Tuesday, August 07, 2018

ਰਾਏਕੋਟ ਵਿੱਚ ਵੀ ਸੀਪੀਆਈ ਦੀ ਜਨਸੰਪਰਕ ਮੁਹਿੰਮ ਨੂੰ ਭਰਵਾਂ ਹੁੰਗਾਰਾ

ਭਾਰੀ ਬਾਰਿਸ਼ ਦੇ ਬਾਵਜੂਦ ਦਿਖਾਇਆ ਕਾਮਰੇਡਾਂ ਨੇ ਪੂਰਾ ਜੋਸ਼  
ਰਾਏਕੋਟ (ਲੁਧਿਆਣਾ): 7 ਅਗਸਤ 2018: (ਐਮ ਐਸ ਭਾਟੀਆ/ਪੰਜਾਬ ਸਕਰੀਨ)::
ਸੀਪੀਆਈ ਵੱਲੋਂ ਦਿੱਤੇ ਗਏ ਸੱਦੇ ਦਾ ਗਰਮਜੋਸ਼ੀ ਨਾਲ ਹੁੰਗਾਰਾ ਭਰਦਿਆਂ ਅੱਜ ਪਾਰਟੀ ਦੀ ਰਾਏਕੋਟ ਇਕਾਈ ਨੇ ਵੀ ਮੋਦੀ ਸਰਕਾਰ ਹਟਾਓ ਦੇ ਨਾਅਰੇ ਨੂੰ ਲੈ ਕੇ ਜ਼ੋਰਦਾਰ ਮੁਜ਼ਾਹਰਾ ਕੀਤਾ। ਭਾਰੀ ਬਰਸਾਤ ਦੇ ਬਾਵਜੂਦ ਰਾਏਕੋਟ ਦੇ ਬਾਜ਼ਾਰ ਸੀਪੀਆਈ ਵਰਕਰਾਂ ਦੇ ਨਾਅਰਿਆਂ ਨਾਲ ਗੂੰਜ ਉੱਠੇ। ਇਸ ਜਨਸੰਪਰਕ ਮੁਹਿੰਮ ਅਧੀਨ ਇਹਨਾਂ ਵਰਕਰਾਂ ਨੇ ਤਲਵੰਡੀ ਗੇਟ ਦੇ ਅੰਦਰ ਅਤੇ ਬਾਹਰ ਮੋਦੀ ਸਰਕਾਰ ਦੇ ਲੋਕ ਵਿਰੋਧੀ ਕਾਰਿਆਂ ਦੀ ਪੋਲ ਖੋਹਲੀ। ਇਸ ਮੌਕੇ ਉਚੇਚੇ ਤੌਰ ਤੇ ਪੁੱਜੇ ਕੰਟਰੋਲ ਕਮਿਸ਼ਨ ਪੰਜਾਬ ਦੇ ਚੇਅਰਮੈਨ ਕਾਮਰੇਡ ਰਮੇਸ਼ ਰਤਨ ਨੇ ਦੱਸਿਆ ਕਿ ਮੋਦੀ ਸਰਕਾਰ ਦੀਆਂ ਅਮੀਰੀ ਪੱਖੀ ਨੀਤੀਆਂ ਕਾਰਨ ਅੱਜ ਆਮ ਸਾਧਾਰਨ ਵਿਅਕਤੀ ਲਈ ਜਿਊਣਾ ਵੀ ਮੁਸ਼ਕਿਲ ਹੋ ਗਿਆ ਹੈ। ਜਿਹੜਾ ਪੈਸਾ ਬੱਚਿਆਂ ਦੀ ਸਿਹਤ ਵਰਗੇ ਜ਼ਰੂਰੀ ਕੰਮਾਂ ਤੇ ਲੱਗਣਾ ਸੀ ਉਹ ਪੈਸਾ ਅੱਜ ਪੜ੍ਹਾਈ ਅਤੇ ਬਿਮਾਰੀਆਂ ਦੇ ਇਲਾਜ 'ਤੇ ਖਰਚ ਹੋ ਰਿਹਾ ਹੈ। ਕਦੇ ਜ਼ਮਾਨਾ ਸੀ ਜਦੋਂ ਬੱਚਿਆਂ ਦਾ ਨਾ ਪੜ੍ਹਨਾ ਦੁੱਖ ਦੇਂਦਾ ਸੀ ਪਰ ਅੱਜ ਪੜ੍ਹਨ ਵਾਲੇ ਬੱਚੇ ਦੁਖੀ ਕਰਦੇ ਮਹਿਸੂਸ ਹੁੰਦੇ ਹਨ ਕਿਓਂਕਿ ਪੜ੍ਹਾਈ ਬੇਹੱਦ ਮਹਿੰਗੀ ਹੋ ਗਈ ਹੈ। ਮਾਮੂਲੀ ਤੋਂ ਮਾਮੂਲੀ ਸਿਹਤ ਸਮੱਸਿਆ ਲਈ ਵੀ ਜੇ ਹਸਪਤਾਲ ਜਾਇਆ ਜਾਏ ਤਾਂ ਉੱਥੇ ਤੁਰੰਤ 40-50 ਹਜ਼ਾਰ ਰੁਪਏ ਦੇ ਖਰਚਾਂ ਵਾਲੇ ਟੈਸਟ ਲਿਖ ਦਿੱਤੇ ਜਾਂਦੇ ਹਨ। 
ਇਸੇ ਤਰਾਂ ਰਾਏਕੋਟ ਬਲਾਕ ਦੇ ਸਕੱਤਰ ਕਾਮਰੇਡ ਮੇਵਾ ਸਿੰਘ ਐਡਵੋਕੇਟ ਨੇ ਕਿਹਾ ਕਿ ਅੱਜ ਸੱਤਾਧਾਰੀ ਪਾਰਟੀ ਦਾ  ਪ੍ਰਧਾਨ ਅਮਿਤ ਸ਼ਾਹ ਆਪਣੇ ਕਦੇ ਨਾ ਪੂਰੇ ਕੀਤੇ ਵਾਅਦਿਆਂ ਬਾਰੇ ਬੜੀ ਬੇਸ਼ਰਮੀ ਨਾਲ ਆਖਦਾ ਹੈ ਕਿ ਇਹ ਤਾਂ ਚੋਣ ਜੁਮਲੇ ਸਨ। ਇਸ ਲਈ ਜੁਮਲੇਬਾਜ਼ਾਂ ਦੀ ਇਸ ਜੁੰਡਲੀ ਨੂੰ  2019 ਦੀਆਂ ਚੋਣਾਂ ਵਿੱਚ ਸੱਤਾ ਤੋਂ ਬਾਹਰ ਕੀਤਾ ਜਾਣਾ ਜ਼ਰੂਰੀ ਹੈ। 
ਜ਼ੋਰਾਂ ਨਾਲ ਵੱਸਦੇ ਮੀਂਹ ਵਿੱਚ ਕਾਮਰੇਡ ਕਰਤਾਰ ਰਾਮ ਨੇ ਸਟੇਜ ਦਾ ਸੰਚਾਲਨ ਬਾਖੂਬੀ ਕੀਤਾ। ਇਸ ਮੁਜ਼ਾਹਰੇ ਨੂੰ ਦੇਖ ਕੇ ਆਉਂਦੇ ਜਾਂਦੇ ਲੋਕਾਂ ਨੇ ਵੀ ਇਹਨਾਂ ਵਿਚਾਰਾਂ ਨੂੰ ਬੜੇ ਧਿਆਨ ਨਾਲ ਸੁਣਿਆ। 


ਲੁਧਿਆਣਾ ਜ਼ਿਲਾ ਪਾਰਟੀ ਵੱਲੋਂ ਕਾਮਰੇਡ ਚਮਕੌਰ ਸਿੰਘ, ਕਾਮਰੇਡ ਐਮ ਐਸ ਭਾਟੀਆ ਅਤੇ ਕਾਮਰੇਡ ਐਸ ਪੀ ਸਿੰਘ ਵੀ ਸ਼ਾਮਲ ਹੋਏ। ਇਸ ਮੌਕੇ ਸਥਾਨਕ ਆਗੂਆਂ ਵਿੱਚੋਂ ਕਾਮਰੇਡ ਬਲਬੀਰ ਸਿੰਘ ਪ੍ਰਧਾਨ, ਕਾਮਰੇਡ ਅਮਰ ਸਿੰਘ ਜਲਾਲਦੀਵਾਲ ਸਮੇਤ ਕਈ  ਹੋਰ ਆਗੂਆਂ ਅਤੇ ਵਰਕਰਾਂ ਨੇ ਵੀ ਸ਼ਿਰਕਤ ਕੀਤੀ। 

No comments: