Friday, September 21, 2018

ਇਨਸਾਨ ਲਈ ਸਿਰਫ ਇਨਸਾਨੀ ਖੂਨ ਹੀ ਸਹੀ ਇਲਾਜ ਹੈ ਨਾ ਕਿ ਬੱਕਰੇ ਦਾ ਖੂਨ

ਥੈਲਾਸੀਮੀਕ ਬੱਚਿਆਂ ਲਈ PAU ਦੇ ਕਿਸਾਨ ਮੇਲੇ ਵਿੱਚ ਵਿਸ਼ੇਸ਼ ਖੂਨਦਾਨ ਕੈਂਪ
ਲੁਧਿਆਣਾ: 21 ਸਤੰਬਰ 2018: (ਪੰਜਾਬ ਸਕਰੀਨ ਟੀਮ):: Click here to See More Pics on Facebook
ਕਿਸਾਨ ਮੇਲਾ ਲਗਾਤਾਰ ਕਾਰੋਬਾਰੀ ਬੰਦਾ ਜਾ ਰਿਹਾ ਹੈ ਕਿਓਂਕਿ ਕਾਰੋਬਾਰ ਬਿਨਾ ਜ਼ਿੰਦਗੀ ਨਹੀਂ ਚੱਲਦੀ। ਇਸਦੇ ਬਾਵਜੂਦ ਪੀਏਯੂ ਇਸਨੂੰ ਮਿਸ਼ਨਰੀ ਰੱਖਣ ਦੀਆਂ ਕੋਸ਼ਿਸ਼ਾਂ ਵੀ ਪੂਰੇ ਜ਼ੋਰਸ਼ੋਰ ਨਾਲ ਕਰ ਰਹੀ ਹੈ। ਗੱਲ ਖੁਦਕੁਸ਼ੀਆਂ ਰੋਕਣ ਦੀ ਹੋਵੇ, ਚੰਗਾ ਸਾਹਿਤ ਪੜ੍ਹਨ ਦੀ ਜਾਂ ਫਿਰ ਵਹਿਮਾਂ ਭਰਮਾਂ ਅਤੇ ਅਡੰਬਰਾਂ ਦੇ ਜਾਲ ਤੋਂ ਮੁਕਤ ਹੋਣ ਦੀ--ਪੀਏਯੂ ਹਰ ਖੇਤਰ ਵਿੱਚ ਉਸਾਰੂ ਸੁਨੇਹਾ ਦੇ ਰਹੀ ਹੈ। ਪੀਏਯੂ ਤੋਂ ਪ੍ਰੇਰਨਾ ਲੈ ਕੇ ਬਹੁਤ ਸਾਰੀਆਂ ਐਨ ਜੀ ਓਜ਼ ਅਤੇ ਹੋਰ ਸੰਸਥਾਵਾਂ ਵੀ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਕਿਸਾਨ ਮੇਲੇ ਵਿੱਚ ਸਰਗਰਮ ਹੁੰਦੀਆਂ ਹਨ। 
ਅਜਿਹੀ ਹੀ ਇੱਕ ਸੰਸਥਾ ਹੈ ਸੋਸ਼ਲ ਵਰਕਰਜ਼ ਐਸੋਸੀਏਸ਼ਨ ਪੰਜਾਬ। ਇਸ ਵਲੋਂ ਅੱਜ ਵੀ ਪੰਜਾਬ ਯੂਨਵਰਸਿਟੀ ਦੇ ਕਿਸਾਨ ਮੇਲੇ ਦੌਰਾਨ ਥੈਲਾਸੀਮੀਕ ਬੱਚਿਆਂ ਲਈ ਖੂਨਦਾਨ ਕੈਂਪ ਜਾਰੀ ਰੱਖਿਆ ਗਿਆ। ਜ਼ਿਕਰਯੋਗ ਹੈ ਕਿ ਥੈਲਾਸੀਮੀਕ ਬੱਚਿਆਂ ਦੀ ਜ਼ਿੰਦਗੀ ਸਿਰਫ ਖੂਨ 'ਤੇ ਹੀ ਨਿਰਭਰ ਕਰਦੀ ਹੈ ਅਤੇ ਅਜੇ ਤੱਕ ਕੋਈ ਅਜਿਹਾ ਤਰੀਕਾ ਪੂਰੀ ਤਰਾਂ ਸਾਹਮਣੇ ਨਹੀਂ ਆਇਆ ਜਿਸ ਨਾਲ ਨਕਲੀ ਖੂਨ ਬਣਾਇਆ ਜਾ ਸਕੇ। ਸਿਰਫ ਇਨਸਾਨੀ ਖੂਨ ਦਾ ਦਾਨ ਹੀ ਇਹਨਾਂ ਬੱਚਿਆਂ ਨੂੰ  ਨਵੀਂ ਜ਼ਿੰਦਗੀ ਦੇਂਦਾ ਹੈ।ਕਿਸਾਨ ਮੇਲੇ ਵਿੱਚ ਆਉਂਦੇ ਬਹੁਤ ਸਾਰੇ ਜਵਾਨ ਮੁੰਡੇ ਕੁੜੀਆਂ ਇਸ ਪਾਸੇ ਆਕਰਸ਼ਿਤ ਹੋ ਕੇ ਆਪੋ ਆਪਣਾ ਖੂਨ ਦਾਨ ਕਰਦੇ ਹਨ। ਇਸ ਨਾਲ ਉਹਨਾਂ ਦੇ ਖੂਨ ਦੇ ਬਹੁਤ ਸਾਰੇ ਟੈਸਟ ਵੀ ਮੁਫ਼ਤ ਹੋ ਜਾਂਦੇ ਹਨ। 
ਇਸ ਸੰਗਠਨ ਵੱਲੋਂ ਇਹ 28ਵਾਂ  ਖੂਨਦਾਨ ਕੈਂਪ ਚੱਲ ਰਿਹਾ ਹੈ। ਇਹ ਕੈਂਪ ਕਲ ਮੇਲੇ ਦੇ ਪਹਿਲੇ ਦਿਨ ਸ਼ੁਰੂ ਕੀਤਾ ਗਿਆ ਸੀ ਅਤੇ ਭਲਕੇ ਮੇਲੇ ਦੇ ਅਖੀਰਲੇ ਦਿਨ ਵੀ ਜਾਰੀ ਰਹੇਗਾ। ਗੁਰਸ਼ਮਿੰਦਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਦੇਖ ਰੇਖ ਹੇਠ ਚੱਲ ਰਹੇ ਇਸ ਖੂਨਦਾਨ ਕੈਂਪ ਵਿੱਚ ਲੋਕ ਵੱਧ ਚੜ੍ਹ ਕੇ ਖੂਨਦਾਨ ਲਈ ਅੱਗੇ ਆਏ। ਇਸ ਕੈਂਪ ਵਿੱਚ ਖੂਨਦਾਨ ਕਰਨ ਵਾਲਿਆਂ ਦੇ ਸਾਰੇ ਸਬੰਧਤ ਟੈਸਟ ਬਿਲਕੁਲ ਮੁਫ਼ਤ ਕੀਤੇ ਗਏ ਜਿਹਨਾਂ ਦੀ ਬਾਜ਼ਾਰੀ ਕੀਮਤ ਹਜ਼ਾਰਾਂ ਰੁਪਏ ਬਣਦੀ ਹੈ। ਇਸ ਕੈਂਪ ਦਾ ਉਦਘਾਟਨ ਡਾਕਟਰ ਬਲਬੀਰ ਸਿੰਘ ਸ਼ਾਹ ਅਤੇ ਵੀਰ ਚੱਕਰ ਵਿਜੇਤਾ ਰਿਟਾਇਰਡ ਕਰਨਲ ਹਰਬੰਤ ਸਿੰਘ ਕਾਹਲੋਂ ਹੁਰਾਂ ਨੇ ਸਾਂਝੇ ਤੌਰ ਤੇ ਕੀਤਾ। ਇਹ ਦੋਵੇਂ ਸ਼ਖਸੀਅਤਾਂ ਵੀ ਸਮਾਜ ਭਲਾਈ ਦੇ ਖੇਤਰ ਵਿੱਚ ਨਿਰੰਤਰ ਸਰਗਰਮ ਹਨ।
ਸੀਐਮਸੀ ਹਸਪਤਾਲ ਲੁਧਿਆਣਾ ਤੋਂ ਆਈ ਡਾਕਟਰ ਜ੍ਯੋਤਿਕਾ ਅਰੋੜਾ ਨੇ ਇਸ ਕੈਂਪ ਬਾਰੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਥੈਲਾਸੀਮਿਕ ਬੱਚਿਆਂ ਲਈ ਖੂਨ ਦੀ ਲੋੜ ਪੂਰੀ ਕਰਨਾ ਅੱਜ ਦੇ ਆਧੁਨਿਕ ਯੁਗ ਵਿੱਚ ਵੀ ਇੱਕ ਬਹੁਤ ਵੱਡੀ ਚੁਣੌਤੀ ਹੈ। ਉਹਨਾਂ ਕਿਹਾ ਕਿ ਕੈਂਪ ਦੇ ਪ੍ਰਬੰਧਕਾਂ ਨੇ ਲਗਾਤਾਰ ਖੂਨ ਇਕੱਤਰ ਕਰਕੇ ਇਸ ਨੇਕ ਮਕਸਦ ਵਿੱਚ ਬਹੁਤ ਸਹਾਇਤਾ ਕੀਤੀ ਹੈ। ਇਹ ਇੱਕ ਬਹੁਤ ਮਹਾਨ ਉਪਰਾਲਾ ਹੈ ਜਿਹੜਾ ਸਭਨਾਂ ਨੂੰ ਕਰਦੇ ਰਹਿਣਾ ਚਾਹੀਦਾ ਹੈ। ਇਸ ਮਕਸਦ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ। Click here to See More Pics on Facebook
ਥੈਲਾਸੀਮੀਕ ਬੱਚਿਆਂ ਨੂੰ ਬੱਕਰੇ ਦਾ ਖੂਨ ਦੇਣ ਦੀਆਂ ਯੋਜਨਾਵਾਂ ਬਾਰੇ ਪੁਛੇ ਗਏ ਇਕ ਸੁਆਲ ਦਾ ਜੁਆਬ ਦੇਂਦਿਆਂ ਉਹਨਾਂ ਕਿਹਾ ਕਿ ਆਯੁਰਵੈਦ ਵਾਲੇ ਹੀ ਆਪਣੇ ਇਸ ਸਿਧਾਂਤ ਬਾਰੇ ਚੰਗੀ ਤਰਾਂ ਦਸ ਸਕਦੇ ਹਨ ਜਿੱਥੋਂ ਤੱਕ ਸਾਨੂੰ ਪਤਾ ਹੈ ਉਹ ਇਹੀ ਹੈ ਕਿ ਇਨਸਾਨ ਲਈ ਸਿਰਫ ਇਨਸਾਨੀ ਖੂਨ ਹੀ ਇੱਕੋ ਇੱਕ ਸਹੀ ਇਲਾਜ ਹੈ। ਜ਼ਿਕਰਯੋਗ ਹੈ ਕਿ ਥੈਲਾਸੀਮੀਕ ਬੱਚਿਆਂ ਲਈ ਇੱਕ ਆਯੁਰਵੈਦਿਕ ਹਸਪਤਾਲ ਲੁਧਿਆਣਾ ਵਿੱਚ ਬਣ ਕੇ ਤਿਆਰ ਹੋ ਚੁੱਕਿਆ ਹੈ ਜਿਸ ਵਿੱਚ ਥੈਲਾਸੀਮੀਕ ਬੱਚਿਆਂ ਨੂੰ ਬੱਕਰੇ ਦਾ ਖੂਨ ਦਿੱਤਾ ਜਾਇਆ ਕਰੇਗਾ। ਦੂਸਰੇ ਪਾਸੇ ਐਲੋਪੈਥੀ ਵਾਲੇ ਇਸ ਸਿਧਾਂਤ ਨੂੰ ਮਾਣਤਾ ਨਹੀਂ ਦੇਂਦੇ। 
ਇਸ ਮੌਕੇ ਰਿਟਾਇਰਡ ਕਰਨਲ ਹਰਬੰਤ ਸਿੰਘ ਕਾਹਲੋਂ, ਡਾਕਟਰ ਬਲਬੀਰ ਸਿੰਘ ਸ਼ਾਹ, ਨਵਾਂ ਜ਼ਮਾਨਾ ਦੇ ਪੱਤਰਕਾਰ ਐਮ ਐਸ ਭਾਟੀਆ ਅਤੇ ਪੰਜਾਬ ਸਕਰੀਨ ਦੇ ਸੰਪਾਦਕ ਰੈਕਟਰ ਕਥੂਰੀਆ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਵੀ ਕੈਂਪ ਵਿੱਚ ਬਹੁਤ ਭੀੜ ਸੀ। 
ਇਸੇ ਦੌਰਾਨ ਡਾਕਟਰ ਬਲਬੀਰ ਸਿੰਘ ਸ਼ਾਹ ਨੇ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਅਜੇ ਵੀ ਸਿਹਤ ਦੇ ਮਾਮਲੇ ਵਿੱਚ ਅੱਗੇ ਹੈ। ਉਹਨਾਂ ਮੇਲੇ ਵਿੱਚ ਤੁਰੇ ਜਾਂਦੇ ਨੌਜਵਾਨ ਵੀ ਦਿਖਾਏ ਜਿਹਨਾਂ ਦੇ ਕੱਦਕਾਠ ਅਜੇ ਵੀ ਬਹੁਤ ਚੰਗੇ ਹਨ। ਉਹਨਾਂ ਮੇਲੇ ਵਿੱਚ ਨਾਮਧਾਰੀਆਂ ਦੇ ਸਟਾਲਾਂ/ਰੇਹੜੀਆਂ ਤੋਂ ਦੁੱਧ ਪੀਂਦੇ ਨੌਜਵਾਨ ਵੀ ਦਿਖਾਏ ਅਤੇ ਕਿਹਾ ਕਿ ਐਵੇਂ ਹੀ ਪੰਜਾਬੀਆਂ ਨੂੰ ਸ਼ਰਾਬੀ ਕਹਿ ਜਾਂ ਨਸ਼ਈ ਕਹਿ  ਕੇ ਬਦਨਾਮ ਨਹੀਂ ਕੀਤਾ ਜਾਣਾ ਚਾਹੀਦਾ। 
ਜ਼ਿਕਰਯੋਗ ਹੈ ਕਿ ਥੈਲਾਸੀਮੀਆ ਬਿਮਾਰੀ ਦੀ ਦਰ  ਨੂੰ ਜ਼ੀਰੋ%  'ਤੇ ਲਿਆਉਣ  ਲਾਇ ਡਾਕਟਰ ਸ਼ਾਹ ਨੇ ਇੱਕ ਯੋਜਨਾ ਬਾਦਲ ਸਰਕਾਰ ਨੂੰ ਵੀ ਭੇਜੀ ਸੀ ਅਤੇ ਬਾਅਦ ਵਿੱਚ ਕੈਪਟਨ ਸਰਕਾਰ ਨੂੰ ਵੀ। ਪਰ ਸਰਕਾਰਾਂ ਇਸ ਪਾਸੇ ਗੰਭੀਰ ਹੋਈਆਂ ਨਜ਼ਰ ਨਹੀਂ ਆਉਂਦੀਆਂ। ਡਾਕਟਰ ਸ਼ਾਹ ਦੀ ਇਸ ਯੋਜਨਾ ਬਾਰੇ ਜਲਦੀ ਹੀ ਇੱਕ ਵੱਖਰੀ ਪੋਸਟ ਵਿੱਚ ਵਿਸਥਾਰ ਨਾਲ ਦੱਸਿਆ ਜਾਏਗਾ। 

No comments: