Thursday, September 13, 2018

ਜ਼ਿੰਦਗੀ ਲਈ ਆਫ਼ਤ ਬਣਿਆ ਲਗਾਤਾਰ ਵੱਧ ਰਿਹਾ ਸ਼ੋਰ

ਸ਼ਹਿਰੀ ਖੇਤਰਾਂ ਦੀ ਸਮੱਸਿਆ-ਸ਼ੋਰ ਪ੍ਰਦੂਸ਼ਣ// ਪਰੋਫੈਸਰ ਅੰਮ੍ਰਿਤਪਾਲ ਸਿੰਘ 

ਸ਼ਹਿਰਾਂ ਦੇ ਵਿੱਚ ਵੱਧਦੀ ਹੋਈ ਆਬਾਦੀ ਦੇ ਕਾਰਣ ਸ਼ਹਿਰੀ ਖੇਤਰਾਂ ਦਾ ਵਾਤਾਵਰਣ ਬਹੁਤ ਵਿਗੜਦਾ ਜਾ ਰਿਹਾ ਹੈ। ਸ਼ਹਿਰਾਂ ਵਿੱਚ ਹਰੇਕ ਤਰਾਂ  ਦੇ ਪਰਦੂਸ਼ਣ ਦਾ ਬੋਲਬਾਲਾ ਨਜ਼ਰ ਆ ਰਿਹਾ ਹੈ। ਸ਼ਹਿਰਾਂ ਦੀ ਆਬਾਦੀ ਪਿਛਲੇ ਚਾਰ ਪੰਜ ਦਹਾਕਿਆ ਵਿੱਚ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਸ਼ਹਿਰਾਂ ਵਿੱਚ ਪਰਦੂਸ਼ਣ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੱਧ ਰਹੀਆਂ ਹਨ। ਸ਼ਹਿਰੀ ਖੇਤਰਾਂ ਵਿੱਚ ਉਦਯੋਗਾਂ ਦੇ ਕਾਰਨ ਅਤੇ ਪੇਂਡੂ ਖੇਤਰਾਂ ਵਿੱਚ ਖੇਤੀਬਾੜੀ ਵਿੱਚ ਵਰਤੇ ਜਾਂਦੇ ਰਸਾਇਣਾਂ ਅਤੇ ਕੀੜੇਮਾਰ ਦਵਾਈਆਂ ਦੀ ਜ਼ਿਆਦਾ ਵਰਤੋਂ ਹੋਣ ਕਾਰਨ ਹਵਾ, ਪਾਣੀ ਅਤੇ ਮਿੱਟੀ ਦਾ ਪ੍ਰਦੂਸ਼ਣ ਵੱਧ ਰਿਹਾ ਹੈ। ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਸਾਡਾ ਵਾਤਾਵਰਣ ਹਵਾ, ਪਾਣੀ ਅਤੇ ਮਿੱਟੀ ਦੇ ਪਰਦੂਸ਼ਣ  ਕਾਰਨ ਵਿਗੜ ਰਿਹਾ ਹੈ। ਸ਼ਹਿਰੀ ਖੇਤਰਾਂ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਪ੍ਰਦੂਸ਼ਣ ਦੇਖਣ ਨੂੰ ਮਿਲਦੇ ਹਨ, ਜਿਹਨਾਂ ਵਿੱਚ ਠੋਸ ਕੂੜਾ ਕਰਕਟ ਦਾ ਨਿਪਟਾਰਾ ਨਾ ਹੋਣਾ, ਸੀਵੇਜ਼ ਦੀ ਠੀਕ ਢੰਗ ਨਾਲ ਸਫ਼ਾਈ ਨਾ ਹੋਣ ਕਾਰਨ ਗੰਦਾ ਪਾਣੀ ਦਾ ਇਕੱਠਾ ਹੋਣ ਕਾਰਨ ਵੀ ਸ਼ਹਿਰਾਂ ਵਿੱਚ ਪਰਦੂਸ਼ਣ ਵੱਧ ਰਿਹਾ ਹੈ। ਸ਼ਹਿਰੀ ਖੇਤਰਾਂ ਵਿੱਚ ਸ਼ੋਰ ਪਰਦੂਸ਼ਣ ਵੀ ਬਹੁਤ ਜ਼ਿਆਦਾ ਫ਼ੈਲਦਾ ਜਾ ਰਿਹਾ ਹੈ। ਸ਼ੋਰ ਜਾਂ ਆਵਾਜ਼ ਜਾਂ ਧੁਨੀ ਪ੍ਰਦੂਸ਼ਣ ਦੇ ਕਾਰਨ ਕਈ ਤਰਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆ ਹਨ।
ਸ਼ੋਰ ਜਾਂ ਆਵਾਜ਼ ਵੀ ਇੱਕ ਸੰਚਾਰ ਦਾ ਸਾਧਨ ਹੈ। ਇਸ ਤੋਂ ਬਿਨਾਂ ਅਸੀਂ ਆਪਣੀ ਗੱਲ ਨਹੀਂ ਦੱਸ ਸਕਦੇ, ਪਰੰਤੂ ਜੇਕਰ ਲੋੜ ਤੋਂ ਜ਼ਿਆਦਾ ਆਵਾਜ਼ ਪੈਦਾ ਕੀਤੀ ਜਾਵੇ ਤਾਂ ਉਹ ਇੱਕ ਜ਼ਿੰਦਗੀ ਲਈ ਆਫ਼ਤ ਬਣਿਆ ਲਗਾਤਾਰ ਵੱਧ ਰਿਹਾ ਸ਼ੋਰ ਦਾ ਕਾਰਨ ਬਣ ਜਾਂਦੀ ਹੈ। ਸ਼ੋਰ ਪਰਦੂਸ਼ਣ ਇੱਕ ਉੱਚੀ, ਰੁੱਖੀ ਜਾਂ ਅਣਚਾਹੀ ਆਵਾਜ਼, ਜੋ ਕਿ ਅਣਇੱਛੁਕ ਕੰਨਾਂ ਵਿੱਚ ਪੈ ਕੇ ਪਰੇਸ਼ਾਨੀ ਪੈਦਾ ਕਰਦੀ ਹੈ। ਸ਼ੋਰ ਇੱਕ ਅਣਚਾਹੀ, ਅਣਇੱਛੁਕ ਪਰੇਸ਼ਾਨ ਕਰਨ ਵਾਲੀ ਆਵਾਜ਼ ਹੈ, ਜਿਹੜੀ ਸਜੀਵਾਂ ਦੇ ਆਰਾਮ ਅਤੇ ਸ਼ਾਂਤੀ ਵਿੱਚ ਦਖਲ ਅੰਦਾਜ਼ੀ ਕਰਦੀ ਹੈ। ਸ਼ੋਰ ਮਾਪਣ ਦਾ ਪੈਮਾਨਾ ਡੈਸੀਬਲ (ਦਭ) ਹੈ। ਆਮ ਮਨੁੱਖ  ਦੀ ਆਵਾਜ਼ ਸੁਨਣ ਦੀ ਸੀਮਾ 20 hertz ਤੋਂ 20,000  hertz ਤੱਕ ਹੁੰਦੀ ਹੈ। ਵਿਸ਼ਵ ਸਿਹਤ ਸੰਸਥਾ ਦੁਆਰਾ ਵੀ ਦਿਨ ਸਮੇਂ 55 ਡੀਬੀ ਅਤੇ ਰਾਤ ਸਮੇਂ 45 ਡੀਬੀ ਸ਼ੋਰ ਪੱਧਰ ਸੁਣਨ ਲਈ ਸੁਰੱਖਿਅਤ ਕੀਤਾ ਹੈ। ਆਮ ਤੌਰ ਤੇ ਮਨੁੱਖ 10 ਡੈਸੀਬਲ ਪੱਧਰ ਆਵਾਜ਼ ਸੁਣਨਯੋਗ ਹੁੰਦੀ ਹੈ ਅਤੇ 80 ਡੈਸੀਬਲ ਤੱਕ ਉੱਚੀ ਆਵਾਜ਼ ਬਿਨਾਂ ਮੁਸ਼ਕਿਲ ਦੇ ਸੁਣ ਸਕਦਾ ਹੈ, ਇਸ ਤੋਂ ਜ਼ਿਆਦਾ ਆਵਾਜ਼ ਸ਼ੋਰ ਪ੍ਰਦੂਸ਼ਣ ਹੁੰਦੀ ਹੈ।
  ਸ਼ੋਰ ਪਰਦੂਸ਼ਣ ਦੇ ਸੋਮੇ ਦੋ ਤਰ੍ਹਾਂ ਦੇ ਹੁੰਦੇ ਹਨ–ਕੁਦਰਤੀ ਸੋਮੇ ਅਤੇ ਮਨੁੱਖ ਦੁਆਰਾ ਬਣਾਏ ਸੋਮੇ। ਜੇਕਰ ਅਸੀਂ ਕੁਦਰਤੀ ਸ਼ੋਰ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਇਸ ਵਿੱਚ ਹਵਾ, ਹਨੇਰੀਆਂ, ਤੇਜ਼ ਵਰਖਾ, ਜਵਾਲਾਮੁਖੀ ਦਾ ਫੱਟਣਾ, ਆਸਮਾਨੀ ਬਿਜਲੀ ਦਾ ਚਮਕਣਾ, ਗੜ੍ਹੇ ਅਤੇ ਬਰਫ਼ ਦੇ ਪੈਣ ਕਾਰਨ ਆਵਾਜ਼ ਪ੍ਰਦੂਸ਼ਣ ਪੈਦਾ ਹੁੰਦਾ ਹੈ। ਮਨੁੱਖ ਦੁਆਰਾ ਬਣਾਏ ਸੋਮਿਆਂ ਵਿੱਚ ਆਵਾਜਾਈ ਦੇ ਸਾਧਨ, ਉਦਯੋਗਾਂ ਵਿੱਚ ਚਲ ਰਹੀਆਂ ਕਈ ਪ੍ਰਕਾਰ ਦੀਆਂ ਮਸ਼ੀਨਾਂ, ਘਰੇਲੂ ਸਾਜ ਸਮਾਨ, ਮਨੋਰੰਜਨ ਦੇ ਸਾਧਨ, ਖੇਤੀਬਾੜੀ ਦੀਆਂ ਮਸ਼ੀਨਾਂ, ਬਿਲਡਿੰਗਾਂ ਦੀ ਉਸਾਰੀ ਵਿੱਚ ਵਰਤੀਆਂ ਜਾਂਦੀਆਂ ਮਸ਼ੀਨਾਂ ਅਤੇ ਔਜਾਰ, ਧਾਰਮਿਕ ਸਮਾਰੋਹਾਂ ਵਿੱਚ ਵਰਤੇ ਜਾਣ ਵਾਲੇ ਲਾਊਡ ਸਪੀਕਰ ਆਦਿ ਦੁਆਰਾ ਵੀ ਸ਼ੋਰ ਪ੍ਰਦੂਸ਼ਣ ਪੈਦਾ ਹੋ ਰਿਹਾ ਹੈ।
ਆਵਾਜ਼ ਦੇ ਪ੍ਰਭਾਵ ਉਸ ਦੇ ਪੱਧਰ ‘ਤੇ ਨਿਰਭਰ ਕਰਦੇ ਹਨ। ਜਿਵੇਂ ਕਿ ਮਨੁੱਖ ਦੁਆਰਾ ਸਾਹ ਲੈਣ ਤੋਂ ਪੈਦਾ ਆਵਾਜ਼ ਦਾ ਪੱਧਰ ਵੀ 10 ਡੈਸੀਬਲ ਹੁੰਦਾ ਹੈ। ਤੇਜ਼ ਹਵਾ ਚੱਲਣ ਕਾਰਨ ਦਰੱਖ਼ਤਾਂ ਦੇ ਪੱਤਿਆਂ ਦੀ ਸਰਸਰਾਹਟ ਦਾ ਪੱਧਰ 20 ਡੈਸੀਬਲ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਮਨੁੱਖ ਆਪਸ ਵਿੱਚ ਗੱਲਬਾਤ ਕਰਦਾ ਹੈ ਤਾਂ ਉਸਦਾ ਪੱਧਰ ਵੀ 30-40 ਡੈਸੀਬਲ ਤੱਕ ਹੁੰਦਾ ਹੈ। ਰੇਡੀਓ, ਟੀ. ਵੀ., ਟੇਪਰਿਕਾਰਡ ਅਤੇ ਹੋਰ ਘਰਾਂ ਵਿੱਚ ਵਰਤੇ ਜਾਂਦੇ ਕੂਲਰ, ਪੱਖੇ, ਏ. ਸੀ. ਦੁਆਰਾ ਵੀ ਸ਼ੋਰ ਪੱਧਰ 40 ਤੋਂ 60 ਡੈਸੀਬਲ ਵਿਚਕਾਰ ਹੁੰਦਾ ਹੈ। ਇਸੇ ਤਰਾਂ ਆਵਾਜਾਈ ਦੇ ਸਾਧਨਾਂ ਤੋਂ ਹੋਇਆ ਸ਼ੋਰ ਪੱਧਰ ਵੀ 60 ਤੋਂ 90 ਡੈਸੀਬਲ ਤੱਕ ਹੁੰਦਾ ਹੈ।
ਜੇਕਰ ਅਸੀਂ ਪੰਜਾਬ ਦੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਉਦਯੋਗ ਅਤੇ ਹੋਰ ਕਈ ਅਦਾਰੇ ਸਥਾਪਿਤ ਹਨ, ਜਿਹਨਾਂ ਵਿੱਚ ਸ਼ੋਰ ਪ੍ਰਦੂਸ਼ਣ ਪੈਦਾ ਹੋ ਰਿਹਾ ਹੈ। ਇਹਨਾਂ ਪਰਦੂਸ਼ਣ ਪੈਦਾ ਕਰਨ ਵਾਲੇ ਸਥਾਨਾਂ ਤੇ ਪ੍ਰਦੂਸ਼ਣ ਦਾ ਕੰਟਰੋਲ ਨਹੀਂ ਕੀਤਾ ਜਾਂਦਾ। ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਦੀ ਸਥਿਤੀ ਇੰਨੀ ਜ਼ਿਆਦਾ ਸ਼ੋਰ ਪ੍ਰਦੂਸ਼ਣ ਕਾਰਨ ਪ੍ਰਦੂਸ਼ਿਤ ਹੋ ਚੁ੍ੱਕੀ ਹੈ, ਹੁਣ ਇਸਤੇ ਕੰਟਰੋਲ ਕਰਨਾ ਵੀ ਅਸੰਭਵ ਲੱਗਦਾ ਹੈ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਆਵਾਜ਼ ਪ੍ਰਦੂਸ਼ਣ ਪੱਧਰ ਇੰਨਾਂ ਜ਼ਿਆਦਾ ਹੈ ਕਿ ਇਸ ਦਾ ਪ੍ਰਭਾਵ ਆਮ ਆਦਮੀ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਸ਼ੋਰ ਪ੍ਰਦੂਸ਼ਣ ਕਈ ਖੇਤਰਾਂ ਵਿੱਚ ਇੰਨਾਂ ਜ਼ਿਆਦਾ ਹੈ ਕਿ ਸਰਕਾਰ ਵੱਲੋਂ ਰੱਖੇ ਗਏ ਸ਼ੋਰ ਪ੍ਰਦੂਸ਼ਣ ਦੀ ਹੱਦਾਂ ਨੂੰ ਪਾਰ ਕਰ ਚੁੱਕਾ ਹੈ। ਲੁਧਿਆਣਾ ਸ਼ਹਿਰ ਵਿੱਚ 5000 ਤੋਂ ਜ਼ਿਆਦਾ ਛੋਟੇ ਉਦਯੋਗ ਹਨ, ਜਿਹੜੇ ਘਰਾਂ ਵਿੱਚ ਹੀ ਚਲਾਏ ਜਾ ਰਹੇ ਹਨ, ਜਿਸ ਕਾਰਨ ਰਿਹਾਇਸ਼ੀ ਖੇਤਰਾਂ ਵਿੱਚ ਵੀ ਸ਼ੋਰ ਪ੍ਰਦੂਸ਼ਣ ਵੱਧਣ ਕਾਰਨ ਉੱਥੇ ਰਹਿ ਰਹੇ ਲੋਕਾਂ ਵਿੱਚ ਕਈ ਤਰ੍ਹਾਂ ਦੇ ਰੋਗ ਵੀ ਉਤਪੰਨ ਹੋ ਰਹੇ ਹਨ। ਲੁਧਿਆਣਾ ਸ਼ਹਿਰ ਦੀਆਂ ਸਾਰੀਆਂ ਮੇਨ ਸੜਕਾਂ ਉਪਰ ਸ਼ੋਰ ਪ੍ਰਦੂਸ਼ਣ ਦੀ ਮਾਤਰਾ, ਸਰਕਾਰ ਵੱਲੋਂ ਰੱਖੇ ਗਏ ਪ੍ਰਦੂਸ਼ਣ ਪੱਧਰ ਦੀ ਮਾਤਰਾ ਤੋਂ ਕਿਤੇ ਜ਼ਿਆਦਾ ਹੈ। ਵਾਹਨਾਂ ਵਿੱਚ ਵਰਤੇ ਜਾਂਦੇ ਹਾਰਨਾਂ/ਹੂਟਰਾਂ ਦੀ ਉੱਚੀ ਆਵਾਜ਼ ਕਾਰਨ ਕਈ ਵਾਰ ਸੜਕੀ ਦੁਰਘਟਨਾਵਾਂ ਵੀ ਹੋ ਜਾਂਦੀਆਂ ਹਨ।
ਲੁਧਿਆਣਾ ਸ਼ਹਿਰ ਵਿੱਚ ਦੇ ਵੱਖੋ-ਵੱਖਰੇ ਖੇਤਰਾਂ ਵਿੱਚ ਸ਼ੋਰ ਪ੍ਰਦੂਸ਼ਣ ਦੀ ਮਾਪਿਆ ਗਿਆ ਜਿਸ ਵਿੱਚ ਭਾਰਤ ਨਗਰ ਚੌਂਕ ਵਿੱਚ 90-105 ਡੈਸੀਬਲ, ਢੋਲੇਵਾਲ ਚੌਕ ਵਿੱਚ 95-100 ਡੈਸੀਬਲ, ਘੰਟਾ ਘਰ ਚੌਂਕ ਵਿੱਚ 82-95 ਡੈਸੀਬਲ, ਵਿਸ਼ਵਕਰਮਾ ਚੌਂਕ ਵਿੱਚ 80-86 ਡੈਸੀਬਲ, ਜਲੰਧਰ ਬਾਈ ਪਾਸ ਚੌਂਕ 90-98 ਡੈਸੀਬਲ, ਬੱਸ ਸਟੈਂਡ 90-99 ਡੈਸੀਬਲ, ਆਟੋ ਰਿਕਸ਼ਾ ਦੁਆਰਾ 85-88 ਡੈਸੀਬਲ, ਰੇਲਵੇ ਸਟੇਸ਼ਨ ਸੜਕ ‘ਤੇ 75-88 ਡੈਸੀਬਲ, ਜੋਧੇਵਾਲ ਬਸਤੀ ਚੌਂਕ ਵਿੱਚ 85-94 ਡੈਸੀਬਲ ਅਤੇ ਅਰੋੜਾ ਪੈਲੇਸ ਚੌਂਕ ਵਿੱਚ 82-95 ਡੈਸੀਬਲ ਸ਼ੋਰ ਪ੍ਰਦੂਸ਼ਣ ਮਾਪਿਆ ਗਿਆ।
ਅੰਮ੍ਰਿਤਸਰ ਸ਼ਹਿਰ ਵਿੱਚ ਦੇ ਵੱਖੋ-ਵੱਖਰੇ ਖੇਤਰਾਂ ਵਿੱਚ ਸ਼ੋਰ ਪਰਦੂਸ਼ਣ ਦੀ ਮਾਪਿਆ ਗਿਆ ਜਿਸ ਵਿੱਚ ਹਾਲ ਬਾਜ਼ਾਰ 75-80 ਡੈਸੀਬਲ, ਰੇਲਵੇ ਸਟੇਸ਼ਨ ਸੜਕ ‘ਤੇ 80-88 ਡੈਸੀਬਲ, ਬੱਸ ਸਟੈਂਡ ਸੜਕ ‘ਤੇ 92-102 ਡੈਸੀਬਲ, ਐਮ. ਸੀ. ਪਾਰਕਿੰਗ ਖੇਤਰ ਵਿੱਚ 80-90 ਡੈਸੀਬਲ, ਜ਼ਲ੍ਹਿਆ ਵਾਲਾ ਬਾਗ ਚੌਂਕ ਤੇ ਬਾਜ਼ਾਰ ਵਿੱਚ 77-89 ਡੈਸੀਬਲ, ਗੁਰਦੁਆਰਾ ਸ਼ਹੀਦਾ ਦੇ ਬਾਹਰ ਸੜਕ ‘ਤੇ 85-90 ਡੈਸੀਬਲ, ਹਰਿਮੰਦਰ ਸਾਹਿਬ ਘੰਟਾ ਘਰ ਚੌਂਕ ਨੇੜੇ 70-75 ਡੈਸੀਬਲ ਸ਼ੋਰ ਪਰਦੂਸ਼ਣ ਮਾਪਿਆ ਗਿਆ।  
ਕਈ ਵਾਰ ਜਨਤਕ ਸਮਾਗਮਾਂ ਦੌਰਾਨ, ਧਾਰਮਿਕ ਦੀਵਾਨ, ਜਗਰਾਤਿਆਂ, ਨਗਰ ਕੀਰਤਨਾਂ ਅਤੇ ਜਲੂਸਾਂ ਵਿੱਚ ਵਰਤੇ ਜਾਂਦੇ ਲਾਊਡ ਸਪੀਕਰਾਂ ਅਤੇ ਡੀ. ਜੇ. ਦੀ ਬੇਲੋੜੀ ਵਰਤੋਂ, ਇੰਨੀ ਤੀਬਰ ਮਾਤਰਾ ਵਾਲਾ ਸ਼ੋਰ ਪ੍ਰਦੂਸ਼ਣ ਪੈਦਾ ਕਰਦੀ ਹੈ, ਜੋ ਮਨੁੱਖੀ ਸਿਹਤ ਉੱਤੇ ਭੈੜੇ ਪ੍ਰਭਾਵ ਦਾ ਕਾਰਨ ਬਣਦੀ ਹੈ। ਇਸੇ ਤਰ੍ਹਾਂ ਤਿਉਹਾਰਾਂ, ਦੀਵਾਲੀ ਅਤੇ ਦੁਸਹਿਰੇ, ਵਿਆਹ-ਸ਼ਾਦੀਆਂ ਦੇ ਜਸ਼ਨਾਂ ਦੌਰਾਨ ਪਟਾਖਿਆਂ ਦੇ ਵਿਸਫੋਟ ਤੋਂ ਪੈਦਾ ਹੋਏ ਸ਼ੋਰ ਪ੍ਰਦੂਸ਼ਣ ਵੀ ਮਨੁੱਖੀ ਸਿਹਤ ਉੱਤੇ ਕਾਫ਼ੀ ਪ੍ਰਭਾਵ ਪੈਦਾ ਕਰਦੇ ਹਨ। ਕਈ ਵਾਰ ਚਲਾਏ ਗਏ ਪਟਾਖਿਆਂ ਦਾ ਸ਼ੋਰ 125-130 ਡੈਸੀਬਲ ਤੋਂ ਵੀ ਜ਼ਿਆਦਾ ਹੁੰਦਾ ਹੈ।
ਪੰਜਾਬ ਦੇ ਕਈ ਸ਼ਹਿਰ ਜਿਹਨਾਂ ਵਿੱਚ ਵਾਹਨਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਜਿਸ ਨਾਲ ਸ਼ਹਿਰੀ ਖੇਤਰਾਂ ਵਿੱਚ ਦਿਨ ਅਤੇ ਰਾਤ ਦੇ ਸਮੇਂ ਸ਼ੋਰ ਦਾ ਪੱਧਰ 75 ਡੈਸੀਬਲ ਤੋਂ ਵੀ ਜ਼ਿਆਦਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਉਦਯੋਗਿਕ ਖੇਤਰਾਂ, ਟਰਾਂਸਪੋਰਟ ਨਗਰ ਅਤੇ ਬਾਜ਼ਾਰੀ ਖੇਤਰਾਂ ਵਿੱਚ ਵੀ ਆਵਾਜ਼ ਪਰਦੂਸ਼ਣ  ਦਾ ਪੱਧਰ ਬਹੁਤ ਜ਼ਿਆਦਾ ਹੁੰਦਾ ਹੈ।
ਸ਼ੋਰ ਪਰਦੂਸ਼ਣ ਦੇ ਪ੍ਰਭਾਵ:-
ਸ਼ੋਰ ਪ੍ਰਦੂਸ਼ਣ ਦੇ ਮਨੁੱਖਾਂ ਉੱਤੇ ਪੈਂਦੇ ਪ੍ਰਭਾਵਾਂ ਬਾਰੇ ਖੋਜ ਕਾਰਜ ਪਿਛਲੇ ਕਈ ਦਹਾਕਿਆਂ ਤੋਂ ਚਲ ਰਹੇ ਹਨ, ਜਿਹਨਾਂ ਵਿੱਚ ਇਹ ਹੀ ਦੇਖਣ ਵਿੱਚ ਆਇਆ ਹੈ ਕਿ ਜ਼ਿਆਦਾ ਸ਼ੋਰ ਵਾਲੇ ਵਾਤਾਵਰਣ ਵਿੱਚ ਕੰਮ ਕਰਨ ਵਾਲੇ ਲੋਕਾਂ ਵਿੱਚ ਬੋਲੇਪਨ ਦਾ ਹੋਣਾ ਹੀ ਇੱਕ ਕਿੱਤਾ ਸੰਬੰਧੀ ਦੋਸ਼ ਮੰਨਿਆ ਗਿਆ ਹੈ। ਇਸੇ ਤਰ੍ਹਾਂ ਇਹ ਵੀ ਦੇਖਿਆ ਗਿਆ ਹੈ ਕਿ ਸ਼ੋਰ ਪਰਦੂਸ਼ਣ ਦਾ ਪਰਭਾਵ ਮਨੁੱਖਾਂ ਅਤੇ ਪਸ਼ੂਆਂ ਉੱਤੇ ਕੀਤੇ ਗਏ ਤਜ਼ਰਬਿਆਂ ਤੋਂ ਸ਼ੋਰ ਦੇ ਪ੍ਰਭਾਵ ਕਾਰਨ ਮਨੋ-ਵਿਿਗਆਨਕ, ਜੈਵਿਕ ਅਤੇ ਸਰੀਰਿਕ ਵਿਕਾਰਾਂ ਤੇ ਪ੍ਰਭਾਵ ਪਿਆ ਹੈ।
ਜ਼ਿਆਦਾ ਸ਼ੋਰ ਪੱਧਰ ਵਿੱਚ ਜ਼ਿਆਦਾ ਸਮਾਂ ਜਾਂ ਲਗਾਤਾਰ ਰਹਿਣ ਵਾਲੇ ਮਨੁੱਖਾਂ ਵਿੱਚ ਬਦਮਿਜਾਜੀ, ਪ੍ਰੇਸ਼ਾਨੀ, ਸਿਰਦਰਦ, ਨੀਂਦ ਦੀ ਕਮੀ, ਅੱਖਾਂ ਵਿੱਚ ਜਲਨ, ਪੇਟ ਦੀ ਖਰਾਬੀ, ਉੱਚ ਰਕਤ ਦਬਾਅ, ਮਾਨਸਿਕ ਤਨਾਅ ਆਦਿ ਸ਼ਾਮਿਲ ਹੋ ਜਾਂਦੇ ਹਨ। ਸ਼ੋਰ ਪੱਧਰ ਵੱਧਣ ਕਾਰਨ ਕਈ ਮਨੋ-ਵਿਿਗਆਨਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜਿਵੇਂ ਅਲਰਜੀ, ਪੈਪਟਿਕ ਅਲਸਰ, ਦਿਲ ਦੇ ਦੌਰੇ, ਸਿਰ ਚੱਕਰਾਉਣਾ, ਘਬਰਾਹਟ, ਗੁੱਸਾ, ਸ਼ਹਿਣਸ਼ੀਲਤਾ ਵਿੱਚ ਕਮੀ, ਸ਼ੱਕੀ ਸੁਭਾਅ, ਮਾਨਸਿਕ ਅਸੰਤੁਲਨ ਤੇ ਵੀ ਪ੍ਰਭਾਵ ਪੈਂਦਾ ਹੈ। ਮਨੁੱਖਾਂ ਅਤੇ ਜਾਨਵਰਾਂ ਦੇ ਵਿਵਹਾਰ ਵਿੱਚ ਵੀ ਪਰਿਵਰਤਨ ਆ ਸਕਦਾ ਹੈ। ਜ਼ਿਆਦਾ ਉੱਚੀ ਆਵਾਜ਼ ਨੂੰ ਸੁਣਦੇ ਰਹਿਣ ਨਾਲ ਕੰਨਾਂ ਦੇ ਪਰਦੇ ਫੱਟ ਸਕਦੇ ਹਨ ਅਤੇ ਕੰਨਾਂ ਦਾ ਬੋਲਾਪਨ ਹੋ ਸਕਦਾ ਹੈ। ਬਹੁਤ ਜ਼ਿਆਦਾ ਸ਼ੋਰ ਦੇ ਕਾਰਨ ਨਾ ਕੇਵਲ ਸੁਣਨ ਸ਼ਕਤੀ ਹੀ ਪ੍ਰਭਾਵਿਤ ਹੁੰਦੀ ਹੈ, ਸਗੋਂ ਦਿਮਾਗੀ ਸੰਤੁਲਨ ਅਤੇ ਆਰਾਮ ਵਿੱਚ ਵੀ ਵਿਗਾੜ ਪੈਦਾ ਹੋ ਸਕਦਾ ਹੈ। ਸ਼ੋਰ ਪ੍ਰਦੂਸ਼ਣ ਦਾ ਛੋਟੇ ਬੱਚਿਆਂ ਉੱਪਰ ਅਸਰ ਪੈਂਦਾ ਹੈ ਜਿਸ ਨਾਲ ਸੁਣਨ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਕਈ ਵਾਰ ਅਚਾਨਕ ਸ਼ੋਰ ਪ੍ਰਦੂਸ਼ਣ ਪੈਦਾ ਹੋਣ ਕਾਰਨ ਗਰਭਪਾਤ ਵੀ ਹੋ ਸਕਦਾ ਹੈ ਅਤੇ ਅਸਧਾਰਨ ਬੱਚੇ ਵੀ ਪੈਦਾ ਹੋ ਸਕਦੇ ਹਨ। ਸ਼ੋਰ ਪ੍ਰਦੂਸ਼ਣ ਦਾ ਪ੍ਰਭਾਵ ਪੁਰਾਣੀਆਂ ਇਮਾਰਤਾਂ, ਪੁੱਲਾਂ ‘ਤੇ ਪੈਂਦਾ ਹੈ ਜਿਸ ਨਾਲ ਉਹ ਕਮਜ਼ੋਰ ਹੋ ਜਾਂਦੇ ਹਨ।
ਸ਼ੋਰ ਪ੍ਰਦੂਸ਼ਣ ਨੂੰ ਰੋਕਣ ਲਈ ਚਾਰ ਢੰਗ ਵਰਤੇ ਜਾ ਸਕਦੇ ਹਨ:
1. ਸੋਮੇ ਦੇ ਪੱਧਰ ਤੇ ਕਮੀ ਕਰਕੇ 2. ਸੁਣਨ ਵਾਲੇ ਦੀ ਸੁਰੱਖਿਆ ਕਰਕੇ
3. ਸ਼ੋਰ ਸੰਚਾਰ ਕਰਨ ਵਾਲੇ ਤੇ ਰੋਕ ਲਗਾਕੇ 4. ਕਾਨੂੰਨੀ ਉਪਾਅ ਵਰਤ ਕੇ
ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਹੇਠ ਲਿਖੇ ਉਪਾਅ ਵੀ ਕੀਤੇ ਜਾ ਸਕਦੇ ਹਨ:
1. ਲਾਊਡ ਸਪੀਕਰਾਂ ਦੀ ਵਰਤੋਂ ਲਈ ਦਿਨ ਦੇ ਸਮੇਂ ਨੂੰ ਨਿਸ਼ਚਿਤ ਕਰ ਦਿੱਤਾ ਜਾਣਾ ਚਾਹੀਦਾ ਹੈ।
2. ਸ਼ੋਰ ਵਾਲੇ ਸਥਾਨਾਂ ਤੇ ਕੰਮ ਕਰਨ ਵਾਲਿਆਂ ਨੂੰ ਕੰਨਾਂ ਲਈ ਸੁਰੱਖਿਅਤ ਯੰਤਰ ਜਿਵੇਂ ਕਿ ਕੰਨਾਂ ਦੇ ਮਫਲਰ, ਕੰਨਾਂ ਦੇ ਪਲੱਗ ਅਤੇ ਸ਼ੋਰ ਹੈਲਮਟ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ।
3. ਗਰੀਨ ਮਫਲਰ ਸਕੀਮ ਲਾਗੂ ਕੀਤੀ ਜਾਣੀ ਚਾਹੀਦੀ ਹੈ। ਆਵਾਜ਼ ਦੀ ਮਾਤਰਾ ਨੂੰ ਘਟਾਉਣ ਲਈ ਸੜਕਾਂ ਦੇ ਨਾਲ-ਨਾਲ, ਰੇਲਵੇ ਲਾਈਨਾਂ ਅਤੇ ਉਦਯੋਗਿਕ ਖੇਤਰਾਂ ਦੁਆਲੇ 4–5 ਲਾਈਨਾਂ ਦਰੱਖਤਾਂ ਅਤੇ ਝਾੜੀਆਂ ਦੀਆਂ ਲਗਾਉਂਣੀਆਂ ਚਾਹੀਦੀਆਂ ਹਨ। ਹਰੇ ਦਰੱਖਤਾਂ 10-15 ਡੈਸੀਬਲ ਸ਼ੋਰ ਪੱਧਰ ਨੂੰ ਘਟਾਉਂਦੇ ਹਨ।
4. ਮਨੁੱਖੀ ਆਬਾਦੀਆਂ ਨੂੰ ਸ਼ੋਰ ਪੈਦਾ ਕਰਨ ਵਾਲੇ ਉਦਯੋਗਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਹਵਾਈ ਅੱਡਿਆਂ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ।
5. ਸ਼ੋਰ ਦੇ ਭੈੜੇ ਪ੍ਰਭਾਵਾਂ ਬਾਰੇ ਜਨਤਾ/ਲੋਕਾਂ ਨੂੰ ਜਾਣਕਾਰੀ ਤੇ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਸ਼ੋਰ ਨੂੰ ਕੰਟਰੋਲ ਕੀਤਾ ਜਾ ਸਕੇ।
6. ਤਿਉਹਾਰਾਂ ਅਤੇ ਫੰਕਸ਼ਨਾਂ ਤੇ ਸ਼ੋਰ ਜ਼ਿੰਦਗੀ ਲਈ ਆਫ਼ਤ ਬਣਿਆ ਲਗਾਤਾਰ ਵੱਧ ਰਿਹਾ ਸ਼ੋਰ ਪੈਦਾ ਕਰਨ ਵਾਲੇ ਡੀ. ਜੇ., ਲਾਊਡ ਸਪੀਕਰਾਂ ਅਤੇ ਪਟਾਖੇ ਚਲਾਉਣ ‘ਤੇ ਪਾਬੰਦੀ ਹੋਣੀ ਚਾਹੀਦੀ ਹੈ। ਜੇਕਰ ਜ਼ਰੂਰੀ ਹੋਵੇ ਤਾਂ ਸ਼ੋਰ ਪਰਦੂਸ਼ਣ ਘੱਟ ਪੈਦਾ ਕਰਨ ਵਾਲੇ ਯੰਤਰਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ।
7. ਮਸ਼ੀਨਾਂ ਦੀ ਮੁਰੰਮਤ ਅਤੇ ਸਮੇਂ ਸਮੇਂ ਤੇ ਗਰੀਸ/ਤੇਲ ਆਦਿ ਦੇਣ ਨਾਲ ਵੀ ਸ਼ੋਰ ਘੱਟ ਸਕਦਾ ਹੈ।
8. ਵੱਖੋ-ਵੱਖਰੇ ਕਿਸਮ ਦੇ ਨਿਰਮਾਣ ਕਾਰਜਾਂ ਲਈ ਉਚਿੱਤ ਵਿਉਂਤਬੰਦੀ ਕਰਨਾ ਤਾਂ ਜੋ ਆਵਾਜ਼ੀ ਸਿਧਾਂਤਾਂ ਅਨੁਸਾਰ ਉਚਿੱਤ ਸਾਂਤ ਵਾਤਾਵਰਣ ਦੀ ਪਰਾਪਤੀ ਲਈ ਸਥਾਨ ਦੀ ਯੋਗ ਵਰਤੋਂ ਕੀਤੀ ਜਾ ਸਕੇ।
9. ਅਜਿਹੇ ਕਾਨੂੰਨ ਦੀ ਵਿਵਸਥਾ ਹੋਣੀ ਚਾਹੀਦੀ ਹੈ ਤਾਂ ਜੋ ਲੋਕ ਜ਼ਿਆਦਾ ਪ੍ਰਦੂਸ਼ਣ ਪੈਦਾ ਨਾ ਕਰ ਸਕਣ। ਜੇਕਰ ਕਾਨੂਨ ਸਖ਼ਤ ਹੋਵੇਗਾ ਤਾਂ ਲੋਕ ਜ਼ਿਆਦਾ ਸੋਚਣਗੇ ਅਤੇ ਜ਼ਿੰਦਗੀ ਲਈ ਆਫ਼ਤ ਬਣਿਆ ਲਗਾਤਾਰ ਵੱਧ ਰਿਹਾ ਸ਼ੋਰ ਘੱਟ ਪੈਦਾ ਕਰਨਗੇ।
10. ਵਾਤਾਵਰਣ ਸੁਰੱਖਿਆ ਕਾਨੂੰਨ, 1986 ਦੇ ਅਧੀਨ ਤਿਆਰ ਕੀਤੇ ਗਏ ਸ਼ੋਰ (ਰੈਗੂਲੇਸ਼ਨ ਅਤੇ ਕੰਟਰੋਲ) ਨਿਯਮ 2000, (ਸੋਧੇ ਗਏ ਨਿਯਮ, 2010) ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸ਼ੋਰ ਪਰਦੂਸ਼ਣ ਦੀ ਸਮੱਸਿਆ ਨੂੰ ਕੰਟਰੋਲ ਕੀਤਾ ਜਾ ਸਕੇ।

No comments: