Sunday, September 09, 2018

ਸਾਫ਼ ਹਵਾ ਅਤੇ ਸ਼ੁੱਧ ਪੌਣ ਪਾਣੀ 'ਤੇ ਸਾਰਿਆਂ ਦਾ ਬਰਾਬਰ ਹੱਕ-ਕਾਹਨ ਸਿੰਘ ਪੰਨੂੰ

Sun, Sep 9, 2018 at 3:13 PM
ਪਰਾਲੀ ਨਾ ਸਾੜਨ ਅਤੇ ਦੀਵਾਲੀ ਮੌਕੇ ਪਟਾਕੇ ਨਾ ਚਲਾਉਣ ਦੀ ਅਪੀਲ
-ਲੁਧਿਆਣਾ ਵਿਖੇ 'ਪ੍ਰਦੂਸ਼ਣ ਰਹਿਤ ਦਿਵਾਲੀ ਅਤੇ ਪਰਾਲੀ ਸੰਭਾਲ ਚਿੰਤਨ' ਵਿਸ਼ੇ 'ਤੇ ਸਮਾਗਮ

-ਵਿਸ਼ਵ ਵਿੱਚ ਸਾਲਾਨਾ 70 ਲੱਖ ਤੋਂ ਵਧੇਰੇ ਮੌਤਾਂ ਸਿਰਫ਼ ਹਵਾ ਪ੍ਰਦੂਸ਼ਣ ਨਾਲ ਹੀ ਹੋ ਰਹੀਆਂ
-ਕਾਹਨ ਸਿੰਘ ਪੰਨੂੰ ਦਾ ਸਨਮਾਨ ਕਰਨ ਲਈ ਰਾਮੂੰਵਾਲੀਆ ਵਿਸ਼ੇਸ਼ ਤੌਰ 'ਤੇ ਪਹੁੰਚੇ
-ਪਰਾਲੀ ਸੰਭਾਲ ਲਈ ਸੂਬੇ ਭਰ ਵਿੱਚ 400 ਬਾਇਓਗੈਸ ਪਲਾਂਟ ਲਗਾਏ ਜਾ ਰਹੇ
-ਪਿਛਲੇ ਸਾਲ ਝੋਨੇ ਦੀ ਪਰਾਲੀ 40 ਫੀਸਦੀ ਅਤੇ ਕਣਕ ਦਾ ਨਾੜ 55 ਫੀਸਦੀ ਘੱਟ ਸਾੜਿਆ-ਡਿਪਟੀ ਕਮਿਸ਼ਨਰ

ਲੁਧਿਆਣਾ: 9 ਸਤੰਬਰ 2018: (ਪੰਜਾਬ ਸਕਰੀਨ ਬਿਊਰੋ)::
ਖੁਰਾਕ ਅਤੇ ਡਰੱਗਜ਼ ਪ੍ਰਸਾਸ਼ਨ ਦੇ ਕਮਿਸ਼ਨਰ ਅਤੇ ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਸ੍ਰ. ਕਾਹਨ ਸਿੰਘ ਪੰਨੂੰ ਨੇ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਅਤੇ ਦੀਵਾਲੀ ਆਦਿ ਤਿਉਹਾਰਾਂ 'ਤੇ ਪਟਾਕੇ ਚਲਾਉਣ ਵਾਲੇ ਲੋਕਾਂ ਨੂੰ ਨਸੀਹਤ ਦਿੱਤੀ ਹੈ ਕਿ ਸਾਫ਼ ਹਵਾ ਅਤੇ ਸ਼ੁੱਧ ਪੌਣ ਪਾਣੀ 'ਤੇ ਸਾਰਿਆਂ ਦਾ ਬਰਾਬਰ ਹੱਕ ਹੈ, ਇਸ ਲਈ ਨਿੱਜੀ ਫਾਇਦੇ ਅਤੇ ਮਨੋਰੰਜਨ ਲਈ ਇਹਨਾਂ ਨੂੰ ਪਲੀਤ ਨਾ ਕੀਤਾ ਜਾਵੇ। ਉਹ ਅੱਜ ਸਥਾਨਕ ਬਚਤ ਭਵਨ ਵਿਖੇ ਗੈਰ ਸਰਕਾਰੀ ਸੰਸਥਾਵਾਂ 'ਈਕੋਸਿੱਘ' ਅਤੇ 'ਆਈ ਐੱਮ ਐਨ ਐੱਨ ਜੀ ਓ' ਵੱਲੋਂ 'ਪ੍ਰਦੂਸ਼ਣ ਰਹਿਤ ਦਿਵਾਲੀ ਅਤੇ ਪਰਾਲੀ ਸੰਭਾਲ ਚਿੰਤਨ' ਵਿਸ਼ੇ 'ਤੇ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਹਨਾਂ ਸਮਾਜ ਦੀ ਹਰੇਕ ਧਿਰ ਨੂੰ ਵਾਤਾਵਰਣ ਬਚਾਉਣ ਹਿਤ ਹਰ ਤਰਾਂ ਦਾ ਪ੍ਰਦੂਸ਼ਣ ਖ਼ਤਮ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ. ਪੰਨੂੰ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਵਿਸ਼ਵ ਵਿੱਚ ਸਾਲਾਨਾ 70 ਲੱਖ ਤੋਂ ਵਧੇਰੇ ਮੌਤਾਂ ਸਿਰਫ਼ ਹਵਾ ਪ੍ਰਦੂਸ਼ਣ ਨਾਲ ਹੀ ਹੋ ਰਹੀਆਂ ਹਨ। ਇਹ ਹਵਾ ਪ੍ਰਦੂਸ਼ਣ ਫੈਲਾਉਣ ਵਿੱਚ ਚੀਨ, ਭਾਰਤ ਅਤੇ ਅਮਰੀਕਾ ਸਭ ਤੋਂ ਮੋਹਰੀ ਦੇਸ਼ਾਂ ਵਿੱਚੋਂ ਹਨ। ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਹਵਾ ਪ੍ਰਦੂਸ਼ਣ ਵਿੱਚ ਸਭ ਤੋਂ ਵੱਡਾ ਯੋਗਦਾਨ ਪਰਾਲੀ ਜਾਂ ਨਾੜ ਸਾੜਨ ਨਾਲ ਪਾਇਆ ਜਾਂਦਾ ਹੈ। ਉਹਨਾਂ ਵੇਰਵੇ ਸਹਿਤ ਦੱਸਿਆ ਕਿ ਪੰਜਾਬ ਵਿੱਚ 30 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਲਵਾਈ ਕੀਤੀ ਜਾਂਦੀ ਹੈ, ਜਿਸ ਤੋਂ ਪੈਦਾ ਹੋਈ 2.5 ਕਰੋੜ ਟਨ ਪਰਾਲੀ ਨੂੰ ਅੱਗ ਲਗਾ ਕੇ ਸਾੜਿਆ ਜਾਂਦਾ ਹੈ। ਇੱਕ ਟਨ ਪਰਾਲੀ ਸਾੜਨ ਨਾਲ ਜਿੱਥੇ 200 ਕਿਲੋਗਰਾਮ ਸਵਾਹ ਪੈਦਾ ਹੁੰਦੀ ਹੈ, ਉਥੇ ਹੀ ਹੋਰ ਕਈ ਘਾਤਕ ਗੈਸਾਂ ਵੀ ਪੈਦਾ ਹੁੰਦੀਆਂ ਹਨ, ਜੋ ਕਿ ਮਨੁੱਖੀ ਅਤੇ ਜਾਨਵਰਾਂ ਦੀ ਸਿਹਤ ਲਈ ਬਹੁਤ ਨੁਕਸਾਨਦੇਹ ਸਾਬਿਤ ਹੁੰਦੀਆਂ ਹਨ। 
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਬਿਜਾਏ ਇਸ ਦੀ ਵਰਤੋਂ ਬਾਇਓਗੈਸ ਉਤਪਾਦਨ ਲਈ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਭਾਰਤੀ ਤੇਲ ਨਿਗਮ ਲਿਮਿਟਡ ਨਾਲ ਸਮਝੌਤਾ ਕੀਤਾ ਗਿਆ ਹੈ, ਜਿਸ ਤਹਿਤ ਸੂਬੇ ਭਰ ਵਿੱਚ 400 ਬਾਇਓਗੈਸ ਪਲਾਂਟ ਲਗਾਏ ਜਾ ਰਹੇ ਹਨ, ਉਮੀਦ ਹੈ ਕਿ ਇਸ ਝੋਨੇ ਦੀ ਵਾਢੀ ਤੋਂ ਪਹਿਲਾਂ 42 ਪਲਾਂਟ ਚਾਲੂ ਹੋ ਜਾਣਗੇ। ਉਹਨਾਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਬਾਰੇ ਵਿਸਥਾਰ ਪੂਰਵਕ ਵੇਰਵਾ ਦਿੰਦਿਆਂ ਦੱਸਿਆ ਕਿ ਇਸ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਕਿਸਾਨਾਂ ਨੂੰ ਖੇਤੀ ਮਸ਼ੀਨਰੀ ਭਾਰੀ ਸਬਸਿਡੀ 'ਤੇ ਮੁਹੱਈਆ ਕਰਵਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ 'ਆਈ-ਖੇਤੀ' ਮੋਬਾਈਲ ਐਪਲੀਕੇਸ਼ਨ ਵੀ ਤਿਆਰ ਕੀਤੀ ਗਈ ਹੈ, ਜਿਸ ਨੂੰ ਡਾਊਨਲੋਡ ਕਰਕੇ ਕਿਸਾਨ ਖੇਤੀ ਮਸ਼ੀਨਰੀ ਨੂੰ ਆਪਣੀ ਵਰਤੋਂ ਲਈ ਆਸਾਨੀ ਨਾਲ ਪ੍ਰਾਪਤ ਕਰ ਸਕਦਾ ਹੈ। 
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ਦਾ ਬਹੁਤ ਅਸਰਦਾਇਕ ਲਾਭ ਮਿਲ ਰਿਹਾ ਹੈ। ਨਤੀਜਤਨ ਫ਼ਸਲਾਂ ਵਿੱਚ ਡੀ. ਏ. ਪੀ. ਦੀ ਲਾਗਤ 50 ਹਜ਼ਾਰ ਟਨ ਤੋਂ ਘਟ ਕੇ 12 ਹਜ਼ਾਰ ਟਨ ਰਹਿ ਗਈ ਹੈ ਅਤੇ ਯੂਰੀਆ ਦੀ ਲਾਗਤ ਵੀ ਘਟ ਕੇ 1.5 ਲੱਖ ਟਨ ਰਹਿ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਵਿਕਾਸ ਤੋਂ ਪਹਿਲਾਂ ਸਾਫ਼ ਸੁਥਰਾ ਮਾਹੌਲ ਚਾਹੀਦਾ ਹੈ। ਜਿਸ ਲਈ ਸਰਕਾਰ ਵੱਲੋਂ ਯਤਨ ਜਾਰੀ ਹਨ, ਪਰ ਇਹ ਯਤਨ ਲੋਕਾਂ ਦੇ ਸਹਿਯੋਗ ਤੋਂ ਬਿਨਾ ਸਫ਼ਲ ਨਹੀਂ ਹੋ ਸਕਦੇ ਹਨ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਪਰਾਲੀ ਨੂੰ ਅੱਗ ਨਾ ਲਗਾਉਣ। ਇਸੇ ਤਰਾਂ ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐਤਕੀਂ ਪਟਾਕਿਆਂ ਦਾ ਇਸਤੇਮਾਲ ਨਾ ਕਰਕੇ ਦਿਵਾਲੀ ਨੂੰ 'ਗਰੀਨ ਦਿਵਾਲੀ' ਵਜੋਂ ਮਨਾਉਣ। 
ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਕਿਸਾਨਾਂ ਅਤੇ ਲੋਕਾਂ ਵਿੱਚ ਵਾਤਾਵਰਣ ਨੂੰ ਬਚਾਉਣ ਪ੍ਰਤੀ ਜਾਗਰੂਕਤਾ ਆ ਰਹੀ ਹੈ। ਉਨ•ਾਂ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਸਾਲ 2016 ਦੇ ਮੁਕਾਬਲੇ 2017 ਵਿੱਚ ਝੋਨੇ ਦੀ ਪਰਾਲੀ 40 ਫੀਸਦੀ ਅਤੇ ਕਣਕ ਦਾ ਨਾੜ 55 ਫੀਸਦੀ ਘੱਟ ਸਾੜਿਆ ਗਿਆ। ਇਸ ਤੋਂ ਇਲਾਵਾ 45 ਪਿੰਡਾਂ ਨੇ ਪਰਾਲੀ ਨੂੰ ਬਿਲਕੁਲ ਵੀ ਅੱਗ ਨਹੀਂ ਲਗਾਈ। ਸਮਾਗਮ ਦੌਰਾਨ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਹ ਰੋਗਾਂ ਦੇ ਮਾਹਿਰ ਡਾਕਟਰ ਆਕਾਸ਼ਦੀਪ ਸਿੰਘ ਨੇ ਪਰਾਲੀ ਅਤੇ ਪਟਾਕਿਆਂ ਦੇ ਧੂੰਏਂ ਨਾਲ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਈਕੋਸਿੱਖ ਸੰਸਥਾ ਦੇ ਅੰਤਰਰਾਸ਼ਟਰੀ ਪ੍ਰਧਾਨ ਡਾ. ਰਾਜਵੰਤ ਸਿੰਘ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਈਕੋਸਿੱਖ ਦੇ ਪ੍ਰੋਜੈਕਟ ਮੈਨੇਜਰ ਸ੍ਰ. ਰਵਨੀਤ ਸਿੰਘ ਨੇ ਕੀਤਾ। ਇਸ ਮੌਕੇ ਸ਼ਹਿਰ ਦੀਆਂ ਨਾਮੀਂ ਗੈਰ ਸਰਕਾਰੀ ਸੰਸਥਾਵਾਂ, ਵਿਦਿਅਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ। 
ਜਦੋਂ ਕਾਹਨ ਸਿੰਘ ਪੰਨੂੰ ਦਾ ਸਨਮਾਨ ਕਰਨ ਲਈ ਬਲਵੰਤ ਸਿੰਘ ਰਾਮੂੰਵਾਲੀਆ ਵਿਸ਼ੇਸ਼ ਤੌਰ 'ਤੇ ਪਹੁੰਚੇ
ਇਸ ਮੀਟਿੰਗ ਦੀ ਦਿਲਚਸਪ ਗੱਲ ਇਹ ਰਹੀ ਕਿ ਸ੍ਰ. ਕਾਹਨ ਸਿੰਘ ਪੰਨੂੰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕਰਨ ਲਈ ਸਾਬਕਾ ਕੇਂਦਰੀ ਮੰਤਰੀ ਅਤੇ ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦੇ ਮੈਂਬਰ ਸ੍ਰ. ਬਲਵੰਤ ਸਿੰਘ ਰਾਮੂੰਵਾਲੀਆ ਅਚਾਨਕ ਆ ਗਏ। ਇਸ ਮੌਕੇ ਬੇਹੱਦ ਭਾਵੁਕ ਸ਼ਬਦਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਸ੍ਰ. ਰਾਮੂੰਵਾਲੀਆ ਨੇ ਕਿਹਾ ਕਿ ਜਿਸ ਤਰਾਂ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਦੁੱਧ ਅਤੇ ਦੁੱਧ ਪਦਾਰਥਾਂ ਦੇ ਕਾਲੇ ਕਾਰੋਬਾਰੀਆਂ ਨੂੰ ਸ੍ਰ. ਪੰਨੂੰ ਨੇ ਲੋਕਾਂ ਦੇ ਸਾਹਮਣੇ ਲਿਆ ਕੇ ਇਸ ਤੇਰਵੇਂ ਰਤਨ ਵਿੱਚ ਸ਼ੁੱਧਤਾ ਮੁੜ ਬਹਾਲ ਕਰਵਾਈ ਹੈ, ਉਥੇ ਹੀ ਨਸ਼ਿਆਂ ਖ਼ਿਲਾਫ਼ ਛੇੜੀ ਮੁਹਿੰਮ ਵਿੱਚ ਪਟਿਆਲਾ ਦੇ ਜ਼ਿਲਾ ਪੁਲਿਸ ਮੁੱਖੀ ਸ੍ਰ. ਮਨਦੀਪ ਸਿੰਘ ਸਿੱਧੂ ਵੱਲੋਂ ਜੋ ਕੰਮ ਕੀਤਾ ਜਾ ਰਿਹਾ ਹੈ, ਉਸਦੀ ਦਾਦ ਦੇਣੀ ਬਣਦੀ ਹੈ। ਉਹਨਾਂ ਸ੍ਰ. ਪੰਨੂੰ ਅਤੇ ਸ੍ਰ. ਸਿੱਧੂ ਦੀ ਕਾਰਜ ਪ੍ਰਣਾਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਹਰੇਕ ਪ੍ਰਸਾਸ਼ਨਿਕ ਜਾਂ ਪੁਲਿਸ ਅਧਿਕਾਰੀ ਆਪਣੀ ਡਿਊਟੀ ਇਸ ਦ੍ਰਿੜਤਾ ਨਾਲ ਕਰਨ ਲੱਗ ਜਾਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੌਣ ਪਾਣੀ, ਆਬੋ-ਹਵਾ ਸਾਫ਼ ਹੋ ਜਾਵੇਗਾ ਅਤੇ ਸਮਾਜ ਵਿੱਚ ਤੰਦਰੁਸਤੀ ਫੈਲੇਗੀ। 

No comments: