Sunday, September 09, 2018

'ਹਰ ਘਰ ਪੋਸ਼ਣ ਤਿਉਹਾਰ' ਸੰਬੰਧੀ ਸਮਾਗਮ ਦਾ ਆਯੋਜਨ

Sun, Sep 9, 2018 at 4:48 PM
ਔਰਤਾਂ/ਬੱਚਿਆਂ ਨੂੰ ਸਿਹਤ ਸੰਬੰਧੀ ਕਮੀਆਂ ਪੇਸ਼ੀਆਂ ਤੋਂ ਬਚਾਉਣਾ ਮੁੱਖ ਮੰਤਵ
ਲੁਧਿਆਣਾ: 9 ਸਤੰਬਰ  2018: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸਤੰਬਰ ਦਾ ਪੂਰਾ ਮਹੀਨਾ 'ਹਰ ਘਰ ਪੋਸ਼ਣ ਤਿਉਹਾਰ' ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਇੱਕ ਸਮਾਗਮ ਦਾ ਆਯੋਜਨ ਸਥਾਨਕ ਸ਼ਿਮਲਾਪੁਰੀ ਵਿਖੇ ਕੀਤਾ ਗਿਆ, ਜਿਸ ਵਿੱਚ ਸ੍ਰ. ਗੁਰਚਰਨ ਸਿੰਘ ਜ਼ਿਲਾ ਪ੍ਰੋਗਰਾਮ ਅਫ਼ਸਰ (ਤਾਇਨਾਤੀ ਅਧੀਨ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਸਤਿੰਦਰ ਕੌਰ, ਹੋਰ ਮੁਲਾਜ਼ਮਾਂ, ਗਰਭਵਤੀ ਔਰਤਾਂ ਅਤੇ ਹੋਰ ਧਿਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। 
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ. ਗੁਰਚਰਨ ਸਿੰਘ ਨੇ 'ਹਰ ਘਰ ਪੋਸ਼ਣ ਤਿਉਹਾਰ' ਰਾਹੀਂ ਉਲੀਕੀਆਂ ਗਈਆਂ ਗਤੀਵਿਧੀਆਂ ਅਤੇ ਮੰਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਪੋਸ਼ਣ ਸੰਬੰਧੀ ਘਰ-ਘਰ ਜਾ ਕੇ ਸਾਰੇ ਵਿਭਾਗਾਂ ਦੇ ਤਾਲਮੇਲ ਨਾਲ ਜਾਗਰੂਕਤਾ ਦੇ ਕੇ ਔਰਤਾਂ ਅਤੇ ਬੱਚਿਆਂ ਨੂੰ ਕੁਪੋਸ਼ਣ ਅਤੇ ਹੋਰ ਕਮੀਆਂ ਪੇਸ਼ੀਆਂ ਤੋਂ ਬਚਾਉਣਾ ਹੈ। 
ਡਾ. ਸਤਿੰਦਰ ਕੌਰ ਨੇ ਬੱਚਿਆਂ ਨੂੰ ਹਰ ਛੇ ਮਹੀਨੇ ਬਾਅਦ ਪੇਟ ਦੇ ਕੀੜੇ ਮਾਰਨ ਵਾਲੀਆਂ ਗੋਲੀਆਂ ਦੇਣ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਜੱਚਾ ਬੱਚਾ ਸਿਹਤ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਿਭਾਗ ਦੀਆਂ ਆਂਗਣਵਾੜੀ ਵਰਕਰਾਂ ਵੱਲੋਂ ਵੱਖ-ਵੱਖ ਤਰਾਂ ਦੇ ਪਕਵਾਨ ਤਿਆਰ ਕਰਕੇ ਪ੍ਰਦਰਸ਼ਨੀ ਵੀ ਲਗਾਈ ਗਈ ਤਾਂ ਜੋ ਹੋਰ ਔਰਤਾਂ ਨੂੰ ਜਾਗਰੂਕ ਕੀਤਾ ਜਾ ਸਕੇ। ਇਸ ਮੌਕੇ ਇੱਕ ਪੋਸ਼ਣ ਰੈਲੀ ਵੀ ਕੱਢੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਔਰਤਾਂ ਨੇ ਭਾਗ ਲਿਆ। ਇਸ ਮੌਕੇ ਹੈਲਦੀ ਬੇਬੀ ਜੇਤੂ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ। ਸ੍ਰੀਮਤੀ ਪਰਮਜੀਤ ਕੌਰ ਸੁਪਰਵਾਈਜ਼ਰ ਨੇ ਸਾਰਿਆਂ ਦਾ ਧੰਨਵਾਦ ਕੀਤਾ। 

No comments: