Thursday, August 09, 2018

ਪੀਏਯੂ ਦੇ ਸਤੰਬਰ ਕਿਸਾਨ ਮੇਲੇ ਦੀਆਂ ਤਰੀਕਾਂ ਦਾ ਐਲਾਨ

Thu, Aug 9, 2018 at 5:06 PM
ਇਸ ਵਾਰ ਲੁਧਿਆਣੇ ਵਾਲਾ ਮੇਲਾ ਹੋਵੇਗਾ ਤਿੰਨ ਦਿਨਾਂ ਦਾ
ਲੁਧਿਆਣਾ:9 ਅਗਸਤ 2018: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਤੰਬਰ ਮਹੀਨੇ ਦੇ ਵਿੱਚ ਹਰ ਸਾਲ ਪੰਜਾਬ ਦੇ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਮੇਲੇ ਲਗਾਏ ਜਾਂਦੇ ਹਨ। ਇਸ ਦੀ ਸੁਚੱਜੀ ਵਿਉਂਤਬੰਦੀ ਲਈ ਨਿਰਦੇਸ਼ਕ ਪਸਾਰ ਸਿੱਖਿਆ ਦੀ ਸਰਪ੍ਰਸਤੀ ਹੇਠ ਵੱਖ-ਵੱਖ ਕਮੇਟੀਆਂ ਗਠਿਤ ਕੀਤੀਆਂ ਗਈਆਂ ਅਤੇ ਮੇਲਿਆਂ ਦੀ ਤਿਆਰੀ ਸੰਬੰਧੀ ਇੱਕ ਅਗਾਂਊਂ ਮੀਟਿੰਗ ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਵਿੱਚ ਹੋਈ। 

ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਦੱਸਿਆ ਕਿ ਮੇਲਿਆਂ ਦੀ ਲੜੀ ਵਿੱਚ ਪਹਿਲਾ ਕਿਸਾਨ ਦਿਵਸ ਬੱਲੋਵਾਲ ਸੌਂਖੜੀ ਅਤੇ ਗੁਰਦਾਸਪੁਰ ਵਿਖੇ 11 ਸਤੰਬਰ ਨੂੰ ਲਗਾਇਆ ਜਾਵੇਗਾ ਜਦਕਿ ਰੌਣੀ (ਪਟਿਆਲਾ) ਵਿਖੇ ਇਹ 14 ਸਤੰਬਰ ਨੂੰ ਆਯੋਜਿਤ ਕੀਤਾ ਜਾਵੇਗਾ। ਨਾਗਕਲਾਂ (ਅੰਮ੍ਰਿਤਸਰ) ਅਤੇ ਫਰੀਦਕੋਟ ਵਿਖੇ ਇਹ ਮੇਲਾ 17 ਸਤੰਬਰ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ 20 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ ਤਿੰਨ ਦਿਨਾਂ ਲਈ ਆਯੋਜਿਤ ਕੀਤਾ ਜਾਵੇਗਾ। ਬਠਿੰਡਾ ਵਿਖੇ ਇਹ ਮੇਲਾ 26 ਸਤੰਬਰ ਨੂੰ ਲਗਾਇਆ ਜਾਵੇਗਾ। ਇਹਨਾਂ ਮੇਲਿਆਂ ਵਿੱਚ ਹਾੜੀ ਦੀਆਂ ਫ਼ਸਲਾਂ ਦੇ ਬੀਜਾਂ ਤੋਂ ਬਿਨਾਂ ਯੂਨੀਵਰਸਿਟੀ ਦੀ ਨਵੀਆਂ ਤਕਨੀਕਾਂ ਦੀਆਂ ਪ੍ਰਦਰਸ਼ਨੀਆਂ  ਮੁੱਖ  ਆਕਰਸ਼ਣ ਹੋਣਗੀਆਂ। ਉਹਨਾਂ ਇਹ ਵੀ ਦੱਸਿਆ ਕਿ ਇਸ ਵਾਰ ਦਾ ਕਿਸਾਨ ਮੇਲਾ ਵਾਤਾਵਰਨ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਕਿਸਾਨ ਵੀਰਾਂ ਨੂੰ ਇੱਕ ਸੁਨੇਹਾ ਦੇਵੇਗਾ ਕਿ ਉਹ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਸਾੜਨ ਦੀ ਥਾਂ ਉਸਦੀ ਸਾਂਭ-ਸੰਭਾਲ ਦੇ ਬਦਲਵੇਂ ਪ੍ਰਬੰਧਾਂ ਵੱਲ ਧਿਆਨ ਦੇਣ। 
ਡਾ. ਮਾਹਲ ਨੇ ਖੇਤਰੀ ਅਤੇ ਪੀਏਯੂ ਦੇ ਮੁੱਖ ਕਿਸਾਨ ਮੇਲੇ ਵਿੱਚ ਕਿਸਾਨ ਭਰਾਵਾਂ ਨੂੰ ਹੁੰਮਹੁੰਮਾ ਕੇ ਪਹੁੰਚਣ ਦਾ ਸੱਦਾ ਦਿੱਤਾ।

No comments: