Wednesday, September 05, 2018

ਖੁਦਕੁਸ਼ੀਆਂ ਰੋਕਣ ਲਈ ਵਿਚਾਰ-ਚਰਚਾ 10 ਸਤੰਬਰ ਨੂੰ ਪੀਏਯੂ ਵਿੱਚ

Sep 5, 2018, 4:53 PM
ਰਲ ਮਿਲ ਕੇ ਹੰਭਲਾ ਮਾਰਨ ਦਾ ਸੱਦਾ ਫਿਰ ਦੁਹਰਾਇਆ 
ਲੁਧਿਆਣਾ: 5 ਸਤੰਬਰ 2018: (ਪੰਜਾਬ ਸਕਰੀਨ ਟੀਮ)::
ਸਾਡੇ ਸਮਾਜ ਅਤੇ ਸਾਡੇ ਸਿਆਸੀ ਆਗੂਆਂ ਨੇ ਆਪਣੀ ਇਸ ਧਰਤੀ ਅਤੇ ਇਸ ਧਰਤੀ ਦੇ ਲੋਕਾਂ ਨਾਲ ਜਿਹੜਾ ਵਤੀਰਾ ਅਪਣਾਈ ਰੱਖਿਆ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇੱਕ ਸਰਕਾਰੀ ਅਦਾਰਾ ਹੈ ਜਿਸਦੀਆਂ ਆਪਣੀਆਂ ਬਹੁਤ ਸਾਰੀਆਂ ਮਜਬੂਰੀਆਂ ਵੀ ਹਨ। ਮਜਬੂਰੀਆਂ ਦੇ ਜੰਜਾਲ ਅਤੇ ਆਪਣੀਆਂ ਸੀਮਿਤ ਜਿਹੀਆਂ ਸ਼ਕਤੀਆਂ ਦੇ ਬਾਵਜੂਦ ਪੀਏਯੂ ਨੇ ਕਈ ਵਾਰ ਇਤਿਹਾਸ ਰਚਿਆ ਹੈ। ਖੁਦਕੁਸ਼ੀਆਂ ਦੀ ਜਿਹੜੀ ਹਨੇਰੀ ਹੁਣ ਝੁੱਲ ਰਹੀ ਹੈ ਉਸ ਬਾਰੇ ਪੀਏਯੂ ਦੇ ਮਾਹਰਾਂ ਨੇ ਬਹੁਤ ਹੀ ਭਾਂਪ ਲਿਆ ਸੀ।  ਨਾ ਸਿਰਫ ਭਾਂਪ ਲਿਆ ਸੀ ਬਲਕਿ ਇਹਨਾਂ ਦੀ ਰੋਕਥਾਮ ਲਈ ਰੱਬ ਦੀ ਪੂਜਾ ਵਾਂਗ ਇੱਕ ਮੁਹਿੰਮ ਵੀ ਚਲਾਈ ਸੀ। ਪੰਜਾਬ ਦੀ ਨੌਜਵਾਨੀ ਉੱਤੇ ਕੀਤਾ ਗਿਆ ਸੂਖਮ ਵਾਰ ਰੋਕਣ ਲਈ ਪੀਏਯੂ ਨੇ ਪੂਰੀ ਵਾਹ ਵੀ ਲਾਈ ਪਰ ਹੋਣੀ ਤਾਂ ਹੋ ਕੇ ਰਹਿੰਦੀ ਹੈ। ਇਸਦੇ ਬਾਵਜੂਦ ਪੀਏਯੂ ਦੀ ਮੁਹਿੰਮ ਨੇ ਬਹੁਤ ਸਾਰੀਆਂ ਅਨਮੋਲ ਜਾਨਾਂ ਬਚਾਈਆਂ। ਸਮਾਜ ਵਿੱਚ ਇੱਕ ਨਵੀਂ ਚੇਤਨਾ ਪੈਦਾ ਕੀਤੀ। 
ਹੁਣ ਜਦੋਂ ਕਿ ਇਸ ਵਾਰ ਫੇਰ 10 ਸਤੰਬਰ ਨੂੰ ਵਿਸ਼ਵ ਭਰ ਵਿੱਚ ਖੁਦਕੁਸ਼ੀਆਂ ਰੋਕਣ ਲਈ ਵਿਸ਼ੇਸ਼ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਇਸ ਮੌਕੇ ਕਈ ਹੋਰ ਨਵੇਂ ਸੁਆਲਾਂ ਦੇ ਜੁਆਬ ਲੱਭਣੇ ਵੀ ਜ਼ਰੂਰੀ ਹਨ। ਖੁਦਕੁਸ਼ੀਆਂ ਮਹਾਂਮਾਰੀ ਵਾਂਗ ਵੱਧ ਰਹੀਆਂ ਹਨ ਅਤੇ ਇਹਨਾਂ ਦਾ ਦਾਇਰਾ ਹੁਣ ਸਿਰਫ ਕਰਜ਼ਿਆਂ ਮਾਰਿਆ ਕਿਸਾਨਾਂ ਤੱਕ ਹੀ ਨਹੀਂ ਰਿਹਾ। ਇਹ ਸਕੂਲਾਂ, ਕਾਲਜਾਂ, ਸਨਅਤਾਂ, ਹਸਪਤਾਲਾਂ ਅਤੇ ਪੁਲਿਸ ਵਿਭਾਗਾਂ ਤੱਕ ਵੀ ਆਪਣੀ ਮਾਰ ਕਰ ਰਹੀਆਂ ਹਨ। 
ਸਮੁੱਚਾ ਵਿਸ਼ਵ 10 ਸਤੰਬਰ ਵਾਲਾ ਦਿਨ ਖੁਦਕੁਸ਼ੀਆਂ ਰੋਕਣ ਦੇ ਦਿਵਸ ਵਜੋਂ ਮਨਾ ਰਿਹਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਵੱਲੋਂ ਇਸ ਦਿਨ ਇੱਕ ਵਿਚਾਰ-ਚਰਚਾ ਕਰਵਾਈ ਜਾ ਰਹੀ ਹੈ ਜਿਸ ਦਾ ਮੁੱਖ ਥੀਮ 'ਖੁਦਕੁਸ਼ੀਆਂ ਰੋਕਣ ਲਈ ਆਓ ਰਲ ਕੇ ਹੰਭਲਾ ਮਾਰੀਏ' ਹੋਵੇਗਾ। ਪੀਏਯੂ ਦੇ ਪਾਲ ਆਡੀਟੋਰੀਅਮ ਵਿੱਚ ਸਵੇਰੇ 10 ਵਜੇ ਸ਼ੁਰੂ ਹੋਣ ਵਾਲੀ ਇਸ ਵਿਚਾਰ-ਚਰਚਾ ਵਿੱਚ ਵੱਖ-ਵੱਖ ਅਕਾਦਮਿਕ, ਧਾਰਮਿਕ, ਮਨੋਵਿਗਿਆਨਿਕ, ਸਮਾਜ ਵਿਗਿਆਨਿਕ ਅਦਾਰਿਆਂ ਅਤੇ ਮੀਡੀਆ ਤੋਂ ਬੁਲਾਰੇ ਪਹੁੰਚਣਗੇ ਜਿਹਨਾਂ ਵਿੱਚ ਖਡੂਰ ਸਾਹਿਬ ਤੋਂ ਬਾਬਾ ਸੇਵਾ ਸਿੰਘ ਜੀ ਪਦਮ ਸ਼੍ਰੀ, ਰੀਫੋਕਸ ਬੀਹੇਵੀਅਰਲ ਸਰਵਿਸਜ਼ ਦੇ ਨਿਰਦੇਸ਼ਕ ਡਾ. ਦਵਿੰਦਰਜੀਤ ਸਿੰਘ ਮੁੱਢਲੇ ਸੈਸ਼ਨ ਦਾ ਆਗਾਜ਼ ਕਰਨਗੇ। ਹੋਰ ਪ੍ਰਮੁੱਖ ਬੁਲਾਰਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਹਰਪਿਤ ਕੌਰ ਅਤੇ ਸੋਸ਼ਲ ਵਰਕ ਦੇ ਪ੍ਰੋਫੈਸਰ ਡਾ. ਹਰਦੀਪ ਕੌਰ, ਪੀਏਯੂ ਦੇ ਸਮਾਜ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਸੁਖਦੇਵ ਸਿੰਘ, ਕੰਬੋਜ ਹਸਪਤਾਲ ਗਿੱਦੜਬਾਹਾ ਤੋਂ ਡਾ. ਰਵੀ ਕੰਬੋਜ, ਮੀਡੀਆ ਤੋਂ ਆਸ਼ਾ ਮਹਿਤਾ (ਦੈਨਿਕ ਜਾਗਰਣ), ਮਹਿਕ ਜੈਨ (ਦਾ ਟਾਈਮਜ਼ ਆਫ਼ ਇੰਡੀਆ) ਦੇ ਨਾਲ-ਨਾਲ ਕੌਮੀ ਯੁਵਕ ਐਵਾਰਡੀ ਸ. ਗੌਰਵਦੀਪ ਸਿੰਘ, ਬਰਨਾਲਾ ਤੋਂ ਅਗਾਂਹਵਧੂ ਕਿਸਾਨ ਸ. ਗੁਲਜ਼ਾਰ ਸਿੰਘ ਕੱਟੂ, ਸੇਵਾ ਮੁਕਤ ਡੀ ਜੀ ਐਮ ਸ. ਸਤਵੀਰ ਸਿੰਘ, ਗੁਰੂ ਤੇਗ ਬਹਾਦਰ ਹਸਪਤਾਲ ਤੋਂ ਡਾ. ਪੁਸ਼ਪਿੰਦਰ ਸਿੰਘ, ਅਮਰਗੜ ਸੰਗਰੂਰ ਤੋਂ ਸ. ਹਰੀ ਸਿੰਘ ਸ਼ਾਮਲ ਹਨ। ਦਿੱਲੀ ਯੂਨੀਵਰਸਿਟੀ ਤੋਂ ਸਹਿਯੋਗੀ ਪ੍ਰੋਫੈਸਰ ਡਾ. ਪ੍ਰਿਆ ਬੀਰ, ਪਿੰਡਾਂ ਦੇ ਲੋਕਾਂ ਅਤੇ ਪੀਅਰ ਸਪੋਰਟ ਵਲੰਟੀਅਰਾਂ ਨਾਲ ਕਾਊਂਸਲਿੰਗ ਦੇ ਮੁੱਢਲੇ ਨੁਕਤੇ ਸਾਂਝੇ ਕਰਨਗੇ। ਇਸ ਸਮੁੱਚੇ ਵਿਚਾਰ-ਚਰਚਾ ਵਿੱਚ ਮੁੱਖ ਫੋਕਸ ਖੁਦਕੁਸ਼ੀਆਂ ਨੂੰ ਰੋਕਣ ਵਿੱਚ ਭਾਈਚਾਰੇ ਦਾ ਬਣਦਾ ਯੋਗਦਾਨ ਰਹੇਗਾ। ਵਿਚਾਰ-ਚਰਚਾ ਵਿੱਚੋਂ ਉਭਰੇ ਨੁਕਤਿਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਲਗਾਤਾਰ ਯਤਨ ਕੀਤੇ ਜਾਂਦੇ ਰਹਿਣਗੇ। ਇਸ ਗੱਲ ਦਾ ਖੁਲਾਸਾ ਕਰਦਿਆਂ ਕਿਸਾਨ ਖੁਦਕੁਸ਼ੀਆਂ ਨਾਲ ਜੁੜੇ ਪ੍ਰਮੁੱਖ ਪ੍ਰੋਜੈਕਟ ਦੇ ਪ੍ਰਿੰਸੀਪਲ ਇਨਵੈਸੀਗੇਟਰ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਸਮੁੱਚੀ ਵਿਚਾਰ-ਚਰਚਾ ਦੀ ਪ੍ਰਧਾਨਗੀ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਕਰਨਗੇ। ਉਹਨਾਂ ਇਹ ਵੀ ਦੱਸਿਆ ਕਿ ਵੱਡੇ ਪੱਧਰ ਦੀ ਇਸ ਵਿਚਾਰ-ਚਰਚਾ ਵਿੱਚ ਰਾਜ ਦੀਆਂ ਵਿੱਦਿਅਕ ਸੰਸਥਾਵਾਂ, ਐਨ ਜੀ ਓ ਜਿਵੇਂ ਸਤਨਾਮ ਸਰਬ ਕਲਿਆਣ ਟਰੱਸਟ ਚੰਡੀਗੜ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ, ਤਬਦੀਲੀ ਦੇ ਵਾਹਕ ਲੈਂਡਮਾਰਕ, ਸੁਕੀਰਤ ਟਰੱਸਟ, ਸਮਾਜ ਸੁਧਾਰ ਵੈਲਫੇਅਰ ਕਮੇਟੀ ਅਮਰਗੜ ਵਰਗੀਆਂ ਸੰਸਥਾਵਾਂ ਵੀ ਸ਼ਾਮਲ ਹੋਣਗੀਆਂ। 
ਸਾਦੇ ਵਿਆਹ-ਸਾਦੇ ਭੋਗ--ਨਾ ਕੋਈ ਚਿੰਤਾ-ਨਾ ਕੋਈ ਰੋਗ----ਇੱਕ ਬਹੁਤ ਹੀ ਹਰਮਨ ਪਿਆਰਾ ਹੋਇਆ ਨਾਅਰਾ ਹੈ ਜਿਹੜਾ ਪਿੰਡ ਪਿੰਡ ਪਹੁੰਚਿਆ ਹੈ ਅਤੇ ਇਹ ਬਹੁਤ ਹੀ ਸਿਹਤਮੰਦ ਸੁਨੇਹਾ ਵੀ ਦੇਂਦਾ ਹੈ। ਪਰ ਉਹਨਾਂ ਕੁੜੀਆਂ ਮੁੰਡਿਆਂ ਦਾ ਕੀ ਕਰੀਏ ਜਿਹੜੇ ਜ਼ਰਾ ਕੁ ਨੰਬਰ ਘੱਟ ਆਉਣ ਤੇ ਖ਼ੁਦਕੁਸ਼ੀ ਕਰ ਲੈਂਦੇ ਹਨ। ਉਹ ਕਿਸ ਨਾਲ ਗੱਲ ਕਰਕੇ ਹੱਲ ਲੱਭਣ? ਕੀ ਇਹੋਜਿਹੇ ਵਿਦਿਅਕ ਸਿਸਟਮ ਨੂੰ ਅਲਵਿਦਾ ਆਖਣ ਲਈ ਕੁਝ ਨਹੀਂ ਕਰਨਾ ਚਾਹੀਦਾ? ਉਹ ਵਿਦਿਅਕ ਸਿਸਟਮ ਜਿਹੜਾ ਰੋਜ਼ਗਾਰ ਦੀ ਗਾਰੰਟੀ ਤਾਂ ਨਹੀਂ ਦੇਂਦਾ ਪਰ ਥੋਹੜੇ ਜਿਹੇ ਨੰਬਰ ਘੱਟ ਆਉਣ ਤੇ ਖ਼ੁਦਕੁਸ਼ੀ ਵਰਗੇ ਰਸਤਿਆਂ ਵੱਲ ਤੋਰਦਾ ਹੈ। ਭੱਠ ਪਾਉਣਾ ਹੈ ਇਹੋਜਿਹਾ ਵਿਦਿਅਕ ਸਿਸਟਮ। ਕਿੱਥੇ ਸੁੱਤੀਆਂ ਹਨ ਸਰਕਾਰਾਂ? ਕੀ ਥੁੜਿਆ ਪਿਆ ਹੈ ਇਹੋਜਿਹੇ ਨਿਖਿੱਧ ਵਿਦਿਅਕ ਸਿਸਟਮ ਬਿਨਾ?
ਖੁਦਕੁਸ਼ੀਆਂ ਦੀ ਗੱਲ ਕਰਦਿਆਂ ਸਰਕਾਰ ਦੇ ਨੱਕ ਹੇਠਾਂ ਚੱਲਦੇ ਉਹਨਾਂ ਵਿੱਤੀ ਅਦਾਰਿਆਂ ਨੂੰ ਵੀ ਨਜ਼ਰਅੰਦਾਜ਼ ਕਿਓਂ ਕੀਤਾ ਜਾਏ ਜਿਹੜੇ ਥੁੜਾਂ ਮਾਰੇ ਵਿਅਕਤੀਆਂ ਸਾਹਮਣੇ 13 ਫ਼ੀਸਦੀ ਤੋਂ ਲੈ ਕੇ 19-20 ਫ਼ੀਸਦੀ ਦਰ ਦੀ ਵਿਆਜ ਵਾਲੇ ਕਰਜ਼ਿਆਂ ਦਾ ਜਾਲ ਬੜੇ ਮਨਮੋਹਕ ਢੰਗ ਨਾਲ ਵਿਛਾਉਂਦੇ ਹਨ। ਸਰਕਾਰ ਸੌਖੇ ਅਤੇ ਸਸਤੀਆਂ ਦਰਾਂ ਵਾਲੇ ਕਰਜ਼ੇ ਦੇਣ ਵਾਲੇ ਬੈਂਕਾਂ ਵਾਲਾ ਸਿਸਟਮ ਤਾਂ ਮੁਸ਼ਕਿਲ ਤੋਂ ਮੁਸ਼ਕਿਲ ਬਣਾ ਰਹੀ ਹੈ ਪਰ ਅਜਿਹੇ ਨਿਜੀ ਅਦਾਰਿਆਂ ਨੂੰ  ਪੂਰੀ ਖੁਲ ਨਾਲ ਵਿਚਰਨ ਦੇ ਮੌਕੇ ਪ੍ਰਦਾਨ ਕਰਦੀ ਹੈ। ਖੁਦਕੁਸ਼ੀਆਂ ਰੋਕਣ ਲਈ ਸਰਕਾਰ ਦੀਆਂ ਨੀਅਤਾਂ ਉੱਤੇ ਸ਼ੱਕ ਕਿਓਂ ਨਾ ਕੀਤਾ ਜਾਏ। 
ਅਸਲ ਵਿੱਚ ਰਾਜਭਾਗ ਦਾ ਆਵਾ ਊਤਿਆ ਪਿਆ ਹੈ ਅਤੇ ਸੂਤ ਸਿਰਫ ਇਨਕਲਾਬ ਨੇ ਹੀ ਕਰਨਾ ਹੈ ਜਿਹੜਾ ਅਜੇ ਤੱਕ ਆਉਂਦਾ ਨਜ਼ਰ ਨਹੀਂ ਆਉਂਦਾ। 
ਖੱਬੀਆਂ ਪਾਰਟੀਆਂ ਦੇ ਸਾਹ ਸੱਤ ਹੀਣ ਹੋਏ ਆਗੂ ਧਰਨੇ ਦੇਣ, ਨਾਅਰੇ ਮਾਰਨ ਅਤੇ ਧਰਨਿਆਂ ਵਿੱਚ ਗੀਤ ਗਾਉਣ ਜੋਗੇ ਹੀ ਰਹਿ ਗਏ ਹਨ। ਉਹਨਾਂ ਦੇ ਇਹਨਾਂ ਢੰਗ ਤਰੀਕਿਆਂ ਨਾਲ ਅਜੇ ਤੱਕ ਤਾਂ ਨਾ ਹੀ ਲੋਕ ਤਿਆਰ ਹੋਏ ਹਨ ਅਤੇ ਨਾ ਹੀ ਇਨਕਲਾਬ ਲਈ ਕੋਈ ਠੋਸ ਪ੍ਰੋਗਰਾਮ ਬਣਿਆ ਹੈ। ਕਿਤੇ ਕੋਈ ਕ੍ਰਿਸ਼ਮਾ ਹੋਵੇ ਤੇ ਇਨਕਲਾਬ ਆ ਵੀ ਜਾਵੇ ਤਾਂ ਸ਼ਾਇਦ ਖੱਬੀਆਂ ਧਿਰਾਂ ਵਾਲੇ ਉਸਨੂੰ ਇਹ ਆਖ ਕੇ ਦਰਵਾਜ਼ੇ ਤੋਂ ਬਾਹਰ ਹੀ ਵਾਪਿਸ ਮੋੜ ਦੇਣ ਕਿ ਅਜੇ ਸਾਡੀ ਪਾਰਟੀ ਮੀਟਿੰਗ ਨੇ ਤੇਰੇ ਬਾਰੇ ਕੋਈ ਫੈਸਲਾ ਨਹੀਂ ਕੀਤਾ ਤੂੰ ਸਾਨੂੰ ਦੱਸੇ ਬਿਨਾ ਕਿਓਂ ਆ ਗਿਆ?
ਹਾਲਾਤ ਨਿਰਾਸ਼ਾਜਨਕ ਹਨ। ਰਾਤ ਹਨੇਰੀ ਹੈ। ਫਿਰ ਵੀ ਲੋਕ ਉੱਠਣਗੇ। ਉਹਨਾਂ ਦੇ ਲੀਡਰ ਚਾਹੁਣ ਜਾਂ ਨਾ ਚਾਹੁਣ ਲੋਕ ਇਨਕਲਾਬ ਲਿਆ ਕੇ ਰਹਿਣਗੇ। ਉਦੋਂ ਹੀ ਮਿਲ ਸਕੇਗੀ ਖੁਦਕੁਸ਼ੀਆਂ ਦਾ ਮਾਹੌਲ ਸਿਰਜਣ ਵਾਲੇ ਦੋਸ਼ੀਆਂ ਨੂੰ ਸਜ਼ਾ। 

No comments: