕਿ ਸਾਂਤਪੂਰਨ ਤਰੀਕੇ ਨਾਲ ਦੇਸ਼ ਵਿੱਚੋਂ ਤਬਦੀਲੀ ਨਹੀਂ ਕੀਤੀ ਜਾ ਸਕਦੀ। ਇਹ ਠੀਕ ਹੈ ਕਿ ਅਖ਼ਬਾਰ ਰਾਹੀ ਲੋਕਾਂ ਨੂੰ ਚੇਤੰਨ ਕੀਤਾ ਜਾ ਸਕਦਾ ਹੈ ਪਰ ਤਬਦੀਲੀ ਦਾ ਸਾਧਨ ਹਥਿਆਰਬੰਦ ਘੋਲ ਹੈ। ਇਹ ਘੋਲ ਉਹ ਆਰਥਿਕ-ਸਮਾਜਿਕ ਬਰਾਬਰੀ ਪ੍ਰਾਪਤ ਕਰਨ ਲਈ ਲੜਣਾ ਚਾਹੁੰਦੇ ਸਨ ਇਸ ਦਾ ਸੰਕੇਤ ਵਾਰਤਕ ਦੇ ਪੰਨਾ ਨੰ. 142 ਸਫ਼ਾ ਵਿੱਚ ਸੱਪਸ਼ਟ ਮਿਲਦਾ ਹੈ ‘‘ਅਖ਼ਬਾਰ ਨਾਲ ਜਿਲ੍ਹੇ ਵਿੱਚ ਲਗਾਨ ਨਹੀਂ ਘਟੇਗਾ, ਤਹਿਸੀਲਦਾਰ ਵੱਢੀ ਲੈਣਾ ਨਹੀਂ ਬੰਦ ਕਰੇਗਾ, ਜਾਗੀਰਦਾਰਾਂ ਦੇ ਜ਼ੁਲਮ ਨਹੀਂ ਹੱਟਣਗੇ, ਕਿਸਾਨਾਂ ਦੇ ਲੜਕੇ ਤੇ ਲੜਕੀਆਂ ਵਾਸਤੇ ਸਕੂਲ ਨਹੀਂ ਬਣਨਗੇ। ਪਿੰਡਾਂ ਵਿੱਚ ਪੱਕੇ ਮਕਾਨ ਨਹੀਂ ਬਣਨਗੇ, ਇਹਨਾਂ ਸਾਰੀਆਂ ਬਰਕਤਾਂ ਨਿਆਮਤਾਂ ਨੂੰ ਪ੍ਰਾਪਤ ਕਰਨ ਵਾਸਤੇ ਇੱਕੋਂ ਹੀ ਢੰਗ ਹੈ, ਉਹ ਕੀ ਹੈ? ਉਹ ਇਹ ਹੈ ਕਿ ਬੰਦੂਕਾਂ ਸੰਭਾਲੋ।”
ਗ਼ਦਰੀਆਂ ਦੀ ਵਾਰਤਕ ਵਿੱਚ ਸਾਰੀ ਦੁਨੀਆਂ ਵਿਚਲੀ ਦੋ ਧੜਿਆਂ ਦੀ ਲੜਾਈ ਬਾਰੇ ਜ਼ਿਕਰ ਮਿਲਦਾ ਹੈ ਜਿਨਾਂ ਵਿੱਚ ਲੁੱਟੀ ਜਾ ਰਹੀ ਸ਼੍ਰੇਣੀ ਦੀ ਲੁਟੇਰੀ ਸ਼੍ਰੇਣੀ ਨਾਲ ਜਦੋ-ਜਹਿਦ ਵੀ ਦਿੱਸਦੀ ਹੈ। ਗ਼ਦਰੀਆਂ ਨੇ ਜਾਪਾਨ, ਚੀਨ, ਰੂਸ, ਮੈਕਸੀਕੋ ਤੇ ਸਪੇਨ ਜਿਥੇ ਜਿਥੇ ਵੀ ਸਾਮਰਾਜ ਵਿਰੁੱਧ ਲੋਕ-ਘੋਲ ਉੱਠੇ ਉਨਾਂ ਦੀ ਹਮਾਇਤ ਕੀਤੀ ਹੈ- ਗ਼ਦਰੀਆਂ ਨੇ ਸਾਹਿਤਕਾਰਾਂ ਨੂੰ ਵੀ ਪੂਰਾ ਸਤਿਕਾਰ ਦਿੱਤਾ ਹੈ ਉਹ ਮੰਨਦੇ ਸਨ ਕਿ ਦੁਨੀਆਂ ਦੀ ਹਰ ਚੀਜ ਕਿਰਤੀ ਪੈਦਾ ਕਰਦਾ ਹੈ ਅਤੇ ਸਾਹਿਤਕਾਰ ਇਨ੍ਹਾਂ ਕਿਰਤੀਆਂ ਦੀ ਕਿਰਤ ਦੇ ਸਹਾਰੇ ਜਿਉਂਦਾ। ਸਾਹਿਤਕਾਰ ਕਿਰਤੀ ਲੋਕਾਂ ਨੂੰ ਜ਼ਾਲਮ ਤੇ ਜੁਲਮੀ ਹਾਕਮਾਂ ਦੇ ਜੁਲਮ ਦਾ ਮੁਕਾਬਲਾ ਕਰਨ ਲਈ ਤਿਆਰ ਕਰਦਾ ਹੈ। ਇਸ ਲਈ ਗ਼ਦਰੀ ਉਸ ਨੂੰ ਸਾਹਿਤਕਾਰ ਮੰਨਦੇ ਹਨ- ਜੋ ਕਹਿਣੀ ਤੇ ਕਰਨੀ ਵਿੱਚ ਇੱਕ ਹੋਵੇ। ਗ਼ਦਰ ਲਹਿਰ ਦੇ ਸਾਹਿਤ ਦੇ ਸਿਰਜਨਹਾਰੇ ਖ਼ੁਦ ਗ਼ਦਰੀ ਸਨ- ਜੋ ਵੀ ਲਿਖਦੇ ਸਨ ਉਹ ਕਰ ਵੀ ਵਿਖਾਉਂਦੇ ਸਨ। ਗ਼ਦਰ ਲਹਿਰ ਦਾ ਕੀ ਟੀਚਾ ਰਿਹਾ ਇਸ ਨੇ ਦੇਸ਼ ਅਜ਼ਾਦੀ ਦੇ ਅੰਦੋਲਨ ਵਿੱਚ ਕੀ-ਕੀ ਕਾਰਵਾਈਆਂ ਕੀਤੀਆਂ ਗਦਰੀਆਂ ਦੇ ਕੰਮ ਕਰਨ ਦੇ ਢੰਗ ਇਸ ਸਭ ਦਾ ਜ਼ਿਕਰ ਗ਼ਦਰੀਆਂ ਦੀ ਲਿਖਤਾਂ ਭਾਵ ਵਾਰਤਕ ਵਿੱਚੋਂ ਮਿਲਦਾ ਹੈ। ਗ਼ਦਰ ਲਹਿਰ ਦੀ ਸਮੁੱਚੀ ਲਿਖਤ ਵਿੱਚ ਕਵਿਤਾ ਦਾ ਵੀ ਅਹਿਮ ਸਥਾਨ ਹੈ- ਇਹ ਸਮੁੱਚੀ ਕਵਿਤਾ ਗ਼ਦਰੀ ਯੋਧਿਆਂ ਦੁਆਰਾ ਹੀ ਲਿਖੀ ਗਈ। ਇਸ ਕਵਿਤਾ ਵਿੱਚ ਜਿਥੇ ਸਮੇਂ ਦੀ ਪ੍ਰਸਿਥਤੀ ਦਾ ਬਿਆਨ ਹੈ ਉਥੇ ਇਸ ਕਵਿਤਾ ਨੇ ਲੋਕਾਂ ਨੂੰ ਮੁਕਤੀ ਪ੍ਰਾਪਤ ਕਰਨ ਦਾ ਜਿਥੇ ਰਾਹ ਦੱਸਿਆ ਉਥੇ ਬੁਜ਼ਦਿਲਾਂ ਅੰਦਰ ਦੇਸ਼ ਭਗਤੀ ਦੀ ਭਾਵਨਾ ਵੀ ਪੈਦਾ ਕੀਤੀ।
ਇਸ ਕਵਿਤਾ ਦਾ ਉਭਾਰ ਉਸ ਸਮੇਂ ਹੁੰਦਾ ਹੈ ਜਦੋਂ ਭਾਰਤ ਅੰਗਰੇਜ਼ਾਂ ਦੀ ਗੁਲਾਮੀ ਦੀ ਚੱਕੀ ਵਿੱਚ ਪਿਸ ਰਿਹਾ ਸੀ। ਉਸ ਸਮੇਂ ਅੰਗਰੇਜ਼ ਸ਼ਾਮਰਾਜੀਆਂ ਨੇ ਭਾਰਤੀਆਂ ਦੇ ਆਰਥਿਕ ਸਮਾਜਿਕ ਜੀਵਨ ਵਿੱਚ ਤਰਥੱਲੀ ਮਚਾਈ ਹੋਈ ਸੀ। ਕਾਲ, ਪਲੇਗ ਤੇ ਗਰੀਬੀ ਵਰਗੀਆਂ ਬਿਮਾਰੀਆਂ ਲਗਾਤਾਰ ਵਧ ਰਹੀਆਂ ਸਨ। ਲੋਕਾਂ ਕੋਲ ਇਸ ਦਾ ਛੁਟਕਾਰਾ ਪਾਉਣ ਲਈ ਤਿੰਨ ਰਾਹ ਸਨ- ਫੌਜ ਵਿੱਚ ਭਰਤੀ, ਅੰਗਰੇਜਾਂ ਦੀ ਚਾਪਲੂਸੀ ਵਾਲੀ ਨੌਕਰੀ ਜਾਂ ਵਿਦੇਸ਼ ਜਾਣ ਦੀ ਮਜ਼ਬੂਰੀ। ਪੰਜਾਬ ਦੀ ਕਿਸ਼ਾਨੀ ਜਦ ਬਾਹਰ ਜਾਣ ਲੱਗੀ ਤੇ ਬਾਅਦ ਵਿੱਚ ਵਿਦੇਸ਼ੀ ਸਰਕਾਰ ਨੇ ਉਹਨਾਂ ਉੱਪਰ ਆਪਣੇ ਦੇਸ਼ ਆਉਣ ਦੀ ਪਾਬੰਦੀ ਲਗਾ ਦਿੱਤੀ। ਭਾਰਤੀਆਂ ਨੂੰ ਇਹ ਅਹਿਸਾਸ ਹੋ ਗਿਆ ਕਿ ਉਨਾਂ ਦੀ ਕਿਤੇ ਵੀ ਸਵੈ-ਹੋਂਦ ਨਹੀਂ। ਅਜਿਹਾ ਕਿਉਂ? ਇਸ ਕਵਿਤਾ ਨੇ ਸਾਮਰਾਜਵਾਦੀਆਂ ਵਿਰੁੱਧ ਗ਼ਦਰ ਕਰਨ ਵਾਸਤੇ ਲੋਕਾਂ ਨੂੰ ਪ੍ਰੇਰਿਆ। ਸਮਾਜ ਵਿਚਲੀ ਯਥਾਰਥਮੁਖੀ ਸਥਿਤੀ ਦੀ ਤਸਵੀਰ ਪੇਸ਼ ਕਰਦੀ ਹੋਈ ਇਹ ਕਵਿਤਾ ਲੋਕਾਂ ਅੰਦਰ ਹੌਸਲਾ ਬੁਲੰਦ ਕਰਦੀ ਰਹੀ।
ਹਿੰਦੂ ਸਿੱਖ ਪਠਾਣ ਤੇ ਮੁਸਲਮਾਨ
ਫੌਜਾਂ ਵਾਲਿਓ ਜਰਾ ਖਿਆਲ ਕਰਨਾ
ਦੇਸ਼ ਲੁੱਟ ਫਰੰਗੀਆਂ ਲਿਆ ਸਾਡਾ
ਅਸੀ ਜੰਗ ਹੁਣ ਇਨਾਂ ਦੇ ਨਾਲ ਕਰਨਾ
ਬੜਾ ਕੰਮ ਕਰਨਾ ਮਰਨੋਂ ਨਹੀਂ ਡਰਨਾ
ਦੇਸੋ ਦੂਰ ਪਲੇਗ ਤੇ ਕਾਲ ਕਰਨਾ
ਮਾਰ ਕੇ ਗੋਰਿਆਂ ਪਾਜੀਆਂ ਨੂੰ
ਸਿਰੋਂ ਦੂਰ ਗੁਲਾਮੀ ਦਾ ਜਾਲ ਕਰਨਾ।
ਸੁਣ ਕੇ ਗਦਰ ਦੀ ਖ਼ਬਰ ਨੂੰ ਖੁਸ਼ੀ ਹੋਣਾ
ਗਮੀ ਦੂਰ ਤੇ ਚਿਤ ਨਿਹਾਲ ਕਰਨਾ।
ਇਸ ਕਵਿਤਾ ਦਾ ਪਹਿਲਾ ਪ੍ਰਗਟਾਵਾਂ ‘ਗਦਰ’ ਅਖ਼ਬਾਰ ਰਾਹੀਂ ਕੀਤਾ ਗਿਆ। ਘਰੋਂ ਬੇਘਰ ਹੋਕੇ ਵਿਦੇਸਾਂ ਵਿੱਚ ਧੱਕੇ ਖਾ ਰਹੇ ਪੰਜਾਬੀਆਂ ਦੇ ਜੀਵਨ ਦਾ ਯਥਾਰਥ ਪੱਖ ਪੇਸ਼ ਕਰਨਾ ਇਸ ਕਵਿਤਾ ਦਾ ਮੁੱਢਲੇ ਪੜਾਅ ਦਾ ਸਰੋਕਾਰ ਸੀ ਇਸ ਕਵਿਤਾ ਨੇ ਸਟੇਜਾਂ ਤੋਂ ਕਾਫ਼ੀ ਵਾਹ ਵਾਹ ਖੱਟੀ ਕਿਉਂਕਿ ਇਹ ਰਵਾਇਤੀ ਅੰਦਾਜ਼ ਵਾਲੀ ਹੋਣ ਕਰਕੇ ਇਸ ਨੇ ਮਨੁੱਖੀ ਬਰਾਬਰਤਾ, ਸਾਂਝੀਵਾਲਤਾ ਧਰਮ ਨਿਰਪੱਖਤਾ ਅਤੇ ਅਜ਼ਾਦੀ ਦਾ ਸੰਦੇਸ਼ ਦਿੱਤਾ। ਭਾਵੇਂ ਇਸ ਦਾ ਪਹਿਲਾ ਤਜ਼ਰਬਾ ਦੇਸ਼ ਤੇ ਵਿਦੇਸ਼ ਵਿੱਚ ਭਾਰਤੀਆਂ ਦੀ ਦੁਰਦਸ਼ਾ ਨੂੰ ਪੇਸ਼ ਕਰਨਾ ਸੀ। ਅਮਰੀਕਾ ਤੇ ਕੈਨੇਡਾ ਗਏ ਭਾਰਤੀਆਂ ਨੂੰ ਸਭ ਤੋ. ਵੱਧ ਚੁਭਦੀਆਂ ਅਤੇ ਦੁਖਦੀਆਂ ਉਹ ਠੋਕਰਾਂ ਸਨ ਜੋ ਉਨਾਂ ਦੀ ਗੁਲਾਮੀ ਬਾਰੇ ਉਨਾਂ ਨੂੰ ਹੋਟਲਾਂ, ਬੱਸਾਂ, ਕਾਰਖਾਨਿਆਂ ਅਤੇ ਸਿਨੇਮਾ ਹਾਲ ਆਦਿ ਵਿੱਚ ਹਰ ਰੌਜ ਮਾਰੀਆਂ ਜਾਂਦੀਆਂ ਅਤੇ ਜਿਸਦੀ ਹਕੀਕਤ ਤੋਂ ਉਹ ਇਨਕਾਰ ਨਹੀਂ ਸਨ ਕਰ ਸਕਦੇ।
ਇਨ੍ਹਾਂ ਦੇਸ਼ਾਂ ਵਿੱਚ ਵਿਤਕਰੇ ਭਰੀ ਤਾਅਨੇਬਾਜੀ ਅਤੇ ਵਤੀਰੇ ਨੇ ਭਾਰਤੀਆਂ ਦੇ ਮਨਾਂ ਵਿੱਚ ਗਹਿਰਾ ਅਸਰ ਕੀਤਾ ਜਿਸ ਬਾਰੇ ਪ੍ਰਤਖ ਚਾਨਣਾ ਸਾਡੀ ਗ਼ਦਰ ਲਹਿਰ ਦੀ ਕਵਿਤਾ ਵਿੱਚ ਹੋਇਆ ਹੈ।
ਇਸ ਕਵਿਤਾ ਦਾ ਇਹ ਸਰੋਕਾਰ ਨਸਲੀ ਵਿਤਕਰੇ ਨਾਲ ਜੁੜਦਾ ਹੈ। ਵਿਦੇਸ਼ਾਂ ਵਿੱਚ ਇਸ ਨਸਲੀ ਵਿਤਕਰੇ ਦਾ ਸ਼ਿਕਾਰ ਹੋਏ ਭਾਰਤੀਆਂ ਅੰਦਰ ਰੋਹ ਦੀ ਭਾਵਨਾ ਪੈਦਾ ਹੋਈ। ਭਾਰਤੀਆਂ ਨੂੰ ਵੰਗਾਰਨ ਦੇ ਲਈ ਇਹ ਕਵਿਤਾ ਸਹਾਈ ਹੋਈ। ਇਸ ਕਵਿਤਾ ਵਿਚ ਪ੍ਰਵਾਸੀ ਪੰਜਾਬੀਆਂ ਦੇ ਅਨੁਭਵਾਂ ਦਾ ਗਹਿਰਾ ਅਹਿਸਾਸ ਹੈ।
ਅਸੀਂ ਵਤਨ ਵਾਲੇ ਪਰਦੇਸ਼ ਰੁਲਦੇ,
ਇਹ ਫਰੰਗ ਸਾਡਾ ਦੇਸ਼ ਮੱਲ ਗਿਆ ਜੇ।
ਦੇਸ਼ੋਂ ਪੈਣ ਧੱਕੇ ਬਾਹਰ ਮਿਲੇ ਢੋਈ ਨਾ।
ਸਾਡਾ ਪਰਦੇਸ਼ੀਆਂ ਦਾ ਦੇਸ਼ ਕੋਈ ਨਾ।
ਅਸੀਂ ਰਹਿ ਗਏ ਬੇਅਣਖ ਕਾਇਰ
ਗਏ ਸੂਰਮੇ ਹਿੰਦ ਦੀ ਜਾਨ ਕਿਥੇ
ਕਾਲਾ ਲੋਕ ਡਰਦੀ ਅੱਜ ਕਹਿਣ ਸਾਨੂੰ
ਗਏ ਹਿੰਦ ਦੇ ਉਹ ਅਦਬੋਂ ਸਾਨ ਲਿਖੇ
ਇਸ ਕਵਿਤਾ ਦੇ ਇਸ ਪੱਖ ਨੂੰ ਜ਼ਿਆਦਾ ਪ੍ਰਮੁਖਤਾ ਦਿੰਦੇ ਹੋਏ ਕਈ ਵਿਦਵਾਨ ਇਹ ਵੀ ਆਖਦੇ ਹਨ ਕਿ ਗ਼ਦਰ ਲਹਿਰ ਦੀ ਕਵਿਤਾ ਵਿਦੇਸ਼ੀ ਪੰਜਾਬੀਆਂ ਦੀ ਗਾਥਾ ਨੂੰ ਬਿਆਨ ਕਰਦੀ ਹੈ। ਇਹ ਮਾਰਕਸਵਾਦੀ ਵਿਚਾਰਧਾਰਿਕ ਪਰਿਪੇਖ ਵਿੱਚ ਪੂਰੀ ਨਹੀਂ ਉਤਰਦੀ। ਪਰ ਅਸੀਂ ਇਸ ਕਵਿਤਾ ਦੇ ਪ੍ਰਮੁਖਤਾ ਨੂੰ ਅਣਗੌਲਿਆ ਨਹੀਂ ਕਰ ਸਕਦੇ। ਇਹ ਕਵਿਤਾ ਇੱਕ ਵਿਦਰੋਹੀ ਸੁਰ ਦੀ ਕਵਿਤਾ ਹੈ।
ਗ਼ਦਰ ਲਹਿਰ ਦੀ ਕਵਿਤਾ ਅਹਿੰਸਾ ਦੇ ਸਿਧਾਂਤ ਨਾਲ ਸਹਿਮਤ ਨਹੀਂ ਹੋਈ। ਇਸ ਨੇ ਬਸਤੀਵਾਦੀ ਦਮਨ ਦੇ ਵਿਰੁੱਧ ਹਥਿਆਰਬੰਦ ਘੋਲ ਦੀ ਹਮਾਇਤ ਕੀਤੀ। ਇਸ ਦਾ ਜ਼ਿਕਰ ਜਿਥੇ ਉਹਨਾਂ ਨੇ ਵਾਰਤਕ ਵਿੱਚ ਦੱਸਿਆ ਉਥੇ ਕਵਿਤਾ ਵਿੱਚ ਵੀ ਇਸ ਦਾ ਪ੍ਰਗਟਾਵਾ ਪ੍ਰਤਖ ਤੌਰ ਤੇ ਕੀਤਾ ਹੈ। ਤਬਦੀਲੀ ਅਤੇ ਅਜ਼ਾਦੀ ਲਈ ਹਥਿਆਰਬੰਦ ਘੋਲ ਅਟੱਲ ਹੈ। ਇਸ ਤੋਂ ਇਨਕਾਰੀ ਕਦੇ ਤਬਦੀਲੀ ਨਹੀਂ ਕਰ ਸਕਦੇ। ਇਸ ਕਵਿਤਾ ਦੀ ਪ੍ਰੇਰਨਾ ਸ੍ਰੋਤ ਸਾਡਾ ਇਤਿਹਾਸਕ ਜੁਝਾਰੂ ਵਿਰਸਾ ਰਿਹਾ ਹੈ। ਇਸ ਲਈ ਇਨਕਲਾਬ ਦਾ ਬੀਜ ਇਨਾਂ ਕਵੀਆਂ ਦੀ ਕਵਿਤਾ ਵਿੱਚੋਂ ਭਲੀ ਭਾਂਤ ਸਾਹਮਣੇ ਆਉਂਦਾ ਹੈ। ਇਨਾਂ ਕਵੀਆਂ ਨੇ ਕਈ ਦੇਸ਼ਾਂ ਵਿੱਚ ਹੋਈਆਂ ਕ੍ਰਾਂਤੀਆਂ ਤੋਂ ਬਹੁਤ ਕੁਝ ਗ੍ਰਹਿਣ ਕੀਤਾ।
ਇਹ ਕਵਿਤਾ ਸਾਮਰਾਜਵਾਦੀਆਂ ਦੇ ਕਿਰਦਾਰ ਦਾ ਪ੍ਰਗਟਾਵਾ ਵਿਚਾਰਧਾਰਿਕ ਪੱਖੋਂ ਤੋਂ ਕਰਨ ਦੀ ਥਾਂ ਆਮ ਲੋਕਾਂ ਤੱਕ ਗੱਲ ਪਹੁੰਚਾਉਣ ਲਈ ਸਧਾਰਨ ਸ਼ਬਦਾਂ ਦੀ ਵਰਤੋਂ ਕਰਦੀ ਰਹੀ ਪਰ ਇਹ ਕਵਿਤਾ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਕਰਨ ਲਈ ਯਤਨਸ਼ੀਲ ਰਹੀ।
ਇਹ ਕਵਿਤਾ ਸਮੂਹਿਕਤਾ ਨੂੰ ਆਪਣੇ ਕਲਾਵੇ ਵਿੱਚ ਸਮੇਟਦੀ ਹੈ। ਇਹ ਕ੍ਰਾਂਤੀ ਰਾਹੀਂ ਜਮਹੂਰੀ ਰਾਜ ਦੀ ਸਥਾਪਨਾ ਲੋਚਦੀ ਹੈ ਜਿਸ ਵਿੱਚ ਆਰਥਿਕ ਬਰਾਬਰੀ ਤੇ ਸਮਾਜਿਕ ਬਰਾਬਰੀ ਦਾ ਸਮਾਜ ਹੋਵੇ। ਸਮਾਜ ਦੇ ਇਸ ਸੁਪਨੇ ਨੂੰ ਸਿਰਜਦੀ ਹੋਈ ਇਹ ਕਵਿਤਾ ਆਸ਼ਾਵਾਦੀ ਦਿ੍ਰਸ਼ਟੀ ਰਾਹੀਂ ਪੇਸ਼ ਹੁੰਦੀ ਹੈ ਤੇ ਉਸ ਸੁਪਨਮਈ ਖੁਸ਼ਹਾਲ ਸਮਾਜ ਦੀ ਤਸਵੀਰ ਯਥਾਰਥਮੁੱਖੀ ਵੇਖਣਾ ਲੋਚਦੀ ਹੈ ਜਿਵੇਂ:-
ਵਿਦਿਆ ਬਥੇਰੀ ਵਧ ਜਾਏਗੀ ਆਜ਼ਾਦੀ ਹੋਇਆ
ਕਿਸੇ ਨਾ ਮਜਾਲ ਫੇਰ ਸਾਨੂ ਅਟਕਾਨ ਦੀ
ਬਸੇ ਰਸੇ ਹਮੇਸਾ ਤਾਂ ਸਾਰਾ ਹੀ ਆਜ਼ਾਦ ਹਿੰਦ
ਹੌਲੀ ਜਦੋਂ ਹੋਈ ਪੰਡ ਟੈਕਸ ਲਗਾਨ ਦੀ।
ਇਸ ਕਵਿਤਾ ਨੇ ਲੋਕ ਸਭਿਆਚਾਰ ਦੀ ਉਸਾਰੀ ਲਈ ਜਿਥੇ ਸਮਾਜਿਕ ਮੁੱਲਾਂ ਦੀ ਪੈਰਵੀ ਕੀਤੀ ਉਥੋਂ ਫਿਰਕੂ ਫਸਾਦਾਂ ਤੋਂ ਉੱਪਰ ਉੱਠ ਕੇ ਬਰਾਬਰੀ ਧਰਮ ਨਿਰਪੱਖਤਾ ਤੇ ਭਾਈਵਾਲਤਾ ਦਾ ਸੁਨੇਹਾ ਦਿੰਦੀ ਰਹੀ। ਇਸ ਕਵਿਤਾ ਕੋਲ ਸੋਝੀ ਸੀ ਕਿ ਕਿਵੇਂ ਅੰਗਰੇਜ਼ ਆਪਣੇ ਵਿਰੁੱਧ ਉੱਠ ਰਹੀ ਲਹਿਰ ਨੂੰ ਕੁਚਲਣ ਲਈ ਫਿਰਕੂ ਫ਼ਸਾਦਾ ਨੂੰ ਬੜਾਵਾ ਦਿੰਦੇ ਰਹੇ ਤੇ ਹਿੰਦੂ ਸਿੱਖ ਮੁਸਲਮਾਨਾਂ ਵਿੱਚ ਵੰਡ ਪਾਉਂਦੇ ਰਹੇ। ਇਸ ਕਵਿਤਾ ਵਿੱਚ ਅਜਿਹਾ ਪੱਖ ਰੂਪਮਾਨ ਹੋਇਆ ਹੈ ਜੋ ਭਾਰਤੀਆਂ ਨੂੰ ਚੇਤੰਨ ਵੀ ਕਰਦਾ ਹੈ।
ਜ਼ਾਲਮ ਕੌਮ ਅੰਗਰੇਜ਼ ਬੜੀ ਭੈੜੀ
ਇਹਨਾਂ ਲੁੱਟ ਖਾਧਾ ਹਿੰਦੁਸਤਾਨ ਵੀਰੋ।
ਮਜ੍ਹਬੀ ਝਗੜਿਆਂ ਤੇ ਤੁਸਾਂ ਜੋਰ ਪਾਇਆ।
ਕੀਤਾ ਮੁਲਕ ਦਾ ਨਹੀਂ ਧਿਆਨ ਵੀਰੋ
ਥੋਨੂੰ ਭੋਲਿਓ ਖ਼ਬਰ ਨਾ ਮੂਲ ਲੱਗੀ
ਝਗੜ ਘੱਤਿਆ ਵੇਦ ਕੁਰਾਨ ਵੀਰੋ।
ਦੇਸ਼ ਪਟਿਆ ਤੁਸਾਂ ਦੇ ਝਗੜਿਆਂ ਨੇ
ਤੁਸੀ. ਸਮਝਦੇ ਨਹੀਂ ਨਾਦਾਨ ਵੀਰੋ।
ਇਹ ਗ਼ਦਰੀਆਂ ਦੀ ਸਮਝ ਦਾ ਮਾਮਲਾ ਸੀ ਕਿ ਉਨਾਂ ਨੇ ਗ਼ਦਰ ਦਾ ਪ੍ਰੋਗ੍ਰਾਮ ਕੌਮੀ ਤੇ ਕੌਮਾਂਤਰੀ ਹਾਲਤਾਂ ਦਾ ਵਿਸ਼ਲੇਸ਼ਣ ਕਰਕੇ ਬਣਾਇਆ। ਉਨਾਂ ਪਹਿਲੇ ਸੰਸਾਰ ਯੁੱਧ ਵਿੱਚ ਅੰਗਰੇਜਾਂ ਦੇ ਫਸੇ ਹੋਣ ਦਾ ਲਾਭ ਉਠਾ ਕੇ ਗ਼ਦਰ ਮਚਾਉਣ ਦਾ ਫੈਸਲਾ ਲਿਆ। ਗ਼ਦਰੀ ਬਾਬੇ ਇਹ ਸਮਝਦੇ ਸਨ ਕਿ ਅੰਗਰੇਜ ਸਾਮਰਾਜੀ ਇਸ ਯੁੱਧ ਵਿੱਚ ਉਲਝ ਜਾਣਗੇ। ਉਹ ਭਾਰਤ ਤੇ ਧਿਆਨ ਕੇਂਦਰਿਤ ਨਹੀਂ ਕਰ ਸਕਣਗੇ। ਦੂਜਾ ਉਨਾਂ ਨੂੰ ਅੰਗਰੇਜਾਂ ਦੀ ਲੁੱਟ ਖਿਲਾਫ਼ ਵੀ ਗੁੱਸਾ ਸੀ। ਇਹ ਮੌਕਾ ਗ਼ਦਰੀਆਂ ਲਈ ਅੰਗਰੇਜਾਂ ਨੂੰ ਹਰਾਉਣ ਦਾ ਸਹੀ ਮੌਕਾ ਸੀ। ਇਹ ਸੱਚ ਇਸ ਕਵਿਤਾ ਵਿੱਚ ਵੀ ਉਭਰਿਆ ਹੈ।
ਦੁਸ਼ਮਣ ਸਾਡਾ ਯੂਰਪ ਦੇ ਵਿੱਚ ਫਸਿਆ ਫਾਹੀ ਡਾਢੀ ਹੈ।
ਜਰਮਨ ਸ਼ੇਰ ਖੜਾ ਹੈ ਘੇਰੀ, ਹੁਣ ਤਾਂ ਢਿੱਲ ਅਸਾਡੀ ਹੈ।
ਛੇਤੀ ਹਿੰਮਤ ਕਰੋਂ ਹਿੰਦੀਓ ਹੁਣ ਤਾਂ ਕਸਰ ਤੁਸਾਡੀ ਹੈ।
ਇਸ ਕਵਿਤਾ ਨੇ ਸੀਮਤ ਰਾਸ਼ਟਰਵਾਦ ਦੀ ਥਾਂ ਅੰਤਰ ਰਾਸ਼ਟਰਵਾਦ ਦੀ ਗੱਲ ਵੀ ਕੀਤੀ ਇਹ ਮਨੁੱਖਤਾ ਦੀ ਮੁਕਤੀ ਲੋਚਦੀ ਸੀ। ਇਸ ਲਈ ਇਸ ਕਵਿਤਾ ਦੀ ਰੰਗਤ ਅਗਾਂਹਵਧੂ, ਲੋਕ ਪੱਖੀ ਸੀ। ਇਸ ਕਵਿਤਾ ਨੇ ਸਮਾਜਿਕ ਕਰੁਤੀਆਂ ਦਾ ਖੰਡਨ, ਧਰਮ ਨਿਰਪਖਤਾ ਤੇ ਸਾਂਝੀਵਾਲਤਾ ਦਾ ਪ੍ਰਚਾਰ, ਸਾਮਰਾਜ ਅਤੇ ਸਾਮੰਤੀ ਦਮਨ ਦਾ ਵਿਰੋਧ ਕੀਤਾ।
ਪੰਜਾਬੀ ਕਵਿਤਾ ਵਿੱਚ ਪਹਿਲੀ ਵਾਰੀ ਸਿਧਾਂਤਕ ਸ਼ਬਦਾਂ ਦੀ ਵਰਤੋ. ਗ਼ਦਰ ਲਹਿਰ ਦੀ ਕਵਿਤਾ ਵਿੱਚ ਹੋਈ ਜਿਵੇਂ ਗਦਰੀ, ਗੁਰੀਲਾ ਯੁੱਧ, ਡੈਪੂਟੇਸ਼ਨ, ਕੰਪਨੀ, ਡਾਲਰ ਆਦਿ ਇਸ ਕਵਿਤਾਂ ਵਿੱਚ ਸਾਮਰਾਜੀਆਂ ਨੂੰ ਵੀ ਨਾਵਾਂ ਨਾਲ ਪੁਕਾਰਿਆ ਗਿਆ। ਜਿਵੇਂ ਬਾਂਦਰ, ਗਿੱਦੜ, ਸੱਪ, ਕਾਂ, ਭੂਰਾ ਰਿੱਛ ਆਦਿ। ਇਸ ਤਰ੍ਹਾਂ ਅੰਗਰੇਜ ਪਿੱਠੂਆਂ ਨੂੰ ਸਾਲੇ, ਕੁੱਤੇ ਆਦਿ ਤਲਖ਼ੀ ਭਰੇ ਸ਼ਬਦਾਂ ਨਾਲ ਸੰਬੋਧਨ ਕੀਤਾ ਗਿਆ ਜਿਵੇਂ_
ਅਸਾਂ ਵਿੱਚ ਕਈ ਕੁੱਤੇ ਸਰਕਾਰ ਦੇ
ਆਪੋਂ ਵਿਚੀ ਸਾਨੂੰ ਜੋ ਲੜਾ ਕੇ ਮਾਰਦੇ
ਪਹਿਲਾਂ ਤੁਸੀ. ਏਹਨਾਂ ਦੀਆਂ ਪਾ ਲੈ ਵੰਡੀਆਂ।
ਖਾ ਲਿਆ ਹੈ ਦੇਸ਼ ਲੁੱਟ ਕੇ ਫਰੰਗੀਆਂ।
ਇਸ ਕਵਿਤਾ ਵਿੱਚ ਵਿਚਾਰਾਂ, ਸੰਵੇਦਨਾਵਾਂ ਤੇ ਭਾਵਨਾਵਾਂ ਦਾ ਪ੍ਰਗਟਾਅ ਕਰਨ ਲਈ ਕਵੀਆਂ ਦੀ ਕਾਵਿ ਸ਼ੈਲੀ ਦੀ ਵੰਨ ਸਵੰਨਤਾ ਵੇਖੀ ਜਾ ਸਕਦੀ ਹੈ। ਅਸਲ ਵਿੱਚ ਇਹ ਕਵਿਤਾ ਗ਼ਦਰ ਲਹਿਰ ਦੇ ਲਈ ਮੌਕੇ ਦਾ ਹਥਿਆਰ ਸੀ। ਜਿਸ ਨੇ ਲੋਕਾਂ ਨੂੰ ਅੰਗਰੇਜਾਂ ਵਿਰੁੱਧ ਬਗ਼ਾਵਤ ਕਰਨ ਲਈ ਪ੍ਰੇਰਨਾ ਦਿੱਤੀ। ਇਹ ਕਵਿਤਾ ਹੀ ਪ੍ਰਗਤੀਵਾਦੀ ਤੇ ਜੁਝਾਰਵਾਦੀ ਕਵਿਤਾ ਲਈ ਪਿੱਠਭੂਮੀ ਤਿਆਰ ਕਰਦੀ ਹੈ। ਅਸਲ ਵਿੱਚ ਯਥਾਰਥ, ਸੁਪਨੇ ਤੇ ਸੰਘਰਸ਼ ਦੀ ਕੜੀ ਨੂੰ ਨਿਭਾਉਂਦੀ ਇਹ ਕਵਿਤਾ ਸੰਕਟ, ਘੋਲ ਤੇ ਕੁਰਬਾਨੀ ਦਾ ਸੁਮੇਲ ਹੋ ਨਿਬੜਦੀ ਹੈ। ਇਹ ਕਵਿਤਾ ਸਾਨੂੰ ਹਲੂਣਦੀ ਹੈ ਤੇ ਪ੍ਰੇਰਦੀ ਵੀ ਹੈ।
ਹਿੰਦ ਵਾਸੀਓ ਰੱਖਣਾ ਯਾਦ ਸਾਨੂੰ
ਕਿਤੇ ਦਿਲਾਂ ਤੋਂ ਨਾਂ ਭੁਲਾ ਜਾਣਾ।
ਖਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫ਼ਾਸੀ
ਸਾਨੂੰ ਦੇਖ ਕੇ ਨਾਂ ਘਬਰਾ ਜਾਣਾ
ਪਿਆਰੇ ਵੀਰਨੋ ਚਲੇ ਹਾਂ ਅਸੀਂ ਜਿਥੇ
ਉਸ ਰਸਤੇ ਤੁਸੀਂ ਵੀ ਆ ਜਾਣਾ।
ਗ਼ਦਰ ਸਾਹਿਤ ਪੰਜਾਬੀ ਸਾਹਿਤ ਦਾ ਵਡਮੁੱਲਾ ਖ਼ਜਾਨਾ ਹੈ। ਅੱਜ ਵੀ ਗ਼ਦਰ ਪਾਰਟੀ ਤੇ ਗ਼ਦਰ ਸਾਹਿਤ ਦੀ ਸਾਰਥਕਤਾ ਉਸੇ ਤਰਾਂ ਹੀ ਬਰਕਰਾਰ ਹੈ। ਜਦੋਂ ਗਦਰ ਪਾਰਟੀ ਬਣੀ ਉਸ ਸਮੇਂ ਦੇ ਤੇ ਅੱਜ ਦੇ ਹਾਲਤਾਂ ਵਿੱਚ ਬਹੁਤ ਕੁਝ ਆਪਸ ਵਿੱਚ ਮਿਲਦਾ ਹੈ। ਅੱਜ ਵੀ ਸਾਮਰਾਜੀਆਂ ਤੇ ਪਿਛਾਂਹ ਖਿਚੂ ਸ਼ਕਤੀਆਂ ਦਾ ਬੋਲਬਾਲਾ ਲਗਾਤਾਰ ਵਧ ਰਿਹਾ ਹੈ। ਇਕ ਪਾਸੇ ਲੁਟ-ਖਸੁੱਟ ਦਾ ਵਧਣਾ ਤੇ ਦੂਜੇ ਪਾਸੇ ਲੋਕ-ਘੋਲਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਜਿਸ ਗੁਲਾਮੀ ਵਿਰੁੱਧ ਗ਼ਦਰੀ ਜੂਝਦੇ ਰਹੇ ਉਹੀ ਗੁਲਾਮੀ ਅੱਜ ਤੀਸਰੀ ਮੁਲਕ ਦੇ ਲੋਕਾਂ ਨੂੰ ਆਪਣੇ ਕਲਾਵੇ ਵਿੱਚ ਲੈ ਰਹੀ ਹੈ ਦੂਜੇ ਪਾਸੇ ਅੱਜ ਕੱਲ੍ਹ ਸਾਮਰਾਜੀ ਦੇਸ਼ਾਂ ਦੇ ਹਾਕਮਾਂ ਨੇ ਸੰਘਰਸ਼ਕਾਰੀਆਂ ਉੱਪਰ ਹਮਲੇ ਵੀ ਤਿੱਖੇ ਕਰ ਦਿੱਤੇ ਹਨ। ਗ਼ਦਰ ਪਾਰਟੀ ਭਾਰਤ ਨੂੰ ਸਾਮਰਾਜੀਆਂ ਤੋਂ ਮੁਕਤ ਕਰਾਉਣ ਤੱਕ ਸੀਮਤ ਨਹੀਂ ਸੀ ਉਹ ਲੁਟ ਰਹਿਤ ਬਰਾਬਰੀ ਵਾਲਾ ਸਮਾਜ ਸਿਰਜਨ ਦਾ ਸੁਪਨਾ ਲੈਂਦੀ ਰਹੀ। ਅੱਜ ਲੁੱਟ ਰਹਿਤ ਸਮਾਜ ਨਹੀਂ ਲੁੱਟ ਸਹਿਤ ਸਮਾਜ ਨਜ਼ਰ ਆਉਂਦਾ ਹੈ। ਦੇਸ਼ ਦੇ ਹਾਕਮਾਂ ਵੱਲੋਂ ਥੋਪੀਆਂ ਜਾਂ ਰਹੀਆਂ ਆਰਥਿਕ ਨੀਤੀਆਂ ਨੇ ਲੋਕ ਵਿਰੋਧੀ ਸਾਬਤ ਹੋ ਰਹੀਆਂ ਹਨ। ਜਿਸ ਹਾਲਤ ਵਿੱਚੋਂ ਗ਼ਦਰੀ ਦੇਸ ਤੋਂ ਬਾਹਰ ਗਏ ਸਨ- ਉਹੀ ਹਾਲਾਤ ਅੱਜ ਹਨ- ਉਸ ਵੇਲੇ ਵੀ ਕਰਜ਼ਦਾਰੀ ਤੇ ਬੇਰੁਜਗਾਰੀ ਮੁਲਕ ਵਿੱਚ ਫੈਲੀ ਜਾ ਰਹੀ ਸੀ। ਲੋਕ ਆਪਣੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਤੋਂ ਵੀ ਵਾਂਝੇ ਸਨ। ਅੱਜ ਵੀ ਦੇਸ਼ ਵਿੱਚ ਕਰਜ਼ੇ ਹੇਠ ਦੱਬੀ ਕਿਰਸਾਨੀ ਖੁਦਕਸ਼ੀਆਂ ਕਰ ਰਹੀ ਹੈ। ਲੱਖਾਂ ਨੌਜਵਾਨ ਆਪਣੀਆਂ ਡਿਗਰੀਆਂ ਚੁੱਕ ਕੇ ਸੜਕਾਂ ਤੇ ਪੁਲੀਸ ਦੀਆਂ ਲਾਠੀਆਂ ਖਾਣ ਨੂੰ ਮਜ਼ਬੂਰ ਹਨ। ਜਾਂ ਵਿਦੇਸ਼ਾਂ ਵਿੱਚ ਰੁਜ਼ਗਾਰ ਪ੍ਰਾਪਤ ਕਰਨ ਦੀ ਤਾਂਘ ਵਿੱਚ ਏਜੰਟਾਂ ਦੇ ਢਹੇ ਚੜ੍ਹ ਕੇ ਬਰਬਾਦ ਹੋ ਰਹੇ ਹਨ। ਦੇਸ਼ ਵਿੱਚ ਗਰੀਬੀ, ਭੁਖਮਰੀ ਤੇ ਹੋਰ ਕਈ ਬੀਮਾਰੀਆਂ ਵਧ ਰਹੀਆਂ ਹਨ। ਨਿਜੀਕਰਨ ਕਰਕੇ ਸਿਹਤ ਸੇਵਾਵਾਂ ਤੇ ਸਿੱਖਿਆ ਲੋਕਾਂ ਤੋਂ ਦੂਰ ਹੋ ਰਹੀ ਹੈ। ਦੇਸ਼ ਵਿੱਚ ਅਨੈਤਿਕਤਾ ਫੈਲਾਈ ਜਾ ਰਹੀ ਹੈ। ਔਰਤ ਦੀ ਸਥਿਤੀ ਦਿਨੋ-ਦਿਨ ਤਰਸਮਈ ਹੋ ਰਹੀ ਹੈ। ਜਾਤ-ਪਾਤ ਤੇ ਧਰਮ ਦੀ ਜਕੜ ਹੋਰ ਪੀਡੀ ਹੋ ਰਹੀ ਹੈ- ਜਿਸ ਵਿਰੁੱਧ ਗ਼ਦਰੀਆਂ ਨੇ ਆਵਾਜ ਉਠਾਈ ਸੀ। ਉਹੀ ਕੁਝ ਅੱਜ ਵੀ ਬਰਕਰਾਰ ਹੈ।
ਅੱਜ ਲਿਖਿਆ ਜਾ ਰਿਹਾ ਬਹੁਤਾ ਸਾਹਿਤ ਸਮਾਜਿਕ ਸਰੋਕਾਰਾਂ ਤੋਂ ਟੁੱਟ ਰਿਹਾ ਹੈ- ਲੋਕਾਂ ਦੇ ਮਸਲੇ ਜ਼ਿਆਦਾਤਰ ਸਾਹਿਤ ਵਿੱਚੋਂ ਮਨਫ਼ੀ ਹਨ। ਸਾਹਿਤਕਾਰ ਦਾ ਜੋ ਕਰਮ ਗ਼ਦਰੀ ਬਾਬੇ ਸਮਝਦੇ ਸਨ- ਉਸ ਭਾਵਨਾ ਦੇ ਬਹੁਤੇ ਸਾਹਿਤਕਾਰ ਨਿਗੂਣੇ ਹਨ। ਆਪਣੀ ਸਥਾਪਤੀ ਪਿਛੇ ਭੱਜ ਕੇ ਜਿਆਦਾਤਰ ਸਾਹਿਤਕਾਰ ਲੋਕ-ਪੱਖੀ ਸਾਹਿਤ ਲਿਖਣ ਤੋਂ ਗੁਰੇਜ ਕਰ ਰਹੇ ਹਨ। ਇਸ ਲਈ ਅੱਜ ਦਾ ਆਪਣਾ ਸਾਹਿਤ ਪ੍ਰਭਾਵ ਲੋਕਾਂ ਉੱਪਰ ਬਹੁਤ ਘੱਟ ਪਾ ਰਿਹਾ ਹੈ- ਕਿਉਂਕਿ ਸਾਹਿਤ ਲਿਖਣ ਦਾ ਮਕਸਦ ਬਹੁਤਾ ਲੇਖਕ ਵਰਗ ਆਪੇ ਤੇ ਕੇਂਦਰਿਤ ਕਰ ਰਿਹਾ ਹੈ। ਜਿਸ ਵਿੱਚੋਂ ਕਿਧਰੇ ਨਾ ਕਿਧਰੇ ਉਹ ਸਥਾਪਤੀ ਦੇ ਹੱਕ ਵਿੱਚ ਭੁਗਤ ਰਿਹਾ ਹੈ। ਇਹ ਗੱਲ ਸੁਰੂ ਤੋਂ ਹੀ ਰਹੀ ਹੈ। ਇਕ ਸਾਹਿਤ ਲੋਕ-ਪੱਖੀ ਹੁੰਦਾ ਹੈ ਤੇ ਦੂਜਾ ਸਥਾਪਤੀ ਪੱਖੀ ਲਿਖਿਆ ਜਾਂਦਾ ਹੈ। ਤੁਸੀਂ ਕਿਸ ਗੱਲ ਵੱਲ ਪੈਰਵੀ ਕਰਦੇ ਹੋ- ਇਸ ਰਾਹੀਂ ਹੀ ਤੁਹਾਡੀ ਦਿ੍ਰਸ਼ਟੀ ਪ੍ਰਗਟਦੀ ਹੈ। ਗ਼ਦਰੀਆਂ ਨੇ ਸੱਪਸ਼ਟ ਕੀਤਾ ਕਿ ਜੋ ਸਾਹਿਤ ਸੱਤਾ ਪੱਖੀ ਲਿਖਿਆ ਜਾਂਦਾ ਹੈ। ਸੱਤਾ ਉਸ ਸਾਹਿਤਕਾਰ ਨੂੰ ਮਾਨ ਸਨਮਾਨਾਂ ਰਾਹੀਂ ਸਥਾਪਤ ਕਰਦੀ ਹੈ ਕਿਉਂਕਿ ਇਸ ਸਥਾਪਤੀ ਦੇ ਸਾਹਿਤ ਰਾਹੀਂ ਸੱਤਾ ਦੀਆਂ ਕੰਮਜ਼ੋਰੀਆਂ ਨੂੰ ਲਕੋਇਆ ਜਾਂਦਾ ਹੈ- ਪਰ ਅਸਲ ਵਿੱਚ ਗ਼ਦਰੀ ਸਾਹਿਤਕਾਰ ਉਸ ਨੂੰ ਕਹਿੰਦੇ ਹਨ- ਜੋ ਹੱਕ ਤੇ ਸੱਚ ਦੀ ਗੱਲ ਕਰਦਾ ਹੋਇਆ ਲੋਕ ਪੱਖੀ ਹੋਵੇ ਤੇ ਬੇਝਿਜਕ ਤੇ ਨਿਡਰ ਹੋਕੇ ਆਪਣੀ ਗਲ ਲੋਕਾਂ ਵਿੱਚ ਰੱਖੇ। ਇਸ ਲਈ ਗ਼ਦਰੀਆਂ ਨੇ ਠੀਕ ਹੀ ਕਿਹਾ ਹੈ ਜੋ ਰਾਵਿੰਦਰ ਨਾਥ ਟੈਗੋਰ ਨੂੰ ਨੋਬਲ ਪੁਰਸਕਾਰ ਮਿਲਣ ਤੇ ਵਾਰਤਕ ਦੇ ਪੰਨਾ 359 ਤੇ ਲਿਖਿਆ ਹੈ ਕਿ ‘‘ਟੈਗੋਰ ਨੇ ਅੰਗਰੇਜ਼ਾਂ ਦੀਆਂ ਗੱਲਾਂ ’ਚ ਆਕੇ ਅੰਗਰੇਜ਼ਾਂ ਖਿਲਾਫ਼ ਲਿਖਣਾ ਬੰਦ ਕਰ ਤਾ ਅਤੇ ਅੰਗਰੇਜ਼ੀ ਸਰਕਾਰ ਦੀ ਸਿਫ਼ਾਰਿਸ਼ ਨਾਲ ਟੈਗੋਰ ਨੂੰ ਨੋਬਲ ਪੁਰਸਕਾਰ ਮਿਲਿਆ। ਇਸ ਦਾ ਮਤਲਬ ਇਹ ਨਹੀਂ ਕਿ ਟੈਗੋਰ ਨੋਬਲ ਪੁਰਸਕਾਰ ਦੇ ਲਾਇਕ ਨਹੀਂ ਸੀ ਪਰ ਇਹ ਗੱਲ ਵੀ ਠੀਕ ਹੈ ਕਿ ਜੇ ਅੰਗਰੇਜੀ ਸਰਕਾਰ ਰਾਜ਼ੀ ਨਾ ਹੁੰਦੀ ਤਾਂ ਉਸ ਨੂੰ ਨੋਬਲ ਪੁਰਸਕਾਰ ਨਾ ਮਿਲਦਾ।”
ਇਸ ਸਭ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਅੱਜ ਵੀ ਗ਼ਦਰ ਪਾਰਟੀ ਦੇ ਉਦੇਸ਼ ਸਾਰਥਕ ਹਨ। ਅੱਜ ਵੀ ਸਾਮਰਾਜੀ ਲੁੱਟ ਪੂਰੇ ਸਿਖਰ ਤੇ ਹੈ ਅਤੇ ਗ਼ਦਰੀਆਂ ਦੀ ਸਾਮਰਾਜ ਖਿਲਾਫ਼ ਇਤਿਹਾਸਕ ਲੜਾਈ ਅੱਜ ਵੀ ਸਾਡਾ ਮਾਰਗ ਦਰਸ਼ਨ ਕਰਦੀ ਹੈ। ਕਿਸ਼ਾਨਾਂ ਦੀਆਂ ਖੁਦਕਸ਼ੀਆਂ, ਭੁਖਮਰੀ, ਬੇਰੁਜ਼ਗਾਰੀ, ਜਵਾਨੀ ਦਾ ਨਸ਼ਿਆਂ ਵਿੱਚ ਗਰਕਨਾ, ਫਿਰਕੂ ਫ਼ਸਾਦਾਂ ਵਿੱਚ ਲੋਕਾਂ ਦਾ ਮਾਰਨਾ, ਔਰਤ ਤੇ ਮਰਦ ਨਾਲ ਹੋ ਰਹੇ ਆਰਥਿਕ ਸਮਾਜਿਕ ਵਿਤਕਰੇ ਵਾਲਾ ਸਮਾਜ ਗ਼ਦਰੀਆਂ ਦਾ ਸੁਪਨਾ ਨਹੀਂ ਸੀ। ਇਸ ਲੁੱਟ ਦਾ ਪ੍ਰਗਟਾਵਾ ਸਾਹਿਤ ਵਿਚੋਂ ਭਲੀ ਭਾਂਤ ਨਜ਼ਰ ਆਉਣਾ ਚਾਹੀਦਾ ਹੈ ਇਹ ਪ੍ਰੇਰਨਾ ਸਾਨੂੰ ਗ਼ਦਰ ਸਾਹਿਤ ਤੋਂ ਮਿਲਦੀ ਹੈ।
ਗ਼ਦਰ ਲਹਿਰ ਸਾਮਰਾਜ ਵਿਰੁੱਧ ਲੋਕ ਵਿਦਰੋਹ ਦੀ ਅਮੀਰ ਵਿਰਾਸਤ ਹੀ ਨਹੀਂ ਸਗੋਂ ਇਹ ਸਾਡਾ ਵਰਤਮਾਨ ਅਤੇ ਭਵਿੱਖ ਵੀ ਹੈ। ਗ਼ਦਰੀ ਲਹਿਰ ਨੇ ਤਿਆਗ, ਮਾਨਵਤਾ ਬਹਾਦਰੀ ਅਜਿਹੇ ਹੋਰ ਗੁਣ ਇਤਿਹਾਸ ਦੇ ਵਿਸ਼ਾਲ ਕੈਨਵਸ ਤੇ ਉਕਰੇ ਹਨ- ਜਿਨਾਂ ਦਾ ਭੰਡਾਰ ਅਸੀਂ ਆਪਣੇ ਗ਼ਦਰ ਲਹਿਰ ਦੇ ਸਾਹਿਤ ਰਾਹੀਂ ਚੰਗੀ ਤਰਾਂ ਜਾਣ ਸਕਦੇ ਹਾਂ। ਇਸ ਲਹਿਰ ਦੀ ਪ੍ਰਸੰਗਿਕਤਾ ਅੱਜ ਦੇ ਦੌਰ ਵਿੱਚ ਵੀ ਹੈ, ਆਓ ਇਸ ਤੋਂ ਸਬਕ ਲੈ ਕੇ ਆਪਣੀ ਲਿਖਤ ਵਿੱਚ ਪ੍ਰੱਪਕਤਾ ਲਿਆਉਣ ਦੀ ਕੌਸ਼ਿਸ਼ ਕਰੀਏ।
ਡਾ. ਅਰਵਿੰਦਰ ਕੌਰ ਕਾਕੜਾ
94636-15536
  

No comments: