Sunday, August 05, 2018

ਨਾਮਧਾਰੀ ਸਿੱਖਾਂ ਨੇ ਫਿਰ ਪੁਲਿਸ ਨੂੰ ਠੰਡਾ ਮਿੱਠਾ ਜਲ ਛਕਾਇਆ

Aug 5, 2018, 4:06 PM
ਸਤਿਗੁਰੂ ਦਲੀਪ ਸਿੰਘ ਜੀ ਨੇ ਕੀਤੀ ਔਖੀ ਪੁਲਿਸ ਸਰਵਿਸ ਦੀ ਸ਼ਲਾਘਾ 
ਜਲੰਧਰ: 5ਅਗਸਤ 2018: (ਰਾਜਪਾਲ ਕੌਰ//ਪੰਜਾਬ ਸਕਰੀਨ)::
ਸਤਿਗੁਰੂ ਦਲੀਪ ਸਿੰਘ ਜੀ ਦੀ ਪਰੇਰਨਾ ਨਾਲ ਨਾਮਧਾਰੀ ਸਿੱਖਾਂ ਨੇ ਸਮਾਜ ਸੁਧਾਰ ਦੇ ਅਨੇਕ ਕੰਮਾਂ ਅਤੇ ਸੇਵਾ ਦੇ ਨਾਲ ਪੁਲਿਸ ਸੇਵਾ ਨੂੰ ਵੀ ਪ੍ਰਮੁੱਖ ਸਥਾਨ ਦਿੱਤਾ ਹੈ। ਅੱਜ ਜਲੰਧਰ ਦੇ ਕਈ ਚੌਰਾਹਿਆਂ ਤੇ ਇਹ ਦ੍ਰਿਸ਼ ਵੇਖਣ ਨੂੰ ਮਿਲਿਆ ,ਜਿੱਥੇ ਐਨੀ ਗਰਮੀ ਦੇ ਮੌਸਮ ਵਿੱਚ ਆਪਣੀ ਡਿਊਟੀ ਤੇ ਡਟੇ ਪੁਲਿਸ ਕਰਮਚਾਰੀਆਂ ਦੀ ਨਾਮਧਾਰੀ ਸੰਗਤ ਨੇ ਠੰਡਾ-ਮਿੱਠਾ ਜਲ ਛਕਾ ਕੇ ਉਹਨਾਂ ਦੀ ਸੇਵਾ ਕੀਤੀ। 
ਜਿਕਰਯੋਗ ਹੈ ਕਿ ਇਹ ਸੇਵਾ ਲਗਭਗ ਪਿਛਲੇ 3-4 ਸਾਲਾਂ ਤੋਂ ਮਹਾਨਗਰ ਦਿੱਲੀ ,ਕਰਨਾਟਕ ,ਉੱਤਰ-ਪ੍ਰਦੇਸ਼,ਹਰਿਆਣਾ ,ਹਿਮਾਚਲ-ਪ੍ਰਦੇਸ਼ ਆਦਿ ਥਾਵਾਂ ਤੋਂ ਲੈਕੇ ਪੰਜਾਬ ਦੇ ਵੀ ਕਈ ਥਾਵਾਂ ਤੇ ਵੀ ਸ਼ੁਰੂ ਕੀਤੀ ਗਈ ਹੈ। ਕੁਝ ਸਮੇਂ ਤੋਂ ਜਲੰਧਰ ਵਿੱਚ ਵੀ ਇਹ ਸੇਵਾ ਸ਼ੁਰੂ ਕੀਤੀ ਗਈ ਹੈ। ਅੱਜ ਵੀ ਵਿਸ਼ਵ ਨੌਜਵਾਨ ਨਾਮਧਾਰੀ ਵਿੱਦਿਅਕ ਜਥੇ ਦੇ ਪ੍ਰਧਾਨ ਪਲਵਿੰਦਰ ਸਿੰਘ ਨਾਮਧਾਰੀ ਅਤੇ ਹੋਰ ਮੁਖੀ ਮੈਂਬਰਾਂ ਦੇ ਨਾਲ ਪੀ.ਏ.ਪੀ.,ਰਾਮਾ ਮੰਡੀ ਚੌਕ ਤੋਂ ਲੈ ਕੇ ,ਬੀ.ਐਸ.ਐਫ.,ਮਕਸੂਦਾਂ ਆਦਿ ਵੱਖ-ਵੱਖ ਚੌਂਕਾ ਵਿੱਚ ਗਰਮੀ ਅਤੇ ਧੁੱਪ ਵਿੱਚ ਟ੍ਰੈਫਿਕ ਸੁਰੱਖਿਆ ਲਈ ਖੜੇ ਪੁਲਿਸ਼ ਕਰਮਚਾਰੀਆਂ ਨੂੰ ਠੰਡਾ-ਮਿੱਠਾ ਜਲ ਛਕਾਕੇ ਉਹਨਾਂ ਨੂੰ ਰਾਹਤ ਪਹੁੰਚਾਈ।ਪਲਵਿੰਦਰ ਸਿੰਘ ਜੀ ,ਗੁਰਦੇਵ ਸਿੰਘ ਜੀ ਅਤੇ ਉਹਨਾਂ ਦੀ ਟੀਮ ਨੇ ਦੱਸਿਆ ਅਜਿਹੇ ਚੰਗੇ ਕਾਰਜ ਕਰਨ ਦੀ ਪ੍ਰੇਰਨਾ ਸਾਨੂੰ ਸਤਿਗੁਰੂ ਦਲੀਪ ਸਿੰਘ ਜੀ ਤੋਂ ਮਿਲੀ ਹੈ। ਉਹਨਾਂ ਨੇ ਸਾਨੂੰ  ਦੱਸਿਆ ਹੈ ਕਿ ਪੁਲਿਸ਼ ਵਾਲੇ ਬਹੁਤ ਔਖਾ ਕੰਮ ਕਰਦੇ ਹਨ ,ਜੋ ਕਿ ਕੜਕ ਠੰਡ ਅਤੇ ਵਧੇਰੇ ਗਰਮੀ ਵਿੱਚ ਵੀ ਖਲੋ ਕੇ ਜਨਤਾ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਇਸ ਲਈ ਉਹ ਵੀ ਨੇਕ ਪੁਰੁਸ਼ ਹਨ ਅਤੇ ਸਾਨੂੰ ਬਿਨਾ ਕਾਰਨ ਪੁਲਿਸ ਕਰਮਚਾਰੀਆਂ ਦੀ ਨਿੰਦਿਆ ਕਰਨਾ ਛੱਡ ਕੇ ,ਉਹਨਾਂ ਦੀ ਸੇਵਾ ਅਤੇ ਆਦਰ-ਸਤਿਕਾਰ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਸਾਡਾ ਧਿਆਨ ਇਸ ਗੱਲ ਵੱਲ ਵੀ ਦਿਵਾਇਆ ਹੈ ਕਿ ਜੇਕਰ ਪੁਲਿਸ਼ ਵਾਲੇ ਨਾ ਹੋਣ ਤਾਂ ਸਮਾਜ ਦਾ ਪਰਬੰਧ ਕਿੰਨਾ ਵਿਗੜ ਜਾਵੇਗਾ। ਸਤਿਗੁਰੂ ਜੀ ਦੇ ਅਨੁਸਾਰ ਸਾਨੂੰ ਦੂਜਿਆਂ ਦੀ ਬੁਰਾਈ ਕਰਨ ਨਾਲੋਂ ਆਪਣੇ ਆਪ ਦੀ ਬੁਰਾਈ ਨੂੰ ਵੇਖ ਕੇ ਉਸ ਨੂੰ ਦੂਰ ਕਰਨਾ ਚਾਹੀਦਾ ਹੈ। ਪੁਲਿਸ ਵਾਲਿਆਂ ਨੇ ਵੀ ਆਪਣੀ ਭਾਵਨਾਵਾਂ ਨੂੰ ਪ੍ਰਗਟ ਕਰਦੇ ਹੋਏ ਦੱਸਿਆ ਕਿ ਸਾਨੂੰ ਤਾਂ ਸਭ ਗਲਤ ਸਮਝਦੇ ਹਨ ਅਤੇ ਕਦੇ ਕਿਸੇ ਨੇ ਸਾਡੇ ਵਾਸਤੇ ਅਜਿਹਾ ਨਹੀਂ ਸੋਚਿਆ ,ਪਰ ਅੱਜ ਤੁਹਾਡੀ ਅਜਿਹੀ ਸੋਚ ਅਤੇ ਕੰਮ ਨੂੰ ਵੇਖਕੇ ਸਾਨੂੰ  ਬਹੁਤ ਚੰਗਾ ਲੱਗਿਆ ਅਤੇ ਉਹਨਾਂ ਨੇ ਨਾਮਧਾਰੀ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਗੁਰਦੇਵ ਸਿੰਘ ਮਾਹਲ ,ਹਰਦੇਵ ਸਿੰਘ ,ਜਵਾਹਰ ਸਿੰਘ ਅਤੇ  ਰਾਜਪਾਲ ਕੌਰ ਵੀ ਸ਼ਾਮਿਲ ਹੋਏ। 

No comments: